ਕਹਾਣੀ – ਸਹਿਕਦੇ ਅਰਮਾਨ

story rajinder singh dhllon 180630tt

 

ਉਹ ਮੁਸਕਰਾਉਂਦੀ ਤਾਂ ਜਿਵੇਂ ਰੁੱਖਾਂ ਦੇ ਪੱਤੇ ਵੀ ਨਾਲ ਮੁਸਕਰਾਉਂਦੇ…. ਉਹ ਹੱਸਦੀ ਤਾਂ …… ਹਾਸਾ ਕੰਧਾਂ ਨਾਲ ਟਕਰਾ ਸਾਰਾ ਘਰ ਹੱਸਦਾ ਲਗਦਾ .. ਤੁਰਦੀ ਤਾਂ ਹਰਨੀ ਵਾਂਗੂੰ ਚੁੰਘੀਆਂ ਭਰਦੀ …. ਪੈਹਲਾਂ ਪਾਉਂਦੀ …. ਅਸਮਾਨ ਨਾਲ ਗੱਲਾਂ ਕਰਦੀ ……..
ਉਹਦੇ ਸਹੁਰੇ ਘਰ ‘ਚ ਪੈਰ ਪਾਉਣ ਨਾਲ ਜਿਵੇਂ ਵਿਹੜਾ ਮਹਿਕ ਉੱਠਿਆ …… ਬਨੇਰਿਆਂ ਦਾ ਰੰਗ ਜਿਵੇਂ ਨਿੱਖਰ ਗਿਆ ਹੋਵੇ …… ਜਾਣੋ ਆਬੋ ਹਵਾ ‘ਚ ਖਸ਼ਬੋਆਂ ਘੁਲ ਗਈਆਂ ਹੋਣ …… ਉਹਦੀ ਮਿੱਠੀ ਅਵਾਜ਼ ਸੁਣ ਨਿੰਮ ਤੇ ਕੂਕਦੀ ਕੋਇਲ ਵੀ ਸ਼ਰਮਾਅ ਗਈ ਹੋਵੇ ……
ਉਹਦੇ ਆਉਣ ਨਾਲ ਘਰ ਦਾ ਮੁਹਾਂਦਰਾ ਹੀ ਬਦਲ ਗਿਆ …….. ਕਿਸ਼ਤੀ ਨੂੰ ਜਿਵੇਂ ਮਲਾਹ ਮਿਲ ਗਿਆ ਹੋਵੇ ……ਹਾੜ ਦੀ ਤੱਤੀ ਲੋਅ ਨੂੰ ਜਿਵੇਂ ਪੱਛੋਂ ਦੀਆਂ ਕਣੀਆਂ ਨੇ ਠਾਰ ਦਿੱਤਾ ਹੋਵੇ …… ਜਿਵੇਂ ਟਿੱਬਿਆਂ ਤੇ ਟਿਊਬੈੱਲ ਲੱਗ ਗਿਆ ਹੋਵੇ ……ਜਿਵੇਂ ਸੁੱਕੇ ਬਾਗਾਂ ‘ਚ ਬਹਾਰ ਨੇ ਆ ਦਸਤਕ ਦਿੱਤੀ ਹੋਵੇ …… ਆਲਾ ਦੁਆਲਾ ਮਹਿਕ ਗਿਆ ……
ਮਨਦੀਪ ਦਾ ਵਿਆਹ ਮਾਸਟਰ ਅੰਗਰੇਜ ਸਿੰਘ ਨਾਲ ਹੋਇਆ …… ਮਸਾਂ ਮਸਾਂ ਕੋਈ ਲੜਕੀ ਅੰਗਰੇਜ ਦੇ ਪਸੰਦ ਆਈ ਸੀ …… ਕਈ ਸਾਲ ਹੀ ਲੰਘ ਗਏ ਸਨ …… ਸੈਕੜੇ ਕੁੜੀਆਂ ਅੰਗਰੇਜ ਨੇ ਦੇਖੀਆਂ ਪਰ ਕੋਈ ਲੜਕੀ ਉਹਦੇ ਨੱਕ ਹੇਠ ਨਾ ਆਉਂਦੀ …… ਅਖੀਰ ਜਾਂ ਤਾਂ ਸਮਝ ਲਉ ਕਿ ਅੰਗਰੇਜ ਤੇ ਉਹਦੇ ਘਰਦੇ ਹੰਭ ਹਾਰ ਗਏ ਸਨ …. ਜਾਂ ਫਿਰ ਮਨਦੀਪ ਸੁਨੱਖੀ ਹੀ ਐਨੀ ਸੀ ਕਿ ਇੱਕ ਵਾਰ ਤਾਂ ਅੰਗਰੇਜ ਦੇਖ ਕੇ ਚਕਰਾ ਹੀ ਗਿਆ ਸੀ …… ਤੇ ਜਾਂ ਫਿਰ ਇਹ ਸੰਯੋਗ ਸਨ …… ਮਨਦੀਪ ਦਾ ਦਾਣਾ ਪਾਣੀ ਸੀ …….. ਕਿਸਮਤ ਦਾ ਗੇੜ ਸੀ …. ਕਿ ਅੰਗਰੇਜ ਦੇ ਮੂੰਹੋਂ ਐਤਕੀਂ ਨਾਂਹ ਨਿੱਕਲੀ ਹੀ ਨਹੀਂ। ਅੰਗਰੇਜ ਦੇ ਮਾਂ ਬਾਪ ਤਾਂ ਇਹ ਚਹੁੰਦੇ ਹੀ ਸਨ …… ਉਹ ਤਾਂ ਪਹਿਲਾਂ ਹੀ ਅੱਕੇ ਪਏ ਸਨ। ਬਾਕੀ ਮਰਜੀ ਵੀ ਅੰਗਰੇਜ ਦੀ ਹੀ ਚੱਲਣੀ ਸੀ …… ਆਖਿਰ ਕੱਲਾ ਕੱਲਾ ਪੁੱਤ ਸੀ …… ਤੇ ਉੱਤੋਂ ਮਾਸਟਰ ਲੱਗਿਆ ਸੀ …… ਮਿੱਟੀ ਦੀ ਮੁੱਠ ਵੀ ਸੀ ਕੋਲ। ਮਨਦੀਪ ਪੜ੍ਹੀ ਘੱਟ ਸੀ ਪਰ ਇਹ ਕਮੀ ਮਨਦੀਪ ਦੇ ਸੁਹੱਪਣ ਸਾਹਮਣੇ ਮੱਧਮ ਪੈ ਗਈ ਸੀ ……
ਸਾਰੇ ਘਰ ਵਾਲੇ ਸਮੇਤ ਅੰਗਰੇਜ ਬਹੁਤ ਖੁਸ਼ ਸਨ …… ਅੰਗਰੇਜ ਦੀ ਰੀਝ ਪੂਰੀ ਹੋ ਗਈ ਸੀ …… ਉਸ ਦੀ ਡਿਮਾਂਡ ਪੂਰੀ ਹੋ ਗਈ ਸੀ …….. ਉਸ ਨੂੰ ਪਰੀ ਲੱਭ ਗਈ ਸੀ …… ਜਿਹੜੀ ਆਕਾਸ਼ ਤੋਂ ਧਰਤੀ ਉੱਤੇ ਸਿਰਫ ਅੰਗਰੇਜ ਲਈ ਹੀ ਆਈ ਸੀ।
ਮਨਦੀਪ ਨੇ ਆਉਣ ਸਾਰ ਘਰ ਸੰਭਾਲ ਲਿਆ ਸੀ …… ਉਹ ਊਰੀ ਵਾਂਗੂੰ ਘੁਕਦੀ ਸਾਰਾ ਕੰਮ ਜਿਵੇਂ ਹੱਥਾਂ ਪੈਰਾਂ ਨਾਲ ਲਾ ਕੇ ਹੀ ਸਮੇਟ ਲੈਂਦੀ …..ਸੱਸ ਸਹੁਰੇ ਨੂੰ ਤਾਂ ਭੁੰਜੇ ਪੈਰ ਵੀ ਨਾ ਲਾਹੁਣ ਦਿੰਦੀ …….. ਹੰਸੂ ਹੰਸੂ ਕਰਦਾ ਚਿਹਰਾ …… ਠੰਡਾ ਸੁਭਾਅ …… ਸਾਧੂ ਬਿਰਤੀ ……
ਇੱਕ ਰੱਬੀ ਰੂਹ …..ਇੱਕ ਪਾਕ ਮੁਹੱਬਤ ਦੀ ਵਗਦੀ ਨਦੀ .. ਇੱਕ ਮੋਹ ਦਾ ਸਮੁੰਦਰ …… ਪ੍ਰੇਮ ਦੀ ਝੀਲ ਸੀ ਮਨਦੀਪ।
ਮਨਦੀਪ ਸਾਰਾ ਦਿਨ ਆਪਣੇ ਕੰਮ ਕਾਰ ਵਿੱਚ ਮਗਨ ਰਹਿੰਦੀ। ਕੰਮ ਹੀ ਉਸਦਾ ਧਰਮ ਸੀ .. ਕੰਮ ਹੀ ਪੂਜਾ ……
ਸੁਭਾ ਚਾਰ ਵਜੇ ਉਠਦੀ ਧਾਰਾਂ ਚੋਂਦੀ .. ਰੋਟੀ ਟੁੱਕ .. ਲੀੜੇ ਲੱਤੇ ਧੋ ..
ਘਰ ਦੀ ਸਫਾਈ…. ਗੱਲ ਕੀ ਇੱਕ ਮਿੰਟ ਵੀ ਵੇਹਲੀ ਨਾ ਬੈਠਦੀ …… ਸੁਭਾ ਤੋਂ ਸ਼ਾਮ ਬੱਸ ਇੱਕ ਤਪੱਸਿਆ……..
ਮਾਸਟਰ ਅੰਗਰੇਜ ਦਾ ਸੁਭਾਅ ਮਨਦੀਪ ਤੋਂ ਬਿਲਕੁਲ ਵੱਖਰਾ …….. ਕੱਬਾ .. ਸੜੀਅਲ …. ਸ਼ੱਕੀ …… ਹੰਕਾਰੀ ……..। ਇਸ ਤੋਂ ਬਿਨਾਂ ਸ਼ਰਾਬ ਦੀ ਆਦਤ .. ਨਿੰਮ ਤੇ ਚੜ੍ਹੇ ਕਰੇਲੇ ਵਾਂਗੂੰ ਅੰਗਰੇਜ ਨੂੰ ਹੋਰ ਗੰਧਲਾ ਕਰਦੀ .. ਆਪਣੀ ਪੜ੍ਹਾਈ…. ਅਕਲਮੰਦੀ ਤੇ ਜਿਆਦਾ ਗੁਮਾਨ ਸੀ ਉਹਨੂੰ। ਆਪਣੀ ਅਕਲ ਨੂੰ ਸਭ ਨਾਲੋਂ ਉੱਚਾ ਮੰਨਦਾ …..।
ਥੋੜਾ ਸਮਾਂ ਹੀ ਚੰਗਾ ਗੁਜਰਿਆ …… ਅੰਗਰੇਜ ਦਾ ਚਾਅ ਮਨਦੀਪ ਵੱਲੋਂ ਛੇਤੀ ਲਹਿ ਗਿਆ …….. ਅੰਗਰੇਜ ਜਦੋਂ ਕਦੇ ਆਪਣੇ ਨਾਲ ਪੜ੍ਹਾਉਂਦੇ ਟੀਚਰਾਂ ਦੇ ਘਰ ਕਿਸੇ ਪ੍ਰੋਗਰਾਮ ਜਾਂ ਪਾਰਟੀ ਵਗੈਰਾ ਤੇ ਜਾਂਦਾ ਤਾਂ ਉਹਨਾਂ ਦੀਆਂ ਪੜ੍ਹੀਆਂ ਲਿਖੀਆਂ ਜਨਾਨੀਆਂ ਨੂੰ ਦੇਖਦਾ ਤਾਂ ਉਹਨਾਂ ਮੁਕਾਬਲੇ ਮਨਦੀਪ ਉਸ ਨੂੰ ਅਣਪੜ੍ਹ .. ਗੰਵਾਰ .. ਕੁੱਢਰ ਲਗਦੀ …… ਮਨ ਹੀ ਮਨ ਆਪਣੇ ਆਪ ਨੂੰ ਕੋਸਦਾ ਕਿ ਕਿਉਂ ਨਾ ਉਸ ਨੇ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਕਰਵਾਇਆ !! ਕਿਉਂ ਮੇਰੇ ਸਿਰ ਤੇ ਠੀਕਰਾ ਮੂਧਾ ਵੱਜ ਗਿਆ? ਮਨਦੀਪ ਕਿਸੇ ਪੱਖੋਂ ਵੀ ਉਹਦੇ ਬਰਾਬਰ ਨਹੀਂ…….. ਮਨਦੀਪ ਨੂੰ ਬੋਲਣ ਚੱਲਣ ਦੀ ਭੋਰਾ ਤਮੀਜ ਨਹੀਂ …..ਉਸਨੂੰ ਕੱਪੜੇ ਪਹਿਣਨ ਦਾ ਵੀ ਚੱਜ ਨਹੀਂ…..ਹਰ ਜਗ੍ਹਾ ਮੈਨੂੰ ਨਮੋਸ਼ੀ ਝੱਲਣੀ ਪੈਂਦੀ ਹੈ .. ਹਰ ਜਗ੍ਹਾ ਮੇਰਾ ਸਟੰਡਡ ਡਾਊਨ ਹੁੰਦਾ ਹੈ। ਕੋਈ ਇੱਕ ਵੀ ਸ਼ਬਦ ਅੰਗਰੇਜੀ ਦਾ ਨਹੀਂ ਬੋਲ ਸਕਦੀ …… ਜੇ ਬੋਲਦੀ ਹੈ ਤਾਂ ਗਲਤ ਬੋਲਦੀ ਹੈ .. …….ਬੱਸ ਕੰਮ ਹੀ ਕੰਮ …… ਕੰਮ ਨੂੰ ਚੱਟਣਾ ਹੈ …….. ਇਹ ਤਾਂ ਨੌਕਰਾਣੀ ਵੀ ਕਰ ਸਕਦੀ ਹੈ …… ਸਾਲੀ ਲੇਬਰ ਟਾਈਪ ਜਨਾਨੀ ……..।
ਇਸ ਤਰਾਂ ਦੇ ਖਿਆਲਾਂ ਨੇ ਅੰਗਰੇਜ ਦੇ ਮਨਦੀਪ ਨਾਲ ਰਿਸ਼ਤੇ ਵਿੱਚ ਫਿੱਕ ਜਿਹਾ ਪਾ ਦਿੱਤਾ…… ਮਨਦੀਪ ਉਸ ਨੂੰ ਬੋਝ ਜਾਪਣ ਲੱਗੀ …… ਦਿਨਾਂ ਚ ਹੀ ਉਹ ਉਹਦੇ ਮਨੋ ਲਹਿ ਗਈ …. ਲਾਈਫ ਬਰਬਾਦ ਜਾਪਣ ਲੱਗੀ …….. ਰੰਗ ਰੂਪ ਦਾ ਚਾਅ ਮੱਧਮ ਪੈਣ ਲੱਗਿਆ ….. ਉਹ ਗੱਲ ਗੱਲ ਤੇ ਮਨਦੀਪ ਦੀ ਟੋਕਾ ਟਾਕੀ ਕਰਨ ਲੱਗਿਆ …….. ਹਰ ਕੰਮ ਵਿੱਚ ਨੁਕਸ ਕੱਢਦਾ …..
ਅੰਗਰੇਜ ਦਾ ਘਰ ਵਿੱਚ ਸਾਹ ਘੁਟਦਾ …….. …….. ਹੁਣ ਮਨਦੀਪ ਦੇ ਹੱਥ ਦੀ ਬਣਾਈ ਹਰ ਚੀਜ਼ ਉਹਨੂੰ ਬੇ-ਸਵਾਦੀ ਲਗਦੀ ……ਸਬਜੀ ਨੂੰ ਡਵੱਕ ਪਾਣੀ ਦਸਦਾ …….. ਰੋਟੀ ਨੂੰ ਗੁੱਲ ਦਸਦਾ …… ਹੁਣ ਮਨਦੀਪ ਦੇ ਹੱਥੋਂ ਪਾਣੀ ਵੀ ਨਾ ਫੜ੍ਹਦਾ ਕਿਉਂ ਕਿ ਉਹਨੂੰ ਗਲਾਸ ਫੜਨ ਦਾ ਚੱਜ ਨਹੀਂ ਸੀ …….. ਬੇ ਅਕਲ ਜਨਾਨੀ ਸੀ ਜੋ ਉਹਦੇ ਪੱਲੇ ਪੈ ਗਈ ਸੀ ……..ਸ਼ਰਾਬੀ ਹੋਇਆ ਜਿਆਦਾ ਬੋਲਦਾ …….. ਹੁਣ ਰੋਟੀਆਂ ਮੱਚੀਆਂ ਹੁੰਦੀਆਂ …….. ਧੋਤੇ ਕੱਪੜਿਆਂ ਚੋਂ ਵੀ ਮੁਸ਼ਕ ਮਾਰਦਾ …… ਉੱਚੀ ਉੱਚੀ ਗਾਲਾਂ ਕਢਦਾ …….. ਕਲਹਿਣੀ ਮੱਥੇ ਵੱਜੀ ਦਸਦਾ …… ਗੋਰਾ ਰੰਗ ਉਸਨੂੰ .. ਪਿੱਲਾ …… ਬੱਗੜ …. ਸੜੇ ਖਰਬੂਜੇ ਵਰਗਾ ਲਗਦਾ …..
ਮਨਦੀਪ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਕਿ ਕੋਈ ਗਲਤੀ ਨਾ ਹੋਵੇ …….. ਹਰ ਗੱਲ ਦਾ ਖਿਆਲ ਕਰਦੀ …… ਆਪਣੀ ਪਰਵਾਹ ਕੀਤੇ ਬਿਨਾ ਪਹਿਲਾਂ ਤੋਂ ਵੀ ਜਿਆਦਾ ਜੋਰ ਲਾਉਂਦੀ ਕਿ ਕੋਈ ਕਸਰ ਨਾ ਰਹੇ …….. ਜੋ ਵੀ ਕਰਦੀ ਸੱਚੇ ਦਿਲੋਂ ਕਰਦੀ …… ਅੰਗਰੇਜ ਨੂੰ ਆਪਣੇ ਤੋਂ ਸਿਆਣਾ ਮੰਨਦੀ …….. ਰੱਬ ਮੰਨਦੀ …… ਉਹ ਪੜਿਆ ਲਿਖਿਆ ਸੀ …….. ਮਾਸਟਰ ਸੀ …… ਉਹਦਾ ਹੁਕਮ ਮੰਨਣਾ ਫਰਜ ਸਮਝਦੀ …… ਪਰ ਉਸ ਨੂੰ ਇਹ ਸਮਝ ਨਾ ਆਉਂਦੀ ਕਿ ਅੰਗਰੇਜ ਆਖਿਰ ਇਸ ਤਰਾਂ ਦਾ ਵਰਤਾਅ ਕਿਉਂ ਕਰਦਾ ਹੈ …….. ਕਿਉਂ ਗੱਲ ਗੱਲ ਤੇ ਉਸ ਨਾਲ ਲੜਦਾ ਹੈ? ਮਨ ਹੀ ਮਨ ਇੱਕ ਬਣਾਉਂਦੀ ਇੱਕ ਢਾਹੁੰਦੀ …….. ਪਰ ਕਿਸੇ ਨਤੀਜੇ ਤੇ ਨਾ ਪਹੁੰਚ ਸਕਦੀ …… ਤੇ ਅਖੀਰ ਆਪਣੇ ਕੰਮ ਧੰਦੇ ਲੱਗ ਜਾਂਦੀ …..
ਸਮਾਂ ਬੀਤਦਾ ਗਿਆ …….. ਅੰਗਰੇਜ ਦਾ ਮਨਦੀਪ ਨਾਲ ਫਰਕ ਵਧਦਾ ਗਿਆ …..ਇਹਦੇ ਵਿਚਕਾਰ …… ਦੋ ਬੱਚਿਆਂ ਦਾ ਜਨਮ ਹੋਇਆ …….. ਪਰ ਅੰਗਰੇਜ ਦੇ ਰਵੱਈਏ ਵਿੱਚ ਕੋਈ ਫਰਕ ਨਾ ਪਿਆ …….. ਸਗੋਂ ਪਹਿਲਾਂ ਤੋਂ ਵੱਧ ……..ਕਲੇਸ਼ ਪੈਂਦਾ …….. ਹੁਣ ਤਾਂ ਉਹ ਮਨਦੀਪ ਤੇ ਤਰਾਂ ਤਰਾਂ ਦੀਆ ਤੋਹਮਤਾਂ ਵੀ ਲਾਉਂਦਾ …….. ਜਵਾਕਾਂ ਨੂੰ ਵੀ ਆਪਣੇ ਜਵਾਕ ਨਾ ਦਸਦਾ …….ਹੱਦੋਂ ਵੱਧ ਸ਼ਰਾਬ ਪੀਂਦਾ …….. ਸਕੂਲ ਵੀ ਘੱਟ ਵੱਧ ਹੀ ਜਾਂਦਾ …..ਹੁਣ ਤਾਂ ਉਹ ਸ਼ਰਾਬ ਦੇ ਨਾਲ ਜੂਏਬਾਜਾਂ ਕੋਲ ਵੀ ਜਾਂਦਾ …..ਜੂਏ ਦੀਆਂ ਬਾਜੀਆਂ ਲਾਉਂਦਾ …… ਗੱਲਸ਼ਰੇ ਉਡਾਉਂਦਾ …..ਜਿੰਦਗੀ ਵਿਅਰਥ ਲਗਦੀ …… ਮਨਦੀਪ ਨਾਲ ਵਿਆਹ ਕਰਾ ਕੇ ਉਸ ਨੂੰ ਬਹੁਤ ਵੱਡਾ ਘਾਟਾ ਪਿਆ ਸੀ …..ਉਹਦੀਆਂ ਰੀਝਾਂ ਧਰੀਆਂ ਧਰਾਈਆਂ ਰਹਿ ਗਈਆਂ ਸਨ …….. ਉਹਦੇ ਚਾਅ ਅਧੂਰੇ ਰਹਿ ਗਏ ਸਨ …..ਸਭ ਕੁਝ ਮਿੱਟੀ ਹੋ ਗਿਆ ਸੀ …….. ਹੁਣ ਉਹ ਦਿਨ ਰਾਤ ਸ਼ਰਾਬ ਪੀਣ ਲੱਗਿਆ ਸੀ …….. ਉਸ ਨੂੰ ਆਪਣੀ ਕੋਈ ਸੋਝੀ ਨਾ ਰਹਿੰਦੀ ……..
ਮਨਦੀਪ ਆਪਣੀ ਸਮਝ ਮੁਤਾਬਿਕ…… ਉਸ ਨੂੰ ਏਸ ਪਾਸਿਉਂ ਮੋੜਨ ਦੀ ਕੋਸ਼ਿਸ਼ ਕਰਦੀ ਪਰ ਅੰਗਰੇਜ ਉਹਨੂੰ ਅੱਖਾਂ ਸਾਹਮਣੇ ਹੁੰਦਿਆਂ ਹੀ ਗਾਲਾਂ ਦੀ ਸ਼ੂਟ ਵਰ੍ਹਾ ਦਿੰਦਾ ਉਹਦੀ ਗੱਲ ਸੁਣਨੀ ਤਾਂ ਦੂਰ।
ਮਨਦੀਪ ਦੀ ਜੂਨ ਇੱਕ ਤਰਾਂ ਨਾਲ ਨਰਕ ਬਣ ਗ ਈ ਸੀ …… ਘਰ ਵਿੱਚ ਉਹਦੀ ਕੋਈ ਕਦਰ ਨਹੀਂ ਸੀ …… ਉਹ ਚੁੱਪ ਚਾਪ ਆਪਣਾ ਕੰਮ ਕਰਦੀ ਤੇ ਦੋ ਰੋਟੀਆਂ ਖਾ ਛਡਦੀ …….. ਜੁੱਗੜੇ ਬੀਤ ਗਏ ਅੰਗਰੇਜ ਨੇ ਉਹਨੂੰ ਬੁਲਾਇਆ ਤੱਕ ਨਹੀਂ ਸੀ ………।
ਅੰਗਰੇਜ ਡੀ ਐਮ ਸੀ ਲੁਧਿਆਣਾ ਦੇ ਆਈ ਸੀ ਯੂ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ …..ਸ਼ਰਾਬ ਨੇ ਉਹਦੇ ਲੀਵਰ ਤੇ ਗੁਰਦਿਆਂ ਦਾ ਨਾਸ ਕਰ ਦਿੱਤਾ ਸੀ …….. ਟਰੀਟਮੈਂਟ ਚੱਲ ਰਿਹਾ ਸੀ …….. ਥੋੜਾ ਬਹੁਤਾ ਫਰਕ ਪਿਆ ਪਰ ਡਾਕਟਰਾਂ ਨੇ ਲੀਵਰ ਦਾ ਇੱਕ ਹਿੱਸਾ ਤੇ ਗੁਰਦਾ ਬਦਲਣ ਨਾਲ ਹੀ ਉਹਦੀ ਜਾਨ ਦਾ ਬਚਾਅ ਦੱਸਿਆ …..ਇਹੀ ਪੱਕਾ ਇਲਾਜ ਸੀ …… ਨਹੀਂ ਤਾਂ ਅੰਗਰੇਜ ਕੁਝ ਮਹੀਨਿਆਂ ਦਾ ਮਹਿਮਾਨ ਸੀ …..।
ਸਾਰੇ ਰਿਸ਼ਤੇਦਾਰ ਇਕੱਠੇ ਹੋਏ …….. ਇੱਕ ਇੱਕ ਕਰਕੇ ਖਿਸਕ ਰਹੇ ਸਨ ਕਿ ਕਿਤੇ ਕੋਈ ਗੁਰਦੇ ਵਗੈਰਾ ਜਾਂ ਹੋਰ ਕੋਈ ਵੱਡੇ ਸਵਾਲ ਦਾ ਸਾਹਮਣਾ ਨਾ ਕਰਨਾ ਪੈ ਜਾਵੇ …..ਅੰਗਰੇਜ ਦੀ ਭੂਆ ਤੇ ਬੱਸ ਮਨਦੀਪ ਹੀ ਕੋਲ ਰਹਿ ਗਏ ਸਨ ……
ਬੱਚੇ ਹਾਲੇ ਬਹੁਤੇ ਵੱਡੇ ਨਹੀਂ ਸਨ …..ਦੋਨੇ ਮੁੰਡੇ ਹੀ ਸਨ …… ਉਹ ਘਰ ਵਿੱਚ ਆਪਣੀ ਨਾਨੀ ਅਤੇ ਦਾਦਾ ਦਾਦੀ ਕੋਲ ਸਨ ……
ਅੰਗਰੇਜ ਨੂੰ ਡਾਕਟਰਾਂ ਨੇ ਅੰਗਰੇਜ ਨੂੰ ਨਾਲ ਦੇ ਰੂਮ ਵਿੱਚ ਸ਼ਿਫਟ ਕਰਕੇ ਮਨਦੀਪ ਨੂੰ ਸਲਾਹ ਮਸ਼ਵਰਾ ਕਰਨ ਲ ਈ ਜਲਦੀ ਕਿਹਾ ਸੀ …..ਪਹਿਲਾਂ ਗੁਰਦਾ ਬਦਲਿਆ ਜਾਣਾ ਜਰੂਰੀ ਸੀ …….. ਲੀਵਰ ਦਾ ਔਪਰੇਸ਼ਨ ਬਾਅਦ ਵਿੱਚ ਠਹਿਰ ਕੇ ਹੋਣਾ ਸੀ ……।
ਮਨਦੀਪ ਬਹੁਤ ਜਿਆਦਾ ਦੁਖੀ ਤੇ ਫਿਕਰਮੰਦ ਸੀ …….. ਪੈਸੇ ਧੇਲੇ ਦਾ ਜੁਗਾੜ ਤਾਂ ਉਹਨੇ ਕਰ ਲਿਆ ਸੀ …….. ਤੇ ਨਾਲ ਹੀ ਬਿਨਾਂ ਕੁਝ ਵੀ ਸੋਚੇ ਵਿਚਾਰੇ ਮਨ ਹੀ ਮਨ ਆਪਣਾ ਗੁਰਦਾ ਦੇਣ ਦਾ ਫੈਸਲਾ ਕਰ ਚੁੱਕੀ ਸੀ ……..
ਆਖਿਰ ਉਹ ਉਹਦਾ ਪਤੀ ਸੀ …….. ਉਹਦੇ ਬਾਪ ਨੇ ਉਹਨੂੰ ਉਹਦੇ ਲੜ ਲਾਇਆ ਸੀ …….. ਉਹਨੂੰ ਵਰਿਆ ਸੀ …….. ਉਹਦੀ ਸੋਚ ਜਾਂ ਘਰੋਂ ਮਿਲੀ ਸਿੱਖਿਆ ਇਹੀ ਸੀ ਕਿ ਬੰਦੇ ਬਿਨਾਂ ਔਰਤ ਦਾ ਕੀ ਵੱਟੀ ਦਾ ਐ …….. ਫੇਰ ਕੀ ਹੋਇਆ ਜੇ ਅੰਗਰੇਜ ਉਹਨੂੰ ਨਹੀਂ ਬਲਾਉਂਦਾ …….. ਫੇਰ ਕੀ ਹੋਇਆ ਜੇ ਉਹ ਉਹਨੂੰ ਹਰ ਟੈਮ ਗਾਹਲਾਂ ਕਢਦਾ …….. ਫੇਰ ਕੀ ਹੋਇਆ ਜੇ ਉਹ ਉਹਨੂੰ ਚੰਗਾ ਨਹੀਂ ਸਮਝਦਾ …….. ਫੇਰ ਕੀ ਹੋਇਆ ਜੇ ਸ਼ਰਾਬ ਪੀ ਪੀ ਉਹਨੇ ਗੁਰਦੇ ਗਾਲ ਲ ਏ …….. ਆਖਿਰ ਪਤੀ ਤਾਂ ਪਤੀ ਹੈ ਤੇ ਉਹਦਾ ਫਰਜ ਹੈ ਪਤੀ ਦੇ ਨਾਲ ਨਿਭਣਾ …….. ਉਹਦੇ ਹਰ ਦੁਖ ਸੁਖ ਵਿਚ ਸ਼ਰੀਕ ਹੋਣਾ …..ਇਹ ਉਹਦੀ ਸੋਚ ਸੀ …..ਹਾਲਾਂ ਕਿ ਉਹ ਹਾਲੇ ਤੱਕ ਵੀ ਡਰਦੀ ਅੰਗਰੇਜ ਦੇ ਕਮਰੇ ਵਿੱਚ ਨਹੀਂ ਗ ਈ ਸੀ …… ਮਤੇ ਇੱਕ ਤਾਂ ਉਹ ਬਿਮਾਰ ਹੈ ਤੇ ਮੈਨੂੰ ਦੇਖ ਕੇ ਹੋਰ ਦੁਖੀ ਨਾ ਹੋਵੇ …..
ਉਹਨੇ ਡਾਕਟਰਾਂ ਨੂੰ ਆਪਣਾ ਫੈਸਲਾ ਦੱਸ ਦਿੱਤਾ ਤੇ ਲੋੜੀਂਦੀ ਕਾਗਜੀ ਕਾਰਵਾਈ ਤੇ ਦਤਸਤਖਤ ਆਪਣੇ ਟੁੱਟੇ ਫੁੱਟੇ ਅੱਖਰਾਂ ਵਿੱਚ ਕਰ ਅੰਗਰੇਜ ਦੇ ਜਲਦੀ ਠੀਕ ਹੋਣ ਦੀਆਂ ਅਰਦਾਸਾਂ ਕਰਨ ਲੱਗੀ …….
ਭਾਵੇਂ ਕਿ ਮਨਦੀਪ ਨੇ ਅੰਗਰੇਜ ਨੂੰ ਕੁਝ ਵੀ ਦੱਸਣ ਤੋਂ ਮਨ੍ਹਾਂ ਕੀਤਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਮੇਰਾ ਗੁਰਦਾ ਖਵਰੇ ਅੰਗਰੇਜ ਲਵੇ ਕਿ ਨਾ ਲਵੇ ਪਰ ਇੱਕ ਨਰਸ ਨੇ ਅੰਗਰੇਜ ਨੂੰ ਸਭ ਕੁਝ ਦੱਸ ਦਿੱਤਾ…….।
ਸੁਣ ਕੇ ਅੰਗਰੇਜ ਦੀਆਂ ਅੱਖਾਂ ਤ੍ਰਿਪ ਤ੍ਰਿਪ ਚਿਉਣ ਲੱਗੀਆਂ …….. ਆਪਣੀ ਮੌਤ ਤਾਂ ਉਸਨੂੰ ਸਾਹਮਣੇ ਦਿਖਾਈ ਦੇ ਹੀ ਰਹੀ ਸੀ ……..ਉਸ ਨੂੰ ਇਹ ਵੀ ਪਤਾ ਸੀ ਕਿ ਕੌਣ ਕਿਸੇ ਨੂੰ ਲੀਵਰ ਗੁਰਦੇ ਵੰਡਦਾ ਫਿਰਦਾ …..ਮਨਦੀਪ ਦੇ ਲੀਵਰ ਤੇ ਗੁਰਦਾ ਦੇਣ ਬਾਰੇ ਸੁਣ ਕੇ ਉਹ ਜਿਵੇਂ ਇੱਕ ਦਮ ਝੰਜੋੜਿਆ ਗਿਆ ਹੋਵੇ …….. ਉਸਦੀਆਂ ਅੱਖਾਂ ਸਾਹਮਣੇ ਮਨਦੀਪ ਨਾਲ ਕੀਤ ਉਮਰਾ ਭਰ ਦਾ ਵਰਤਾਅ ਫਿਲਮ ਵਾਂਗੂੰ ਘੁੰਮਣ ਲੱਗਿਆ …..ਉਸਨੂੰ ਆਪਣਾ ਆਪ ਗਰਕਦਾ ਮਹਿਸੂਸ ਹੁੰਦਾ ਦਿਸਿਆ …….. ਆਪਣੇ ਹੀ ਮੂੰਹ ਤੇ ਲਫੇੜੇ ਮਾਰਨ ਦਾ ਚਿੱਤ ਕੀਤਾ …….. ਉਸਦਾ ਚਿੱਤ ਕਰੇ ਕਿ ਧਰਤੀ ਵਿੱਚ ਕੋਈ ਖੱਡ ਹੋਵੇ ਤੇ ਮੈਂ ਉਸ ਵਿੱਚ ਵੜ ਜਾਵਾਂ …….. ਜਗਦੀਆਂ ਲਾਈਟਾਂ ਚੋਂ ਉਸਨੂੰ ਮਨਦੀਪ ਦਾ ਉਹੀ ਪੁਰਾਣਾ ਹੱਸਦਾ ਚਿਹਰਾ ਦਿਖਾਈ ਦਿੱਤਾ …….. ਉਸ ਦਾ ਮੂੰਹ ਸੁੱਕਣ ਲੱਗਿਆ …..ਬੈੱਡ ਦੇ ਪਾਵੇ ਹਿਲਦੇ ਪ੍ਰਤੀਤ ਹੋਏ …….. ਜਿਵੇਂ ਕੋਈ ਭੁਚਾਲ ਆਇਆ ਹੋਵੇ …..ਉਸਨੇ ਨਰਸ ਤੋਂ ਪਾਣੀ ਮੰਗਿਆ ……..
ਪਾਣੀ ਪੀ ਉਸ ਨੂੰ ਕੁਝ ਸੁਰਤ ਆਈ …….. ਨਰਸ ਨੂੰ ਕਹਿ ਕੇ ਮਨਦੀਪ ਨੂੰ ਅੰਦਰ ਬੁਲਾਇਆ …..ਡਰਦੀ ਡਰਦੀ ਮਨਦੀਪ ਅੰਦਰ ਵੜੀ ਪਰ ਆਸੇ ਪਾਸੇ ਝਾਕਣ ਲੱਗੀ ਨਜਰਾਂ ਨਾ ਮਿਲਾਵੇ ਜਿਵੇਂ ਉਹ ਉਸਦੀ ਚੋਰ ਸੀ …….. ਗੁਨਾਹਗਾਰ ਸੀ …… ਉਸ ਤੋਂ ਜਿਵੇਂ ਕੋਈ ਪਾਪ ਹੋਇਆ ਸੀ …….. ਉਸਨੂੰ ਲੱਗਿਆ ਕਿ ਹੁਣ ਅੰਗਰੇਜ ਮੇਰਾ ਗੁਰਦਾ ਲੈਣ ਤੋਂ ਨਾਂਹ ਕਰੇਗਾ …….. ਉਹ ਲੜੇਗਾ ਕਿ ਮੈਂ ਤੇਰਾ ਬੇਵਕੂਫ ਜਨਾਨੀ ਦਾ ਗੁਰਦਾ ਕਿਉਂ ਲਵਾਂ?
ਮਨਦੀਪ …..ਅੰਗਰੇਜ ਨੇ ਬਾਰੀ ਵੱਲ ਝਾਕਦੀ ਮਨਦੀਪ ਨੂੰ ਹੰਭੀ ਜਿਹੀ ਅਵਾਜ ਵਿੱਚ ਕਿਹਾ …….. ਸਾਲਾਂ ਬਾਅਦ ਅੰਗਰੇਜ ਨੇ ਆਪਣੇ ਮੂੰਹੋਂ ਮਨਦੀਪ ਦਾ ਨਾਮ ਲਿਆ ਸੀ …….. ਮਨਦੀਪ ਨੂੰ ਜਿਵੇਂ ਸੱਚ ਨਹੀਂ ਆਇਆ ਸੀ …….. ਕਿਤੇ ਗਵਾਚ ਜਿਹੀ ਗ ਈ …….ਉਹਨੇ ਹੁੰਗਾਰਾ ਨਹੀਂ ਭਰਿਆ .. ਸਿਰਫ ਨਜਰ ਅੰਗਰੇਜ ਵੱਲ ਘੁਮਾਈ …..
ਮਨਦੀਪ ਤੂੰ ਕੋਈ ਗੁਰਦਾ ਲੀਵਰ ਨਹੀਂ ਦੇਣਾ ਮੈਨੂੰ …….. ਮਰ ਜਾਣ ਦੇ ਮੈਨੂੰ …….. ਮੈਂ ਏਸੇ ਹੀ ਲਾਈਕ ਸੀ …… ਮੇਰੇ ਨਾਲ ਏਹੋ ਹੋਣਾ ਚਾਹੀਦਾ ਸੀ …….. ਅੰਗਰੇਜ ਇੱਕੋ ਸਾਹੇ ਬੋਲੀ ਜਾ ਰਿਹਾ ਸੀ …….. ਮਨਦੀਪ ਬੁੱਤ ਬਣੀ ਸੁਣ ਰਹੀ ਸੀ …….. ਉਸ ਦੇ ਸਮਝੋਂ ਬਾਹਰ ਸੀ ਉਹ ਕੀ ਕਹਿ ਰਿਹਾ ਸੀ ਤੇ ਕਿਉਂ ਕਹਿ ਰਿਹਾ ਸੀ !!!
ਅਖੀਰ ਮਨਦੀਪ ਨੇ ਕੁਝ ਬੋਲਣ ਦਾ ਹੀਆ ਕੀਤਾ …… ਉਸ ਨੇ ਮਸਾਂ ਹੀ ਅਵਾਜ਼ ਬੁੱਲਾਂ ਤੱਕ ਲਿਆਂਦੀ …… ਉਸਦੀ ਜਬਾਨ ਸੁੱਕ ਰਹੀ ਸੀ ਬੋਲਣ ਲੱਗਿਆਂ ………
ਤੁਹਾਨੂੰ ਕੁਸ਼ ਨੀ ਹੁੰਦਾ ਜੀ …….. ਵਾਹਿਗੁਰੂ ਭਲੀ ਕਰੂ …… ਛੇਤੀ ਠੀਕ ਹੋਜੋਂਗੇ …..ਆਪਾਂ ਕਿਹੜਾ ਕੋਈ ਪਾਪ ਕੀਤੇ ਹਨ ……
ਮਨਦੀਪ ਤੂੰ ਬੱਸ ਮੇਰੇ ਕੋਲ ਬੈਠ ਜਾ …….. ਮੈਂ ਸਾਰੀ ਜਿੰਦਗੀ …….. ਤੈਨੂੰ ਦੁੱਖ ਹੀ ਦੁੱਖ ਦਿਤੇ ਹਨ …….. ਮੈਂ …… ਮੈਂ …… ਬਚੇ ਪਲ ਤੇਰੇ ਨਾਲ ਜਿਉਣੇ ਚਹੁੰਨਾਂ …..ਮੈਂ ਸਾਰੀ ਉਮਰ ਦੀਆਂ ਗੱਲਾਂ ਕਰਨੀਆਂ ਤੇਰੇ ਨਾਲ …… ਮੈਂ ਮੈਂ ਦੋ ਘੰਟਿਆਂ ਚ ਸਾਰੀ ਉਮਰ ਜੀਅ ਲਵਾਂ ਤੇਰੇ ਨਾਲ …….. ਮੈਂ ਕੋਈ ਮੁਆਫੀ ਨਹੀਂ ਮੰਗਣੀ …… ਨਾ ਹੀ ਮੇਰੇ ਗੁਨਾਹ ਮੁਆਫੀ ਯੋਗ ਹਨ …… ਨਾ ਹੀ ਉਹ ਸਮਾਂ ਹੁਣ ਮੁੜਕੇ ਆਵੇ …….. ਮੈਂ ਸੌਣਾ ਹੈ ਤੇਰੀ ਗੋਦ ਵਿੱਚ ਸਿਰ ਰੱਖ ਕੇ …..ਤੂੰ ਐਥੇ ਮੇਰੇ ਨੇੜੇ ਬੈਠ …….ਤੇ ਫਿਰ ਉਹ ਕਾਫੀ ਚਿਰ …… ਬੀਤੇ ਵੇਲੇ ਦੀਆਂ ਯਾਦਾਂ ਤਾਜੀਆਂ ਕਰਦਾ ਰਿਹਾ ਤੇ ਕਦੋਂ ਉਸ ਨੂੰ ਨੀਂਦ ਆ ਗ ਈ …..ਨਾ ਉਹਨੂੰ ਤੇ ਨਾ ਹੀ ਮਨਦੀਪ ਨੂੰ ਪਤਾ ਲੱਗਿਆ …….
ਸ਼ਾਮ ਨੂੰ ਅੰਗਰੇਜ ਦੀ ਅੱਖ ਖੁੱਲ੍ਹੀ…….. ਮਨਦੀਪ ਉਸੇ ਤਰਾਂ ਹੀ ਬੈਠੀ ਹੋਈ ਆਪਣੇ ਖਿਆਲਾਂ ਚ ਗਵਾਚੀ ਹੋਈ ਸੀ ……
ਅੰਗਰੇਜ ਨੇ ਪਾਣੀ ਪੀਤਾ …….. ਦੋ ਗਲਾਸ …….. ਤਿੰਨ ਗਲਾਸ ……
ਉਸਨੂੰ ਪੇਸ਼ਾਬ ਦੀ ਹਾਜਤ ਹੋਈ …… ਮਨਦੀਪ ਉਸਨੂੰ ਫੜ ਕੇ ਬਾਥਰੂਮ ਤੱਕ ਲੈ ਗ ਈ …….ਉਸ ਨੂੰ ਖੁੱਲ੍ਹਕੇ ਪੇਸ਼ਾਬ ਆਇਆ ….
ਤੇ ਫਿਰ ਨਰਸਾਂ ਤੇ ਡਾਕਟਰ ਆ ਕੇ ਅੰਗਰੇਜ ਨੂੰ ਚੈਕਅੱਪ ਵਾਸਤੇ ਲਿਫਟ ਰਾਹੀਂ ਉਪਰਲੀ ਮੰਜ਼ਿਲ ਵਿੱਚ ਲੈ ਗਏ …….।
ਜਦੋਂ ਡਾਕਟਰ ਨੇ ਆ ਕੇ ਮਨਦੀਪ ਨੂੰ ਖੁਸ਼ਖਬਰੀ ਦਿੱਤੀ ਕਿ ਮੁਬਾਰਕਾਂ…….. ਤੁਹਾਡੇ ਪਤੀ ਦੇ ਗੁਰਦੇ ਇੱਕਦਮ ਚੱਲ ਪਏ ਹਨ …… ਇਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ …..ਹੁਣ ਔਪਰੇਸ਼ਨ ਦੀ ਕੋਈ ਲੋੜ ਨਹੀਂ …….. ਲੀਵਰ ਵੀ ਮੈਡੀਸਨ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ …..
ਮਨਦੀਪ ਨੂੰ ਕੋਈ ਬਹੁਤੀ ਹੈਰਾਨੀ ਨਹੀਂ ਹੋਈ …….. ਉਸ ਨੂੰ ਜਿਵੇਂ ਵਿਸ਼ਵਾਸ ਸੀ …… ਭਰੋਸਾ ਸੀ …..ਪਰਮਾਤਮਾ ਤੇ …..
ਜਾਂ ਫਿਰ ਅੰਗਰੇਜ ਦਾ ਹੰਕਾਰ.. ਹਾਉਮੇ .. ਆਕੜ .. ਜੋ ਗੁਰਦਿਆਂ ਵਿੱਚ ਬੰਨ੍ਹ ਮਾਰੀ ਬੈਠੇ ਸਨ …….. ਜਿਹਨਾਂ ਦੇ ਟੁਟਦਿਆਂ ਹੀ ਗੁਰਦੇ ਚੱਲ ਪਏ ਸਨ ………..।

ਰਾਜਿੰਦਰ ਢਿੱਲੋਂ ਬਾਜਾਖਾਨਾ
+91 98880 59190

Rajinderpalsinghbajakhana@gmail.com

 

Install Punjabi Akhbar App

Install
×