ਆਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਸਰਕਾਰ ਦੇ ਏਜੰਡੇ ‘ਤੇ ਹੀ ਨਹੀਂ – ਭਾਰਤੀ ਕਿਸਾਨ ਯੂਨੀਅਨ

ਨਾਭਾ, 28 ਫਰਵਰੀ – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਅਤੇ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਨੇ ਪੰਜਾਬ ਦੇ ਰਾਜ ਨੇਤਾਵਾਂ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੱਢਣਾ ਇਨ੍ਹਾਂ ਦੇ ਏਜੰਡੇ ‘ਤੇ ਨਹੀਂ ਜਦੋਂ ਕਿ ਸੰਤਾਪ ਭੋਗਦੇ ਪੰਜਾਬ ਦੇ ਕਿਸਾਨ ਅਤੇ ਆਮ ਲੋਕ ਇਸ ਮੁੱਖ ਸਮੱਸਿਆ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੇ ਉਜਾੜੇ ਤੋਂ ਬਿਨਾਂ ਰੋਜ਼ਾਨਾ ਸੜਕਾਂ ‘ਤੇ ਆਵਾਰਾ ਘੁੰਮਦੇ ਇਨ੍ਹਾਂ ਪਸ਼ੂਆਂ ਦੀ ਵਜ੍ਹਾ ਕਰਕੇ ਐਕਸੀਡੈਂਟਾਂ ਦੀ ਭੇਟ ਚੜ੍ਹ ਕੇ ਅਨੇਕਾਂ ਕੀਮਤੀ ਜਾਨਾਂ ਖ਼ਤਮ ਹੋ ਰਹੀਆਂ ਹਨ। ਜੋ ਕਿ ਨਾ ਸਹਿਣਯੋਗ ਤੇ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਇਸ ਲਾਹਨਤ ‘ਤੇ ਚਰਚਾ ਕਰਨ ਅਤੇ ਇਸ ਦੇ ਉਸਾਰੂ ਹੱਲ ਲਈ ਪ੍ਰਾਈਵੇਟ ਬਿਲ ਲਿਆਂਦੇ ਜਾਣ ਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਤਰਫ਼ੋਂ ਸਰਾਹਨਾ ਅਤੇ ਧੰਨਵਾਦ ਕਰਦੇ ਹਾਂ ਅਤੇ ਇਸ ਬਿਲ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਵਿਧਾਇਕ ਕੁਸ਼ਮਜੀਤ ਸਿੰਘ ਢਿੱਲੋਂ, ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਅਤੇ ਅਕਾਲੀ ਵਿਧਾਇਕ ਐਨ ਕੇ ਸ਼ਰਮਾ ਇਨ੍ਹਾਂ ਸਭਨਾ ਦੀ ਸਖ਼ਤ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×