ਸੰਸਾਰ ਦਾ ਸਭ ਤੋਂ ਵਿਵਾਦਤ ਅਤੇ ਮਨਹੂਸ ਮੰਨਿਆਂ ਜਾਣ ਵਾਲਾ ਹੀਰਾ, ਕੋਹਿਨੂਰ

indexਪ੍ਰਸਿੱਧ ਹੀਰੇ ਕੋਹਿਨੂਰ ਨੂੰ ਇੰਗਲੈਂਡ ਤੋਂ ਵਾਪਸ ਲੈਣ ਲਈ ਆਲ ਇੰਡੀਆ ਹਿਊਮਨ ਰਾਈਟ ਐਂਡ ਸੋਸ਼ਲ ਜਸਟਿਸ ਫਰੰਟ ਨਾਮਕ ਇੱਕ ਐਨ.ਜੀ.ਉ. ਨੇ ਸੁਪਰੀਮ ਕੋਰਟ ਵਿੱਚ ਰਿੱਟ ਪਾਈ ਹੋਈ ਹੈ। ਭਾਰਤ ਦੇ ਸੋਲਿਸਟਰ ਜਨਰਲ ਰਣਜੀਤ ਕੁਮਾਰ ਨੇ ਚੀਫ ਜਸਟਿਸ ਟੀ ਐਸ ਠਾਕੁਰ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਹਲਫਨਾਮਾ ਫਾਈਲ ਕੀਤਾ ਹੈ ਕਿ ਈਸਟ ਇੰਡੀਆ ਕੰਪਨੀ ਨੇ ਕੋਹਿਨੂਰ ਜਬਰਦਸਤੀ ਨਹੀਂ ਸੀ ਲਿਆ, ਬਲਕਿ ਮਹਾਰਾਜਾ ਦਲੀਪ ਸਿੰਘ ਦੁਆਰਾ ਆਪਣੀ ਖੁਸ਼ੀ ਨਾਲ ਮਹਾਰਾਣੀ ਵਿਕਟੋਰੀਆ ਨੂੰ ਭੇਂਟ ਕੀਤਾ ਗਿਆ ਸੀ। ਭਾਰਤ ਦੀ ਇਸ ਨੂੰ ਵਾਪਸ ਲੈਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਪਰ ਬੈਂਚ ਨੇ ਫੈਸਲਾ ਕੀਤਾ ਕਿ ਜੇ ਇਹ ਰਿੱਟ ਡਿੱਸਮਿੱਸ ਕਰ ਦਿੱਤੀ ਗਈ ਤਾਂ ਭਾਰਤ ਮੁੜ ਇਸ ਹੀਰੇ ‘ਤੇ ਦਾਅਵਾ ਨਹੀਂ ਜਤਾ ਸਕੇਗਾ। ਮਾਣਯੋਗ ਅਦਾਲਤ ਨੇ ਸਰਕਾਰ ਨੂੰ ਮੁੜ ਵਿਚਾਰਨ ਲਈ 6 ਹਫਤੇ ਦਾ ਵਕਤ ਦਿੱਤਾ ਹੈ।
ਕੋਹਿਨੂਰ 1256 ਈਸਵੀ ਦੇ ਲਗਪਗ ਆਂਧਰਾ ਪ੍ਰਦੇਸ਼ ਦੇ ਗੰਟੂਰ ਜਿਲ੍ਹੇ ਦੀਆਂ ਕੋਲੂਰ ਹੀਰਾ ਖਾਨਾਂ ਵਿੱਚੋਂ ਮਿਲਿਆ ਸੀ। ਇਸ ਦਾ ਇਤਿਹਾਸ ਖੂਨ ਖਰਾਬੇ ਨਾਲ ਭਰਿਆ ਹੋਇਆ ਹੈ। ਬਾਦਸ਼ਾਹਾਂ ਨੇ ਇਸ ਨੂੰ ਪ੍ਰਾਪਤ ਕਰਨ ਲਈ ਅਨੇਕਾਂ ਜੰਗਾਂ ਲੜੀਆਂ ਹਨ ਤੇ ਹਜ਼ਾਰਾਂ ਜਾਨਾਂ ਗਈਆਂ ਹਨ। ਖੁਦਾਈ ਵੇਲੇ ਇਸ ਦਾ ਕੁੱਲ ਭਾਰ 158.6 ਗ੍ਰਾਮ ਸੀ ਜੋ ਇਸ ਵੇਲੇ 21.1204 ਗ੍ਰਾਮ ਰਹਿ ਗਿਆ ਹੈ। ਇਹ 100% ਪਾਰਦਰਸ਼ੀ ਉੱਚਤਮ ਕਵਾਲਟੀ ਦਾ ਹੀਰਾ ਹੈ। ਸ਼ੁਰੂ ਵਿੱਚ ਇਹ ਵਾਰੰਗਲ (ਤੇਲੰਗਾਨਾ) ਦੇ ਹਿੰਦੂ ਸ਼ਾਸਕ ਕੈਕਾਤੀਆ ਵੰਸ਼ ਦੇ ਕਬਜ਼ੇ ਵਿੱਚ ਸੀ। 14ਵੀਂ ਸਦੀ ਵਿੱਚ ਦਿੱਲੀ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਦੇ ਜਨਰਲ ਕਾਫੂਰ ਨੇ ਦੱਖਣੀ ਭਾਰਤ ‘ਤੇ ਧਾਵੇ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ 1310 ਈਸਵੀ ਵਿੱਚ ਵਾਰੰਗਲ ‘ਤੇ ਕਬਜ਼ਾ ਕਰ ਲਿਆ। ਲੁੱਟ ਦੇ ਮਾਲ ਵਿੱਚ ਉਸ ਨੂੰ ਕੋਹਿਨੂਰ ਵੀ ਪ੍ਰਾਪਤ ਹੋਇਆ। ਉਸ ਨੇ ਇੱਕ ਸ਼ਾਨਦਾਰ ਸਮਾਗਮ ਵਿੱਚ ਇਹ ਹੀਰਾ ਅਲਾਉਦੀਨ ਖਿਲਜੀ ਨੂੰ ਭੇਂਟ ਕੀਤਾ। ਇਸ ਤੋਂ ਬਾਅਦ ਇਹ ਦਿੱਲੀ ਸਲਤਨਤ ਦੇ ਵੱਖ ਵੱਖ ਖਾਨਦਾਨਾਂ ਦੇ ਕਬਜ਼ੇ ਵਿੱਚ ਹੁੰਦਾ ਹੋਇਆ 1526 ਈ. ਨੂੰ ਬਾਬਰ ਦੇ ਹੱਥ ਲੱਗ ਗਿਆ। ਇਸ ਨੂੰ ਵੱਖ ਵੱਖ ਸਮੇਂ ਵੱਖ ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ ਪਰ ਬਾਬਰ ਦੇ ਕਬਜ਼ੇ ਵਿੱਚ ਆਉਣ ਤੋਂ ਬਾਅਦ ਇਸ ਨੂੰ ਬਾਬਰ ਹੀਰਾ ਕਿਹਾ ਜਾਣ ਲੱਗਾ। ਬਾਬਰ ਅਤੇ ਉਸ ਦੇ ਬੇਟੇ ਹੁਮਾਯੂੰ ਨੇ ਆਪਣੀਆਂ ਲਿਖਤਾਂ ਵਿੱਚ ਇਸ ਹੀਰੇ ਦਾ ਵਰਨਣ ਕੀਤਾ ਹੈ। ਇਹ ਇਸ ਦਾ ਪਹਿਲਾ ਲਿਖਤ ਇਤਿਹਾਸਕ ਵਰਨਣ ਹੈ।
ਸ਼ਾਹਜਹਾਨ ਨੇ ਬਾਦਸ਼ਾਹ ਬਣਨ ਤੋਂ ਬਾਅਦ ਇਸ ਨੂੰ ਮਿਊਰ ਸਿੰਘਾਸਨ ਵਿੱਚ ਜੜਵਾ ਲਿਆ। 1658 ਈ. ਵਿੱਚ ਸ਼ਾਹਜਹਾਨ ਨੂੰ ਕੈਦ ਕਰਕੇ ਔਰੰਗਜ਼ੇਬ ਨੇ ਭਾਰਤ ਅਤੇ ਕੋਹਿਨੂਰ, ਦੋਵਾਂ ‘ਤੇ ਕਬਜ਼ਾ ਜਮਾ ਲਿਆ। ਔਰੰਗਜ਼ੇਬ ਦੇ ਰਾਜ ਸਮੇਂ ਇਸ ਦੀ ਪਹਿਲੀ ਵਾਰ ਕਟਾਈ ਅਤੇ ਪਾਲਸ਼ ਕਰਵਾਈ ਗਈ। ਇਸ ਲਈ ਵੀਨਸ (ਇਟਲੀ) ਦੇ ਇੱਕ ਮੂਰਖ ਜੌਹਰੀ ਹਾਰਟੈਂਜ਼ੋ ਬੋਰਗੀਆ ਨੂੰ ਚੁਣਿਆ ਗਿਆ। ਉਸ ਨੇ ਇਸ ਕੰਮ ਵਿੱਚ ਐਨੀ ਅਣਗਹਿਲੀ ਵਰਤੀ ਕਿ ਕੋਹਿਨੂਰ ਨੂੰ ਕੱਟ ਵੱਢ ਕੇ 158.6 ਗ੍ਰਾਮ ਤੋਂ 37.2 ਗ੍ਰਾਮ ਦਾ ਕਰ ਦਿੱਤਾ। ਕਟਾਈ ਤੋਂ ਬਾਅਦ ਜਦੋਂ ਹੀਰਾ ਔਰੰਗਜ਼ੇਬ ਨੂੰ ਪੇਸ਼ ਕੀਤਾ ਗਿਆ ਤਾਂ ਉਹ ਗੁੱਸੇ ਨਾਲ ਕੰਬਣ ਲੱਗਾ। ਬੋਰਗੀਆ ਦਾ ਸਿਰ ਤਾਂ ਵਿਦੇਸ਼ੀ ਹੋਣ ਕਾਰਨ ਕਲਮ ਹੋਣ ਤੋਂ ਬਚ ਗਿਆ ਪਰ ਉਸ ਦੇ 7 ਭਾਰਤੀ ਸਹਾਇਕਾਂ ਨੂੰ ਫਾਂਸੀ ਦੇ ਦਿੱਤੀ ਗਈ। ਬੋਰਗੀਆ ਨੂੰ 10000 ਰੁ. (ਅੱਜ ਦੀ ਕੀਮਤ ਅਨੁਸਾਰ ਕਰੀਬ 90 ਲੱਖ ਰੁ.) ਜਰਮਾਨਾ ਪਾਇਆ ਗਿਆ।
1739 ਈ. ਵਿੱਚ ਸ਼ਾਹ ਈਰਾਨ, ਨਾਦਰ ਸ਼ਾਹ ਨੇ ਭਾਰਤ ‘ਤੇ ਹਮਲਾ ਕਰ ਦਿੱਤਾ। ਉਸ ਨੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੀ ਫੌਜ ਨੂੰ ਕਰਨਾਲ ਦੀ ਲੜਾਈ ਵਿੱਚ ਸ਼ਿਕਸਤ ਦੇ ਕੇ ਦਿੱਲੀ ‘ਤੇ ਕਬਜ਼ਾ ਕਰ ਲਿਆ। ਕਹਿੰਦੇ ਹਨ ਕਿ ਰੰਗੀਲੇ ਨੇ ਕੋਹਿਨੂਰ ਨੂੰ ਨਾਦਰ ਸ਼ਾਹ ਤੋਂ ਬਚਾਉਣ ਖਾਤਰ ਆਪਣੀ ਪਗੜੀ ਵਿੱਚ ਛਿਪਾ ਲਿਆ ਸੀ। ਪਰ ਕਿਸੇ ਗੱਦਾਰ ਨੇ ਇਹ ਗੱਲ ਨਾਦਰ ਸ਼ਾਹ ਦੇ ਕੰਨੀ ਜਾ ਪਾਈ। ਦੋਵਾਂ ਧਿਰਾਂ ਵਿੱਚ ਸੰਧੀ ਹੋਣ ਤੋਂ ਬਾਅਦ ਨਾਦਰ ਸ਼ਾਹ ਨੇ ਪੱਗੜੀ ਵਟਾਉਣ ਦੇ ਬਹਾਨੇ ਆਪਣੀ ਪੱਗੜੀ ਰੰਗੀਲੇ ਦੇ ਸਿਰ ‘ਤੇ ਅਤੇ ਕੋਹਿਨੂਰ ਸਮੇਤ ਰੰਗੀਲੇ ਦੀ ਪੱਗੜੀ ਆਪਣੇ ਸਿਰ ‘ਤੇ ਰੱਖ ਲਈ। ਆਪਣੇ ਕੈਂਪ ਵਿੱਚ ਜਾ ਕੇ ਨਾਦਰ ਸ਼ਾਹ ਨੇ ਜਦੋਂ ਹੀਰਾ ਵੇਖਿਆ ਤਾਂ ਹੈਰਾਨੀ ਨਾਲ ਪੁਕਾਰ ਉੱਠਿਆ, ਕੋਹਿਨੂਰ। ਮਤਲਬ ਰੌਸ਼ਨੀ ਦਾ ਪਹਾੜ। ਇਸ ਤਰਾਂ ਕੋਹਿਨੂਰ ਨੂੰ ਪੱਕਾ ਨਾਮ ਪ੍ਰਾਪਤ ਹੋਇਆ। ਨਾਦਰ ਸ਼ਾਹ ਤਖਤੇ ਤਾਊਸ ਅਤੇ ਕੋਹਿਨੂਰ ਸਮੇਤ ਮੁਗਲਾਂ ਦੀਆਂ ਨੌਂ ਪੀੜ੍ਹੀਆਂ ਦਾ ਜੋੜਿਆ ਅਜੋਕੀ ਕੀਮਤ ਅਨੁਸਾਰ ਕਰੀਬ 125 ਅਰਬ ਰੁ. ਦਾ ਖਜ਼ਾਨਾ ਲੁੱਟ ਕੇ ਈਰਾਨ ਦੇ ਰਾਹ ਪੈ ਗਿਆ। ਇਸ ਲੁੱਟ ਨੇ ਈਰਾਨ ਨੂੰ ਐਨਾ ਅਮੀਰ ਕਰ ਦਿੱਤਾ ਕਿ ਨਾਦਰ ਸ਼ਾਹ ਨੇ ਪਰਜਾ ਦੇ ਹਰ ਪ੍ਰਕਾਰ ਦੇ ਟੈਕਸ ਤਿੰਨ ਸਾਲ ਲਈ ਮਾਫ ਕਰ ਦਿੱਤੇ।
1747 ਈ. ਵਿੱਚ ਨਾਦਰ ਸ਼ਾਹ ਦਾ ਕਤਲ ਕਰ ਦਿੱਤਾ ਗਿਆ ਤਾਂ ਕੋਹਿਨੂਰ ਉਸ ਦੇ ਜਨਰਲ ਅਹਿਮਦ ਸ਼ਾਹ ਅਬਦਾਲੀ ਦੇ ਕਬਜ਼ੇ ਵਿੱਚ ਆ ਗਿਆ ਜੋ ਬਾਅਦ ਵਿੱਚ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ। ਉਸ ਦੀ ਮੌਤ ਤੋਂ ਬਾਅਦ ਇਹ ਅਬਦਾਲੀ ਦੇ ਵਾਰਸ ਸ਼ਾਹ ਸ਼ੁਜਾ ਦੇ ਕਬਜ਼ੇ ਵਿੱਚ ਆ ਗਿਆ ਜੋ ਇਸ ਨੂੰ ਬਰੇਸਲੈਟ ਵਿੱਚ ਪਾ ਕੇ ਗੁੱਟ ‘ਤੇ ਪਹਿਨਦਾ ਹੁੰਦਾ ਸੀ। ਮਹਿਮੂਦ ਸ਼ਾਹ ਵੱਲੋਂ ਤਖਤਾ ਪਲਟ ਦੇਣ ਤੋਂ ਬਾਅਦ ਸ਼ਾਹ ਸ਼ੁਜਾ ਭੱਜ ਕੇ ਲਾਹੌਰ ਆ ਗਿਆ। ਉਸ ਦੀ ਮਦਦ ਕਰਨ ਬਦਲੇ 1813 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਉਸ ਤੋਂ ਲੈ ਲਿਆ। ਮਹਾਰਾਜਾ ਰਣਜੀਤ ਸਿੰਘ ਇਸ ਹੀਰੇ ਨੂੰ ਆਪਣੇ ਡੋਲੇ ‘ਤੇ ਬੰਨ੍ਹਦਾ ਹੂੰਦਾ ਸੀ। ਦੂਸਰੀ ਐਂਗਲੋ-ਸਿੱਖ ਯੁੱਧ ਤੋਂ ਬਾਅਦ 29 ਮਾਰਚ 1849 ਨੂੰ ਹੋਈ ਲਾਹੌਰ ਸੰਧੀ ਮੁਤਾਬਕ ਈਸਟ ਇੰਡੀਆ ਕੰਪਨੀ ਨੇ ਇਹ ਹੀਰਾ ਦਲੀਪ ਸਿੰਘ ਕੋਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ। ਸੰਧੀ ਦੇ ਆਰਟੀਕਲ 3 ਵਿੱਚ ਲਿਖਿਆ ਹੈ, ” ਕੋਹਿਨੂਰ ਨਾਮ ਦਾ ਹੀਰਾ, ਜੋ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾ ਉਲ ਮੁਲਕ ਤੋਂ ਪ੍ਰਾਪਤ ਕੀਤਾ ਸੀ, ਮਹਾਰਾਜਾ ਲਾਹੌਰ ਵੱਲੋਂ ਇੰਗਲੈਂਡ ਦੀ ਮਹਾਰਾਨੀ ਨੂੰ ਭੇਂਟ ਕਰ ਦਿੱਤਾ ਗਿਆ ਹੈ।” 13 ਸਾਲ ਦੇ ਦਲੀਪ ਸਿੰਘ ਨੇ ਲੰਡਨ ਪਹੁੰਚ ਕੇ ਜੁਲਾਈ 1850 ਨੂੰ ਆਪਣੇ ਹੱਥੀਂ ਕੋਹਿਨੂਰ ਮਹਾਰਾਣੀ ਵਿਕਟੋਰੀਆ ਨੂੰ ਭੇਂਟ ਕੀਤਾ। ਕੋਹਿਨੂਰ ਤੋਂ ਇਲਾਵਾ ਈਸਟ ਇੰਡੀਆ ਕੰਪਨੀ ਦੇ ਹੱਥ ਲਾਹੌਰ ਦਾ ਅਜੋਕੀ ਕੀਮਤ ਵਿੱਚ 1000 ਕਰੋੜ ਰੁ. ਦਾ ਖਜ਼ਾਨਾ ਲੱਗਾ। ਕਹਿੰਦੇ ਹਨ ਕਿ ਸਰ ਹੈਨਰੀ ਲਾਰੈਂਸ ਦਲੀਪ ਸਿੰਘ ਤੋਂ ਹੀਰਾ ਲੈ ਕੇ ਲਾਹੌਰ ਆਪਣੀ ਵਾਸਕਟ ਦੀ ਜ਼ੇਬ ਵਿੱਚ ਰੱਖ ਕੇ ਭੁੱਲ ਗਿਆ। ਵਾਸਕਟ ਧੋਣ ਸਮੇਂ ਇੱਕ ਨੌਕਰ ਨੂੰ ਜ਼ੇਬਾਂ ਫੋਲਦੇ ਸਮੇਂ ਹੀਰਾ ਮਿਲ ਗਿਆ ਜੋ ਉਸ ਨੇ ਲਾਰੈਂਸ ਨੂੰ ਵਾਪਸ ਕਰ ਦਿੱਤਾ। ਲਾਰੈਂਸ ਦੀ ਜਾਨ ਵਿੱਚ ਜਾਨ ਆਈ। ਉਸ ਨੇ ਭਾਰੀ ਇਨਾਮ ਦੇ ਕੇ ਨੌਕਰ ਦਾ ਧੰਨਵਾਦ ਕੀਤਾ।
ਬੋਰਗੀਆ ਵੱਲੋਂ ਕੋਹਿਨੂਰ ਦੀ ਕਟਾਈ ਸਹੀ ਨਾ ਹੋਣ ਕਾਰਨ ਇਹ ਚੰਗੀ ਤਰਾਂ ਚਮਕਦਾ ਨਹੀਂ ਸੀ। 1852 ਵਿੱਚ ਮਹਾਰਾਨੀ ਵਿਕਟੋਰੀਆ ਦੇ ਪਤੀ ਪ੍ਰਿੰਸ ਅਲਬਰਟ ਨੇ ਫੈਸਲਾ ਕੀਤਾ ਕਿ ਇਸ ਦੀ ਦੁਬਾਰਾ ਕਟਾਈ ਅਤੇ ਪਾਲਸ਼ ਕਰਵਾਈ ਜਾਵੇ। ਇਸ ਲਈ ਫਰਾਂਸ ਦੇ ਸਭ ਤੋਂ ਤਜ਼ਰਬੇਕਾਰ ਹੀਰਿਆਂ ਦੇ ਵਪਾਰੀ ਮੋਜ਼ੇਜ਼ ਕਾਸਨਰ ਦੀ ਚੋਣ ਕੀਤੀ ਗਈ। ਕਾਸਨਰ ਨੇ ਇਸ ਨਾਜ਼ਕ ਕੰਮ ਲਈ ਆਪਣੇ ਸਭ ਤੋਂ ਮਾਹਰ ਕਾਰੀਗਰ ਲੈਵੀ ਬੈਜ਼ਾਮਿਨ ਵੂਰਜ਼ੈਂਗਰ ਨੂੰ ਲੰਡਨ ਭੇਜ ਦਿੱਤਾ। ਮਾਡਸਲੇ ਸੰਜ਼ ਕੰਪਨੀ ਦੁਆਰਾ ਇਸ ਕੰਮ ਲਈ ਖਾਸ ਤੌਰ ‘ਤੇ ਤਿਆਰ ਕੀਤੀ ਭਾਫ ਨਾਲ ਚੱਲਣ ਵਾਲੀ ਮਸ਼ੀਨ ਦੀ ਸਹਾਇਤਾ ਨਾਲ 17 ਜੁਲਾਈ 1852 ਨੂੰ ਜੈਰਾਡ ਐਂਡ ਕੰਪਨੀ ਦੀ ਫੈਕਟਰੀ ਵਿੱਚ ਕੋਹਿਨੂਰ ਦੀ ਕਟਾਈ ਸ਼ੁਰੂ ਹੋਈ। ਇਸ ਕੰਮ ਨੂੰ ਮੁਕੰਮਲ ਹੋਣ ‘ਤੇ 38 ਦਿਨ ਲੱਗੇ ਤੇ ਉਸ ਸਮੇਂ 8000 ਪੌਂਡ ਖਰਚਾ ਆਇਆ। ਇਸ ਦਾ ਭਾਰ 37.2 ਗ੍ਰਾਮ ਤੋਂ ਘਟ ਕੇ 21.12 ਗ੍ਰਾਮ ਰਹਿ ਗਿਆ। ਜਦੋਂ ਵਿਕਟੋਰੀਆ ਨੇ ਇਹ ਕੱਟਿਆ ਹੋਇਆ ਚਮਕਾਂ ਮਾਰਦਾ ਹੀਰਾ ਦਲੀਪ ਸਿੰਘ ਨੂੰ ਵਿਖਾਇਆ ਤਾਂ ਦੁੱਖ ਕਾਰਨ ਉਹ ਕਈ ਮਿੰਟ ਬੋਲ ਨਾ ਸਕਿਆ। ਇਸ ਨੂੰ ਰਾਣੀ ਦੇ ਬਰੂਚ ਵਿੱਚ ਜੜ ਦਿੱਤਾ ਗਿਆ। ਵਿਕਟੋਰੀਆ ਦੀ ਮੌਤ ਤੋਂ ਬਾਅਦ ਇਹ ਹੀਰਾ ਬਾਦਸ਼ਾਹ ਐਡਵਰਡ 7ਵੇਂ ਦੀ ਰਾਣੀ ਅਲੈਗਜ਼ੈਂਡਰਾ ਦੇ ਤਾਜ਼ ਵਿੱਚ ਜੜ ਦਿੱਤਾ ਗਿਆ। 1911 ਵਿੱਚ ਰਾਣੀ ਮੈਰੀ ਦੇ ਤਾਜ਼ ਅਤੇ ਫਿਰ 1937 ਵਿੱਚ ਮੌਜੂਦਾ ਰਾਣੀ ਐਲਿਜ਼ਬੈੱਥ ਦੀ ਮਾਤਾ ਦੇ ਤਾਜ਼ ਵਿੱਚ ਜੜ ਦਿੱਤਾ ਗਿਆ। 2002 ਵਿੱਚ ਰਾਜ ਮਾਤਾ ਦੀ ਮੌਤ ਹੋਣ ਤੋਂ ਬਾਅਦ ਇਹ ਹੁਣ ਪੱਕੇ ਤੌਰ ‘ਤੇ ਟਾਵਰ ਆਫ ਲੰਡਨ ਵਿੱਚ ਪ੍ਰਦਰਸ਼ਿਤ ਹੈ। ਦੂਸਰੀ ਸੰਸਾਰ ਜੰਗ ਵੇਲੇ ਇਸ ਨੂੰ ਕਿਸੇ ਗੁਪਤ ਜਗ੍ਹਾ ‘ਤੇ ਛਿਪਾ ਦਿੱਤਾ ਗਿਆ ਸੀ।
ਇਸ ਨੂੰ ਵਾਪਸ ਲੈਣ ਲਈ ਸਮੇਂ ਸਮੇਂ ‘ਤੇ ਭਾਰਤ, ਪਾਕਿਸਤਾਨ ਅਤੇ ਤਾਲਿਬਾਨ ਰਾਜ ਸਮੇਂ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਫੈਜ਼ ਅਹਿਮਦ ਫੈਜ਼ ਨੇ ਵੀ ਇਸ ‘ਤੇ ਆਪਣਾ ਦਾਅਵਾ ਜਤਾਇਆ ਸੀ। ਪਰ ਇੰਗਲੈਂਡ ਨੇ ਸਭ ਦੇ ਦਾਅਵੇ ਖਾਰਜ ਕਰ ਦਿੱਤੇ ਹਨ। 2010 ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਭਾਰਤ ਦੌਰੇ ਦੌਰਾਨ ਕੋਹਿਨੂਰ ਬਾਰੇ ਪੱਛੇ ਜਾਣ ‘ਤੇ ਕਿਹਾ ਕਿ ਜੇ ਅਸੀਂ ਇਹ ਦਾਅਵਾ ਮੰਨ ਲਈਏ ਤਾਂ ਸੰਸਾਰ ਦੇ ਸਾਰੇ ਦੇਸ਼ ਸਾਡੇ ‘ਤੇ ਦਾਅਵੇ ਠੋਕ ਦੇਣਗੇ। ਕੁਝ ਹੀ ਘੰਟਿਆਂ ਵਿੱਚ ਸਾਰਾ ਬ੍ਰਿਟਿਸ਼ ਮਿਊਜ਼ੀਅਮ ਖਾਲੀ ਹੋ ਜਵੇਗਾ। ਕੋਹਿਨੂਰ ਜਿੱਥੇ ਹੈ, ਉਥੇ ਹੀ ਰਹੇਗਾ।
ਕੋਹਿਨੂਰ ਨੂੰ ਬਹੁਤ ਮਨਹੂਸ ਹੀਰਾ ਸਮਝਿਆ ਜਾਂਦਾ ਹੈ। ਇਹ ਜਿਸ ਵੀ ਸ਼ਾਹੀ ਖਾਨਦਾਨ ਕੋਲ ਰਿਹਾ, ਉਹ ਖਤਮ ਜਾਂ ਤਾਕਤਹੀਣ ਹੋ ਗਿਆ। ਅਲਾਉਦੀਨ ਖਿਲਜੀ ਤੋਂ ਬਾਅਦ ਉਸ ਦੇ ਵਾਰਸ ਰਾਜ ਨਹੀਂ ਕਰ ਸਕੇ। ਦਿੱਲੀ ਸਲਤਨਤ ਦੇ ਰਾਜਿਆਂ ਦੇ ਵੰਸ਼ਜ ਵੀ ਇੱਕ ਦੋ ਤੋਂ ਵੱਧ ਰਾਜ ਨਹੀਂ ਕਰ ਸਕੇ। ਸੈਂਕੜੇ ਮੈਂਬਰਾਂ ਵਾਲੇ ਮੁਗਲਾਂ ਦਾ ਅੱਜ ਕੋਈ ਵਾਲੀ-ਵਾਰਸ ਨਹੀਂ ਲੱਭ ਰਿਹਾ। ਨਾਦਰ ਸ਼ਾਹ ਦਾ ਬਗੈਰ ਵਾਰਸ ਤੋਂ ਕਤਲ ਹੋ ਗਿਆ। ਸ਼ਾਹ ਸ਼ੁਜਾ ਦਰ ਦਰ ਭਟਕਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਦਾ ਕੋਈ ਨਾਮ ਲੇਵਾ ਨਹੀਂ ਬਚਿਆ। ਜਿਸ ਇੰਗਲੈਂਡ ਦੇ ਰਾਜ ਵਿੱਚ ਕਦੀ ਸੂਰਜ ਨਹੀਂ ਸੀ ਛਿਪਦਾ, ਉਹ ਪਹਿਲੀ ਤੇ ਦੂਸਰੀ ਸੰਸਾਰ ਜੰਗ ਦੌਰਾਨ ਬਹੁਤ ਮੁਸ਼ਕਲ ਮੁਕੰਮਲ ਤਬਾਹੀ ਤੋਂ ਬਚਿਆ। ਉਸ ਦਾ ਸਾਰਾ ਸਾਮਰਾਜ ਹੌਲੀ ਹੌਲੀ ਖਤਮ ਹੋ ਕੇ ਇੱਕ ਛੋਟੇ ਜਿਹੇ ਟਾਪੂ ਵਿੱਚ ਸਿਮਟ ਗਿਆ ਹੈ। ਜਦੋਂ ਕੋਹਿਨੂਰ ਨੂੰ ਸਮੁੰਦਰੀ ਜਹਾਜ ਰਾਹੀਂ ਬੰਬਈ ਤੋਂ ਇੰਗਲੈਂਡ ਲਿਜਇਆ ਜਾ ਰਿਹਾ ਸੀ ਤਾਂ ਜਹਾਜ ਵਿੱਚ ਭਿਆਨਕ ਹੈਜ਼ਾ ਫੈਲ ਗਿਆ। ਅਨੇਕਾਂ ਜਹਾਜੀ ਮਰ ਗਏ ਸਨ ਤੇ ਜਹਾਜ ਨੂੰ ਤੂਫਾਨ ਨੇ ਘੇਰ ਲਿਆ ਸੀ। ਸਾਰਾ ਇਲਜ਼ਾਮ ਕੋਹਿਨੂਰ ‘ਤੇ ਲੱਗਾ ਸੀ। ਇੱਕ ਵਾਰ ਤਾਂ ਮਲਾਹ ਉਤੇਜਿਤ ਹੋ ਕੇ ਇਸ ਨੂੰ ਸਮੁੰਦਰ ਵਿੱਚ ਸੁੱਟਣ ਲਈ ਤਿਆਰ ਹੋ ਗਏ ਸਨ।
ਫਿਰ ਵੀ ਇਸ ਦਾ ਇਤਿਹਾਸ ਐਨਾ ਰੋਮਾਂਚਿਕ ਹੈ ਕਿ ਹਰ ਸਾਲ ਲੱਖਾਂ ਲੋਕ ਇਸ ਨੂੰ ਵੇਖਣ ਲਈ ਲੰਡਨ ਪਹੁੰਚਦੇ ਹਨ। ਇਹ ਸੰਸਾਰ ਦੇ ਸਭ ਤੋਂ ਪ੍ਰਸਿੱਧ ਹੀਰਿਆਂ ਵਿੱਚ ਸ਼ੁਮਾਰ ਹੁੰਦਾ ਹੈ। ਇਹ ਹਮੇਸ਼ਾਂ ਤਕੜੇ ਕੋਲ ਹੀ ਰਿਹਾ ਹੈ। ਇਸ ਲਈ ਇੰਗਲੈਂਡ ਇਸ ਨੂੰ ਕਿਸੇ ਹਾਲਤ ਵਿੱਚ ਵੀ ਵਾਪਸ ਨਹੀਂ ਕਰੇਗਾ।

Install Punjabi Akhbar App

Install
×