ਮੈਲਬੌਰਨ ਤੋਂ ਸਤਿਕਾਰ ਸਹਿਤ ਨਿਊਜ਼ੀਲੈਂਡ ਪਹੁੰਚੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ 18 ਸਰੂਪ

NZ PIC 5 Sep-1
ਸ਼ਬਦ ਗੁਰੂ, ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 18 ਪਾਵਨ ਸਰੂਪ ਅੱਜ ਮੈਲਬੌਰਨ ਤੋਂ ਬੜੇ ਸਤਿਕਾਰ ਸਹਿਤ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਦੁਪਹਿਰ 2 ਵਜੇ ਪਹੁੰਚੇ। ਆਸਟਰੇਲੀਆ ਨਿਵਾਸੀ ਸ. ਜਤਿੰਦਰਪਾਲ ਸਿੰਘ ਉਪਲ ਪਰਿਵਾਰ ਦੇ ਸਹਿਯੋਗ ਸਦਕਾ ਅੱਜ ਤੜਕੇ 3 ਵਜੇ ਇਨ੍ਹਾਂ ਸਰੂਪਾਂ ਨੂੰ ਨਿਊਜ਼ੀਲੈਂਡ ਭੇਜਣ ਦੀ ਤਿਆਰੀ ਹੋਣ ਲੱਗੀ। 40 ਸੇਵਾਦਾਰਾਂ ਦਾ ਜੱਥਾ ਤਿਆਰ ਬਰ ਤਿਆਰ ਸੀ। ਸਵੇਰੇ 5 ਵਜੇ ਗੁਰਦੁਆਰਾ ਸਾਹਿਬ ਬਲੈਕਬਰਨ ਮੈਲਬੋਰਨ ਵਿਖੇ ਵਿਸ਼ੇਸ਼ ਵਿਦਾਇਗੀ ਸਮਾਗਮ ਰੱਖਿਆ ਗਿਆ ਸੀ। ਮੈਲਬੌਰਨ ਹਵਾਈ ਅੱਡੇ ਉਤੇ ਏਅਰਪੋਰਟ ਅਥਾਰਟੀ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ ਅਤੇ ਜਿਵੇਂ ਹੀ ਗੁਰੂ ਸਾਹਿਬਾਂ ਦੇ ਪਾਵਨ ਸਰੂਪ ਲਗਪਗ 40 ਸਿੰਘ-ਸਿੰਘਣੀਆ ਦਾ ਜੱਥਾ ਹਵਾਈ ਅੱਡੇ ਅੰਦਰ ਸਿਰਾਂ ਉਤੇ ਸਜਾ ਕੇ ਦਾਖਲ ਹੋਇਆ ਤਾਂ ਸਾਰਿਆਂ ਨੂੰ ਪਹਿਲ ਦੇ ਅਧਾਰ ਉਤੇ ਡਿਪਾਰਚਰ ਗੇਟ ਵੱਲ ਭੇਜਿਆ ਗਿਆ। ਉਪਰ ਪਰਿਵਾਰ ਤੋਂ ਸ. ਰਾਜਾ ਸਿੰਘ ਉਪਲ ਅਤੇ ਸ੍ਰੀ ਰਵੀ ਵਾਲੀਆ ਨੂੰ ਜ਼ਹਾਜ ਦੇ ਦਰਵਾਜੇ ਤੱਕ ਗੁਰੂ ਸਾਹਿਬਾਂ ਨੂੰ ਵਿਦਾਇਗੀ ਦੇਣ ਲਈ ਵਿਸ਼ੇਸ਼ ਆਗਿਆ ਦਿੱਤੀ ਗਈ। ਜ਼ਹਾਜ ਦੇ ਪਿਛਲੀਆਂ 6 ਸੀਟਾਂ ਦੀਆਂ ਲਾਈਨਾਂ ਰਾਖਵੀਆਂ ਰੱਖੀਆਂ ਗਈਆਂ ਸਨ। ਏਅਰ ਕਰਿਊ ਨੇ ਵੀ ਸਤਿਕਾਰ ਸਾਹਿਤ ਸਾਰਿਆਂ ਨੂੰ ਸਹਿਯੋਗ ਦਿੱਤਾ।
ਆਕਲੈਂਡ ਹਵਾਈ ਅੱਡੇ ਉਤੇ ਜਿੱਥੇ ਸੈਂਕੜਿਆਂ ਦੀ ਗਿਣਤੀ ਵਿਚ ਸੰਗਤ ਸਵਾਗਤ ਲਈ ਗਈ ਹੋਈ ਸੀ, ਉਥੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਵੀ ਵੱਡੀ ਗਿਣਤੀ ਦੇ ਵਿਚ ਸੰਗਤਾਂ ਗੁਰੂ ਸਾਹਿਬਾਂ ਦੇ ਸਤਿਕਾਰ ਵਾਸਤੇ ਦੁਪਹਿਰ 2 ਵਜੇ ਤੋਂ ਉਡੀਕ ਵਿਚ ਸਨ। ਪੰਜ ਪਿਆਰਿਆਂ ਨੂੰ ਹਵਾਈ ਅੱਡੇ ਦੇ ਅੰਦਰ ਜਾਣ ਦੀ ਆਗਿਆ ਦਿੱਤੀ ਗਈ ਸੀ ਤਾਂ ਕਿ ਗੁਰੂ ਸਾਹਿਬਾਂ ਦੇ ਕਾਫਲੇ ਦੀ ਅਗਵਾਈ ਕੀਤੀ ਜਾ ਸਕੇ। ਢਾਈ ਕੁ ਵਜੇ ਜੈਕਾਰਿਆਂ ਦੀ ਗੂੰਜ ਵਿਚ ਅਤੇ ਨਾਮ ਸਿਮਰਨ ਕਰਦਿਆਂ ਇਹ ਸਰੂਪ ਲਗਪਗ ਪੌਣੇ ਚਾਰ ਵਜੇ ਇਕ ਵਿਸ਼ੇਸ਼ ਲਗਜ਼ਰੀ ਬੱਸ ਰਾਹੀਂ ਗੁਰਦੁਆਰਾ ਨਾਨਕਸਰ ਵਿਖੇ ਪੁੰਜੇ। ਲਾਲ ਰੰਗ ਦੇ ਵਿਛਾਏ ਕਾਰਪੈਟ ਉਤੋਂ ਗੁਰੂ ਸਾਹਿਬਾਂ ਨੂੰ ਦਰਬਾਰ ਸਾਹਿਬ ਹਾਲ ਲਿਜਾਇਆ ਗਿਆ।  ਇਸ ਅਸਥਾਨ ਤੋਂ ਤਿੰਨ ਸਰੂਪ ਗੁਰਦੁਆਰਾ ਸਾਹਿਬ ਟੀ ਪੁੱਕੀ, ਦੋ ਸਰੂਪ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ, ਦੋ ਸਰੂਪ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਹਮਿਲਟਨ ਵਿਖੇ ਦੋ ਗੁਰਦੁਆਰਾ ਸਾਹਿਬਾਨਾਂ ਵਾਸਤੇ ਪ੍ਰਤੀ ਇਕ ਅਤੇ 6 ਸਰੂਪ ਸਥਾਨਕ ਪਰਿਵਾਰਾਂ ਨੇ ਵੀ ਪ੍ਰਾਪਤ  ਕੀਤੇ । ਤਿੰਨ ਸਰੂਪ ਗੁਰਦੁਆਰਾ ਸਾਹਿਬ ਨਾਨਕਸਰ ਵਿਖੇ ਰੱਖੇ ਗਏ ਹਨ। ਗੁਰਦੁਆਰਾ ਨਾਨਕਸਰ ਠਾਠ ਵਿਖੇ ਬਾਬਾ ਅਮਰ ਸਿੰਘ ਬੜੂੰਦੀ ਵਾਲੇ ਵੀ ਵਿਸ਼ੇਸ਼ ਤੌਰ ‘ਤੇ ਪੁਹੰਚੇ ਹੋਏ ਸਨ। ਉਨ੍ਹੰਾਂ ਸ਼ਾਮ ਦੇ ਦੀਵਾਨ ਦੇ ਵਿਚ ਭਾਈ ਧੰਨਾ ਸਿੰਘ ਵੱਲੋਂ ਕੀਰਤਨ ਕਥਾ ਰਾਹੀਂ ਹਾਜ਼ਰੀ ਲਗਵਾਈ ਅਤੇ ਜਦ ਕਿ ਬਾਬਾ ਅਮਰ ਸਿੰਘ ਹੋਰੰ ਸੰਗਤਾਂ ਨੂੰ ਗੁਰਬਾਣੀ ਬਚਨਾਂ ਰਾਹੀਂ ਜੋੜਿਆ। ਨਿਊਜੀਲੈਂਡ ਦੀ ਸੰਗਤ ਵੱਲੋਂ ਮੈਲਬੌਰਨ ਦੀ ਸਾਧ ਸੰਗਤ, ਉਪਰ ਪਰਿਵਾਰ, ਏਅਰ ਨਿਊਜ਼ੀਲੈਂਡ ਤੋਂ ਸ. ਹਰਦਿਆਲ ਸਿੰਘ ਅਤੇ ਆਸਟਰੇਲੀਆ ਤੋਂ ਪੁੱਜੇ ਸੇਵਾਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ: ਜਿਵੇਂ ਹੀ ਸ਼ਾਮ 7 ਕੁ ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਇਥੇ ਪਹੁੰਚੇ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਏ। ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਗੁਰੂ ਸਾਹਿਬਾਂ ਨੂੰ ਸੁੱਖ ਆਸਣ ਸਥਾਨ ਤੱਕ ਲਿਜਾਇਆ ਗਿਆ। ਵਿਸ਼ੇਸ਼ ਕੀਰਤਨ ਦੀਵਾਨ ਸਜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

Install Punjabi Akhbar App

Install
×