ਇਜ਼ਰਾਈਲ ‘ਚ ਮੱਚੀ ਭਗਦੜ ਦੌਰਾਨ ਮਾਰੇ ਗਏ ਦਰਜਨਾਂ ਲੋਕਾਂ ਵਿੱਚ ਬ੍ਰਿਟਿਸ਼ ਵਿਅਕਤੀ ਵੀ ਸ਼ਾਮਿਲ

ਗਲਾਸਗੋ/ਲੰਡਨ -ਯੂਕੇ ਦੇ ਵਿਦੇਸ਼ੀ ਦਫ਼ਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਉੱਤਰ ਪੂਰਬ ਇਜ਼ਰਾਈਲ ਵਿੱਚ ਇੱਕ ਧਾਰਮਿਕ ਤਿਉਹਾਰ ਦੌਰਾਨ ਮੱਚੀ ਭਗਦੜ ਦੌਰਾਨ ਤਕਰੀਬਨ 45 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਮ੍ਰਿਤਕਾਂ ਵਿੱਚ ਇੱਕ 24 ਸਾਲਾ ਬ੍ਰਿਟਿਸ਼ ਵਿਅਕਤੀ ਵੀ ਸ਼ਾਮਿਲ ਸੀ। ਮਾਊਂਟ ਮੈਰੋਂ ਵਿੱਚ ਹੋਏ ਹਾਦਸੇ ਵਿੱਚ ਮਰਨ ਵਾਲੇ ਬ੍ਰਿਟਿਸ਼ ਵਿਅਕਤੀ ਦਾ ਨਾਮ ਮੋਸ਼ੇ ਬਰਗਮੈਨ ਦੱਸਿਆ ਜਾਂਦਾ ਹੈ ਅਤੇ ਉਹ ਮਾਨਚੈਸਟਰ ਨਾਲ ਸੰਬੰਧਿਤ ਹੈ। ਉਹ ਇਜ਼ਰਾਈਲ ਵਿਚ ਪੜ੍ਹ ਰਿਹਾ ਸੀ ਅਤੇ ਉਹ ਆਪਣੀ ਪਤਨੀ ਨਾਲ ਅਠਾਰਾਂ ਮਹੀਨਿਆਂ ਤੋਂ ਰਹਿ ਰਿਹਾ ਸੀ। ਇਜ਼ਰਾਈਲ ਵਿੱਚ ਇਹ ਮਾਰੂ ਭਗਦੜ ਉਦੋਂ ਹੋਈ ਜਦੋਂ ਸੈਂਕੜੇ ਲੋਕਾਂ ਨੇ ਲਾਗ ਬਾਓਮਰ ਧਾਰਮਿਕ ਤਿਉਹਾਰ ਦੌਰਾਨ ਪਹਾੜ ਤੋਂ ਹੇਠਾਂ ਆਉਂਦੇ ਇੱਕ ਰਸਤੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਲਗਭਗ 100,000 ਯਹੂਦੀ ਸ਼ਾਮਿਲ ਹੋਏ ਸਨ। ਇਸ ਦੌਰਾਨ ਰਸਤੇ ਦੇ ਅਖੀਰ ਨੇੜੇ ਲੋਕ ਇਕ-ਦੂਜੇ ਦੇ ਉੱਪਰ ਡਿੱਗਣੇ ਸ਼ੁਰੂ ਹੋ ਗਏ। ਪ੍ਰਧਾਨਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਘਟਨਾ ਨੂੰ ਇਜ਼ਰਾਈਲ ‘ਚ ਸਭ ਤੋਂ ਭਿਆਨਕ ਆਫ਼ਤਾਂ ਵਿੱਚੋਂ ਇੱਕ ਦੱਸਿਆ ਅਤੇ ਜਾਂਚ ਸ਼ੁਰੂ ਕਰਨ ਦਾ ਵਾਅਦਾ ਕੀਤਾ। ਇਸਦੇ ਨਾਲ ਹੀ ਬਰਤਾਨੀਆ ਦੀ ਮਹਾਰਾਣੀ ਨੇ ਇਜ਼ਰਾਈਲੀ ਰਾਸ਼ਟਰਪਤੀ ਰੀਉਵੇਨ ਰਿਵਲਿਨ ਨਾਲ ਸ਼ੋਕ ਪ੍ਰਗਟ ਕੀਤਾ। ਇਜ਼ਰਾਈਲ ਵਿੱਚ ਕੋਵਿਡ -19 ਦੀਆਂ ਬਹੁਤੀਆਂ ਪਾਬੰਦੀਆਂ ਹਟਾਉਣ ਤੋਂ ਬਾਅਦ ਇਹ ਤਿਉਹਾਰ ਪਹਿਲਾ ਵੱਡਾ ਧਾਰਮਿਕ ਇਕੱਠ ਸੀ।

Install Punjabi Akhbar App

Install
×