ਸਿਡਨੀ ਦੇ ਸੇਂਟ ਵਿੰਨਸੈਂਟਸ ਹਸਪਤਾਲ ਵਿੱਚ 1000 ਤੋਂ ਵੀ ਜ਼ਿਆਦਾ ਕਰੋਨਾ ਟੈਸਟਾਂ ਦੀ ਗਲਤ ਰਿਪੋਰਟ ਦੀ ਧਾਂਦਲੀ ਸਾਹਮਣੇ ਆਉਣ ਤੇ ਲੋਕਾਂ ਵਿੱਚ ਹੜਕੰਪ ਮਚਿਆ ਦਿਖਾਈ ਦਿੱਤਾ ਅਤੇ ਲੋਕਾਂ ਅੰਦਰ ਸਹਿਮ ਦਾ ਵੀ ਮਾਹੌਲ ਬਣਿਆ ਰਹਿਆ। ਹਸਪਤਾਲ ਦੇ ਅਧਿਕਾਰੀਆਂ ਨੇ ਇਸ ਗਲਤੀ ਨੂੰ ਮੰਨਦਿਆਂ ਹੋਇਆਂ ਦੱਸਿਆ ਕਿ ਹਸਪਤਾਲ ਦੇ ਕਰਮਚਾਰੀਆਂ ਕੋਲੋਂ ਇਹ ਗਲਤੀ ਜਲਦਬਾਜ਼ੀ ਵਿੱਚ ਹੋਈ ਹੈ ਅਤੇ ਇਸ ਕਾਰਨ 1000 ਦੇ ਕਰੀਬ ਲੋਕਾਂ ਨੂੰ ਕੋਵਿਡ-19 ਦਾ ਨੈਗੇਟਿਵ ਟੈਸਟ ਐਲਾਨ ਦਿੱਤਾ ਗਿਆ ਜਦੋਂ ਕਿ ਉਨ੍ਹਾਂ ਦੇ ਟੈਸਟਾਂ ਦੀ ਰਿਪੋਰਟ ਹਾਲੇ ਤੱਕ ਆਈ ਹੀ ਨਹੀਂ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕ੍ਰਿਸਮਿਸ ਦੇ ਦਿਹਾੜੇ ਤੇ, 400 ਲੋਕਾਂ ਨੂੰ ਕੋਵਿਡ-19 ਦੀ ਰਿਪੋਰਟ ਦੇ ਨੈਗੇਟਿਵ ਟੈਸਟ ਦੇ ਦਿੱਤੇ ਗਏ ਜਦੋਂ ਕਿ ਬਾਕਸਿੰਗ ਦਿਹਾੜੇ ਤੇ ਉਨ੍ਹਾਂ ਦੇ ਟੈਸਟ ਪਾਜ਼ਿਟਿਵ ਪਾਏ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਗਲਤੀ ਦਾ ਮੁੱਖ ਕਾਰਨ ਹਰ ਪਾਸੇ ਪਈ ਹੋਈ ਹੜਬੜਾਹਟ ਅਤੇ ਉਤੋਂ ਸਟਾਫ ਮੈਂਬਰਾਂ ਦੀ ਕਮੀ ਹੀ ਹੈ ਅਤੇ ਲੋਕ ਵੀ ਫੌਰੀ ਤੋਰ ਦੀਆਂ ਆਪਣੀਆਂ ਯਾਤਰਾਵਾਂ ਕਾਰਨ ਕਰੋਨਾ ਟੈਸਟ ਕਰਵਾਉਣ ਲਈ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੁੰਦੇ ਹਨ ਅਤੇ ਹਰ ਕਿਸੇ ਨੂੰ ਹੀ ਆਪਣੀ ਨੈਗੇਟਿਵ ਰਿਪੋਰਟ ਸਹੀਬੱਧ ਸਮੇਂ ਅੰਦਰ ਹੀ ਚਾਹੀਦੀ ਹੁੰਦੀ ਹੈ।