ਸਮਾਜਿਕ ਸੇਵਾਵਾਂ ਵਾਲੇ ਖੇਤਰਾਂ ਨੂੰ ਮਾਲੀ ਮਦਦ ਦਾ ਐਲਾਨ

ਪਰਿਵਾਰ, ਭਾਈਚਾਰਾ ਅਤੇ ਅਪੰਗਤਾ ਦੀਆਂ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਗਰੈਥ ਵਾਰਡ ਨੇ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਰਾਜ ਦੀਆਂ ਸਮਾਜਿਕ ਸੇਵਾਵਾਂ ਵਿੱਚ ਲੱਗੀਆਂ ਹੋਈਆਂ ਸੰਸਥਾਵਾਂ ਨੂੰ 200,000 ਡਾਲਰ ਤੱਕ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ ਜਿਸ ਰਾਹੀਂ ਉਨ੍ਹਾਂ ਦੀ ਸਮਰੱਥਾ ਨੂੰ ਵਧਾਇਆ ਜਾਵੇ ਤਾਂ ਕਿ ਸਮਾਜ ਸੇਵਾਵਾਂ ਦੇ ਕੰਮ ਵਿੱਚ ਹੋਰ ਵੀ ਜ਼ਿਆਦਾ ਤੇਜ਼ੀ ਲਿਆਂਦੀ ਜਾ ਸਕੇ ਅਤੇ ਲੋੜਵੰਦਾਂ ਨੂੰ ਸਮਾਂ ਰਹਿੰਦਿਆਂ ਹੀ ਮਦਦ ਦਿੱਤੀ ਜਾ ਸਕੇ ਅਤੇ ਇਸ ਫੰਡ ਨੂੰ ਸੋਸ਼ਲ ਸੈਕਟਰ ਟ੍ਰਾਂਸਮਿਸ਼ਨ ਫੰਡ ਦਾ ਨਾਮ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਕਤ ਫੰਡ, ਛੋਟੇ ਅਤੇ ਮਧਿਅਮ ਆਕਾਰ ਦੀਆਂ ਸੰਸਥਾਵਾਂ ਲਈ ਰਾਖਵਾਂ ਕੀਤਾ ਗਿਆ ਹੈ ਜੋ ਕਿ ਆਪਾਤਕਾਲੀਨ ਸਮਿਆਂ ਅਤੇ ਹੋਰ ਕੁਦਰਤੀ ਆਫ਼ਤਾਵਾਂ ਸਮੇਂ ਸਮਾਜ ਦੀ ਅੱਗੇ ਹੋ ਕੇ ਮਦਦ ਕਰਦੇ ਹਨ।
ਸੋਸ਼ਲ ਸੈਕਟਰ ਟ੍ਰਾਂਸਮਿਸ਼ਨ ਫੰਡ ਦੇ ਅਧੀਨ 20,000 ਡਾਲਰਾਂ ਤੋਂ ਲੈ ਕੇ 200,000 ਡਾਲਰਾਂ ਤੱਕ ਦੀ ਮਾਲੀ ਮਦਦ ਕੀਤੀ ਜਾਂਦੀ ਹੈ ਅਤੇ ਇਸ ਰਾਹੀਂ ਅਜਿਹੀਆਂ ਸੰਸਥਾਵਾਂ ਜੋ ਕਿ ਕਮਿਊਨਿਟੀ ਸੇਵਾਵਾਂ, ਬੇ-ਘਰਿਆਂ ਨੂੰ ਸਹਾਰਾ, ਅਪੰਗ ਲੋਕਾਂ ਦੀ ਮਦਦ, ਸਿਹਤ ਅਤੇ ਪਰਿਵਾਰਿਕ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਹਨ, ਅਤੇ ਬਿਨ੍ਹਾਂ ਲਾਭ ਅੰਸ਼ ਦੇ ਕੰਮ ਕਰਦੀਆਂ ਹਨ -ਨੂੰ ਇਹ ਮਾਲੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਉਕਤ ਮਦਦ ਲੈਣ ਵਾਲੀਆਂ ਸੰਸਥਾਵਾਂ ਦੀ ਯੋਗਤਾ ਇਸ ਗੱਲ ਤੇ ਵੀ ਹੈ ਕਿ ਉਨ੍ਹਾਂ ਦਾ ਸਾਲਾਨਾ ਵਿੱਤੀ-ਚੱਕਰ 5 ਮਿਲੀਅਨ ਡਾਲਰ ਤੋਂ ਘੱਟ ਦਾ ਹੋਣਾ ਚਾਹੀਦਾ ਹੈ।
ਸੈਂਕੜੇ ਅਜਿਹੀਆਂ ਸੰਸਥਾਵਾਂ ਜੋ ਕਿ ਨਿਊ ਸਾਊਥ ਵੇਲਜ਼ ਸਰਕਾਰ ਦੇ ਬਿਹਾਫ ਤੇ ਲੋਕਾਂ ਨੂੰ ਅਜਿਹੀਆਂ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਨੂੰ ਵੀ ਸਰਕਾਰ ਨੇ ਫੌਰੀ ਤੌਰ ਤੇ 20,000 ਤੋਂ ਲੈ ਕੇ 40,000 ਡਾਲਰ ਤੱਕ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਨਾਲ ਉਹ ਤਕਨਾਲੋਜੀ ਅਤੇ ਡਿਜੀਟਲ ਸੇਵਾਵਾਂ ਦੇ ਖੇਤਰ ਵਿੱਚ ਆਪਣਾ ਦਾਇਰਾ ਵਧਾ ਸਕਦੀਆਂ ਹਨ।
ਅਰਜ਼ੀਆਂ ਸੋਮਵਾਰ 26 ਅਪ੍ਰੈਲ 2021 ਤੱਕ ਦਿੱਤੀਆਂ ਜਾ ਸਕਦੀਆਂ ਹਨ।
ਜ਼ਿਆਦਾ ਜਾਣਕਾਰੀ ਵਾਸਤੇ https://www.facs.nsw.gov.au/providers/deliver-community-and-sector-assistance/social-sector-transformation-fund ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×