ਸਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਹਿਬ ਨੂੰ ਯਾਦ ਕਰਦਿਆਂ…

nnkkash

ਤੇਗ ਬਹਾਦੁਰ ਧਨੀ ਤੇਗ ਦਾ ਆਖਰ ਤੇਗ ਦੇ ਵਿੱਚ ਸਮਾਅ ਗਿਆ।
ਆਪਣਾ ਸੀਸ ਕਟਾ ਕੇ ਬਾਬਾ ਡੁਬਦਾ ਹਿੰਦੂ ਧਰਮ ਬਚਾਅ ਗਿਆ।
ਕੌਣ ਕਿਸੇ ਦੀ ਖਾਤਰ ਮਰਦਾ, ਕੌਣ ਕਿਸੇ ਦੀ ਰਾਖੀ ਕਰਦਾ,
ਇਹ ਤਾਂ ਪਿਉ ਦਾਦੇ ਦੀ ਸਿੱਖਿਆ, ਪੁੱਤ ਦੇ ਕਹੇ ਨੂੰ ਬਾਪ ਪੁਗਾਅ ਗਿਆ।
ਜੇਲਾਂ ਦੇ ਵਿੱਚ ਚੱਕੀਆਂ ਪੀਹ ਕੇ ਨਾਨਕ ਬਾਬੇ ਕਰੀ ਮੁਸੱਕਤ,
ਸਿੱਖੀ ਦੀ ਬੁਨਿਆਦ ਪਕੇਰੀ ਮੁੱਢੋਂ ਜਬਰ ਖਿਲਾਫ ਕਰਾ ਗਿਆ।
ਤੱਤੀ ਤੱਵੀ ਨੂੰ ਸਬਰ ਸਿਦਕ ਨਾਲ ਠੰਡਾ ਕਰਨ ਦੀ ਯੁਗਤ ਸਿਖਾ ਕੇ,
ਪੰਜਵਾਂ ਨਾਨਕ ਅਰਜਣ ਦਾਦਾ ਭਾਣਾ ਮੰਨਣ ਦੀ ਪਿਰਤ ਪਾ ਗਿਆ।
ਸਿੱਖੀ ਸਿਦਕ ਮੂਲ ਨਾ ਡੋਲੇ, ਬੇਸ਼ੱਕ ਸਿਰ ਵੀ ਕੱਟਿਆ ਜਾਵੇ,
ਤਿਲਕ ਜੰਝੂ ਦੀ ਰਾਖੀ ਖਾਤਰ,ਸਿਰ ਦੇਹ ਬਾਬਾ ਸਿਰੜ ਕਮਾਅ ਗਿਆ।
ਕੋਈ ਮੰਨੇ ਜਾ ਨਾ ਮੰਨੇ, ਇਹ ਤਾਂ ਵਸ ਹੈ ਅਹਿਸਾਨ ਫ਼ਰਾਮੋਸ਼ੀ,
ਅੱਜ ਸਿੱਖੀ ਦੇ ਦੁਸ਼ਮਣ ਬਣਗੇ ਜਿੰਨਾਂ ਦੀ ਬਾਬਾ ਹੋਂਦ ਬਚਾਅ ਗਿਆ।
ਤੇਗ ਬਹਾਦੁਰ ਹਿੰਦ ਦੀ ਚਾਦਰ,ਬੇਸ਼ੱਕ ਕਹਿਣਾ ਭੁੱਲੇ ਭਾਰਤੀ,
ਪਰ ਇਤਿਹਾਸ ਦੇ ਪੰਨਿਆਂ ਉੱਤੇ ਜੋ ਵੀ ਬਾਬਾ ਪੈੜਾਂ ਪਾ ਗਿਆ।
ਉਹਨਾਂ ਨੂੰ ਕੋਈ ਮੇਟ ਨਹੀ ਸਕਿਆ,ਮੋਦੀ,ਇੰਦਰਾ ਜਾਂ ਅਬਦਾਲੀ,
ਹਿੰਦੂ ਧਰਮ ਦੇ ਮੱਥੇ ਤੇ ਬਾਬਾ ਆਪਣੇ ਖੂੰਨ ਦਾ ਤਿਲਕ ਲਾ ਗਿਆ।
ਜਬਰ ਜੁਲਮ ਨਾਲ ਟੱਕਰ ਲੈਣੀ ਸਿੱਖੀ ਦੇ ਹਿੱਸੇ ਵਿੱਚ ਆਈ,
ਨਾਨਕ ਸਿੱਖੀ ਦੇ ਵਿੱਚ ਕਰਨਾ ਸਾਨੂੰ ਸਰਬਤ ਦਾ ਭਲਾ ਸਿਖਾਅ ਗਿਆ।

Install Punjabi Akhbar App

Install
×