ਬਿਰਧ ਆਸ਼ਰਮ

ਬੋਹੜ ਸਿੰਘ ਦੇ ਘਰ ਅੱਜ ਖ਼ੁਸ਼ੀਆਂ ਭਰਿਆ ਮਾਹੌਲ ਹੈ। ਘਰ ਵਿਚ ਉਚੇਚੇ ਤੌਰ ਤੇ ਹਲਵਾਈ ਬਿਠਾਇਆ ਗਿਆ ਹੈ ਜੋ ਭੱਠੀ ਤੇ ਕੜਾਹੀ ਧਰ ਕੇ ਗਰਮ ਗਰਮ ਪਕੌੜੇ ਤਲ ਰਿਹਾ ਹੈ। ਇੱਕ ਪਾਸੇ ਦੁਕਾਨ ਤੋਂ ਬਹੁਤ ਸਾਰੀਆਂ ਮਿਠਿਆਈਆਂ ਲਿਆਂਦੀਆਂ ਗਈਆਂ ਹਨ। ਪਿੰਡ ਦੇ ਲਾਗੀ ਚਾਹ ਆਦਿ ਬਣਾਉਣ ਵਿਚ ਰੁੱਝੇ ਹੋਏ ਹਨ। ਨਗਰ ਨਿਵਾਸੀ ਬੋਹੜ ਸਿੰਘ ਨੂੰ ਵਧਾਈਆਂ ਦੇਣ ਆ ਰਹੇ ਹਨ। ਬੋਹੜ ਸਿੰਘ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਹਰ ਇੱਕ ਦੀ ਚਾਈਂ ਚਾਈਂ ਯਥਾਯੋਗ ਸੇਵਾ ਕੀਤੀ ਜਾ ਰਹੀ ਹੈ। ਬੋਹੜ ਸਿੰਘ ਦਾ ਵਿਆਹ ਹੋਏ ਨੂੰ ਦਸ ਸਾਲ ਬੀਤ ਗਏ ਹਨ। ਅੱਜ ਰੱਬ ਦੀ ਰਹਿਮਤ ਸਦਕਾ ਘਰ ਬੇਟੇ ਨੇ ਜਨਮ ਲਿਆ ਹੈ। ਸਾਰੇ ਸਜਣਾ ਮਿੱਤਰਾਂ ਨੂੰ ਬੜੀ ਖ਼ੁਸ਼ੀ ਹੈ। ਨਵ ਜਨਮੇ ਬੱਚੇ ਦਾ ਰੂਪ ਵੇਖ ਕੇ ਸਭ ਦਾ ਮਨ ਮੋਹਿਆ ਜਾਂਦਾ ਹੈ। ਬੱਚਾ ਬਹੁਤਾ ਹੀ ਸੁੰਦਰ ਹੈ। ਬੜੇ ਸੋਹਣੇ ਨੈਣ ਨਕਸ਼ ਹਨ। ਪਤਲਾ ਤੇ ਲੰਮਾ ਨੱਕ ਜਿਵੇਂ ਤਿਲਾ ਦਾ ਫ਼ੁਲ ਹੋਵੇ। ਚੌੜਾ ਮੱਥਾ, ਮੋਟੀਆਂ ਅੱਖਾਂ, ਗੋਲ ਗੱਲਾਂ ਗੋਰਾ ਰੰਗ ਮਨਮੋਹਕ ਰੂਪ ਵੇਖ ਕੇ ਲੋਕ ਅਸੀਸ ਵੀ ਦੇਂਦੇ ਹਨ ਨਾਲ ਨਾਲ ਕਹਿ ਰਹੇ ਹਨ ਬਈ ਬੋਹੜ ਸਿਹਾਂ ਤੇਰਾ ਇਹ ਪੁੱਤਰ ਤੇਰਾ ਨਾਮ ਰੌਸ਼ਨ ਕਰੇਗਾ। ਇਹ ਗੱਲਾਂ ਸੁਣ ਸੁਣ ਕੇ ਬੋਹੜ ਸਿੰਘ ਦੇ ਮਨ ਅੰਦਰ ਮਾਨੋ ਖ਼ੁਸ਼ੀਆਂ ਦਾ ਸਾਗਰ ਉਛਾਲੇ ਮਾਰ ਰਿਹਾ ਹੈ ਉਸਨੂੰ ਆਪਣਾ ਭਵਿੱਖ ਬੜਾ ਹੀ ਉਜਲਾ ਅਤੇ ਸੁਖਮਈ ਪ੍ਰਤੀਤ ਹੋ ਰਿਹਾ ਹੈ। ਪਿੰਡ ਦੀਆ ਔਰਤਾਂ ਦੀ ਆਵਾ ਜਾਈ ਨੇ ਘਰ ਵਿਚ ਚਹਿਲ ਪਹਿਲ ਲਾਈ ਹੋਈ ਹੈ। ਇੰਜ ਜਾਪਦਾ ਹੈ ਜਿਵੇਂ ਕੋਈ ਛੋਟਾ ਜਿਹਾ ਮੇਲਾ ਲੱਗਿਆ ਹੋਇਆ ਹੈ ਜਿੱਥੇ ਹਰ ਕੋਈ ਬੀਬੀ ਸੰਤ ਕੌਰ ਨੂੰ ਵਧਾਈ ਦੇ ਕੇ ਆਪਣੀ ਖ਼ੁਸ਼ੀ ਸਾਂਝੀ ਕਰ ਕੇ ਅਨੰਦ ਮਗਨ ਹੋ ਰਿਹਾ ਹੈ। ਬੀਬੀ ਸੰਤ ਕੌਰ ਵੀ ਅੱਜ ਮਾਂ ਬਣ ਕੇ ਆਪਣੇ ਆਪ ਨੂੰ ਵਡਭਾਗਣ ਸਮਝ ਰਹੀ ਹੈ। ਉਸ ਦੇ ਅੰਦਰੋਂ ਖ਼ੁਸ਼ੀਆਂ ਡੁੱਲ਼-ਡੁੱਲ ਪੈ ਰਹੀਆਂ ਹਨ। ਹਰ ਆਉਣ ਵਾਲੇ ਇਸਤਰੀ ਪੁਰਸ਼ ਨੂੰ ਬੜੇ ਅਦਬ ਸਤਿਕਾਰ ਅਤੇ ਪਿਆਰ ਨਾਲ ਬੁਲਾ ਰਹੀ ਹੈ। ਸਾਰਿਆਂ ਨਾਲ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰ ਰਹੀ ਹੈ। ਬੜੇ ਮਾਣ ਨਾਲ ਆਖਦੀ ਹੈ ਧੀਆਂ ਪੁੱਤਰ ਮਾਂ ਬਾਪ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ। ਬੱਚੇ ਹਨੇਰ ਕੋਠੜੀ ਦਾ ਦੀਵਾ ਅਤੇ ਬੁਢੇਪੇ ਦਾ ਸਹਾਰਾ ਹੁੰਦੇ ਹਨ। ਬੱਚੇ ਹੀ ਤਾਂ ਮਾਂ ਬਾਪ ਲਈ ਉਹ ਬਲ ਅਤੇ ਤਾਕਤ ਹੁੰਦੇ ਹਨ ਜਿਨ੍ਹਾਂ ਦੇ ਆਸਰੇ ਮਾਂ ਬਾਪ ਬਿਨਾ ਪਰਾਂ ਤੋਂ ਹੀ ਉੱਚੀਆਂ ਤੇ ਲੰਮੀਆਂ ਉਡਾਰੀਆਂ ਲਾਉਣ ਦੇ ਸਮਰੱਥ ਹੁੰਦੇ ਹਨ।
ਬੱਚੇ ਦੇ ਜਨਮ ਤੋਂ ਬਾਦ ਬੋਹੜ ਸਿੰਘ ਅਤੇ ਸੰਤ ਕੌਰ ਦੇ ਜੀਵਨ ਵਿਚ ਇੱਕ ਬਹੁਤ ਵੱਡਾ ਬਦਲਾਅ ਆ ਗਿਆ ਹੈ। ਜੀਵਨ ਦੀ ਪਹਿਲੀ ਮਾਯੂਸੀ ਅਤੇ ਉਦਾਸੀ ਤਾਂ ਕਿਧਰੇ ਖੰਭ ਲਾ ਕੇ ਇੰਨੀ ਦੂਰ ਉੱਡ ਪੁੱਡ ਗਈ ਹੈ ਜਿੱਥੋਂ ਉਸਦਾ ਵਾਪਸ ਆਉਣਾ ਸ਼ਾਇਦ ਸੰਭਵ ਹੀ ਨਹੀਂ ਹੈ। ਬੱਚੇ ਦਾ ਖਿੜੇ ਹੋਏ ਫੁੱਲਾਂ ਵਰਗਾ ਚਿਹਰਾ ਤੱਕ ਤੱਕ ਮਾਂ ਬਾਪ ਫੁੱਲੇ ਨਹੀਂ ਸਮਾਉਂਦੇ। ਬੇਟੇ ਦਾ ਸੋਹਣਾ ਰੂਪ ਤੱਕ ਕੇ ਨਾਮ ਵੀ ਪੁਸ਼ਪਿੰਦਰ ਰੱਖ ਦਿੱਤਾ ਹੈ। ਪੁਸ਼ਪਿੰਦਰ ਦਾ ਮਤਲਬ ਫੁੱਲਾਂ ਦਾ ਬਾਦਸ਼ਾਹ। ਪੁਸ਼ਪਿੰਦਰ ਦੀ ਮਾਂ ਹਰ ਵਕਤ ਇਹ ਹੀ ਕਹਿੰਦੀ ਹੈ ਕਿ ਫੁੱਲਾਂ ਨੇ ਸੁੰਦਰਤਾ ਮੇਰੇ ਪੁਸ਼ਪਿੰਦਰ ਕੋਲੋਂ ਹੀ ਲਈ ਹੈ। ਇਹ ਸੁੰਦਰਤਾ ਅਤੇ ਕੋਮਲਤਾ ਦਾ ਬਾਦਸ਼ਾਹ ਹੈ।
ਸਮਾ ਆਪਣੀ ਚਾਲੇ ਚੱਲਦਾ ਜਾ ਰਿਹਾ ਹੈ ਪੁਸ਼ਪਿੰਦਰ ਵੱਡਾ ਹੋ ਗਿਆ ਹੈ ਮਾਂ ਇੱਕ ਪਲ ਲਈ ਵੀ ਆਪਣੇ ਬੱਚੇ ਨੂੰ ਇਕੱਲਿਆਂ ਨਹੀਂ ਛੱਡਦੀ ਆਪਣੇ ਬੱਚੇ ਨੂੰ ਵੇਖ ਵੇਖ ਕੇ ਖ਼ੁਸ਼ੀਆਂ ਨਾਲ ਜੀਵਨ ਬਿਤਾ ਰਹੀ ਹੈ। ਆਉਣ ਵਾਲੇ ਭਵਿੱਖ ਲਈ ਸੁਪਨੇ ਵੇਖਦੀ ਅਤੇ ਕਲਪਨਾ ਕਰਦੀ ਹੈ ਪੁਸ਼ਪਿੰਦਰ ਵੱਡਾ ਹੋਵੇਗਾ ਪੜ੍ਹ ਲਿਖ ਕੇ ਚੰਗਾ ਅਫ਼ਸਰ ਬਣੇਗਾ। ਫਿਰ ਬੜੇ ਚਾਵਾਂ ਨਾਲ ਪੁਸ਼ਪਿੰਦਰ ਦਾ ਵਿਆਹ ਕਰਾਂਗੇ। ਨੂੰਹ ਰਾਣੀ ਘਰ ਆਵੇਗੀ ਵਿਹੜਾ ਖ਼ੁਸ਼ੀਆਂ ਨਾਲ ਭਰ ਜਾਏਗਾ। ਮੈਂ ਆਮ ਲੋਕਾਂ ਵਾਂਗੂ ਨੂੰਹ ਨਾਲ ਵਿਹਾਰ ਨਹੀਂ ਕਰਨਾ ਸਗੋਂ ਨੂੰਹ ਨੂੰ ਆਪਣੀ ਬੇਟੀ ਦੀ ਤਰ੍ਹਾਂ ਪਿਆਰ ਕਰਾਂਗੀ। ਨੂੰਹ ਵੀ ਪੜ੍ਹੀ ਲਿਖੀ ਹੋਵੇਗੀ ਘਰ ਦਾ ਕੰਮ ਕਾਜ ਅਤੇ ਪੈਸਾ ਟਕਾ ਚੰਗੀ ਤਰ੍ਹਾਂ ਸੰਭਾਲ ਲਵੇਗੀ।
ਪੁਸ਼ਪਿੰਦਰ ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ਨਿਕਲਿਆ ਸੀ। ਹਰ ਕਲਾਸ ਵਿਚੋਂ ਬਹੁਤ ਹੀ ਚੰਗੇ ਨੰਬਰ ਲੈ ਕੇ ਪਾਸ ਹੋ ਰਿਹਾ ਸੀ। ਏਮ.ਏ. ਦੀ ਪੜ੍ਹਾਈ ਪੂਰੀ ਕਰ ਲਈ ਸੀ ਨਾਲ ਹੀ ਪੀ.ਏਚ.ਡੀ. ਦੀ ਤਿਆਰੀ ਕਰ ਰਿਹਾ ਸੀ। ਮਾਂ ਆਪਣੇ ਫੁੱਲਾਂ ਦੇ ਰਾਜੇ ਪੁਸ਼ਪਿੰਦਰ ਨੂੰ ਵੇਖ ਵੇਖ ਵਾਰਨੇ ਸਦਕੇ ਜਾਂਦੀ ਸੀ। ਪੁਸ਼ਪਿੰਦਰ ਨੇ ਪੀ.ਏਚ.ਡੀ.ਵੀ ਕਰ ਲਈ ਸੀ ਲੋਕਾਂ ਨਾਲ ਮੇਲ ਜੋਲ ਵੀ ਚੰਗਾ ਸੀ। ਚੰਗੇ ਅਸਰ ਰਸੂਖ਼ ਅਤੇ ਚੰਗੀ ਯੋਗਤਾ ਸਦਕਾ ਪੁਸ਼ਪਿੰਦਰ ਨੂੰ ਸਰਕਾਰੀ ਸਕੂਲ ਵਿਚ ਹੈੱਡ ਮਾਸਟਰ ਦੀ ਨੌਕਰੀ ਮਿਲ ਗਈ ਸੀ। ਮਾਂ ਦੀ ਖ਼ੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਸੀ ਰਿਹਾ। ਰੱਬ ਦਾ ਸ਼ੁਕਰਾਨਾ ਕਰਨ ਲਈ ਘਰ ਵਿਚ ਅਖੰਡਪਾਠ ਰਖਾਇਆ ਗਿਆ ਸੀ। ਸੰਤ ਕੌਰ ਅਤੇ ਬੋਹੜ ਸਿੰਘ ਨੇ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਦੀ ਅਤੇ ਪਾਠੀ ਸਿੰਘਾਂ ਦੀ ਸੇਵਾ ਕੀਤੀ ਸੀ ਨਾਲ ਹੀ ਬੜੇ ਪਿਆਰ ਨਾਲ ਗੁਰੂ ਜੀ ਦੀ ਬਾਣੀ ਸੁਣਕੇ ਜੀਵਨ ਨੂੰ ਸਫਲ ਕੀਤਾ ਸੀ। ਪੁਸ਼ਪਿੰਦਰ ਦੇ ਸਾਰੇ ਨਾਨਕੇ ਦਾਦਕਿਆਂ ਨੂੰ ਬੁਲਾਇਆ ਗਿਆ ਸੀ ਅਤੇ ਸਭ ਨੂੰ ਯਥਾਯੋਗ ਮਾਣ ਆਦਰ ਦਿੱਤਾ ਸੀ। ਬੜੀਆਂ ਹੀ ਖ਼ੁਸ਼ੀਆਂ ਨਾਲ ਇਹ ਸਮਾਗਮ ਸਮਾਪਤ ਹੋਇਆ ਸੀ। ਸਭ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਪਰਤ ਗਏ ਸਨ।
ਪੁਸ਼ਪਿੰਦਰ ਦਾ ਰਿਸ਼ਤਾ ਵੀ ਚੰਗੀ ਪੜ੍ਹੀ ਲਿਖੀ ਕੁੜੀ ਨਾਲ ਹੋ ਗਿਆ ਸੀ। ਸੰਤ ਕੌਰ ਨੇ ਬਿਨਾ ਦਾਜ ਦਹੇਜ ਤੋਂ ਹੀ ਵਿਆਹ ਦੀ ਸ਼ਰਤ ਰੱਖੀ ਸੀ ਜੋ ਕੁੜਮਾਂ ਨੇ ਵੀ ਮੰਨ ਲਈ ਸੀ ਇਸ ਤਰ੍ਹਾਂ ਬਿਨਾ ਦਾਜ ਦਹੇਜ ਤੋਂ ਹੀ ਚਾਈਂ ਚਾਈਂ ਨੂੰਹ ਰਾਣੀ ਨੂੰ ਘਰ ਲਿਆਂਦਾ ਸੀ। ਬੜੇ ਚਾਵਾਂ ਨਾਲ ਸੰਤ ਕੌਰ ਨੂੰਹ ਲਈ ਉਸਦੀ ਮਨ ਮਰਜ਼ੀ ਦੇ ਕੱਪੜੇ ਅਤੇ ਹੋਰ ਲੋੜੀਂਦਾ ਸਾਮਾਨ ਖ਼ਰੀਦ ਕੇ ਲਿਆਉਂਦੀ ਸੀ ਤੇ ਚਾਈਂ ਰੱਜਦੀ ਸੀ।
ਸੰਤ ਕੌਰ ਦਾ ਨਾਲ ਐਸਾ ਪਿਆਰ ਭਰਿਆ ਵਤੀਰਾ ਵੇਖ ਕੇ ਕੁੱਝ ਕੂ ਔਰਤਾਂ ਅੰਦਰੋਂ ਈਰਖਾ ਕਰਕੇ ਕਦੇ ਕਦਾਈਂ ਕਹਿ ਜਾਂਦੀਆਂ ਸਨ ਭੈਣ ਨੂੰਹਾਂ ਨੂੰ ਇੰਨਾ ਸਿਰੇ ਨਹੀਂ ਚੜ੍ਹਾਈਦਾ। ਪਰ ਸੰਤ ਕੌਰ ਝੱਟ ਮੋੜਵਾਂ ਜਵਾਬ ਦਿੰਦੀ ਸੀ ਕਿ ਸਿਮਰਨ ਮੇਰੀ ਨੂੰਹ ਹੀ ਨਹੀਂ ਉਹ ਮੇਰੀ ਬੇਟੀ ਹੈ , ਮੇਰੀ ਜਿੰਦ ਹੈ ਮੇਰੀ ਜਾਨ ਹੈ। ਉਸ ਨਾਲ ਹੀ ਮੇਰੀ ਦੁਨੀਆ ਆਬਾਦ ਹੈ। ਸਿਮਰਨ ਦੀ ਖ਼ੁਸ਼ੀ ਵਿਚ ਹੀ ਮੇਰੀ ਖ਼ੁਸ਼ੀ ਹੈ। ਸਿਮਰਨ ਵੀ ਸਰਕਾਰੀ ਸਕੂਲ ਵਿਚ ਟੀਚਰ ਲੱਗ ਗਈ ਸੀ। ਸਿਮਰਨ ਅਤੇ ਪੁਸ਼ਪਿੰਦਰ ਦੇ ਉੱਠਣ ਤੋਂ ਪਹਿਲਾਂ ਹੀ ਸੰਤ ਕੌਰ ਉਨ੍ਹਾਂ ਦੇ ਕੱਪੜੇ ਚਾਈਂ ਚਾਈਂ ਪ੍ਰੈੱਸ ਕਰ ਦਿੰਦੀ ਸੀ। ਜਿੰਨੇ ਚਿਰ ਵਿਚ ਉਹ ਇਸ਼ਨਾਨ ਆਦਿ ਤੋਂ ਵਿਹਲੇ ਹੁੰਦੇ ਸੀ ਸੰਤ ਕੌਰ ਦੋਹਾ ਲਈ ਨਾਸ਼ਤਾ ਤਿਆਰ ਕਰ ਦਿੰਦੀ ਸੀ। ਨਾਸ਼ਤਾ ਕਰਕੇ ਦੋਵੇਂ ਇਕੱਠੇ ਹੀ ਘਰੋਂ ਸਕੂਲ ਲਈ ਨਿਕਲ ਜਾਂਦੇ ਸਨ।
ਹਰ ਰੋਜ਼ ਪਿੰਡ ਤੋਂ ਸ਼ਹਿਰ ਜਾਣਾ ਕੁੱਝ ਔਖਾ ਲੱਗਦਾ ਸੀ ਇਸ ਲਈ ਸਿਮਰਨ ਦੇ ਕਹਿਣ ਤੇ ਪੁਸ਼ਪਿੰਦਰ ਨੇ ਮਕਾਨ ਸ਼ਹਿਰ ਖ਼ਰੀਦ ਲਿਆ ਸੀ ਜਿਸ ਦੇ ਪੈਸੇ ਬੋਹੜ ਸਿੰਘ ਨੇ ਬੜੇ ਚਾਵਾਂ ਨਾਲ ਦਿੱਤੇ ਸਨ ਤੇ ਇੱਕ ਵਾਰ ਫਿਰ ਨਵੇਂ ਮਕਾਨ ਦੀ ਪਾਰਟੀ ਆਪਣੇ ਸੱਜਣਾਂ ਮਿੱਤਰਾਂ ਨੂੰ ਦਿੱਤੀ ਸੀ। ਹੁਣ ਸਿਮਰਨ ਅਤੇ ਪੁਸ਼ਪਿੰਦਰ ਕਦੇ ਕਦਾਈਂ ਸ਼ਨੀਵਾਰ ਸ਼ਾਮ ਨੂੰ ਹੀ ਘਰ ਆਉਂਦੇ ਸਨ ਤੇ ਸੋਮਵਾਰ ਸਵੇਰੇ ਹੀ ਘਰੋਂ ਨਿਕਲ ਜਾਂਦੇ ਸਨ
ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਸੀ ਪੁਸ਼ਪਿੰਦਰ ਦੇ ਘਰ ਵੀ ਦੋ ਸਾਲ ਦੇ ਵਕਫ਼ੇ ਨਾਲ ਬੇਟੀ ਅਤੇ ਬੇਟੇ ਨੇ ਜਨਮ ਲਿਆ ਸੀ ਦਾਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ ਸੀ
ਹਰ ਰੋਜ਼ ਬੋਹੜ ਸਿੰਘ ਸਵੇਰੇ ਜਾਗ ਜਾਂਦਾ ਸੀ ਤੇ ਨਾਲ ਹੀ ਸੰਤ ਕੌਰ ਨੂੰ ਜਗਾ ਕੇ ਚਾਹ ਬਣਾਉਣ ਲਈ ਕਹਿ ਕੇ ਆਪ ਮੱਝਾਂ ਨੂੰ ਪੱਠੇ ਪਾਉਣ ਦੇ ਆਹਰ ਲੱਗ ਜਾਂਦਾ ਸੀ। ਇੱਕ ਦਿਨ ਕਾਫ਼ੀ ਕਵੇਲੇ ਤੱਕ ਬੋਹੜ ਸਿੰਘ ਜਾਗਿਆ ਨਹੀਂ ਸੀ ਸੰਤ ਕੌਰ ਜਦ ਜਗਾਉਣ ਲਈ ਉਸ ਦੇ ਕਮਰੇ ਵਿਚ ਪਹੁੰਚੀ ਤਾਂ ਉਸ ਦੀਆ ਡਾਡਾਂ ਨਿਕਲ ਗਈਆਂ ਬੋਹੜ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਸੀ। ਸੰਤ ਕੌਰ ਨੇ ਨੂੰਹ ਪੁੱਤਰ ਨੂੰ ਸੁਨੇਹਾ ਭੇਜਿਆ ਸੀ ਬੱਚਿਆਂ ਦੇ ਆਉਣ ਤੇ ਅੰਤਿਮ ਸੰਸਕਾਰ ਦੀ ਰਸਮ ਕਰ ਦਿੱਤੀ ਗਈ ਅਤੇ ਭੋਗ ਤੋਂ ਬਾਦ ਮਾਲ ਡੰਗਰ ਵੇਚ ਕੇ ਆਪਣੀ ਮਾਤਾ ਨੂੰ ਵੀ ਪੁਸ਼ਪਿੰਦਰ ਸ਼ਹਿਰ ਲੈ ਗਿਆ ਸੀ। ਦਾਦੀ ਹੁਣ ਆਪਣੇ ਪੋਤਿਆਂ ਦੀ ਸੇਵਾ ਸੰਭਾਲ ਵਿਚ ਰੁੱਝੀ ਰਹਿੰਦੀ ਸੀ। ਪੋਤੇ ਵੱਡੇ ਹੋ ਗਏ ਸਨ ਕਾਲਜ ਜਾਣ ਲੱਗ ਗਏ ਸੀ।
ਸੰਤ ਕੌਰ ਵਡੇਰੀ ਹੋ ਗਈ ਸੀ ਕੰਮ-ਕਾਰ ਕਰਨ ਵਿਚ ਵੀ ਪਹਿਲੀ ਫੁਰਤੀ ਨਹੀਂ ਸੀ ਰਹਿ ਗਈ ਤੇ ਨਾਲ ਕੁੱਝ ਬਿਮਾਰ ਵੀ ਰਹਿਣ ਲੱਗ ਗਈ ਸੀ। ਸੰਤ ਕੌਰ ਹੁਣ ਮੰਜੇ ਤੇ ਪੈ ਗਈ ਸੀ ਕੋਈ ਵੀ ਕੰਮ ਕਾਰ ਕਰਨ ਤੋਂ ਅਸਮਰਥ ਸੀ। ਉਸਨੂੰ ਹੁਣ ਆਪਣੇ ਬੱਚਿਆਂ ਦੇ ਸਹਾਰੇ ਦੀ ਸਖ਼ਤ ਲੋੜ ਸੀ ਜੋ ਉਸਨੂੰ ਸਮੇਂ ਸਿਰ ਦਵਾਈ ਦਾਰੂ ਅਤੇ ਪਰਸ਼ਾਦਾ ਪਾਣੀ ਦੇ ਸਕਣ। ਸਿਮਰਨ ਕੁੱਝ ਦਿਨ ਤਾਂ ਸੰਤ ਕੌਰ ਨੂੰ ਰੋਟੀ ਦੇਂਦੀ ਰਹੀ ਪਰ ਆਖਰ ਇੱਕ ਦਿਨ ਪੁਸ਼ਪਿੰਦਰ ਨੂੰ ਕਹਿ ਹੀ ਦਿੱਤਾ ਕਿ ਮੇਰੇ ਤੋਂ ਇਹ ਸੇਵਾ ਨਹੀਂ ਹੋ ਸਕਦੀ। ਮੈਂ ਵੀ ਸਾਰਾ ਦਿਨ ਕੰਮ ਕਰਕੇ ਥੱਕੀ ਹੁੰਦੀ ਹਾਂ।
ਦੋਹਾਂ ਨੇ ਸਲਾਹ ਕਰਕੇ ਸੰਤ ਕੌਰ ਨੂੰ ਬਿਰਧ ਆਸ਼ਰਮ ਛੱਡਣ ਦਾ ਫ਼ੈਸਲਾ ਕਰ ਲਿਆ। ਸੰਤ ਕੌਰ ਨੂੰ ਕਹਿ ਦਿੱਤਾ ਮਾਂ ਅਸਾਂ ਡਿਊਟੀ ਜਾਣਾ ਹੁੰਦਾ ਹੈ ਅਸੀਂ ਤੇਰੀ ਇੱਥੇ ਸੰਭਾਲ ਨਹੀਂ ਕਰ ਸਕਦੇ ਤੈਨੂੰ ਅਸੀਂ ਕੁੱਝ ਦਿਨ ਲਈ ਬਿਰਧ ਆਸ਼ਰਮ ਛੱਡ ਦਿੰਦੇ ਹਾਂ ਉੱਥੇ ਤੇਰਾ ਇਲਾਜ ਵੀ ਚੱਲਦਾ ਰਹੇਗਾ ਜਦੋਂ ਤੂੰ ਠੀਕ ਹੋ ਜਾਵੇਂਗੀ ਤਾਂ ਫਿਰ ਘਰ ਲੈ ਆਵਾਂਗੇ।
ਸੰਤ ਕੌਰ ਨੂੰ ਬਿਰਧ ਆਸ਼ਰਮ ਪਹੁੰਚਾ ਦਿੱਤਾ ਗਿਆ ਸੀ। ਇਹ ਇੱਥੇ ਹੋਰ ਐਸੇ ਹੀ ਦੁਖਿਆਰਿਆਂ ਬਜ਼ੁਰਗਾਂ ਵਿਚ ਸ਼ਾਮਲ ਹੋ ਗਈ ਸੀ ਜਿੱਥੇ ਛੱਡਣ ਤੋਂ ਬਾਦ ਕਦੇ ਕੋਈ ਬੱਚਾ ਆਪਣੇ ਮਾਪਿਆਂ ਨੂੰ ਵਾਪਸ ਲੈਣ ਨਹੀਂ ਸੀ ਆਇਆ। ਇੱਥੇ ਕੁੱਝ ਕੂ ਦੂਰੀ ਤੇ ਕੁੱਝ ਫ਼ੁਲ ਖਿੜੇ ਹੋਏ ਸਨ ਜਿੰਨਾ ਨੂੰ ਵੇਖ ਕੇ ਸੰਤ ਕੌਰ ਨੂੰ ਆਪਣਾ ਪ੍ਰਾਣਾਂ ਤੋਂ ਪਿਆਰਾ ਪੁਸ਼ਪਿੰਦਰ ਯਾਦ ਆ ਰਿਹਾ ਸੀ ਜਿਸ ਬਾਰੇ ਉਹ ਸੋਚਦੀ ਸੀ ਕਿ ਇਹਨਾਂ ਫੁੱਲਾਂ ਨੇ ਸੁੰਦਰਤਾ ਅਤੇ ਕੋਮਲਤਾ ਮੇਰੇ ਪੁਸ਼ਪਿੰਦਰ ਕੋਲੋਂ ਹੀ ਲਈ ਹੈ। ਸੰਤ ਕੌਰ ਨੂੰ ਕਦੇ ਖ਼ਿਆਲ ਆਉਂਦਾ ਸੀ ਕਿ ਸ਼ਾਇਦ ਪੁਸ਼ਪਿੰਦਰ ਆਪਣੀ ਸੁੰਦਰਤਾ ਅਤੇ ਕੋਮਲਤਾ ਉਸ ਦਿਨ ਸਦਾ ਵਾਸਤੇ ਹੀ ਇਹਨਾਂ ਫੁੱਲਾਂ ਨੂੰ ਦੇ ਗਿਆ ਹੋਵੇ ਜਿਸ ਦਿਨ ਮੈਨੂੰ ਇੱਥੇ ਛੱਡਣ ਲਈ ਆਇਆ ਸੀ ਅਤੇ ਉਸ ਕੋਲ ਹੁਣ ਸੁੰਦਰਤਾ ਅਤੇ ਕੋਮਲਤਾ ਨਹੀਂ ਬਚੀ। ਉਸ ਕੋਲ ਤਾਂ ਹੁਣ ਕੇਵਲ ਕਠੋਰਤਾ ਅਤੇ ਕੋਝਾਪਣ ਹੀ ਬਚਿਆ ਹੈ।
ਇੱਥੇ ਰਹਿੰਦਿਆਂ ਸੰਤ ਕੌਰ ਨੂੰ ਦੋ ਸਾਲ ਹੋ ਗਏ ਸਨ। ਸਿਹਤ ਬਹੁਤ ਕਮਜ਼ੋਰ ਹੋ ਗਈ ਸੀ ਘਰ ਅਤੇ ਬੱਚਿਆਂ ਦੀ ਯਾਦ ਨੇ ਸੰਤ ਕੌਰ ਦਾ ਦਿਲ ਮਾਨੋ ਛਲਨੀ ਕਰ ਦਿੱਤਾ ਸੀ। ਉਸਨੂੰ ਉਹਨਾ ਦਿਨਾ ਦੀ ਯਾਦ ਆਉਂਦੀ ਆਉਂਦੀ ਸੀ ਕਿਵੇਂ ਉਹ ਪੁਸ਼ਪਿੰਦਰ ਨੂੰ ਗੋਦ ਵਿਚ ਖਿਡਾਉਂਦੀ ਸੀ, ਕਿੰਨੇ ਚਾਵਾਂ ਨਾਲ ਨੂੰਹ ਰਾਣੀ ਨੂੰ ਧੀਆਂ ਦੀ ਤਰ੍ਹਾਂ ਪਿਆਰ ਕਰਦੀ ਸੀ।
ਸੰਤ ਕੌਰ ਆਪਣੇ ਪੋਤੀ ਪੋਤੇ ਨੂੰ ਇੱਕ ਵਾਰ ਫਿਰ ਜੱਫੀ ਪਾਉਣਾ ਚਾਹੁੰਦੀ ਸੀ। ਨੂੰਹ ਅਤੇ ਪੁੱਤਰ ਨੂੰ ਇੱਕ ਵਾਰ ਆਪਣੇ ਸੀਨੇ ਨਾਲ ਲਾਉਣਾ ਲੋਚਦੀ ਸੀ। ਪਾਣੀ ਤੋਂ ਵਿੱਛੜੀ ਮੱਛੀ ਦੀ ਤਰ੍ਹਾਂ ਤੜਫ਼ਦੀ ਸੀ ਪਰ ਕੋਈ ਆਸ ਨਹੀਂ ਕਿ ਕਦੇ ਫਿਰ ਉਹ ਸਮਾਂ ਆਵੇਗਾ। ਘਰ ਦੀਆਂ ਯਾਦਾਂ ਨੇ ਸੰਤ ਕੌਰ ਨੂੰ ਨਿਢਾਲ ਕਰ ਦਿੱਤਾ ਸੀ
ਅਚਨਚੇਤ ਇੱਕ ਦਿਨ ਪੁਸ਼ਪਿੰਦਰ ਦੇ ਫ਼ੋਨ ਦੀ ਬੈੱਲ ਵੱਜੀ ਸੀ। ਕੋਈ ਬੜੇ ਦਰਦ ਭਰੀ ਆਵਾਜ਼ ਵਿਚ ਕਹਿ ਰਿਹਾ ਸੀ ਕਿ ਆਪ ਜੀ ਦੀ ਮਾਤਾ ਜੀ ਦੀ ਸਿਹਤ ਬਹੁਤ ਖ਼ਰਾਬ ਹੈ ਸ਼ਾਇਦ ਉਹ ਹੁਣ ਹੋਰ ਜ਼ਿਆਦਾ ਜਿੰਦਾ ਨਹੀਂ ਰਹਿ ਸਕਣਗੇ। ਬਹੁਤ ਇਲਾਜ ਕੀਤਾ ਹੈ ਪਰ ਉਹਨਾ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋ ਸਕਿਆ। ਉਹ ਹਮੇਸ਼ਾ ਤੁਹਾਨੂੰ, ਤੁਹਾਡੇ ਬੱਚਿਆਂ ਅਤੇ ਤੁਹਾਡੀ ਪਤਨੀ ਬੜੇ ਪਿਆਰ ਨਾਲ ਯਾਦ ਕਰਦੇ ਹਨ। ਇਸ ਲਈ ਕਿਰਪਾ ਕਰਕੇ ਜੇ ਹੋ ਸਕੇ ਤਾਂ ਆਪ ਇੱਕ ਵਾਰ ਆ ਕੇ ਆਪਣੀ ਮਾਤਾ ਜੀ ਨੂੰ ਮਿਲ ਜਾਓ। ਇਹ ਫ਼ੋਨ ਬਿਰਧ ਆਸ਼ਰਮ ਤੋਂ ਆਇਆ ਸੀ।
ਪੁਸ਼ਪਿੰਦਰ ਆਪਣੀ ਪਤਨੀ ਸਮੇਤ ਸੂਟ-ਬੂਟ ਪਾ ਕੇ ਬਿਰਧ ਆਸ਼ਰਮ ਪਹੁੰਚਿਆ ਸੀ। ਸੰਤ ਕੌਰ ਆਪਣੇ ਨੂੰਹ-ਪੁੱਤਰ ਨੂੰ ਸਾਹਮਣੇ ਵੇਖ ਕੇ ਇੱਕ ਵਾਰ ਸਾਰੇ ਦੁੱਖ ਭੁੱਲ ਗਈ ਸੀ। ਆਪਣੇ ਨੂੰਹ ਪੁੱਤਰ ਨੂੰ ਲੰਮੀ ਉਮਰ ਅਤੇ ਸੁਖੀ ਵੱਸਣ ਦੀ ਅਸੀਸ ਦਿੱਤੀ ਸੀ। ਪੁਸ਼ਪਿੰਦਰ ਨੇ ਅਨਮਨੇ ਜਿਹੇ ਮਨ ਨਾਲ ਪੁੱਛਿਆ ਸੀ ਮਾਂ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ।
ਮਾਤ ਨੇ ਥਿੜਕਦੀ ਆਵਾਜ਼ ਵਿਚ ਕਿਹਾ ਸੀ ਮੇਰੇ ਪਿਆਰੇ ਬੇਟੇ ਮੈਂ ਤੇਰੇ ਤੋਂ ਜ਼ਿਆਦਾ ਕੁੱਝ ਨਹੀਂ ਮੰਗਦੀ ਬੇਟਾ ਇਸ ਬਿਰਧ ਆਸ਼ਰਮ ਵਿਚ ਪੱਖੇ ਨਹੀਂ ਹਨ ਬਹੁਤ ਗਰਮੀ ਲਗਦੀ ਹੈ, ਇੱਥੇ ਚਾਰ- ਪੰਜ ਪੱਖੇ ਲਗਵਾ ਦੇਣਾ। ਇੱਥੇ ਫ਼ਰਿਜ ਨਹੀਂ ਹੈ ਖਾਣਾ ਕਈ ਵਾਰ ਖ਼ਰਾਬ ਹੋ ਜਾਂਦਾ ਹੈ ਤੇ ਸਾਨੂੰ ਭੁੱਖਾ ਸੌਣਾ ਪੈਂਦਾ ਹੈ ਹੋ ਸਕੇ ਤਾਂ ਇੱਥੇ ਇੱਕ ਫ਼ਰਿਜ ਦੇ ਦੇਣਾ। ਬੇਟਾ ਇੱਥੇ ਪਾਣੀ ਗਰਮ ਹੋ ਜਾਂਦਾ ਹੈ ਜੋ ਪੀਤਾ ਨਹੀਂ ਜਾਂਦਾ ਇੱਥੇ ਇੱਕ ਵਾਟਰ ਕੂਲਰ ਲਗਵਾ ਦੇਣਾ।
ਸਾਰਾ ਕੁੱਝ ਸੁਣਨ ਤੋਂ ਬਾਦ ਪੁਸ਼ਪਿੰਦਰ ਨੇ ਪੁੱਛਿਆ ਮਾਤਾ ਜੇ ਇੰਨੀ ਤੰਗੀ ਸੀ ਤੂੰ ਪਹਿਲਾਂ ਕਿਉਂ ਨਹੀਂ ਕਿਹਾ। ਹੁਣ ਤਾਂ ਤੇਰਾ ਅੰਤ ਸਮਾ ਹੈ ਹੁਣ ਕਿਉਂ ਕਹਿ ਰਹੀ ਹੈਂ। ਮਾਤਾ ਨੇ ਪੁਸ਼ਪਿੰਦਰ ਦਾ ਪਿਆਰ ਨਾਲ ਮੱਥਾ ਚੁੰਮਿਆ ਗਲਵੱਕੜੀ ਵਿਚ ਲੈ ਕ ਕਿਹਾ ਮੇਰੇ ਪਿਆਰੇ ਬੇਟਾ ਜੀਓ ਮੈਂ ਤਾਂ ਜਿਵੇਂ ਕਿਵੇਂ ਇਹ ਦੁੱਖ ਸਹਾਰ ਲਏ ਨੇ। ਮੈਨੂੰ ਚਿੰਤਾ ਹੈ ਜਦੋਂ ਤੇਰੇ ਬੱਚੇ ਤੈਨੂੰ ਇੱਥੇ ਛੱਡ ਕੇ ਜਾਣਗੇ ਤੂੰ ਤੰਗ ਹੋਵੇਂਗਾ ਤੇਰੇ ਤੋਂ ਇਹ ਦੁੱਖ ਸਹਾਰੇ ਨਹੀਂ ਜਾਣੇ। ਪੁਸ਼ਪਿੰਦਰ ਕੁੱਝ ਬੋਲਦਾ ਉਸ ਤੋਂ ਪਹਿਲਾਂ ਹੀ ਸੰਤ ਕੌਰ ਦੀਆਂ ਬਾਹਾਂ ਪੁਸ਼ਪਿੰਦਰ ਦੇ ਗਲੇ ਚੋਂ ਥੱਲੇ ਡਿਗ ਗਈਆਂ। ਪੁਸ਼ਪਿੰਦਰ ਦੀ ਸੋਹਣੀ ਅਤੇ ਕੋਮਲ ਸੂਰਤ ਆਪਣੇ ਅੰਦਰ ਵਸਾ ਕੇ ਸੰਤ ਕੌਰ ਦੀਆਂ ਅੱਖਾਂ ਸਦਾ ਵਾਸਤੇ ਬੰਦ ਹੋ ਗਈਆਂ

”ਜਿਹੋ ਜਿਹਾ ਵਿਵਹਾਰ ਆਪਣੇ ਬੱਚਿਆਂ ਤੋਂ ਆਪਣੇ ਲਈ ਚਾਹੁੰਦੇ ਹੋ ਉਹੋ ਜਿਹਾ ਵਿਵਹਾਰ ਆਪਣੇ ਮਾਂ ਬਾਪ ਨਾਲ ਕਰੋ”

(ਮੋਹਰ ਸਿੰਘ ਚੰਡੀਗੜ੍ਹ)
+91 9872613340 ; singhmohar172@gmail.com

Install Punjabi Akhbar App

Install
×