ਜੇ ਤਿੰਨ ਖੇਤ ਵੀ ਜਾਂਦੇ ਲੱਗੇ ਤਾਂ…….

ਸ. ਦੇਵਾ ਸਿੰਘ ਪਾਸ ਪੰਦਰਾਂ ਏਕੜ ਜ਼ਮੀਨ ਸੀ। ਉਸਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਸਨ। ਪੁੱਤਰ ਪਿੰਡ ਦੇ ਹਾਈ ਸਕੂਲ ਤੋਂ ਸਿਰਫ ਦਸ ਦਸ ਕਲਾਸਾਂ ਹੀ ਪਾਸ ਕਰ ਸਕੇ। ਇਕ ਫੌਜ ਵਿਚ ਭਰਤੀ ਕਰਵਾ ਦਿੱਤਾ ਗਿਆ। ਉਹ ਇਕ ਅਨਪੜ੍ਹ ਘਰੇਲੂ ਲੜਕੀ ਨਾਲ ਵਿਆਹ ਦਿੱਤਾ ਗਿਆ। ਦੂਜਾ ਜੇ.ਬੀ.ਟੀ ਕਰਕੇ ਛੋਟੇ ਸਕੂਲ ਵਿਚ ਅਧਿਆਪਕ ਲੱਗ ਗਿਆ। ਉਸਨੂੰ ਘਰਵਾਲੀ ਵੀ ਜੇ.ਬੀ.ਟੀ ਅਧਿਆਪਕ ਹੀ ਮਿਲ ਗਈ। ਤੀਜਾ ਅਜੇ ਬਾਪ ਨਾਲ ਵਾਹੀ ਹੀ ਕਰਵਾਉਂਦਾ ਸੀ। ਧੀਆਂ ਦੇ ਵਿਆਹ ਕਰਨ ਹਿੱਤ ਦੇਵਾ ਸਿੰਘ ਦੇ ਪੰਜ ਖੇਤ ਗਹਿਣੇ ਰੱਖ ਹੋ ਗਏ। ਬਾਕੀ ਬਚੇ 10 ਖੇਤਾਂ ਵਿਚੋਂ ਦੋ ਵੱਡੇ ਮੁੰਡਿਆਂ ਨੇ ਆਪਣਾ ਹਿੱਸਾ ਬਾਪ ਤੋਂ ਲੈ ਲਿਆ। ਉਹਨਾਂ ਨੇ ਇੰਤਜ਼ਾਰ ਹੀ ਨਹੀਂ ਕੀਤਾ ਕਿ ਉਹਨਾਂ ਦਾ ਤੀਸਰਾ ਭਰਾ ਵੀ ਵਿਆਹ ਹੋ ਜਾਵੇ। ਦੇਵਾ ਸਿੰਘ ਪਾਸ ਹੁਣ ਸਵਾ ਕੁ ਤਿੰਨ  ਖੇਤ ਜ਼ਮੀਜ ਹੀ ਸੀ ਜਿਸ ਉੱਤੇ ਉਹ ਤੇ ਉਸਦਾ ਸਭ ਤੋਂ ਛੋਟਾ ਪੁੱਤਰ ਭੀਰਾ ਖੇਤੀ ਕਰਦੇ ਸਨ। ਇੰਨੀ ਜ਼ਮੀਨ ਦੇ ਸਿਰ ਤੇ ਹੀ ਲੜਕੀਆਂ ਦੇ ਦਿਨ ਤਿਉਹਾਰ ਪੂਰੇ ਕੀਤੇ ਜਾਂਦੇ ਸਨ। ਦੇਵਾ ਸਿੰਘ ਆਪਣਾ, ਆਪਣੀ ਘਰਵਾਲੀ ਦਾ ਅਤੇ ਆਪਣੇ ਛੋਟੇ ਪੁੱਤਰ ਦਾ ਗੁਜ਼ਾਰਾ ਵੀ ਇਸ ਜ਼ਮੀਨ ਦੇ ਸਿਰ ਤੇ ਹੀ ਕਰਦਾ ਸੀ।
ਭੀਰਾ ਹੁਣ ਜਵਾਨੀ ਦੀ ਦਹਿਲੀਜ਼ ਟੱਪਦਾ ਨਜ਼ਰ ਆ ਰਿਹਾ ਸੀ। ਕੰਮ ਸਿਰਫ ਉਹ ਖੇਤੀ ਦਾ ਹੀ ਕਰਦਾ ਸੀ। ਔਖਾ ਸੌਖਾ 10 ਜਮਾਤਾਂ ਤਾਂ ਉਹ ਵੀ ਪੜ੍ਹ ਗਿਆ ਸੀ ਪਰ ਉਸਨੇ ਕਿਸੇ ਕਿਸਮ ਦਾ ਕੋਰਸ ਕੋਈ ਨਹੀਂ ਸੀ ਕੀਤਾ। ਦੇਵਾ ਸਿੰਘ ਹੁਣ ਭੀਰੇ ਦਾ ਵਿਆਹ ਕਰਨ ਦੀ ਤਾਕ ਵਿਚ ਸੀ। ਉਹ ਸੋਚਦਾ ਰਹਿੰਦਾ ਸੀ-
ਮੁੰਡੇ ਨੂੰ ਆਉਂਦੇ ਤਾਂ ਤਿੰਨ ਕੁ ਖੇਤ ਈ ਨੇ…… ਵਿਆਹ ਤਾਂ ਇਹਦਾ ਕਰਨਾ ਹੀ ਏ— ਸਾਡੇ ਬੁਢਾਪੇ ਦਾ ਸਹਾਰਾ ਤਾਂ ਇਹੀ ਏ—- ਸਵਾ ਤਿੰਨ ਖੇਤ ਵੀ ਕਾਫੀ ਹੁੰਦੇ ਨੇ ਜੇ ਇਹਨਾਂ ਤੇ ਤਰੀਕੇ ਨਾਲ ਮਿਹਨਤ ਕੀਤੀ ਜਾਵੇ—- ਵਿਆਹ ਤੋਂ ਬਾਦ ਇਹਨੂੰ ਕੋਈ ਹੋਰ ਕੰਮ ਸਿਖਾ ਦਿਆਂਗੇ— ਜਾਂ ਪਿੰਡ ਵਿਚ ਦੁਕਾਨ ਪਾ ਦਿਆਂਗੇ—– ਦੁਕਾਨ ਤਾਂ ਨਵੀਂ ਆਈ ਬਹੂ ਵੀ ਚਲਾ ਸਕਦੀ ਏ—- ਮੈਂ ਹੁਣ ਕਿੰਨੀ ਕੁ ਦੇਰ ਕੰਮ ਕਰੀ ਜਾਵਾਂ —- 70 ਦਾ ਹੋ ਚੁੱਕਾ ਹਾਂ—- ਰਤਨ ਕੌਰ 68 ਦੀ ਏ—– ਮਸਾਂ ਰੋਟੀ ਬਣਾਉਂਦੀ ਏ—- ਤੀਜੀ ਨੁੰਹ ਘਰ ਆਵੇ ਤਾਂ ਆਪਾਂ ਕੰਮਾਂ ਕਾਰਾਂ ਤੋਂ ਫਾਰਗ ਹੋਈਏ—-
ਭੀਰੇ ਨੂੰ ਕਈ ਦੇਰ ਤਾਂ ਕੋਈ ਰਿਸ਼ਤਾ ਹੀ ਨਾ ਆਇਆ। ਉਸਦੀ ਉਮਰ ਵਧਦੀ ਗਈ। ਉਹ 29 ਸਾਲ ਦਾ ਹੋ ਗਿਆ ਸੀ। ਪਿੰਡ ਦੇ ਲੋਕ ਸੋਚਣ ਲਗ ਪਏ ਕਿ ਕਿਤੇ ਵਿਆਹ ਤੋਂ ਰਹਿ ਹੀ ਨਾ ਜਾਵੇ। ਪਿੰਡ ਵਿਚ ਪਹਿਲਾਂ ਵੀ ਕਈਆਂ ਨਾਲ ਇਵੇਂ ਹੀ ਹੋਇਆ ਸੀ। ਉਹਨਾਂ ਵਿਚੋਂ ਕਈ ਤਾਂ ਅਮਲੀ ਬਣ ਗਏ ਸਨ। ਡੋਡੇ ਤੇ ਦੇਸੀ ਸ਼ਰਾਬ ਪੀਂਦੇ ਰਹਿੰਦੇ ਸਨ। ਇਕ ਦੋ ਦੀ ਚਿੱਟੇ ਨਾਲ ਮੌਤ ਹੋ ਗਈ ਸੀ। ਭੀਰੇ ਪਾਸ ਨਾ ਖਾਸ ਪੜ੍ਹਾਈ ਸੀ, ਨਾ ਕੋਈ ਸਿਖਲਾਈ ਸੀ ਤੇ ਨਾ ਹੀ ਖਾਸ ਜ਼ਮੀਨ ਸੀ। ਉਮਰ ਵੀ ਜਿਆਦਾ ਹੋਈ ਜਾ ਰਹੀ ਸੀ।
ਉਦੋਂ ਰਿਸ਼ਤੇ ਅਕਸਰ ਕਰਵਾਏ ਜਾਂਦੇ ਸਨ। ਕੋਈ ਨਾ ਕੋਈ ਬਚੋਲਾ ਬਣਦਾ ਸੀ। ਤਾਂ ਕਿਤੇ ਰਿਸ਼ਤਾ ਹੁੰਦਾ ਸੀ। ਪਿੰਡਾਂ ਵਿਚ ਭਾਨੀਮਾਰਾਂ ਦੀ ਵੀ ਕੋਈ ਕਮੀ ਨਹੀਂ ਹੁੰਦੀ। ਜੇ ਕੋਈ ਮਾੜੀ ਮੋਟੀ ਗਲਾਸੀ ਲਗਾਉਂਦਾ ਹੋਵੇ ਤਾਂ ਭਾਨੀਮਾਰ ਉਸਨੂੰ ਪੂਰਾ ਸ਼ਰਾਬੀ ਬਣਾ ਦਿਆ ਕਰਦੇ ਸਨ। ਜੇ ਕੋਈ ਮਾੜਾ ਮੋਟਾ ਹੋਰ ਨਸ਼ਾ ਕਰਦਾ ਹੋਵੇ ਤਾਂ ਕਹਿ ਦਿੰਦੇ ਸਨ ਕਿ ਮੁੰਡਾ ਤਾਂ ਚਿੱਟਾ ਖਾਧੇ ਬਗੈਰ ਬਚਦਾ ਹੀ ਨਹੀਂ। ਜੇ ਕਿਤੇ ਕਿਸੇ ਨੇ ਕਿਸੇ ਕੁੜੀ ਚਿੜੀ ਵਲ ਮਾੜਾ ਮੋਟਾ ਝਾਕ ਲਿਆ ਜਾਵੇ ਤਾਂ ਭਾਨੀ ਮਾਰਨ ਵਾਲੇ ਕਹਿ ਦਿੰਦੇ ਸਨ ਕਿ ਮੁੰਡਾ ਤਾਂ ਨਿਰਾ ਮੁਸ਼ਟੰਡਾ ਏ।
ਦੇਵਾ ਸਿੰਘ ਨੇ ਪਿੰਡ ਵਿਚ ਆਪਣੇ ਇਕ ਆੜੀ ਦੇ ਮਗਰ ਪੈ ਕੇ ਭੀਰੇ ਵਾਸਤੇ ਰਿਸ਼ਤਾ ਲੱਭਣ ਵਿਚ ਕਾਮਯਾਬੀ ਹਾਸਲ ਕਰ ਲਈ। ਕੁੜੀ ਸਿਰਫ ਪੰਜ ਕੁ ਜਮਾਤਾਂ ਪੜ੍ਹੀ ਹੋਈ ਸੀ। ਉਹ ਇਹਨਾਂ ਦੇ ਪਿੰਡ ਤੋਂ ਅੱਠ ਕੁ ਕਿਲੋਮੀਟਰ ਦੂਰ ਵਜ਼ੀਰਪੁਰ ਦੇ ਵਿਸਾਖਾ ਸਿਹੁੰ ਦੀ ਕੁੜੀ ਸੀ। ਦੋਹਾਂ ਪਰੀਵਾਰਾਂ ਵਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਦੇਵਾ ਸਿੰਘ ਤੇ ਉਸਦੀ ਘਰਵਾਲੀ ਰਤਨ ਕੌਰ ਨੂੰ ਮਸਾਂ ਉਮੀਦ ਬੱਝੀ ਸੀ ਕਿ ਨੂੰਹ ਘਰ ਆਵੇਗੀ ਤੇ ਉਹਨਾਂ ਦਾ ਕੰਮ ਹੌਲਾ ਹੋਵੇਗਾ। ਨੂੰਹ ਉਹਨਾਂ ਵਾਸਤੇ ਬੁਢਾਪੇ ਦਾ ਸਹਾਰਾ ਬਣੇਗੀ। ਦੂਜੀਆਂ ਨੂੰਹਾਂ ਤੇ ਮੁੰਡੇ ਅਲੱਗ ਹੋ ਹੀ ਚੁੱਕੇ ਸਨ। ਫੌਜੀ ਤਾਂ ਰਹਿੰਦਾ ਵੀ ਬਾਹਰ ਹੀ ਸੀ। ਦੂਜਾ ਅਧਿਆਪਕ ਤੇ ਉਸਦੀ ਘਰਵਾਲੀ ਅਲੱਗ ਰਹਿੰਦੇ ਸਨ। ਉਹ ਮਾਂ ਪਿਓ ਨੂੰ ਘੱਟ ਹੀ ਬੁਲਾਉਂਦੇ ਸਨ।
ਉੱਧਰ ਭੀਰੇ ਦੀ ਮੰਗੇਤਰ ਦਾ ਬਾਪ ਵਿਸਾਖਾ ਸਿਹੁੰ ਵੀ ਸੱਤਰ ਦੇ ਕਰੀਬ ਪਹੁੰਚ ਚੁੱਕਾ ਸੀ। ਉਸਦੀਆਂ ਤਿੰਨ ਕੁੜੀਆਂ ਹੀ ਕੁੜੀਆਂ ਸਨ। ਉਹ ਦੋ ਨੂੰ ਵਿਆਹ ਚੁੱਕਾ ਸੀ। ਤੀਜੀ ਜੀਤਾਂ ਉਸਨੇ ਭੀਰੇ ਨਾਲ ਮੰਗ ਦਿੱਤੀ ਸੀ। ਵਿਆਹ ਛੇ ਕੁ ਮਹੀਨੇ ਬਾਦ ਦਾ ਧਰ ਲਿਆ ਸੀ। ਇਕ ਦਿਨ ਇੰਜ ਹੋਇਆ ਕਿ ਵਿਸਾਖਾ ਸਿਹੁੰ ਨੂੰ ਪਿੰਡ ਦਾ ਹੀ ਮੁੰਡਾ ਸੋਖਾ ਸੱਥ ਵਿਚ ਮਿਲਿਆ।
“ਤਾਇਆ ਕੀ ਹਾਲ ਏ? ਸਿਹਤ ਕਿਵੇਂ ਰਹਿੰਦੀ ਏ?”
ਸੋਖੇ ਨੇ ਉਹਦੇ ਨਾਲ ਸੁਲਾਹ ਮਾਰੀ।
“ਪੁੱਤ, ਸਿਹਤਾਂ ਹੁਣ ਕਾਹਦੀਆਂ? ਇਸ ਉਮਰ ਵਿਚ ਕੋਈ ਨਾ ਕੋਈ ਲਿਆਮਤ ਚੁੰਬੜੀ ਹੀ ਰਹਿੰਦੀ ਏ। ਅੱਜ ਕਲ ਗੋਡਿਆਂ ਦੇ ਦਰਦ ਨੇ ਤੰਗ ਕੀਤਾ ਪਿਆ ਏ। ਪਹਿਲਾਂ ਕਰੋਨਾ ਦੇ ਡਰ ਤੋਂ ਅੰਦਰ ਵੜੇ ਰਹੇ। ਅਜੇ ਕਿਹੜਾ ਕਰੋਨਾ ਜਾਂਦਾ ਏ? ਮੁੜ ਮੁੜ ਕੇ ਹੱਲੇ ਬੋਲਦਾ ਏ। ਸਾਨੂੰ ਬੁੱਢਿਆਂ ਨੂੰ ਤਾਂ ਬਹੁਤਾ ਹੀ ਡਰ ਲੱਗਦਾ ਰਹਿੰਦਾ ਏ, ਬੱਲਿਆ।”
“ਤਾਇਆ, ਤੂੰ ਇਕ ਹੋਰ ਗੱਲ ਸੁਣੀ?”
“ਉਹ ਕੀ?”
“ਕਈ ਦਿਨਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਨੇ ਕਿਸਾਨਾਂ ਦੀਆਂ ਜਮੀਨਾਂ ਖੋਹ ਲੈਣੀਆਂ ਨੇ। ਸਰਕਾਰ ਨੇ ਨਵੇਂ ਕਾਨੂੰਨ ਬਣਾ ਦਿੱਤੇ ਨੇ।”
“ਬੱਲਿਆ, ਇਹ ਕਿਵੇਂ ਹੋ ਸਕਦਾ ਏ? ਲੋਕਾਂ ਦੀ ਹਮੇਸ਼ਾ ਤੋਂ ਮਾਲਕੀ ਚਲਦੀ ਆ ਰਹੀ ਏ। ਇਵੇਂ ਕਿਵੇਂ ਹੋ ਸਕਦਾ ਏ? ਕਾਕਾ, ਲੋਕ ਐਵੇਂ ਵੀ ਅਫਵਾਹਾਂ ਫੈਲਾ ਦਿੰਦੇ ਨੇ,” ਵਿਸਾਖਾ ਸਿੰਘ ਨੇ ਸ਼ਾਂਤ ਚਿਤ ਰਹਿੰਦੇ ਹੋਏ ਕਿਹਾ।
ਕੁਝ ਦਿਨਾਂ ਵਿਚ ਇਹ ਖਬਰ ਆਮ ਫੈਲ ਗਈ ਕਿ ਸਰਕਾਰ ਨੇ ਖੇਤੀਬਾੜੀ ਬਾਰੇ ਤਿੰਨ ਕਾਨੂੰਨ ਬਣਾ ਦਿੱਤੇ ਨੇ। ਜਦ ਵਿਸਾਖਾ ਸਿੰਘ ਫਿਰ ਸੱਥ ਵਿਚ ਗਿਆ ਤਾਂ ਉਥੇ ਇਹਨਾਂ ਕਾਨੂੰਨਾਂ ਦੀ ਆਮ ਚਰਚਾ ਸੀ। ਕੇਹਰ ਸਿਹੁੰ ਦਾ ਕੁੰਦਾ ਸੱਥ ਵਿਚ ਬੈਠੇ ਬਾਬਿਆਂ ਨੂੰ ਇਹਨਾਂ ਕਾਨੂੰਨਾਂ ਬਾਰੇ ਜਾਣਕਾਰੀ ਦੇ ਰਿਹਾ ਸੀ। ਵਿਸਾਖਾ ਸਿਹੁੰ ਨੇ ਕੁੰਦੇ ਨੂੰ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਪੁੱਛਿਆ।
“ਓਏ, ਕੁੰਦਿਆ, ਸੁਣਿਆ ਤਾਂ ਮੈਂ 5-6 ਦਿਨ ਪਹਿਲਾਂ ਵੀ ਸੀ। ਸੋਖਾ ਦਸ ਰਿਹਾ ਸੀ। ਮੈਂ ਸੋਚਿਆ ਐਵੇਂ ਭਕਾਈ ਮਾਰਦਾ ਹੋਊ। ਉਸਦੀ ਆਦਤ ਵੀ ਇਹੋ ਜਿਹੀ ਹੀ ਏ। ਤੂੰ ਤਾਂ ਸਿਆਣਾ ਏਂ। ਤੂੰ ਖਬਾਰਾਂ ਵੀ ਪੜ੍ਹਦਾ ਰਹਿਨਾਂ ਨੇਂ। ਕੀ ਇਹ ਸਭ ਕੁਝ ਸੱਚ ਏ?”
“ਭਾਈਆ, ਇਹ ਸਭ ਸੱਚ ਏ। ਸਰਕਾਰ ਨੇ ਤਿੰਨ ਖੇਤੀ ਕਾਨੂੰਨ ਪਾਸ ਕਰ ਦਿੱਤੇ ਨੇ।”
“ਇਹ ਕਾਨੂੰਨ ਕੀ ਕਹਿੰਦੇ ਨੇ?”
“ਭਾਈਆ, ਪਹਿਲਾ ਕਾਨੂੰਨ ਕਿਸਾਨਾਂ ਨੂੰ ਹੁਕਮ ਦਿੰਦਾ ਕਹਿੰਦਾ ਏ ਕਿ ਉਹ ਆਪਣੀ ਜਿਣਸ ਸਾਰੇ ਦੇਸ ਦੇ ਕਿਸੇ ਹਿੱਸੇ ਵਿਚ ਵੀ ਵੇਚ ਸਕਦੇ ਨੇ।”
“ਓਏ, ਸਾਡੇ ਨਾਲ ਇਹਦਾ ਕੀ ਤੁਅੱਲਕ? ਅਸੀਂ ਕਿਹੜੀ ਆਪਣੀ ਕਣਕ ਕਲਕੱਤੇ ਲਿਜਾ ਕੇ ਵੇਚਣੀ ਏ? ਇਹ ਵੀ ਕੋਈ ਕਾਨੂੰਨ ਹੋਇਆ?”
“ਭਾਈਆ, ਇਸ ਕਾਨੂੰਨ ਦਾ ਲਾਭ ਜਿਆਦਾ ਵੱਡੇ ਕਿਸਾਨਾਂ ਨੂੰ ਏ। ਦੇਸ਼ ਵਿਚ ਬਥੇਰੇ 50-60 ਏਕੜ ਜ਼ਮੀਨਾਂ ਦੇ ਮਾਲਕ ਵੀ ਨੇ।”
“ਇਹਨੂੰ ਛੱਡ ਤੂੰ। ਤੂੰ ਉਹ ਦੱਸ ਜਿਹਦਾ ਸਾਡੇ ਜਿਹਿਆਂ ਤੇ ਅਸਰ ਪਊ?”
“ਭਾਈਆ ਦੂਜਾ ਕਾਨੂੰਨ ਇਹ ਹੈ ਕਿ ਕੰਪਨੀਆਂ ਤੇ ਕਿਸਾਨ ਪਹਿਲਾਂ ਤੋਂ ਹੀ ਫਸਲ ਦੀ ਕੀਮਤ ਤੈਅ ਕਰਕੇ ਕੰਟਰੈਕਟ ਖੇਤੀ ਕਰਿਆ ਕਰਨਗੇ।”
“ਇਹ ਕੰਪਨੀਆਂ ਕੀ ਹੋਈਆਂ? ਅਸੀਂ ਤਾਂ ਆਪਣੀ ਜਿਣਸ ਮੰਡੀ ਵਿਚ ਸੁੱਟੀਦੀ ਏ। ਅਸੀਂ ਤਾਂ ਅਕਸਰ ਪੈਸੇ ਵੀ ਆੜ੍ਹਤੀਏ ਤੋਂ ਪਹਿਲਾਂ ਹੀ ਲੈ ਲਈਦੇ ਆ। ਕੁੜੀਆਂ ਦੇ ਵਿਆਹ ਕੀਤੇ। ਜੀਰੀ ਦੇ ਪੈਸੇ ਨੀਲਕੰਠ ਆੜ੍ਹਤੀਏ ਤੋਂ ਪਹਿਲਾਂ ਹੀ ਲੈ ਲਏ ਸਨ। ਆਰਾਮ ਨਾਲ ਕੁੜੀਆਂ ਆਪਣੀਂ ਘਰੀਂ ਚਲੀਆਂ ਗਈਆਂ। ਮੁਕਲਾਵੇ ਦੇ ਵੇਲੇ ਵੀ ਸਾਡਾ ਕੰਮ ਤਾਂ ਨੀਲਕੰਠ ਨੇ ਹੀ ਸਾਰ ਦਿੱਤਾ ਸੀ। ਉਸਨੇ ਬਾਦ ਵਿਚ ਆਪਣੇ ਪੈਸੇ ਕਣਕ ਵਿਚੋਂ ਕੱਟ ਲਏ ਸੀ। ਸਾਨੂੰ ਤਾਂ ਆੜ੍ਹਤੀਏ ਬੈਂਕ ਤੋਂ ਵੀ ਵਧੀਆ ਲੱਗਦਾ ਰਹਿੰਦਾ ਏ।”
“ਭਾਈਆ, ਆੜ੍ਹਤੀਆ ਸਚਮੁੱਚ ਹੀ ਕਿਸਾਨ ਦਾ ਏ.ਟੀ.ਐਮ. ਏ। ਜੇ ਆੜ੍ਹਤੀਆ ਹੀ ਨਾ ਰਿਹਾ ਫਿਰ ਕਿਵੇਂ ਹੋਊ?” ਕੁੰਦੇ ਨੇ ਬੁੱਢੇ ਨੂੰ ਸੋਚਾਂ ਵਿਚ ਪਾ ਦਿੱਤਾ।
“ਇਹ ਕਿਵੇਂ ਹੋ ਸਕਦਾ ਏ? ਕਦੀ ਆੜ੍ਹਤੀਆ ਵੀ ਖਤਮ ਹੋ ਸਕਦਾ ਏ? ਤੂੰ ਹੋਸ਼ ਕਰ ਮੁੰਡਿਆ। ਕਿਉਂ ਐਵੇਂ ਲੋਕਾਂ ਨੂੰ ਡਰਾਈ ਜਾਂਦਾ ਏ?”
“ਭਾਈਆ, ਸਰਕਾਰ ਆੜ੍ਹਤੀਆਂ ਖਤਮ ਕਰਨ ਲੱਗੀ ਏ। ਉਹਦੀ ਥਾਂ ਤੇ ਵੱਡੇ ਵੱਡੇ ਮੁਨਾਫਾਖੋਰ ਘਰਾਣੇ ਤੁਹਾਡੀ ਫਸਲ ਖਰੀਦਿਆ ਕਰਨਗੇ। ਪੰਜਾਬ ਵਿਚ ਵੱਡੇ ਵੱਡੇ ਸੀਲੋ (ਅੰਨ੍ਹ ਭੰਡਾਰ) ਬਣ ਗਏ ਹਨ। ਇਕ ਸੀਲੋ ਵਿਚ ਚਾਲੀ ਲੱਖ ਬੋਰੀ ਰੱਖੀ ਜਾ ਸਕਦੀ ਏ। ਰੇਲ ਲਾਈਨ ਵੀ ਸੀਲੋ ਦੇ ਵਿਚ ਨੂੰ ਆਉਂਦੀ ਹੋਇਆ ਕਰੇਗੀ। ਸਿਰਫ 10-15 ਮਜਦੂਰ ਹੀ ਇਹ ਬੋਰੀ ਰੇਲਗੱਡੀ ਵਿਚ ਭਰ ਲਿਆ ਕਰਨਗੇ। ਸਾਰਾ ਕੰਮ ਮਸ਼ੀਨੀ ਏ। ਅੰਤਾਂ ਦੇ ਮਜਦੂਰ ਵੀ ਵਿਹਲੇ ਹੋ ਜਾਣਗੇ। ਚੰਦ ਸਿਖਾਂਦਰੂ ਮਜਦੂਰ ਹੀ ਵੱਡੀਆਂ ਕੰਪਨੀਆਂ ਦਾ ਕੰਮ ਪੂਰਾ ਕਰ ਦਿਆ ਕਰਨਗੇ। ਬਹੁਤਾ ਕੰਮ ਮਸ਼ੀਨੀ ਹੋ ਜਾਵੇਗਾ।”
“ਕੁੰਦਿਆ, ਇਹ ਗੱਲ ਛੱਡ। ਤੂੰ ਇਹ ਦੱਸ ਕਿ ਮੰਡੀ ਸਿਸਟਮ ਤੇ ਆੜ੍ਹਤੀਆ ਸਿਸਟਮ ਖਤਮ ਕਿਵੇਂ ਹੋਊ¬¬¬?”
“ਲੈ ਸੁਣ ਫਿਰ। ਮੰਨ ਲਓ ਇਕ ਬਿਸਕੁਟ ਬਣਾਉਣ ਵਾਲੀ ਕੰਪਨੀ ਕਿਸਾਨ ਨਾਲ ਸਮਝੌਤਾ ਕਰਦੀ ਏ ਕਿ ਤੂੰ ਆਪਣੀ ਜ਼ਮੀਨ ਤੇ ਕਣਕ ਉਗਾ। ਮੈਂ ਤੈਨੂੰ ਇਹਦੀ ਕੀਮਤ ਦੇਵਾਂਗਾ। ਕਿਸਾਨ ਰਾਜੀ ਹੋ ਜਾਵੇਗਾ। ਸ਼ੁਰੂ ਸ਼ੁਰੂ ਵਿਚ ਕੰਪਨੀ ਉਹਨੂੰ ਮੰਡੀ ਤੋਂ ਵੱਧ ਕੀਮਤ ਦੇ ਦੇਵੇਗੀ। ਇੰਜ ਕਰਨ ਨਾਲ ਮੰਡੀਆਂ ਬੰਦ ਹੋਣ ਲੱਗ ਜਾਣਗੀਆਂ। ਫਿਰ ਕਿਸਾਨ ਪਾਸ ਫਸਲ ਵੇਚਣ ਲਈ ਕੰਪਨੀ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚੇਗਾ। ਇਸ ਹਾਲਤ ਵਿਚ ਕੰਪਨੀ ਮਨਮਾਨੀ ਕਰਨ ਲੱਗ ਪਵੇਗੀ। ਕਹੇਗੀ- ‘ਏਨੇ ਭਾਅ ਤੇ ਵੇਚਣੀ ਏ ਤਾਂ ਵੇਚ ਲੈ। ਅਸੀਂ ਇਸਤੋਂ ਵੱਧ ਨਹੀਂ ਦੇ ਸਕਦੇ।’ ਮੰਡੀ ਸਿਸਟਮ ਪਹਿਲਾਂ ਹੀ ਖਤਮ ਹੋ ਚੁੱਕਾ ਹੋਵੇਗਾ। ਫਿਰ ਕਿਸਾਨ ਕਿਧਰ ਜਾਊ? ਉਸਨੂੰ ਆਪਣੀ ਚੀਜ਼ ਮੁਨਾਫਾਖੋਰ ਕੰਪਨੀਆਂ ਨੂੰ ਘੱਟ ਕੀਮਤ ਤੇ ਵੇਚਣੀ ਪਊ। ਇੰਜ ਕਿਸਾਨ ਦੀ ਲੁੱਟ ਸ਼ੁਰੂ ਹੋ ਜਾਊ। ਮਜਬੂਰ ਹੋ ਕੇ ਉਸਨੂੰ ਆਪਣੀ ਜ਼ਮੀਨ ਗਿਰਵੀ ਰੱਖਣੀ ਪਊ। ਜੇ ਉਹ ਜ਼ਮੀਨ ਕਿਸੇ ਨੂੰ ਮਾਮਲੇ ਤੇ ਦੇਊ ਤਾਂ ਉਸਨੂੰ ਮਾਮਲਾ ਵੀ ਘੱਟ ਮਿਲੂ।”
“ਸੱਚੀਂ?”
“ਤਾਇਆ ਜੀ, ਇਹ 16 ਆਨੇ ਸੱਚ ਏ।”
“ਕੁੰਦਿਆ, ਗੱਲ ਤੇਰੀ ਠੀਕ ਵੀ ਲੱਗਦੀ ਏ। ਇਹ ਕੰਪਨੀਆਂ ਕੌਣ ਨੇ?”
“ਇਹ ਸਰਕਾਰ ਦੀਆਂ ਪੈਦਾ ਕੀਤੀਆਂ ਹੋਈਆਂ ਕੰਪਨੀਆਂ ਨੇ। ਇਹ ਅੰਤਾਂ ਦੀਆਂ ਅਮੀਰ ਨੇ। ਇਹਨਾਂ ਨੇ ਚੋਣ ਸਮੇਂ ਸਰਕਾਰ ਦੀ ਮਦਦ ਕੀਤੀ ਹੁੰਦੀ ਏ। ਸਰਕਾਰ ਬਣ ਜਾਣ ਤੋਂ ਬਾਦ ਇਹ ਕੰਪਨੀਆਂ ਫਿਰ ਸਰਕਾਰ ਤੋਂ ਲਾਭ ਪ੍ਰਾਪਤ ਕਰਨ ਦੀ ਤਾਕ ਵਿਚ ਹੁੰਦੀਆਂ ਹਨ।”
“ਕੀ ਇਸ ਭੈੜੀ ਸਰਕਾਰ ਨੂੰ ਗੱਦੀਓਂ ਲਾਹਿਆ ਨਹੀਂ ਜਾ ਸਕਦਾ?”
“ਜਾ ਸਕਦਾ ਏ ਜੇ ਲੋਕ ਚਾਹੁਣ ਪਰ ਸਮਾਂ ਲੱਗੂ। ਕਾਨੂੰਨ ਤਾਂ ਉਦੋਂ ਤੱਕ ਲਾਗੂ ਹੋ ਚੁੱਕੇ ਹੋਣਗੇ।”
“ਕੁੰਦਿਆ, ਤੂੰ ਮੈਨੂੰ ਸੋਚਾਂ ਵਿਚ ਪਾ ਦਿੱਤਾ ਏ। ਜੇ ਕਿਸਾਨ ਨੂੰ ਠੀਕ ਭਾਅ ਹੀ ਨਾ ਮਿਲੇ ਤਾਂ ਖੇਤੀ ਦਾ ਕੀ ਲ਼ਾਭ? ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਨਾਲ ਝੰਬਿਆ ਪਿਆ ਏ। ਖੁਦਕੁਸ਼ੀਆਂ ਕਰ ਰਿਹਾ ਏ। ਇਹ ਕਾਨੂੰਨ ਲਾਗੂ ਹੋਣ ਤੋਂ ਬਾਦ ਤਾਂ ਫਿਰ ਕਿਸਾਨ ਮੰਗਤਾ ਬਣ ਜਾਊ।”
“ਤਾਇਆ, ਹੁਣ ਤੈਨੂੰ ਸਮਝ ਆ ਗਈ? ਕਿਸਾਨ ਸਰਕਾਰ ਦੇ ਖਿਲਾਫ ਉੱਠ ਕਿਉਂ ਖੜ੍ਹੇ ਹੋਏ ਨੇ? ਉਹ ਜਾਗਰੂਪ ਹੋ ਗਏ ਹਨ। ਉਹਨਾਂ ਵਿਚ ਅੰਤਾਂ ਦਾ ਰੋਹ ਏ। ਉਹ ਰੇਲਾਂ ਰੋਕਣ ਲਈ ਰੇਲ ਲਾਈਨਾਂ ਤੇ ਬੈਠ ਗਏ ਹਨ। ਉਹ ਦਿੱਲੀ ਨੂੰ ਘੇਰ ਰਹੇ ਹਨ। ਸਰਕਾਰ ਕਾਨੂੰਨ ਰੱਦ ਨਹੀਂ ਕਰ ਰਹੀ। ਲਗਦਾ ਇੰਜ ਏ ਕਿ ਕਿਸਾਨ ਨੂੰ ਸਰਕਾਰ ਦੇ ਖਿਲਾਫ ਪੂਰੇ ਸਿਰੜ ਨਾਲ ਲੰਬੀ ਲੜਾਈ ਲੜਨੀ ਪਊ।”
ਕੁੰਦੇ ਦੀਆਂ ਸਿੱਧੀਆਂ ਤੇ ਸਪਸ਼ਟ ਗੱਲਾਂ ਸੁਣ ਕੇ ਵਿਸਾਖਾ ਸਿੰਘ ਘਰ ਨੂੰ ਆ ਗਿਆ। ਸ਼ਾਮ ਨੂੰ ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ, “ਗੁਰਮੀਤ ਕੁਰੇ! ਸਰਕਾਰ ਨੇ ਪਿਛਲੇ ਕਈ ਸਾਲਾਂ ਵਿਚ ਕਈ ਕਾਨੂੰਨ ਕਾਹਲੀ ਕਾਹਲੀ ਵਿਚ ਬਣਾ ਮਾਰੇ। ਸਭ ਤੋਂ ਪਹਿਲਾਂ ਨੋਟਬੰਦੀ ਨੇ ਲੋਕਾਂ ਦੀ ਰੇਲ ਬਣਾ ਛੱਡੀ। ਫਿਰ ਹੋਰ ਕਈ ਕੁਝ ਕੀਤਾ। ਹੁਣ ਇਕ ਨਵਾਂ ਸੱਪ ਕੱਢ ਮਾਰਿਆ। ਕਿਸਾਨਾਂ  ਖਿਲਾਫ ਤਿੰਨ ਕਾਨੂੰਨ ਬਣਾ ਦਿੱਤੇ। ਸੁਣਿਐ, ਇਹ ਕਾਨੂੰਨ ਕਿਸਾਨਾਂ ਨੂੰ ਚੰਦ ਸਾਲਾਂ ਵਿਚ ਇੰਨਾ ਕੰਗਾਲ ਕਰ ਦੇਣਗੇ ਕਿ ਉਸਨੂੰ ਠੂਠਾ ਫੜ੍ਹ ਕੇ ਮੰਗਣ ਲਈ ਮਜਬੂਰ ਹੋਣਾ ਪਊüüüüüüüüüü। ਪਹਿਲਾਂ ਆਪਾਂ ਆਪਣੀਆਂ ਲੜਕੀਆਂ ਮੁੰਡੇ ਵਾiਲ਼ਆਂ ਦੀ ਜ਼ਮੀਨ ਦੇਖ ਕੇ ਵਿਆਹੁੰਦੇ ਆਏ ਹਾਂ। ਤੂੰ ਦੇਖ ਬਈ ਆਪਣੀ ਜੀਤਾਂ ਕੀਹਤੋਂ ਘੱਟ ਏ। ਅਸੀਂ ਇਹ ਦੇਵਾ ਸਿੰਘ ਦੇ ਮੁੰਡੇ ਨਾਲ਼ ਤਾਂ ਮੰਗ ਦਿੱਤੀ ਕਿ ਉਸਨੂੰ ਤਿੰਨ ਖੇਤ ਜ਼ਮੀਨ ਦੇ ਆਉਂਦੇ ਹਨ। ਜੇ ਇਹ ਤਿੰਨ ਖੇਤ ਵੀ ਜਾਂਦੇ ਲੱਗੇ ਤਾਂ ਜੀਤਾਂ ਤੇ ਭੀਰਾ ਆਪਣਾ ਗੁਜ਼ਾਰਾ ਕਿਵੇਂ ਕਰਿਆ ਕਰਨਗੇ? “ਗੁਰਮੀਤ ਕੁਰੇ, ਚੱਲ ਇਹ ਰਿਸ਼ਤਾ ਤੋੜ ਦੇਈਏ। ਜੀਤਾਂ ਨੂੰ ਕਿਸੇ ਚੱਲਦੇ ਪੁਰਜ਼ੇ ਘਰ ਵਿਆਹਵਾਂਗੇ। ਅਜੇ ਉਸਦੀ ਉਮਰ ਵੀ ਕੀ ਏ? ਸਿਰਫ਼ 22 ਸਾਲ। ਕੋਈ ਕਾਰੋਬਾਰ ਕਰਦਾ ਜਾਂ ਨੌਕਰੀ ਪੇਸ਼ਾ ਕਰਦਾ ਮੁੰਡਾ ਮਿਲ ਹੀ ਜਾਊ। ਨਾਲ਼ੇ ਜਦ ਤੱਕ ਮੌਜੂਦਾ ਸਰਕਾਰ ਦਾ ਭੋਗ ਵੀ ਪੈ ਜਾਊ।”
ਆਪਣੇ ਘਰ ਵਾਲ਼ੇ ਦੀਆਂ ਗੱਲਾਂ ਨਾਲ਼ ਗੁਰਮੀਤ ਕੌਰ ਸਹਿਮਤ ਹੋ ਗਈ। ਦੋਹਾਂ ਨੇ ਇਹ ਰਾਇ ਬਣਾਈ ਕਿ ਵਿਚੋਲੇ ਨੂੰ ਮਿਲਕੇ ਦੇਵਾ ਸਿੰਘ ਨੂੰ ਰਿਸ਼ਤਾ ਤੋੜ ਲੈਣ ਦਾ ਸੁਨੇਹਾ ਭਿਜਵਾਇਆ ਜਾਵੇ।

ਅਵਤਾਰ ਐਸ. ਸੰਘਾ (ਸਿਡਨੀ) sangha_avtar@hotmail.com

Install Punjabi Akhbar App

Install
×