ਰੱਬ ਨੇ ਕਰਵਾਇਆ ਮੇਲ-ਜੀਵਨ ਸਿਖਾਉਣ ਵਾਲੇ ਨੂੰ ਜੀਵਨ ਮੋੜਿਆ

NZ PIC 5 Sep-1 lr
ਨਿਊਜ਼ੀਲੈਂਡ ਦੇ ਸ਼ਹਿਰ ਹਮਿਲਟਨ ਵਿਖੇ ਸਥਿਤ ‘ਵਾਇਕਾਟੋ ਹਸਪਤਾਲ’ ਵਿਖੇ ਇਕ ਭਾਰਤੀ ਡਾਕਟਰ ਨੰਦ ਕੇਜਰੀਵਾਲ ਦਾ ਮੇਲ ਬੜੇ ਹੀ ਰੌਚਿਕ ਤਰੀਕੇ ਨਾਲ ਆਪਣੇ ਸੀਨੀਅਰ ਸਰਜਰੀ ਬੌਸ ਨਾਲ ਹੋਇਆ। 1986 ਦੇ ਵਿਚ ਜਦੋਂ ਡਾ: ਨੰਦ ਕੇਜਰੀਵਾਲ ਸਿਡਨੀ ਵਿਖੇ ‘ਵੈਸਟਮੀਡ ਹਸਪਤਾਲ’ ਦੇ ਵਿਚ ਜੂਨੀਅਰ ਡਾਕਟਰ ਦੇ ਤੌਰ ‘ਤੇ ਪ੍ਰੈਕਟਿਸ ਕਰਦੇ ਸਨ ਤਾਂ  ਉਥੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਬਿੱਲ ਮੈਲਡਰਮ ਹਾਨਾ ਉਸ ਦੇ ਬੌਸ ਹੋਇਆ ਕਰਦੇ ਸਨ। ਹੁਣ 18 ਸਾਲਾਂ ਦੇ ਵਕਫੇ ਬਾਅਦ ਡਾ. ਕੇਜਰੀਵਾਲ ਨੂੰ ਆਪਣੇ ਬੌਸ ਦਾ ਨਾਂਅ ਤਾਂ ਯਾਦ ਸੀ ਪਰ ਸ਼ਕਲ ਭੁੱਲੀ ਹੋਈ ਸੀ। ਡਾ. ਬਿੱਲ ਪਿਛਲੇ ਦਿਨੀਂ ਨਿਊਜ਼ੀਲੈਂਡ ਘੁੰਮਣ ਆਏ ਹੋਏ ਸਨ ਤੇ 15 ਅਗਸਤ ਨੂੰ ਉਹ ਬਾਈਕ ਦੇ ਉਤੋਂ ਡਿੱਗ ਗਏ। ਡਿਗਣ ਕਾਰਨ ਉਨ੍ਹਾਂ ਦੀਆਂ ਪਸਲੀਆਂ ਆਦਿ ਟੁੱਟ ਗਈਆਂ। ਵਾਇਕਾਟੋ ਹਸਪਤਾਲ ਦੇ ਵਿਚ ਜਦੋਂ ਡਾ. ਬਿੱਲ ਇਲਾਜ ਲਈ ਐਮਰਜੈਂਸੀ ਤੌਰ ‘ਤੇ ਪਹੁੰਚੇ ਤਾਂ ਇਹ ਕੇਸ ਡਾ. ਨੰਦ ਕੇਜਰੀਵਾਲ ਦੇ ਕੋਲ ਕੁਦਰਤੀ ਆ ਗਿਆ। ਡਾ. ਬਿੱਲ ਦਾ ਆਪ੍ਰੇਸ਼ਨ ਹੋਣ ਤੋਂ ਬਾਅਦ ਜਦੋਂ ਡਾ. ਕੇਜਰੀਵਾਲ ਦੀ ਨਿਗ੍ਹਾ ਉਸਦੇ ਗੁੱਟ ਉਤੇ ਬੰਨੇ ਰਿਸਟ ਬੈਂਡ ਵਾਲੇ ਨਾਂਅ ‘ਤੇ ਗਈ ਤਾਂ ਉਸਨੇ ਸਾਧਾਰਨ ਹੀ ਕਿਹਾ ਕਿ ਇਹ ਨਾਂਅ ਮੈਂ 18-20 ਸਾਲ ਬਾਅਦ ਪੜ੍ਹ ਰਿਹਾ ਹਾਂ। ਉਸਨੇ ਕਿਹਾ ਕਿ ਇਸ ਨਾਂਅ ਦਾ ਡਾਕਟਰ ਮੇਰਾ ਸੀਨੀਅਰ ਹੋਇਆ ਕਰਦਾ ਸੀ। ਗੱਲਾਂ-ਗੱਲਾਂ ਵਿਚ ਜਦੋਂ ਇਹ ਪਤਾ ਲੱਗਾ ਕਿ ਉਹੀ ਡਾ. ਬਿੱਲ ਉਸਦਾ ਬੌਸ ਰਿਹਾ ਹੈ ਤਾਂ ਡਾ. ਕੇਜਰੀਵਾਲ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਡਾ. ਬਿੱਲ ਦੀ ਨਿਮਰਤਾ ਵੇਖੋ ਉਸਨੇ ਪੁਛਿਆ ਕਿ ‘ਕੀ ਮੈਂ ਤੁਹਾਨੂੰ ਠੀਕ ਸਿਖਾਇਆ ਸੀ।” ਇਸ ਦੇ ਜਵਾਬ ਵਿਚ ਡਾ. ਕੇਜਰੀਵਾਲ ਨੇ ਕਿਹਾ ਕਿ ”ਤੁਹਾਡੀ ਛਾਤੀ ਦੀਆਂ ਟੁੱਟੀਆਂ ਪਸਲੀਆਂ ਤੁਹਾਡੇ ਸਿਖਾਏ ਤਰੀਕੇ ਨਾਲ ਹੀ ਠੀਕ ਕੀਤੀਆਂ ਹਨ ਬਾਕੀ ਸਮਾਂ ਦੱਸੇਗਾ।” ਸੋ ਰੱਬ ਏਦਾਂ ਵੀ ਕਈ ਵਾਰ ਮੇਲ ਕਰਵਾ ਕੇ ਜਿਨ੍ਹਾਂ ਤੋਂ ਤੁਸੀਂ ਜੀਵਨ ਸਿੱਖਿਆ ਉਨ੍ਹਾਂ ਨੂੰ ਜੀਵਨ ਮੋੜਨ ਦਾ ਮੌਕਾ ਦੇ ਦਿੰਦਾ ਹੈ।