ਮਨੁੱਖੀ ਜਿੰਦਗੀਆਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਠੋਸ ਨੀਤੀ ਦੀ ਲੋੜ

ਭੁੱਖਮਰੀ ਦੁਨੀਆਂ ਭਰ ਦੀ ਇੱਕ ਬਹੁਤ ਚਿੰਤਾਜਨਕ ਮਾਮਲਾ ਬਣੀ ਹੋਈ ਹੈ। ਭਾਵੇਂ ਸਮੇਂ ਸਮੇਂ ਨਵੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਭਿਆਨਕ ਰੂਪ ਵੀ ਧਾਰ ਲੈਂਦੀਆਂ ਹਨ, ਪਰ ਭੁੱਖਮਰੀ ਸਭ ਤੋਂ ਖਤਰਨਾਕ ਮੁੱਦਾ ਹੈ। ਸੰਸਾਰ ਭਰ ‘ਚ ਭੁੱਖਮਰੀ ਨਾਲ ਹਰ ਮਿੰਟ ਵਿੱਚ 11 ਮੌਤਾਂ ਹੁੰਦੀਆਂ ਹਨ, ਸੁਣਨ ਲਈ ਇਹ ਬਹੁਤ ਛੋਟਾ ਅੰਕੜਾ ਵਿਖਾਈ ਦਿੰਦਾ ਹੈ, ਪਰ ਜਦ ਦਿਨ ਰਾਤ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਅੰਕੜਾ 15840 ਤੇ ਪਹੁੰਚ ਜਾਂਦਾ ਹੈ ਅਤੇ ਇੱਕ ਸਾਲ ਵਿੱਚ ਭੁੱਖਮਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 57 ਲੱਖ 80 ਹਜ਼ਾਰ 600 ਬਣ ਜਾਂਦੀ ਹੈ। ਇੱਥੇ ਹੀ ਬੱਸ ਨਹੀਂ ਇਹਨਾਂ ਮੌਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭੁੱਖਮਰੀ ਦਾ ਸੂਚਕ ਅੰਕ ਚਾਰ ਆਧਾਰਾਂ ਤੇ ਤਿਆਰ ਕੀਤਾ ਜਾਂਦਾ ਹੈ। ਕੁਪੋਸ਼ਣ, ਕੱਦ ਮੁਤਾਬਿਕ ਘੱਟ ਭਾਰ ਵਾਲੇ 5 ਸਾਲ ਤੱਕ ਦੀ ਉਮਰ ਦੇ ਬੱਚੇ ਜੋ ਕੁਪੋਸਣ ਦਾ ਸ਼ਿਕਾਰ ਹਨ, ਘੱਟ ਲੰਬਾਈ ਵਾਲੇ ਕੁਪੋਸਣ ਦਾ ਸ਼ਿਕਾਰ ਬੱਚੇ ਅਤੇ ਬੱਚਿਆਂ ਦੀ ਪੰਜ ਸਾਲ ਤੱਕ ਦੀ ਮੌਤ ਦਰ। ਦੁਨੀਆਂ ਵਿੱਚ ਕਰੋੜਾਂ ਵਿਅਕਤੀ ਭੁੱਖੇ ਰਹਿੰਦੇ ਹਨ, ਕਰੋੜਾਂ ਅਜਿਹੇ ਹਨ ਜੋ ਢਿੱਡ ਤਾਂ ਭਰ ਲੈਂਦੇ ਹਨ ਪਰ ਉਹਨਾਂ ਦੀ ਖੁਰਾਕ ਪੌਸਟਿਕ ਨਹੀਂ ਹੁੰਦੀ। ਇਹੀ ਭੁੱਖਮਰੀ ਦਾ ਕਾਰਨ ਬਣਦੇ ਹਨ।
ਯੂ ਐੱਨ ਓ ਵੱਲੋਂ 95 ਦੇਸ਼ਾਂ ਦੇ ਆਧਾਰ ਤੇ ਤਿਆਰ ਕੀਤੀ ਇੱਕ ਰਿਪੋਰਟ ਅਨੁਸਾਰ ਸਾਲ 2019 ਵਿੱਚ 13 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਸਨ, 2020 ਵਿੱਚ ਇਹ ਗਿਣਤੀ ਵਧ ਕੇ 15 ਕਰੋੜ ਹੋ ਗਈ, ਜਿਹਨਾਂ ਵਿੱਚੋਂ ਡੇਢ ਕਰੋੜ ਲੋਕ ਮੌਤ ਦੇ ਬਿਲਕੁਲ ਨਜਦੀਕ ਪੁੱਜ ਗਏ ਸਨ। 2021 ਵਿੱਚ ਇਹ ਅੰਕੜਾ ਹੋਰ ਵਧ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਭੁੱਖਮਰੀ ਦੇ ਮੁੱਦੇ ਤੇ ਭਾਰਤ ਦੀ ਹਾਲਤ ਵੀ ਬਹੁਤ ਭਿਆਨਕ ਰੂਪ ਧਾਰ ਰਹੀ ਹੈ। ਇੱਕ ਏਜੰਸੀ ਵੱਲੋ 119 ਦੇਸ਼ਾਂ ਦੀ ਭੁੱਖਮਰੀ ਸਬੰਧੀ ਤਿਆਰ ਕੀਤੀ ਸੂਚੀ ਵਿੱਚ ਭਾਰਤ ਦਾ 103ਵਾਂ ਸਥਾਨ ਹੈੇ। ਜਦ ਕਿ ਰੂਸ ਦਾ 21ਵਾਂ, ਚੀਨ ਦਾ 25ਵਾਂ, ਬਰਾਜੀਲ ਦਾ 31ਵਾਂ, ਸ੍ਰੀ ਲੰਕਾ ਦਾ 67ਵਾਂ, ਮੀਆਂਮਾਰ ਦਾ 68ਵਾਂ ਸਥਾਨ ਹੈ।
ਇਸੇ ਤਰ੍ਹਾਂ ਗਲੋਬਲ ਹੰਗਰ ਇੰਡੈਕਸ ਵੱਲੋਂ 107 ਦੇਸ਼ਾਂ ਦੀ ਤਿਆਰ ਕੀਤੀ ਸੂਚੀ ਵਿੱਚ ਭਾਰਤ ਦਾ 94ਵਾਂ ਸਥਾਨ ਹੈ। ਇਸ ਰਿਪੋਟ ਅਨੁਸਾਰ ਬੰਗਲਾ ਦੇਸ਼ ਦਾ 75ਵਾਂ, ਪਾਕਿਸਤਾਨ ਦਾ 88ਵਾਂ, ਮੀਆਂਮਾਰ ਦਾ 78ਵਾਂ, ਨੇਪਾਲ ਦਾ 73 ਵਾਂ ਸਥਾਨ ਹੈ। ਰਿਪੋਰਟ ਅਨੁਸਾਰ ਗੁਆਂਢੀ ਛੋਟੇ ਦੇਸ਼ਾਂ ਨਾਲੋਂ ਭਾਰਤ ਵਿੱਚ ਭੁੱਖਮਰੀ ਕਾਫ਼ੀ ਜਿਆਦਾ ਹੈ। ਭਾਰਤ ਦਾ ਹਾਲ ਪਾਕਿਸਤਾਨ ਤੇ ਨੇਪਾਲ ਨਾਲੋਂ ਵੀ ਮੰਦਾ ਹੈ। ਭਾਰਤ ਦੀ 14 ਫੀਸਦੀ ਅਬਾਦੀ ਕਪੋਸਣ ਦੀ ਸ਼ਿਕਾਰ ਹੈ, ਜਿਸ ਕਾਰਨ ਕੱਦ ਘਟ ਰਹੇ ਹਨ, ਸਰੀਰਕ ਵਿਕਾਸ ਰੁਕ ਰਿਹਾ ਹੈ ਅਤੇ ਮੌਤ ਦਰ ਵਧ ਰਹੀ ਹੈ। ਗਰਭਵਤੀ ਮਾਵਾਂ ਨੂੰ ਪੌਸਟਿਕ ਖੁਰਾਕ ਨਾ ਮਿਲਣ ਸਦਕਾ ਦੇਸ਼ ‘ਚ 1000 ਬੱਚੇ ਪਿੱਛੇ 38 ਬੱਚੇ ਜਨਮ ਦੇ ਪਹਿਲੇ ਦਿਨ ਹੀ ਮਰ ਜਾਂਦੇ ਹਨ। 40 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਹੇਠ ਵਾਲਾ ਜੀਵਨ ਬਸਰ ਕਰ ਰਹੇ ਹਨ।
ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਮੁਤਾਬਿਕ ਹਰ ਬਾਲਗ ਨੂੰ ਪ੍ਰਤੀ ਮਹੀਨਾ 14 ਕਿਲੋ ਅਤੇ ਬੱਚੇ ਨੂੰ 7 ਕਿਲੋ ਅਨਾਜ ਚਾਹੀਦਾ ਹੈ। ਪਤੀ ਪਤਨੀ ਦੇ ਬੱਚਿਆਂ ਵਾਲੇ ਪਰਿਵਾਰ ਨੂੰ ਘੱਟੋ ਘੱਟ 28 ਅਤੇ ਪੰਜ ਜੀਆਂ ਦੇ ਪਰਿਵਾਰ ਨੂੰ 35 ਕਿਲੋ ਅਨਾਜ ਦੀ ਜਰੂਰਤ ਹੁੰਦੀ ਹੈ, ਜਦੋਂ ਕਿ ਮਿਰਚ ਮਸਾਲੇ ਜਾਂ ਹੋਰ ਵਰਤੋਂ ਵਾਲੀਆਂ ਵਸਤੂਆਂ ਵੱਖ ਹਨ। ਦੁੱਖ ਦੀ ਗੱਲ ਹੈ ਭਾਰਤੀ ਬਿਲ ਸਿਰਫ 25 ਕਿਲੋ ਅਨਾਜ ਦੇਣ ਲਈ ਪਾਬੰਦ ਹੈ। ਕੌਮੀ ਅੰਨ ਸੁਰੱਖਿਆ ਬਿਲ ਅਨੁਸਾਰ ਹਰ ਨਾਗਰਿਕ ਨੂੰ ਪ੍ਰਤੀ ਮਹੀਨਾ 3 ਕਿਲੋ ਕਣਕ ਤੇ 2 ਕਿਲੋ ਚਾਵਲ ਕੁੱਲ 5 ਕਿਲੋ ਅਨਾਜ ਦੇਣ ਦੀ ਯੋਜਨਾ ਹੈ। ਇਸ ਤਰ੍ਹਾਂ ਭਾਰਤ ਆਪਣੇ ਨਾਗਰਿਕਾਂ ਨੂੰ ਢਿੱਡ ਭਰਨ ਲਈ ਲੋੜੀਂਦੀ ਖੁਰਾਕ ਵੀ ਨਹੀਂ ਦੇ ਸਕਦਾ।
ਹੁਣ ਜੇ ਅਨਾਜ ਦੀ ਪੈਦਾਵਾਰ ਤੇ ਝਾਤ ਮਾਰੀਏ ਤਾਂ ਸੰਯੁਕਤ ਰਾਸ਼ਟਰ ਖ਼ੁਰਾਕ ਤੇ ਖੇਤੀਬਾੜੀ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆਂ ਵਿੱਚ ਅਨਾਜ ਦਾ ਭੰਡਾਰ ਹਰ ਵਿਅਕਤੀ ਲਈ ਢਿੱਡ ਭਰਨ ਲਈ ਉਚਿਤ ਹੈ, ਪਰ ਦੁਨੀਆਂ ਭਰ ‘ਚ ਭੁੱਖਮਰੀ ਨਾਲ ਲੋਕ ਮਰ ਰਹੇ ਹਨ ਜਾਂ ਕੁਪੋਸਣ ਦਾ ਸ਼ਿਕਾਰ ਹੋ ਰਹੇ ਹਨ। ਭਾਰਤ ਕੋਲ ਵੀ ਅਨਾਜ ਦੀ ਕੋਈ ਘਾਟ ਨਹੀਂ ਹੈ। ਖਾਸਕਰ ਪੰਜਾਬ ਦੇ ਸਾਰੇ ਗੁਦਾਮ ਅਨਾਜ ਨਾਲ ਨੱਕੋ ਨੱਕ ਭਰੇ ਪਏ ਹਨ, ਜਿਸਨੂੰ ਸਰਕਾਰਾਂ ਵੱਲੋਂ ਭੁੱਖ ਨਾਲ ਜੂਝ ਰਹੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ, ਪਰ ਭਾਰਤ ਸਰਕਾਰ ਪੰਜਾਬ ਦੇ ਗੁਦਾਮਾਂ ਚੋਂ ਅਨਾਜ ਚੁੱਕਣ ਲਈ ਸੁਹਿਰਦ ਨਹੀਂ ਹੈ। ਕੇਂਦਰ ਸਰਕਾਰ ਦੀ ਸੁਹਿਰਦਤਾ ਦਾ ਅੰਦਾਜ਼ਾ ਤਾਂ ਖੇਤੀ ਸਬੰਧੀ ਬਣਾਏ ਤਿੰਨ ਕਾਲੇ ਕਾਨੂੰਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ। ਦੇਸ਼ ਦੇ ਕਿਸਾਨਾਂ ਨੇ ਭਾਰਤ ਨੂੰ ਅਨਾਜ ਪ੍ਰਤੀ ਆਤਮ ਨਿਰਭਰ ਬਣਾਇਆ ਹੈ, ਪਰ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਦੇਸ਼ ਨੂੰ ਤਾਨਾਸ਼ਾਹੀ ਢੰਗ ਨਾਲ ਚਲਾਇਆ ਜਾ ਰਿਹਾ ਹੈ, ਦੇਸ਼ ਵਿੱਚ ਬਹੁਕੌਮੀ ਕੰਪਨੀਆਂ ਦਾ ਜਲ ਵਿਛਾਇਆ ਜਾ ਰਿਹਾ ਹੈ। ਸਰਕਾਰ ਨਿੱਜੀਕਰਨ, ਉਦਾਰੀਕਰਨ, ਵਿਸਵੀਕਰਨ ਨੂੰ ਦੇਸ਼ ਦਾ ਵਿਕਾਸ ਮੰਨ ਕੇ ਮੁਨਾਫ਼ੇ ਬਖ਼ਸ ਧੰਦੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਰਾਹ ਤੁਰੀ ਹੋਈ ਹੈ। ਜੇਕਰ ਕੇਂਦਰ ਸਰਕਾਰ ਨੇ ਆਪਣੀਆਂ ਇਹ ਮਾਰੂ ਨੀਤੀਆਂ ਨਾ ਬਦਲੀਆਂ ਤਾਂ ਦੇਸ਼ ‘ਚ ਭੁੱਖਮਰੀ ਵਿੱਚ ਭਾਰੀ ਵਾਧਾ ਹੋਣ ਦਾ ਖਤਰਾ ਹੈ।
ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਮਨੁੱਖੀ ਜਿੰਦਗੀਆਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਠੋਸ ਨੀਤੀ ਤਿਆਰ ਕੀਤੀ ਜਾਵੇ। ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਪੂਰਤੀ ਲਈ ਦੇਸ਼ ਵਾਸੀਆਂ ਨੂੰ ਭੁੱਖਮਰੀ ਨਾਲ ਮੌਤ ਦੇ ਮੂੰਹ ਵਿੱਚ ਨਾ ਧੱਕਿਆ ਜਾਵੇ। ਪੰਜਾਬ ਦੇ ਗੁਦਾਮਾਂ ਵਿੱਚ ਪਿਆ ਅਨਾਜ ਕੇਂਦਰੀ ਪੂਲ ਲਈ ਲਿਜਾਣ ਦੀ ਪ੍ਰਕਿਰਿਆ ਨੂੰ ਤੇਜ ਕੀਤਾ ਜਾਵੇ ਅਤੇ ਲੋੜਵੰਦਾਂ ਤੱਕ ਪੁਜਦਾ ਕੀਤਾ ਜਾਵੇ। ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਦੀ ਰਿਪੋਰਟ ਅਨੁਸਾਰ ਹਰ ਭਾਰਤੀ ਤੱਕ ਬਣਦਾ ਅਨਾਜ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਕੇ ਕਿਸਾਨੀ ਨੂੰ ਮਜਬੂਤ ਤੇ ਖੁਸ਼ਹਾਲ ਬਣਾਇਆ ਜਾਵੇ। ਕੇਂਦਰ ਸਰਕਾਰ ਵੱਡੇ ਘਰਾਣਿਆਂ ਦੇ ਹਿਤਾਂ ਨੂੰ ਛੱਡ ਕੇ ਕਿਸਾਨੀ ਪ੍ਰਤੀ ਹਾਂ ਪੱਖੀ ਰਵੱਈਆ ਅਖ਼ਤਿਆਰ ਕਰੇ।

Install Punjabi Akhbar App

Install
×