ਸ੍ਰੀ ਗੁਰੂ ਰਵਿਦਾਸ ਜੀ ਦੇ 639ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ 8 ਜਨਵਰੀ ਤੋਂ ਪ੍ਰਤੇਕ ਹਫਤੇ ਅੱਠ ਅਖੰਠ ਪਾਠਾਂ ਦੀ ਲੜੀ ਆਰੰਭ ਹੈ। ਅੱਜ ਗੁਰਦੁਆਰਾ ਸਾਹਿਬ ਵਿਖੇ ਪੰਜਵੇਂ ਅਖੰਠ ਪਾਠ ਦੇ ਪਏ ਭੋਗ ਮੌਕੇ ਭਾਰੀ ਗਿਣਤੀ ਦੇ ਵਿਚ ਸੰਗਤਾਂ ਜੁੜੀਆਂ। ਮਾਤਾ ਸਵਰਨ ਕੌਰ ਝੱਮਟ, ਸ. ਰਵਿੰਦਰ ਸਿੰਘ ਝਮਟ ਅਤੇ ਸ. ਕੁਲਵਿੰਦਰ ਸਿੰਘ ਝੱਮਟ ਜੰਡੂ ਸਿੰਘਾ ਵਾਲਿਆਂ ਦੇ ਪਰਿਵਾਰ ਵੱਲੋਂ ਕਰਵਾਏ ਗਏ ਅੱਜ ਦੇ ਸਮਾਗਮ ਵਿਚ ਭਾਰੀ ਗਿਣਤੀ ਦੇ ਵਿਚ ਸੰਗਤਾਂ ਜੁੜੀਆਂ। ਸਜੇ ਦੀਵਾਨ ਦੇ ਵਿਚ ਹਜ਼ੂਰੀ ਰਾਗੀ ਭਾਈ ਮਨਜੀਤ ਸਿੰਘ ਹੁਸ਼ਿਆਰਪੁਰ ਵਾਲਿਆਂ ਦੇ ਰਾਗੀ ਜੱਥੇ ਨੇ ਜਿੱਥੇ ਸ਼ਬਦ ਗੁਰਬਾਣੀ ਨਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਉਥੇ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੰਤ ਨਿਰਮਲ ਸਿੰਘ ਅਵਾਦਾਨ ਜਲੰਧਰ ਵਾਲਿਆਂ ਵੀ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਹਾਜ਼ਰੀ ਭਰਨ ਆਈ ਮੈਂਬਰ ਪਾਰਲੀਮੈਂਟ ਸ੍ਰੀਮਤੀ ਪਰਮਜੀਤ ਕੌਰ ਪਰਮਾਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਬੰਧਕਾਂ ਵੱਲੋਂ ਮਾਤਾ ਸਵਰਨ ਕੌਰ ਝੱਮਟ ਅਤੇ ਅੰਬੇਡਕਰ ਸਪੋਰਟਸ ਕਲੱਬ ਦੇ ਲਾਈਫ ਟਾਈਮ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸੰਗਤਾਂ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸ. ਪ੍ਰਿਥੀਪਾਲ ਸਿੰਘ ਬਸਰਾ, ਸ. ਕਰਨੈਲ ਸਿੰਘ ਬੱਧਣ, ਹੇਸਟਿੰਗਜ਼ ਤੋਂ ਸ੍ਰੀ ਮੋਹਨ ਲਾਲ ਸੰਧਰ ਤੇ ਸ. ਮਲਕੀਤ ਸਿੰਘ ਸਹੋਤਾ ਸ਼ਾਮਿਲ ਸਨ। ਪ੍ਰਧਾਨ ਸ. ਨਿਰਮਲਜੀਤ ਸਿੰਘ ਭੱਟੀ ਵੱਲੋਂ ਸ. ਕੁਲਵਿੰਦਰ ਸਿੰਘ ਝੱਮਟ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।