ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਗਠਨ ਕੋਰ ਕਮੇਟੀ ਨੇ ਹਾਲ ਵਿਚ ਹੀ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਰਾਮਦਿਵਾਲੀ ਮੁਸਲਮਾਨਾਂ ਅਤੇ ਥੋਥੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਮੰਗ ਕੀਤੀ ਹੈ ਕਿ ਇਸ ਸਬੰਧੀ ਵਿਧਾਨ ਸਭਾ ਦੇ ਚਾਲੂ ਸ਼ੈਸ਼ਨ ਵਿਚ ਸੁਹਿਰਦਤਾ ਨਾਲ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਰਗਾੜੀ ਕਾਂਡ ਤੋਂ ਲੈ ਕੇ ਹੁਣ ਤੱਕ ਅਜਿਹੀਆਂ ਘਟਨਾਵਾਂ ਪ੍ਰਤੀ ਢੁਕਵੀਂ ਕਾਰਵਾਈ ਵਿਚ ਅਸਫਲ ਰਹਿਣ ਲਈ ਸਿੱਖ ਕੌਮ ਅਤੇ ਸਮੁੱਚੀ ਮਾਨਵਤਾ ਤੋਂ ਮੁਆਫੀ ਮੰਗਦਿਆਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿਵਾਉਣ ਵਾਲਾ ਬਿਲ ਪਾਸ ਕਰਨਾ ਚਾਹੀਦਾ ਹੈ। ਇਸੇ ਤਰਾ੍ਹਂ ਦੇਸ਼-ਵਿਦੇਸ਼ ਵਿਚ ਕਿਤੇ ਵੀ ਅਜਿਹੀ ਘਟਨਾ ਨਾਲ ਸਬੰਧਤ ਮੁਲਜ਼ਮਾਂ ਨੂੰ ਨੱਥ ਪਾਉਣ ਲਈ ਕੇਂਦਰ ਵਲੋਂ ਦੋਹਾਂ ਸਦਨਾਂ ਵਿਚ ਖਾਸ ਬਿਲ ਪਾਸ ਕੀਤਾ ਜਾਣਾ ਚਾਹੀਦਾ ਹੈ।
ਪੰਥਕ ਤਾਲਮੇਲ ਸੰਗਠਨ ਨੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਤੇ ਵੀ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਘਟਨਾਵਾਂ ਵਿਚ ਹੱਥ ਆਏ ਦੋਸ਼ੀਆਂ ਨੂੰ ਚੋਰ, ਨਸ਼ੇੜੀ ਅਤੇ ਪਾਗਲ ਦੀ ਮਾਨਤਾ ਦੇ ਕੇ ਉਹਨਾਂ ਦੇ ਬਚਾਅ ਪੱਖ ਨੂੰ ਮਜ਼ਬੂਤ ਕੀਤਾ ਹੈ। ਜਦ ਕਿ ਕੌਮ ਦੀ ਮੰਗ ਰਹੀ ਹੈ ਕਿ ਇਸ ਸਮੁੱਚੇ ਲੜੀਬੱਧ ਘਟਨਾਕ੍ਰਮ ਪਿੱਛੇ ਕੰਮ ਕਰ ਰਹੀ ਮਾਨਸਿਕਤਾ ਅਤੇ ਏਜੰਸੀ ਨੂੰ ਜ਼ਾਹਰ ਕੀਤਾ ਜਾਵੇ। ਪਰ ਅੱਜ ਤੱਕ ਪੀੜਾ ਵਿਚ ਵਾਧਾ ਹੀ ਹੋਇਆ ਹੈ ਅਤੇ ਪਾੜਾ ਵਧ ਰਿਹਾ ਹੈ। ਸੰਗਠਨ ਨੇ ਗੁਰਦੁਆਰਿਆਂ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਸੁਰੱਖਿਆ ਅਤੇ ਸੇਵਾ ਸੰਭਾਲ ਲਈ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ।
ਪੰਥਕ ਤਾਲਮੇਲ ਸੰਗਠਨ
9592093472, 9814898802,
9814921297, 9815193839, 9888353957