ਚਾਰਲਸ ਤੀਜੇ ਨੂੰ 11 ਸਤੰਬਰ ਵਾਲ਼ੇ ਦਿਨ ਯੂ.ਕੇ. ਦਾ ਤੇ ਹੋਰ ਕਾਮਨਵੈਲਥ ਦੇਸ਼ਾਂ ਦਾ ਮਹਾਰਾਜਾ ਥਾਪਿਆ ਗਿਆ।ਮਹਾਰਾਣੀ ਅਲੀਜ਼ਾਬੇਥ 96 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਈ ਤੇ ਚਾਰਲਸ ਤੀਜੇ ਨੇ ਉਹਦੀ ਥਾਂ ਲਈ। ਤਾਜਪੋਸ਼ੀ ਦੀ ਖੁਸ਼ੀ ਵਿੱਚ ਆਸਟਰੇਲੀਆ ਦੇ ਰੇਲਵੇ ਮਹਿਕਮੇ ਨੇ ਸਭ ਮੁਸਾਫਿਰਾਂ ਲਈ ਇੱਕ ਦਿਨ ਦਾ ਗੱਡੀਆਂ ਦਾ ਸਫ਼ਰ ਮੁਫ਼ਤ ਕਰ ਦਿੱਤਾ। ਸਰੋਕਾਰਾਂ ਤੇ ਕਾਰ ਵਿਹਾਰਾਂ ਦੇ ਤੌਰ ਤੇ ਆਸਟਰੇਲੀਆ ਵੀ ਕੈਨੇਡਾ ਵਾਂਗ ਯੂ.ਕੇ. ਦੇ ਰਾਜ ਘਰਾਣੇ ਦੀ ਪੂਰੀ ਇੱਜਤ ਕਰਦਾ ਹੈ ਤੇ ਰਾਜੇ ਜਾਂ ਰਾਣੀ ਨੂੰ ਆਪਣੇ ਮੁਖੀ ਤਸਲੀਮ ਕਰਦਾ ਹੈ।
ਰੇਲ ਦਾ ਸਫ਼ਰ ਮੁਫ਼ਤ ਹੋ ਜਾਣ ਕਰਕੇ ਆਸਟਰੇਲੀਆ ਦੇ ਲੋਕਾਂ ਦੇ ਮਨਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਜਿਹੜੇ ਰੋਜ਼ ਦੇ 20-25 ਡਾਲਰ ਖਰਚ ਕਰਕੇ ਆਪਣੇ ਕੰਮਾ ਕਾਰਾਂ ਤੇ ਜਾਂਦੇ ਆਉਂਦੇ ਸਨ ਉਨ੍ਹਾਂ ਨੇ ਤਾਂ ਖੁਸ਼ ਹੋਣਾ ਹੀ ਸੀ। ਨਾਲ਼ ਲਗਦੇ ਸੀਨੀਅਰ ਸਿਟੀਜਨ ਤੇ ਪੈਨਸ਼ਨਰ ਵੀ ਅੰਤਾਂ ਦੇ ਖੁਸ਼ ਹੋ ਗਏ। ਇਨ੍ਹਾਂ ਦੇ ਢਾਈ ਢਾਈ ਡਾਲਰ ਵੀ ਬਚ ਗਏ। ਚੌਵੀ ਘੰਟੇ ਮੁਫ਼ਤ ਜਿੱਥੇ ਮਰਜੀ ਸਫ਼ਰ ਕਰੀ ਗਏ।
ਪੈਨਰਿਥ ਵਾਲ਼ੇ ਗਿਆਨੀ ਕੁੰਦਨ ਸਿੰਘ ਨੇ ਸੋਚਿਆ ਕਿ ਮੁਫ਼ਤ ਸਫ਼ਰ ਦੀਆਂ ਮੌਜਾਂ ਤਾਂ ਲੱਗ ਹੀ ਗਈਆਂ ਹਨ। ਇਸ ਲਈ ਕਿਓਂ ਨਾ ਵੈਸਟਰ ਰਾਈਡ (West Ryde) ਵਾਲ਼ੇ ਆਪਣੇ ਮਿੱਤਰ ਮੀਂਹਾਂ ਸਿੰਘ ਨੂੰ ਮਿਲ਼ ਆਈਏ। ਉਹ ਸਵੇਰੇ ਸਵਖਤੇ ਹੀ ਮੀਂਹਾਂ ਸਿੰਘ ਨੂੰ ਫੋਨ ਮਾਰਕੇ ਪੈਨਰਿਥ ਰੇਲਵੇ ਸਟੇਸ਼ਨ ਵਲ ਨੂੰ ਤੁਰ ਪਏ।ਬਿੱਲੀ ਦੇ ਭਾਗੀਂ ਮਸਾਂ ਤਾਂ ਛਿੱਕਾ ਟੁੱਟਿਆ ਸੀ। ਪੈਨਰਿਥ ਤੋਂ ਗੱਡੀ ਫੜ੍ਹੀ ਤੇ ਮੁਫਤ ਵਿੱਚ ਸਟਰੈਥਫੀਲਡ ਪਹੁੰਚ ਗਏ। ਫਿਰ ਇੱਥੋਂ ਗੱਡੀ ਬਦਲੀ ਤੇ ਵੈਸਟਰਾਈਡ ਜਾ ਉੱਤਰੇ। ਸ. ਮੀਂਹਾਂ ਸਿੰਘ ਸਟੇਸ਼ਨ ਦੇ ਨੇੜੇ ਹੀ ਰਹਿੰਦੇ ਸਨ। ਦੋਹਾਂ ਨੇ ਪੰਜਾਬ ਵਿੱਚ ਕਿਸੇ ਵੇਲ਼ੇ ਇਕੱਠਿਆਂ ਫੌਜ ਦੀ ਨੌਕਰੀ ਕੀਤੀ ਸੀ। ਦੋਨੋ ਸੂਬੇਦਾਰ ਮੇਜਰ ਰਿਟਾਇਰ ਹੋਏ ਸਨ। ਦੋਨੋ 60 ਕੁ ਸਾਲ ਦੀ ਉਮਰ ਵਿੱਚ ਸਿਡਨੀ ਆਪਣੇ ਬੱਚਿਆਂ ਪਾਸ ਆ ਗਏ ਸਨ। ਸਮੇਂ ਚੰਗੇ ਸਨ। ਦੋਨੋ ਓਦੋਂ ਪੱਕੇ ਹੋ ਗਏ ਸਨ ਤੇ ਬੁਢਾਪਾ ਪੈਨਸ਼ਨ ਲੈਣ ਲੱਗ ਪਏ ਸਨ। ਬੱਚੇ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਰਹਿੰਦੇ ਸਨ ਤੇ ਸਿਆਣੇ ਜਾਂ ਤਾਂ ਕਦੇ ਕਦਾਈਂ ਉਨ੍ਹਾਂ ਨਾਲ਼ ਗੁਰਦਵਾਰੇ ਜਾ ਆਇਆ ਕਰਦੇ ਸਨ ਜਾਂ ਫਿਰ ਦੋਨੋ ਫੋਨ ਤੇ ਥੋੜ੍ਹੀ ਗੱਲਬਾਤ ਕਰ ਲਿਆ ਕਰਦੇ ਸਨ। ਕੁੰਦਨ ਸਿੰਘ ਤੇ ਮੀਂਹਾਂ ਸਿੰਘ ਦਾ ਮਸਲਾ ਇੱਕ ਹੋਰ ਵੀ ਸੀ। ਕੁੰਦਨ ਸਿੰਘ ਨੂੰ ਪੈਨਰਿਥ ਗੁਰਦੁਆਰਾ ਨੇੜੇ ਪੈਂਦਾ ਸੀ ਤੇ ਮੀਂਹਾਂ ਸਿੰਘ ਨੂੰ ਤਾਰਾਮਾਰਾ ਦਾ ਗੁਰਦੁਆਰਾ। ਇਸ ਲਈ ਗੁਰੂ ਘਰ ਜਾਣ ਵੇਲ਼ੇ ਵੀ ਇਹ ਦੋਨੋ ਇੱਕ ਦੂਜੇ ਤੋਂ ਦੂਰ ਹੀ ਰਹਿ ਜਾਇਆ ਕਰਦੇ ਸਨ। 11 ਸਤੰਬਰ ਜਿਹਾ ਦਿਨ ਤਾਂ ਰੱਬ ਦੇਵੇ, ਜਿਸ ਨਾਲ਼ ਰੇਲਵੇ ਮੰਤਰੀ ਨੇ ਸਫ਼ਰ ਮੁਫ਼ਤ ਕਰਕੇ ਇਨ੍ਹਾਂ ਦੀਆਂ ਮੌਜਾਂ ਲਗਾ ਦਿੱਤੀਆਂ।
ਗਿਆਨੀ ਹੋਰਾਂ ਆਪਣੇ ਮਿੱਤਰ ਮੀਂਹਾਂ ਸਿੰਘ ਪਾਸ ਪਹੁੰਚ ਕੇ ਚਾਹ ਪਾਣੀ ਪੀਤਾ। ਫਿਰ ਦੋਹਾਂ ਦੀ ਇਹ ਸਲਾਹ ਬਣੀ ਕਿ ਦੋਨੋ ਅੱਗੇ ਆਪਣੇ ਸਾਂਝੇ ਮਿੱਤਰ ਹੌਰਨਜਬੀ ਵਾਲ਼ੇ ਬਖਸ਼ੀ ਸਿੰਘ ਦੇ ਘਰ ਵੀ ਗੇੜ੍ਹਾ ਮਾਰ ਹੀ ਆਉਣ। ਬਖਸ਼ੀ ਸਿੰਘ ਦੇ ਘਰ ਤਿੰਨਾਂ ਨੇ ਖੂਬ ਮਹਿਫਿਲ ਜਮਾਈ। ਦੁਪਹਿਰ ਦਾ ਖਾਣਾ ਵੀ ਤਿੰਨਾਂ ਇਕੱਠਿਆਂ ਹੀ ਖਾਧਾ। ਨਾਲ਼ੇ ਇਨ੍ਹਾਂ ਸਰਕਾਰ ਦਾ ਕੋਟਿਨ ਕੋਟ ਧੰਨਵਾਦ ਕੀਤਾ, ਜਿਸਨੇ ਇਹ ਸਾਰਾ ਸਫ਼ਰ ਮੁਫ਼ਤ ਕਰ ਦਿੱਤਾ ਸੀ। ਵਾਪਿਸ ਰਾਈਡ ਆ ਕੇ ਗਿਆਨੀ ਜੀ ਮੀਂਹਾਂ ਸਿੰਘ ਪਾਸ ਘੰਟਾ ਕੁ ਹੋਰ ਠਹਿਰੇ। ਹੋਰ ਗੱਲਾਂ ਬਾਤਾਂ ਕਰਕੇ, ਬਖਸ਼ੀ ਸਿੰਘ ਦੇ ਵਿਚਾਰਾਂ ਤੇ ਤਪਸਰਾ ਕਰਕੇ ਤੇ ਚਾਹ ਪਾਣੀ ਪੀ ਕੇ ਕੁੰਦਨ ਸਿੰਘ ਹੋਰੀਂ ਮੀਂਹਾਂ ਸਿੰਘ ਤੋਂ ਛੁੱਟੀ ਲਈ ਤੇ ਵਾਪਿਸ ਰਾਈਡ ਸਟੇਸ਼ਨ ਵਲ ਤੁਰ ਪਏ। ਢੇਰ ਸਾਰੀਆਂ ਗੱਲਾਂ ਮਾਰਕੇ ਤੇ ਹਾਸੇ ਠੱਠੇ ਕਰਕੇ ਗਿਆਨੀ ਜੀ ਹੌਲ਼ਾ ਫੁੱਲ ਮਹਿਸੂਸ ਕਰ ਰਹੇ ਸਨ। ਇਸ ਪ੍ਰਕਾਰ ਦਾ ਇਕੱਠੇ ਹੋਣ ਦਾ ਸਬੱਬ ਕਦੀ ਸਾਲ ਛੇ ਮਹੀਨੇ ਬਾਅਦ ਹੀ ਬਣਦਾ ਸੀ ਕਿਉਂਕਿ ਗੁਰਦਵਾਰੇ ਵੀ ਦੋਹਾਂ ਤਿੰਨਾਂ ਦੇ ਦੂਰ ਸਨ। ਹਾਂ, ਕਦੀ ਕਦੀ ਸਿਡਨੀ ਵਿੱਚ ਖੇਡਾਂ ਜਰੂਰ ਹੁੰਦੀਆਂ ਹਨ। ਕਈ ਵਾਰ ਇਨ੍ਹਾਂ ਸਿਆਣਿਆਂ ਬਿਆਣਿਆਂ ਨੂੰ ਉਨ੍ਹਾਂ ਦੇ ਬੱਚੇ ਇਨ੍ਹਾਂ ਖੇਡਾਂ ਤੇ ਜਰੂਰ ਲੈ ਜਾਂਦੇ ਹਨ। ਆਮ ਹਾਲਾਤਾਂ ਵਿੱਚ ਗਿਆਨੀ ਜੀ ਹੋਰਾਂ ਨੂੰ ਉਨ੍ਹਾਂ ਦਾ ਲੜਕਾ ਪੈਨਰਿਥ ਗੁਰਦੁਆਰੇ ਲੈ ਜਾਂਦਾ ਸੀ ਤੇ ਸ. ਮੀਂਹਾਂ ਸਿੰਘ ਨੂੰ ਉਨ੍ਹਾਂ ਦੀ ਧੀ ਤਾਰਾਮਾਰਾ ਗੁਰਦੁਆਰੇ ਲੈ ਜਾਇਆ ਕਰਦੀ ਸੀ। ਇਨ੍ਹਾਂ ਬੱਚਿਆਂ ਪਾਸ ਦੂਰ ਦੁਰਾਡੇ ਦੇ ਗੁਰੂ ਘਰਾਂ ਵਿੱਚ ਜਾਣ ਦਾ ਸਮਾਂ ਸਿਰਫ ਉਦੋਂ ਹੀ ਹੁੰਦਾ ਸੀ ਜਦ ਕੋਈ ਪ੍ਰਸਿੱਧ ਕੀਰਤਨੀਆਂ ਜਾਂ ਢਾਡੀ ਜਥਾ ਕਿਸੇ ਖਾਸ ਥਾਂ ਆਇਆ ਹੋਵੇ। ਵੈਸੇ ਵੀ ਸਿਆਣਿਆਂ ਬਿਆਣਿਆਂ ਨੂੰ ਉੱਥੇ ਹੀ ਜਾਣਾ ਪੈਂਦਾ ਹੈ ਜਿੱਥੇ ਬੱਚੇ ਜਾਣ। ਇਨ੍ਹਾਂ ਦੇਸਾਂ ਵਿੱਚ ਸਿਆਣੇ ਬਿਆਣੇ ਸਫ਼ਰ ਵੀ ਆਪਣੀ ਮਰਜ਼ੀ ਨਾਲ਼ ਕਦੀ ਕਦੀ ਹੀ ਕਰ ਸਕਦੇ ਹਨ। ਜੇ ਉਹ ਜਿਆਦਾ ਹੀ ਆਪਣੀਆਂ ਮਨਮਰਜ਼ੀਆਂ ਕਰਨ ਲੱਗ ਪੈਣ ਤਾਂ ਨੂੰਹਾਂ ਜਵਾਈ ਕਈ ਵਾਰ ਬੁਰਾ ਵੀ ਮਨਾਉਣ ਲੱਗ ਪੈਂਦੇ ਹਨ। ਕਈ ਤਾਂ ਬੁੱਢਿਆਂ ਨੂੰ ਘੂਰ ਵੀ ਦਿੰਦੇ ਹਨ। ਕਈ ਬੱਚੇ ਬੁੱਢਿਆਂ ਨੂੰ ਵਾਪਿਸ ਪੰਜਾਬ ਹੀ ਭੇਜ ਦਿੰਦੇ ਹਨ। ਕਹਿ ਦਿੰਦੇ ਹਨ ਤੁਸੀਂ ਇੱਥੇ ਰਹਿਣ ਦੇ ਕਾਬਿਲ ਨਹੀਂ ਹੋ। ਜੇ ਬੁੱਢਿਆਂ ਨੂੰ ਪੈਨਸ਼ਨ ਮਿਲਦੀ ਹੋਵੇ ਤਾਂ ਉਨ੍ਹਾਂ ਦਾ ਇੱਥੇ ਰਹਿਣ ਦਾ ਸਬੱਬ ਬਣਿਆ ਰਹਿੰਦਾ ਹੈ।
ਹੁਣ ਚਾਰ ਕੁ ਵਜੇ ਗਿਆਨੀ ਕੁੰਦਨ ਸਿੰਘ ਨੇ ਵੈਸਟ ਰਾਈਡ ਤੋਂ ਸਟਰੈਥਫੀਲਡ ਦੀ ਗੱਡੀ ਫੜ੍ਹੀ। ਉਹ ਮਨ ਹੀ ਮਨ ਵਿੱਚ ਅੰਤਾਂ ਦੇ ਖੁਸ਼ ਸਨ। ਪੁਰਾਣੇ ਸੰਗੀ ਸਾਥੀਆਂ ਨਾਲ਼ ਖੁੱਲ੍ਹੀਆਂ ਗੱਲਾਂ ਮਾਰਕੇ ਦਿਲ ਬਾਗੋ ਬਾਗ ਹੋਇਆ ਪਿਆ ਸੀ। ਮੀਂਹਾਂ ਸਿੰਘ ਤੇ ਬਖਸ਼ੀ ਸਿੰਘ ਨੇ ਗਿਆਨੀ ਹੁਰਾਂ ਦੀ ਸੇਵਾ ਵੀ ਬਥੇਰੀ ਕੀਤੀ ਸੀ। ਇਸਦਾ ਇੱਕ ਕਾਰਨ ਇਹ ਵੀ ਸੀ ਕਿ ਇਹ ਦੋਵੇਂ ਆਪਣੀਆਂ ਧੀਆਂ ਪਾਸ ਰਹਿੰਦੇ ਸਨ। ਧੀਆਂ ਮਾਪਿਆਂ ਦੀਆਂ ਗੱਲਾਂ ਮੰਨਦੀਆਂ ਔਖੀਆਂ ਮਹਿਸੂਸ ਨਹੀਂ ਕਰਦੀਆਂ। ਨੂੰਹਾਂ ਤਾਂ ਬਹੁਤੀਆਂ ਵੱਢਖਾਣੀਆਂ ਹੀ ਹੁੰਦੀਆਂ ਹਨ। ਸ਼ਾਇਦ ਇਨ੍ਹਾਂ ਤਿੰਨਾਂ ਨੇ ਰਲ਼ ਮਿਲ ਕੇ ਲੰਮੀਆਂ ਮਹਿਫਿਲਾਂ ਆਪਣੀਆਂ ਧੀਆਂ ਦੇ ਘਰ ਹੀ ਰੱਖੀਆਂ ਸਨ। ਗਿਆਨੀ ਦੇ ਘਰ ਮਹਿਫਿਲ ਬਹੁਤੀ ਮਾਫਿਕ ਨਹੀਂ ਸੀ ਬਹਿੰਦੀ ਕਿਉਂਕਿ ਉਹ ਆਪਣੀ ਨੂੰਹ ਦੇ ਵਸ ਪਿਆ ਹੋਇਆ ਸੀ।
ਸਫ਼ਰ ਤੇ ਧੇਲਾ ਲੱਗਾ ਨਹੀਂ। ਮਨੋਰੰਜਨ ਅੰਤਾਂ ਦਾ ਹੋ ਗਿਆ। ਸਾਂਝੀ ਮਹਿਫਿਲ ਪੰਜਾਬ ਦੀਆਂ ਪੁਰਾਣੀਆਂ ਮਹਿਫਿਲਾਂ ਨੂੰ ਵੀ ਮਾਤ ਪਾ ਗਈ। ਜਦ ਗਿਆਨੀ ਜੀ ਵਾਪਿਸ ਸਟਰੈਥਫੀਲਡ ਸਟੇਸ਼ਨ ਤੇ ਪਹੁੰਚੇ ਤਾਂ ਉਨ੍ਹਾਂ ਦੇ ਕੰਨ ਵਿੱਚ ਇੱਕ ਅਜੀਬ ਖਬਰ ਪਈ। ਪੈਂਡਲ ਹਿੱਲ ਦੇ ਇਲਾਕੇ ਵਿੱਚ ਕੋਈ ਵਿਅਕਤੀ ਗੱਡੀ ਹੇਠ ਆ ਕੇ ਮਰ ਗਿਆ ਸੀ। ਇਸ ਮੌਤ ਕਰਕੇ ਇਸ ਲਾਈਨ ਦੀਆਂ ਸਾਰੀਆਂ ਗੱਡੀਆਂ ਰੱਦ ਹੋ ਗਈਆਂ ਸਨ। ਗਿਆਨੀ ਜੀ ਹੋਰਾਂ ਸਟਰੈਥਫੀਲਡ ਤੋਂ ਪੈਨਰਿਥ ਜਾਣਾ ਸੀ। ਬੱਸਾਂ ਵੀ ਟਾਂਵੀਆਂ ਟਾਂਵੀਆਂ ਹੀ ਚਲਦੀਆਂ ਸਨ ਕਿਉਂਕਿ ਉਸ ਦਿਨ ਐਤਵਾਰ ਸੀ। ਸਿਟੀ ਵਿੱਚ ਕੋਈ ਖੇਡਾਂ ਸਨ। ਗੋਰਿਆਂ ਸਮੇਤ ਸਾਰਾ ਸ਼ਹਿਰ ਖੇਡਾਂ ਦੇਖਣ ਲਈ ਟੁੱਟ ਕੇ ਪੈ ਗਿਆ ਸੀ। ਸਾਰੀ ਦੁਨੀਆਂ ਸੜਕਾਂ ਤੇ ਕੀੜੀਆਂ ਵਾਂਗ ਤੁਰਦੀ ਫਿਰਦੀ ਨਜ਼ਰ ਆਉਂਦੀ ਸੀ। ਬੱਸ ਅੱਡਿਆਂ ਤੇ ਲੋਕਾਂ ਦੀਆਂ ਲਾਈਨਾ ਲੱਗੀਆਂ ਹੋਈਆਂ ਸਨ। ਗਿਆਨੀ ਜੀ ਹੋਰਾਂ ਧੱਕੇ ਧੁੱਕੇ ਖਾਂਦਿਆਂ ਸਟਰੈਥਫੀਲਡ ਤੋਂ ਬਲੈਕਟਾਊਨ ਤੱਕ ਬੱਸ ਫੜ੍ਹ ਲਈ। ਇਹ ਵੀ ਮੁਫ਼ਤ ਹੀ ਸੀ। ਬਲੈਕਟਾਊਨ ਤੋਂ ਪੈਨਰਿਥ ਲਈ ਬੱਸ ਮਿਲਣ ਵਿੱਚ ਹੀ ਨਾ ਆਵੇ। ਡੇਢ ਘੰਟਾ ਇੰਤਜ਼ਾਰ ਕਰਨ ਤੋਂ ਵੀ ਬੱਸ ਨਾ ਮਿਲ਼ੀ। ਗਿਆਨੀ ਜੀ ਬੱਸ ਸਟੈਂਡ ਤੇ ਖੜ੍ਹੇ ਵੀ ਜੱਕਾਂ ਤੱਕਾਂ ਵਿੱਚ ਸਨ। ਮੂਹਰੇ ਨੂੰਹ ਦੀਆਂ ਗਾਲ਼ਾਂ ਵੀ ਖਾਣੀਆਂ ਪੈ ਸਕਦੀਆਂ ਸਨ। ਮੁੰਡਾ ਵੀ ਉਲਟਾ ਸਿੱਧਾ ਬੋਲ ਸਕਦਾ ਸੀ। ਕਿਤੇ ਬਕ ਨਾ ਦੇਵੇ ਕਿ ਬੁੜਿਆਂ ਤੋਂ ਵਿਹਲੇ ਵੀ ਘਰ ਬੈਠ ਨਹੀਂ ਹੁੰਦਾ। ਅਸੀਂ ਕੰਮ ਕੰਮ ਕਰਦੇ ਕਰਦੇ ਥੱਕ ਗਏ। ਜੇ ਕਿਤੇ ਗਿਆਨੀ ਨੂੰ ਪੈਨਸ਼ਨ ਨਾ ਮਿਲਦੀ ਹੁੰਦੀ ਫਿਰ ਤਾਂ ਘਰ ਜਾ ਕੇ ਸ਼ਾਮਤ ਆਉਣੀ ਹੀ ਸੀ। ਪੈਨਸ਼ਨ ਚੋਂ ਗਿਆਨੀ ਹੋਰੀਂ ਕੁਝ ਜੇਬ ਹੌਲ਼ੀ ਕਰਕੇ ਘਰ ਤੇ ਲਗਾ ਦਿਆ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਅੱਜ ਸ਼ਾਇਦ ਰੋਟੀ ਮਿਲ਼ ਜਾਣੀ ਸੀ। ਨਹੀਂ ਤਾਂ ਸ਼ਾਇਦ ਭੁੱਖਾ ਹੀ ਸੌਣਾ ਪੈਂਦਾ।
ਰਾਤ ਦੇ 8 ਕੁ ਵੱਜ ਗਏ ਸਨ। ਗਿਆਨੀ ਜੀ ਹੋਰੀਂ ਅਜੇ ਬਲੈਕਟਾਊਨ ਬੱਸ ਸਟਾਪ ਤੇ ਹੀ ਲੰਬੀ ਲਾਈਨ ਵਿੱਚ ਲੱਗੇ ਹੋਏ ਸਨ। ਉੱਤੋਂ ਸਰਦੀ ਵੀ ਵਧ ਰਹੀ ਸੀ। ਗਿਆਨੀ ਜੀ ਬਹੁਤੇ ਭਾਰੇ ਕੱਪੜੇ ਵੀ ਪਾ ਕੇ ਨਹੀਂ ਸਨ ਗਏ। ਜਦ ਕੋਈ ਗੱਲ ਨਾ ਬਣਦੀ ਦਿਖੀ ਤਾਂ ਗਿਆਨੀ ਜੀ ਹੋਰਾਂ ਨੇ ਸੋਚਿਆ ਕਿ ਟੈਕਸੀ ਰੈਂਕ ਵੱਲ ਹੀ ਜਾਇਆ ਜਾਵੇ। ਜਦ ਦੂਜੇ ਪਾਸੇ ਟੈਕਸੀ ਟੈਂਕ ਤੇ ਗਏ ਤਾਂ ਉੱਥੇ ਵੀ ਕੋਈ ਟੈਕਸੀ ਨਾ।ਸਾਰਾ ਰੈਂਕ ਖਾਲੀ ਪਿਆ ਸੀ। ਨਾਲ਼ ਹੀ ਲੋਕਾਂ ਦੀ ਟੈਕਸੀ ਫੜ੍ਹਨ ਲਈ ਇੱਕ ਲੰਬੀ ਲਾਈਨ ਲੱਗੀ ਹੋਈ ਸੀ। ਗਿਆਨੀ ਹੋਰੀਂ ਵੀ ਇਸ ਲਾਈਨ ਵਿੱਚ ਲੱਗ ਗਏ। ਨਾਲ਼ ਨਾਲ਼ ਨੂੰਹ ਕੀ ਕਹੂ ਕਲਪਨਾ ਕਰੀ ਜਾਣ,”ਵਿਹਲਿਆਂ ਬੁੜਿਆਂ ਨੂੰ ਭਲ ਨਹੀਂ ਪਚਦੀ। ਜਾਹ ਹੁਣ ਬਾਹਰ ਹੀ ਪੀਜੇ ਤੇ ਪਰੌਂਠੇ ਖਾਹ।” ਟੈਕਸੀਆਂ ਆਈ ਜਾਣ ਤੇ ਮੁਸਾਫਿਰ ਚੱਕ ਕੇ ਜਾਈ ਜਾਣ। ਲੰਬੀ ਕਤਾਰ ਕੁਝ ਘਟੀ ਜਾਵੇ ਤੇ ਕੁਝ ਵਧੀ ਜਾਵੇ। ਆਖਿਰਕਾਰ ਜਿਸ ਟੈਕਸੀ ਵਿੱਚ ਗਿਆਨੀ ਜੀ ਦੀ ਵਾਰੀ ਆਈ ਉਹ ਟੈਕਸੀ ਡਰਾਇਵਰ ਵੀ ਸਰਦਾਰ ਹੀ ਨਿਕਲਿਆ। ਗਿਆਨੀ ਜੀ ਘੱਟ ਪੈਸਿਆਂ ਲਈ ਕੋਸ਼ਿਸ਼ ਕਰਨ। ਦੂਜੇ ਪਾਸੇ ਡਰਾਇਵਰ ਅੰਤਾਂ ਦੀ ਕਾਹਲ਼ੀ ‘ਚ।
“ਬਾਈ ਜੀ, ਕਿੱਧਰ ਜਾ ਰਹੇ ਹੋ?”
“ਬੱਲਿਆ, ਸਤਿ ਸ੍ਰੀ ਅਕਾਲ। ਜਾਣਾ ਤਾਂ ਮੈਂ ਪੈਨਰਿਥ ਏ। ਪੈਸੇ ਕਿੰਨੇ ਕੁ ਲੱਗ ਜਾਣਗੇ?”
“ਵੀਰ ਜੀ, 70 ਡਾਲਰ।”
“ਪੈਨਸ਼ਨਰ ਹਾਂ, ਪਲੀਜ਼ ਕੁਝ ਘੱਟ ਕਰ ਲਓ।”
“ਅਸੀਂ ਅੰਤਾਂ ਦੇ ਬੀਜੀ ਹਾਂ। ਸੌਦੇਬਾਜ਼ੀ ਲਾਈ ਸਮਾਂ ਨਹੀਂ। ਤੁਸੀਂ ਦੇਖ ਰਹੇ ਹੋ ਬਾਹਰ ਲੰਮੀ ਕਤਾਰ। ਬਸ 65 ‘ਚ ਜਾ ਸਕਦਾ ਹਾਂ। ਇਸਤੋਂ ਘੱਟ ਨਹੀਂ। ਮੀਟਰ ਤੇ ਜਾਓਗੇ ਤਾਂ 70 ਬਣ ਜਾਣਗੇ।”
“ਬੱਲਿਆ, 55 ਲੈ ਲਓ। ਪੈਨਸ਼ਨਰ ਹਾਂ।”
“ਬਾਈ ਜੀ, ਬਾਹਰ ਹੋਵੋ। ਸਮਾਂ ਖਰਾਬ ਨਾ ਕਰੋ। ਸਾਡੇ ਕੋਲ਼ ਤਾਂ ਅੱਜ ਸਿਰ ਖੁਰਕਣ ਲਈ ਵੀ ਸਮਾਂ ਨਹੀਂ। ਤੁਸੀਂ ਸੌਦੇਬਾਜ਼ੀਆਂ ਕਰਦੇ ਫਿਰਦੇ ਹੋ।”
“ਚਲ ਤੇਰੀ ਮਰਜ਼ੀ ਬੱਲਿਆ, ਚਲ 65 ਹੀ ਸਹੀ।”
ਟੈਕਸੀ ਡਰਾਇਵਰ ਗਿਆਨੀ ਜੀ ਨੂੰ ਲੈ ਕੇ ਤੁਰ ਪਿਆ। ਰੈਂਕ ਤੋਂ ਬਾਹਰ ਨਿੱਕਲਦੇ ਸਾਰ ਹੀ ਗਿਆਨੀ ਜੀ ਡਰਾਇਵਰ ਨਾਲ਼ ਗੱਲੀਂ ਪੈ ਗਏ।
“ਬੱਲਿਆ, ਪੰਜਾਬ ਤੋਂ ਕਿਹੜੇ ਇਲਾਕੇ ਤੋਂ ਹੋ?”
“ਬਾਈ ਜੀ, ਮੈਂ ਲੁਧਿਆਣਾ ਨੇੜਿਓਂ ਹਾਂ। ਤੁਸੀਂ?”
“ਬੱਲਿਆ, ਮੈਂ ਅੰਮ੍ਰਿਤਸਰ ਤੋਂ ਹਾਂ।”
“ਲਗਦਾ ਅੱਜ ਗੱਡੀਆਂ ਦੇ ਮੁਫ਼ਤ ਹੋਣ ਦੇ ਚੱਕਰ ਵਿੱਚ ਤੁਸੀਂ ਫਸ ਗਏ।”
“ਹਾਂ ਬੱਲਿਆ, ਹੋਇਆ ਤਾਂ ਇੰਝ ਹੀ ਏ। ਸੋਚਿਆ ਮੁਫਤੋ ਮੁਫਤੀ ਮਿੱਤਰਾਂ ਦੋਸਤਾਂ ਨੂੰ ਮਿਲ਼ ਆਈਏ। ਜਦ ਵਾਪਿਸ ਆਉਣ ਲੱਗੇ ਤਾਂ ਨਵਾਂ ਹੀ ਭਾਣਾ ਵਰਤ ਗਿਆ। ਕਹਿੰਦੇ ਕੋਈ ਗੱਡੀ ਹੇਠ ਆ ਕੇ ਮਰ ਗਿਆ। ਖੁਦਕੁਸ਼ੀ ਕੀਤੀ ਜਾਂ ਕੁਝ ਹੋਰ ਹੋਇਆ?”
“ਸੁਣਿਆ, ਕਿਸੇ ਨੇ ਪੈਂਡਲ ਹਿੱਲ ਸਟੇਸ਼ਨ ਦੇ ਨੇੜੇ ਖੁਦਕੁਸ਼ੀ ਹੀ ਕੀਤੀ ਏ। ਤੁਸੀਂ ਕਿੱਧਰ ਗਏ ਸੀ?”
“ਬੱਲਿਆ, ਮੈਂ ਵੈਸਟ ਰਾਈਡ ਗਿਆ ਸਾਂ। ਸੋਚਿਆ ਪੁਰਾਣੇ ਸਾਥੀ ਨੂੰ ਮਿਲ਼ ਆਈਏ। ਤੁਹਾਡੇ ਵਾਰੇ ਨਿਆਰੇ ਹੋ ਗਏ, ਸਾਡਾ ਕਬਾੜਾ। ਕਿਸੇ ਨੂੰ ਮਾਂਹ ਵਾਦੀ, ਕਿਸੇ ਨੂੰ ਸਵਾਦੀ। ਖੇਡਾਂ ਨੇ ਰਹਿੰਦਾ ਖੂੰਹਦਾ ਸਾਡਾ ਕਬਾੜਾ ਕਰ ਦਿੱਤਾ। ਸਾਰੀ ਦੁਨੀਆਂ ਹੀ ਘਰਾਂ ਤੋਂ ਬਾਹਰ ਆ ਗਈ। ਗੋਰੇ ਸਾ….ੇ ਖੇਡਾਂ ਦੇ ਨਾਮ ਤੇ ਤਾਂ ਪਾਗਲ ਹੀ ਹੋ ਜਾਂਦੇ ਨੇ। ਸਾਰੇ ਪਾਸੇ ਕਤਾਰਾਂ ਹੀ ਕਤਾਰਾਂ। ਗੱਡੀਆਂ ਬੰਦ ਹੋ ਗਈਆਂ, ਬੱਸਾਂ ਉਛਲਣ ਲੱਗ ਗਈਆਂ ਤੇ ਟੈਕਸੀਆਂ ਵਾਲ਼ਿਆਂ ਦੀ ਚਾਂਦੀ।”
“ਬਾਈ ਜੀ, ਚਾਂਦੀ ਨਹੀਂ। ਅੱਜ ਤਾਂ ਸੋਨਾ ਹੀ ਬਣ ਗਿਆ। ਕੀ ਤੁਸੀਂ ਉਹ ਕਹਾਣੀ ਸੁਣੀ?”
“ਕਿਹੜੀ?”
“ਇੱਕ ਪਿੰਡ ਦੀਆਂ ਦੋ ਕੁੜੀਆਂ— ਇੱਕ ਜੱਟਾਂ ਦੀ ਤੇ ਇੱਕ ਘੁਮਾਰਾਂ ਦੀ। ਇੱਕੋ ਪਿੰਡ ਵਿਆਹੀਆਂ ਹੋਈਆਂ ਸਨ। ਇੱਕ ਵਾਰ ਔੜ ਲੱਗ ਗਈ। ਮੀਂਹ ਪਏ ਹੀ ਨਾ। ਦੋਹਾਂ ਦੇ ਮਾਪੇ ਉਨ੍ਹਾਂ ਨੂੰ ਮਿਲਣ ਗਏ। ਜਦ ਜੱਟ ਆਪਣੀ ਕੁੜੀ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਕੁੜੀ ਅੰਤਾਂ ਦੀ ਦੁਖੀ ਸੀ ਕਿਉਂਕਿ ਸੋਕੇ ਨਾਲ਼ ਸਾਰੀ ਫਸਲ ਮਰ ਗਈ ਸੀ। ਅਨਾਜ ਮਹਿੰਗੇ ਭਾਅ ਮੁੱਲ ਲੈਣਾ ਪੈ ਰਿਹਾ ਸੀ। ਜਦ ਘੁਮਾਰ ਆਪਣੀ ਕੁੜੀ ਪਾਸ ਪਹੁੰਚੇ ਤਾਂ ਘੁਮਾਰਾਂ ਦੇ ਘਰ ਅੰਤਾਂ ਦੀ ਖੁਸ਼ੀ ਸੀ। ਮੀਂਹ ਨਾ ਪੈਣ ਕਰਕੇ ਆਵੇ ਤੇ ਕੰਮ ਬਹੁਤ ਚੱਲਿਆ ਸੀ। ਭਾਂਡੇ ਵਾਰ ਵਾਰ ਪਕਾ ਕੇ ਵੇਚੇ ਜਾ ਰਹੇ ਸਨ। ਘੁਮਾਰ ਮਾਲਾਮਾਲ ਹੋ ਗਏ ਸਨ। ਸੋ, ਬਾਈ ਜੀ, ਅੱਜ ਅਸੀਂ ਮਾਲਾ ਮਾਲ ਹਾਂ ਤੇ ਤੁਸੀਂ ਹਾਲੋਂ ਬੇਹਾਲ। ਸਾਡੀ ਬੱਲੇ ਬੱਲੇ ਤੇ ਤੁਹਾਡੀ ਥੱਲੇ ਥੱਲੇ। ਤੁਸੀਂ ਢਾਈ ਡਾਲਰ ਬਚਾਉਣ ਲਈ ਘਰੋਂ ਨਿਕਲੇ ਸੀ ਤੇ ਹੁਣ 65 ਡਾਲਰ ਖਰਚ ਕੇ ਘਰ ਪਹੁੰਚੋਗੇ। ਅਸੀਂ ਟੈਕਸੀ ਵਾਲ਼ੇ ਸੋਚਦੇ ਸਾਂ ਕਿ ਡੇਢ ਕੁ ਸੌ ਬਣ ਜਾਵੇ ਪਰ ਬਣ ਗਿਆ 500….। ਕੁਦਰਤ ਬੜੀ ਬੇਅੰਤ ਏ ਬਾਈ ਜੀ।”
“ਬੱਲਿਆ ਗੱਲਾਂ ਤੁਹਾਡੀਆਂ ਸੋਲ਼ਾਂ ਆਨੇ ਸੱਚ ਹਨ।”
ਗਿਆਨੀ ਜੀ 65 ਡਾਲਰ ਦੇ ਕੇ ਟੈਕਸੀ ਤੋਂ ਉੱਤਰ ਗਏ ਕਿਉਂਕਿ ਉਨ੍ਹਾਂ ਦਾ ਘਰ ਆ ਗਿਆ ਸੀ। ਡਰਾਇਵਰ ਪੰਜਾਬ ਦਾ ਚੰਗਾ ਪੜ੍ਹਿਆ ਲਿਖਿਆ ਸੀ। ਉਹਨੇ ਪੰਜਾਬ ਦੇ ਇੱਕ ਸੈਨਿਕ ਸਕੂਲ ਵਿੱਚ ਅੰਗਰੇਜ਼ੀ ਨਾਵਲਕਾਰ ਥਾਮਸ ਹਾਰਡੀ (Thomas Hardy) ਦਾ ਨਾਵਲ ‘ਦਾ ਮੇਅਰ ਆਫ ਕੈਸਟਰਬਰਿੱਜ’ (The Mayor of Casterbridge) ਪੜ੍ਹਾਇਆ ਹੋਇਆ ਸੀ। ਉਸਨੂੰ ਉਸ ਨਾਵਲ ਦੇ ਦ੍ਰਿਸ਼ ਹੀ ਯਾਦ ਆਈ ਜਾਣ ਕਿਉਂਕਿ ਇਸ ਨਾਵਲ ਵਿੱਚ ਵੀ ਹਾਰਡੀ ਦੇ ਹੋਰ ਨਾਵਲਾਂ ਵਾਂਗ, ਕਿਸਮਤ ਤੇ ਮੌਕਾ ਮੇਲ (Fate and Chance) ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਗਿਆਨੀ ਜੀ ਨਾਲ਼ ਵੀ ਅੱਜ ਕਿਸਮਤ ਤੇ ਮੌਕਾ ਮੇਲ ਨੇ ਇਵੇਂ ਹੀ ਕੀਤਾ ਸੀ।
(ਅਵਤਾਰ ਐਸ. ਸੰਘਾ)
+61 437 641 033