ਸੰਗਠਿਤ ਅਪਰਾਧਾਂ ਉਪਰ ਹੁਣ ਰਾਜ ਦੀ ਪੁਲਿਸ ਫੋਰਸ ਰਾਪਟਰ ਹਮਲੇ ਕਰਨ ਨੂੰ ਤਿਆਰ

ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਏਲੀਅਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਨਿਊ ਸਾਊਥ ਵੇਲਜ਼ ਸਰਕਾਰ ਅਤੇ ਨਿਊ ਸਾਊਥ ਵੇਲਜ਼ ਪੁਲਿਸ ਹੁਣ ਸਟ੍ਰਾਈਕ ਫੋਰਸ ਰਾਪਟਰਾਂ ਦੀ ਮਦਦ ਨਾਲ ਰਾਜ ਅੰਦਰ ਸੰਗਠਿਤ ਅਪਰਾਧਾਂ ਨੂੰ ਠੱਲ੍ਹ ਪਾਉਣ ਦੀ ਤਿਆਰੀ ਵਿਚ ਜੁੱਟ ਗਈ ਹੈ ਅਤੇ ਸਰਕਾਰ ਦਾ ਦਾਅਵਾ ਹੈ ਕਿ ਉਹ ਜਲਦੀ ਹੀ ਅਜਿਹੇ ਹਮਲੇ ਕਰਕੇ ਸੰਗਠਿਤ ਅਪਰਾਧੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟ ਦੇਣਗੇ।
ਅਸਲ ਵਿੱਚ ਉਕਤ ਰਾਪਟਰਾਂ ਦੇ ਦਸਤੇ 2009 ਵਿੱਚ ਬਣਾਏ ਗਏ ਸਨ ਜੋ ਕਿ ਮੋਟਰ ਸਾਈਕਲਾਂ ਉਪਰ ਅਪਰਾਧ ਕਰਨ ਵਾਲੇ ਗੈਂਗਾਂ ਦੇ ਕਾਰਕੂਨਾਂ ਨੂੰ ਫੜਦੇ ਸਨ ਅਤੇ ਇਸ ਫੋਰਸ ਦੁਆਰਾ ਕਈ ਅਪਰਾਧਿਕ ਮਾਮਲਿਆਂ ਉਪਰ ਆਪਣੀ ਤਾਕਤ ਦਾ ਇਸਤੇਮਾਲ ਕਰਕੇ, ਠੱਲ੍ਹ ਪਾਈ ਗਈ ਸੀ। ਇਸ ਦਲ ਨੂੰ ਹੁਣ ‘ਰਾਪਟਰ ਸਕੂਐਡ’ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਵਿੱਚ ਪਹਿਲੇ ਪੜਾਅ ਦੌਰਾਨ 10 ਅਹੁਦੇ ਦਿੱਤੇ ਗਏ ਹਨ ਜੋ ਕਿ ਜੁਲਾਈ ਦੇ ਮਹੀਨੇ ਵਿੱਚ ਵਧਾ ਕੇ 20 ਕਰ ਦਿੱਤੇ ਜਾਣਗੇ ਅਤੇ ਇਸ ਦਸਤੇ ਅੰਦਰ 115 ਅਧਿਕਾਰੀ ਹੋਣਗੇ ਜਿਨ੍ਹਾਂ ਦਾ ਇੱਕ ਸੁਪਰਿਨਟੈਂਡੈਟ ਹੋਵੇਗਾ ਅਤੇ ਇਹ ਦਸਤਾ ਕਾਮਨਵੈਲਥ ਅਜੰਸੀਆਂ ਦੀਆਂ ਸੂਹਾਂ ਅਤੇ ਇੰਟੈਲੀਜੈਂਸ ਉਪਰ ਕੰਮ ਕਰਦਿਆਂ ਸਾਰੀਆਂ ਕਾਰਵਾਈਆਂ ਨੂੰ ਅੰਜਾਮ ਦੇਵੇਗਾ। ਸ੍ਰੀ ਏਲੀਅਟ ਨੇ ਇਹ ਵੀ ਕਿਹਾ ਕਿ ਰਾਜ ਅੰਦਰ ਹੁਣ ਅਜਿਹੇ ਅਪਰਾਧਾਂ ਦੀਆਂ ਜ਼ੜ੍ਹਾਂ ਹੀ ਪੁੱਟ ਦਿੱਤੀਆਂ ਜਾਣਗੀਆਂ ਅਤੇ ਸਰਕਾਰ ਨੇ ਇਸ ਫੋਰਸ ਦੀ ਨਫਰੀ ਵਧਾਉਣ ਵਾਸਤੇ ਆਉਣ ਵਾਲੇ ਚਾਰ ਸਾਲਾਂ ਅੰਦਰ ਇਸ ਵਿੱਚ 1500 ਤੱਕ ਅਧਿਕਾਰੀ ਸ਼ਾਮਿਲ ਕਰ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸ ਨਾਲ ਇਸ ਦਸਤੇ ਦੀ ਤਾਕਤ ਬਹੁਤ ਜ਼ਿਆਦਾ ਵਧ ਜਾਵੇਗੀ। ਪੁਲਿਸ ਕਮਿਸ਼ਨਰ ਮਾਈਕਲ ਫਲਰ ਨੇ ਵੀ ਇਸ ਬਾਬਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਇਸ ਮਿਸ਼ਨ ਵਿੱਚ ਸ਼ਾਮਿਲ ਅਧਿਕਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ ਤਾਂ ਸਾਫ ਜ਼ਾਹਿਰ ਹੈ ਕਿ ਸਫਲਤਾ ਤੈਅ ਹੈ ਅਤੇ ਹੁਣ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਆਪਣੀਆਂ ਸੋਚਣੀਆਂ ਬਦਲ ਲੈਣੀਆਂ ਚਾਹੀਦੀਆਂ ਹਨ ਅਤੇ ਅਪਰਾਧਾਂ ਵਾਲੇ ਰਾਹਾਂ ਨੂੰ ਛੱਡ ਕੇ ਕਾਨੂੰਨ ਦੇ ਦਾਇਰੇ ਨੂੰ ਅਪਣਾ ਲੈਣਾ ਚਾਹੀਦਾ ਹੈ ਅਤੇ ਜਾਂ ਫੇਰ ਇਸ ਧਰਤੀ ਨੂੰ ਹੀ ਤਿਆਗ ਦੇਣਾ ਚਾਹੀਦਾ ਹੈ ਅਤੇ ਕਿਤੇ ਹੋਰ ਭੱਜ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਉਨ੍ਹਾਂ ਦਾ ਖਾਤਮਾ ਤੈਅ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ ਉਕਤ ਫੋਰਸ ਵੱਲੋਂ 6,000 ਅਪਰਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 15,000 ਤੋਂ ਵੀ ਜ਼ਿਆਦਾ ਜੁਰਮਾਨੇ ਕੀਤੇ ਗਏ ਹਨ ਅਤੇ 2,000 ਤੋਂ ਵੀ ਜ਼ਿਆਦਾ ਦੇ ਹਥਿਆਰ ਆਦਿ ਬਰਾਮਦ ਕਰ ਕੇ ਜ਼ਬਤ ਕੀਤੇ ਗਏ ਹਨ।

Install Punjabi Akhbar App

Install
×