ਕਾਰਲਾ ਜ਼ੈਮਪਟੀ (ਏ.ਸੀ.) ਵਾਸਤੇ ਰਾਜ ਪੱਧਰੀਏ ਅੰਤਿਮ ਵਿਦਾਇਗੀ ਸਮਾਗਮ 15 ਅਪ੍ਰੈਲ ਨੂੰ

ਨਿਊ ਸਾਊਥ ਵੇਲਜ਼ ਦੀ ਉਘੀ ਫੈਸ਼ਨ ਡਿਜ਼ਾਈਨਰ ਅਤੇ ਦੁਨੀਆਂ ਭਰ ਵਿੱਚ ਆਪਣੀਆਂ ਕਿਰਤਾਂ ਰਾਹੀਂ ਨਾਮਣਾ ਖੱਟਣ ਵਾਲੀ 78 ਸਾਲਾਂ ਦੀ ਕਾਰਲਾ ਜੈਮਪਟੀ, ਜਿਨ੍ਹਾਂ ਦਾ ਕਿ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨੂੰ ਰਾਜ ਪੱਧਰ ਤੇ ਸ਼ਰਧਾਂਜਲੀ ਅਰਪਿਤ ਕਰਦਿਆਂ, ਉਨ੍ਹਾਂ ਦੀ ਅੰਤਿਮ ਯਾਤਰਾ ਸਬੰਧੀ ਰਾਜ ਸਰਕਾਰ ਵੱਲੋਂ 15 ਅਪ੍ਰੈਲ 2021 ਨੂੰ ਸਵੇਰ ਦੇ 10:30 ਵਜੇ, ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਸ ਆਯੋਜਨ ਨੂੰ ਕਾਰਲਾ ਦੇ ਪਰਿਵਾਰ ਨੇ ਬੜੇ ਮਾਣ ਸਨਮਾਨ ਨਾਲ ਪ੍ਰਵਾਨ ਵੀ ਕਰ ਲਿਆ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਲਾ ਇੱਕ ਅਜਿਹੀ ਸ਼ਖ਼ਸੀਅਤ ਸੀ ਜੋ ਕਿ ਰਾਜ ਪੱਧਰ ਹੀ ਨਈਂ ਸਗੋਂ ਦੇਸ਼ ਅੰਦਰ ਅਤੇ ਸੰਪੂਰਨ ਵਿਸ਼ਵ ਪੱਧਰ ਉਪਰ ਅਜਿਹਾ ਨਾਮਣਾ ਖੱਟ ਸਕੀ ਹੈ ਜਿਸ ਨਾਲ ਕਿ ਆਉਣ ਵਾਲੀਆਂ ਕਈ ਪੀੜ੍ਹੀਆਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ ਅਤੇ ਉਸਦੀਆਂ ਕਾਰਗੁਜ਼ਾਰੀਆਂ ਇੱਕ ਨਹੀਂ ਸਗੋਂ ਕਈ ਚਾਨਣ ਮੁਨਾਰਿਆਂ ਦਾ ਕੰਮ ਕਰਦੀਆਂ ਰਹਿਣਗੀਆਂ।
ਉਨ੍ਹਾਂ ਹੋਰ ਦੱਸਦਿਆਂ ਕਿਹਾ ਕਿ ਸ੍ਰੀਮਤੀ ਜ਼ੈਮਪਟੀ ਨੂੰ 1987 ਵਿੱਚ ਫੈਸ਼ਨ ਦੀ ਦੁਨੀਆ ਵਿੱਚ, ਆਸਟ੍ਰੇਲੀਆ ਦੀ ਬਤੌਰ ‘ਮੈਂਬਰ ਆਫ ਆਰਡਰ’ ਸਥਾਪਤ ਕੀਤਾ ਗਿਆ ਸੀ ਅਤੇ ਇਸਤੋਂ ਬਾਅਦ ਉਨ੍ਹਾਂ ਨੇ 2009 ਵਿੱਚ ਵੀ ਆਰਡਰ ਆਫ ਆਸਟ੍ਰੇਲੀਆ ਮੁਹਿੰਮ ਵਿੱਚ ਖਾਸ ਭੂਮਿਕਾ ਨਿਭਾਈ ਸੀ। ਉਹ ਇੱਕ ਬਹੁਪੱਖੀ ਸ਼ਖ਼ਸੀਅਤ ਸਨ ਅਤੇ ਔਰਤਾਂ ਵਾਸਤੇ ਹਮੇਸ਼ਾ ਹੀ ਪ੍ਰੇਰਨਾ ਦਾ ਸ੍ਰੋਤ ਬਣੇ ਹਨ ਅਤੇ ਭਵਿੱਖ ਵਿੱਚ ਉਨ੍ਹਾਂ ਦੀ ਜ਼ਿੰਦਗੀ ਤੋਂ ਬਹੁਤ ਸਾਰੀਆਂ ਮਹਿਲਾਵਾਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।
1980 ਵਿੱਚ ਉਨ੍ਹਾਂ ਨੂੰ ਦੇਸ਼ ਦੀ ਬਿਜ਼ਨਸ ਵੂਮੇਨ ਦੇ ਖ਼ਿਤਾਬ ਨਾਲ ਨਵਾਜਿਆ ਗਿਆ ਸੀ ਅਤੇ 2008 ਵਿੱਚ ਆਸਟ੍ਰੇਲੀਆਈ ਫੈਸ਼ਲ ਲਿਊਰੀਏਟ ਅਵਾਰਡ ਨਾਲ ਜੋ ਕਿ ਨਿਊ ਸਾਊਥ ਵੇਲਜ਼ ਰਾਜ ਲਈ ਵੀ ਬਹੁਤ ਗਰਵ ਦੀ ਘੜੀ ਸੀ ਅਤੇ ਦੇਸ਼ ਵਿੱਚ ਫੈਸ਼ਨ ਉਦਯੋਗ ਵਿੱਚ ਸਭ ਤੋਂ ਵੱਡੇ ਇਨਾਮ ਦੇ ਤੌਰ ਤੇ ਜਾਣਿਆ ਜਾਂਦਾ ਹੈ।
ਉਨ੍ਹਾਂ ਦੀ ਅੰਤਿਮ ਵਿਦਾਇਗੀ ਸਮਾਰੋਹ ਸੇਂਟ ਮੈਰੀ ਕੈਥਡਰਲ ਚਰਚ ਵਿਖੇ 15 ਅਪ੍ਰੈਲ ਨੂੰ ਸਵੇਰ ਦੇ 10:30 ਵਜੇ ਹੋਵੇਗਾ। ਕੋਵਿਡ-19 ਪ੍ਰਤੀ ਸਾਵਧਾਨੀਆਂ ਦੇ ਮੱਦੇਨਜ਼ਰ, ਚਰਚ ਵਿੱਚ ਐਂਟਰੀ 9:320 ਵਜੇ ਸਵੇਰੇ ਸ਼ੁਰੂ ਹੋਵੇਗੀ ਅਤੇ 10:15 ਤੱਕ ਉਥੇ ਪਹੁੰਚਣ ਵਾਲਿਆਂ ਨੂੰ ਆਪਣੀਆਂ ਸੀਟਾਂ ਉਪਰ ਬੈਠ ਜਾਣਾ ਹੋਵੇਗਾ। ਆਮ ਲੋਕਾਂ ਨੂੰ ਵੀ ਇੱਥੇ ਆਉਣ ਦੀ ਇਜਾਜ਼ਤ ਹੈ ਪਰੰਤੂ ਸੀਟਾਂ ਦੇ ਮੁਤਾਬਿਕ ਹੀ ਐਂਟਰੀ ਹੋ ਸਕੇਗੀ ਅਤੇ ਇਸ ਦੁੱਖ ਦੀ ਘੜੀ ਵਿੱਚ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਘਰਾਂ ਵਿੱਚ ਰਹਿ ਕੇ ਵੀ ਵਿਦਾਇਗੀ ਸਮਾਰੋਹ ਵਿੱਚ ਹਿੱਸਾ ਪਾ ਸਕਦੇ ਹਨ ਕਿਉਂਕਿ ਇਸ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਅਤੇ ਆਪਣੀ ਹਰਮਨ ਪਿਆਰੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰ ਸਕਦੇ ਹਨ। ਜ਼ਿਆਦਾ ਜਾਣਕਾਰੀ ਵਾਸਤੇ https://www.nsw.gov.au/state-funeral-for-carla-zampatti-ac ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×