ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ, ਲਿੱਪੀ, ਛੰਦ, ਅਲੰਕਾਰ, ਗੀਤਕਾਰ ਦਾ ਵਡਮੁੱਲਾ ਖਜਾਨਾ ਹੈ -ਡਾ. ਸਵਰਾਜ ਸਿੰਘ

001 (1)

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕਰਵਾਈ ਗਈ ਮੀਤ ਸਕਰੌਦੀ ਦੀ ਗੀਤਕਾਰੀ ਬਾਰੇ ਵਿਚਾਰ ਗੋਸ਼ਟੀ ਵਿਚ ਸਮਾਗਮ ਦੇ ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਉਪਰੋਕਤ ਸ਼ਬਦ ਕਹੇ। ਮੀਤ ਸਕਰੌਦੀ ਦੀ ਗੀਤਕਾਰੀ ਬਾਰੇ ਚਰਚਾ ਛੇੜਦਿਆਂ ਡਾ. ਸਵਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਅਤੇ ਤਸੱਲੀ ਹੋਈ ਕਿ ਗੁਰਮਤਿ ਫਿਲਾਸਫੀ ਦੀ ਨੈਤਿਕ ਮੁੱਲਾਂ ਦੀ ਪਹਿਚਾਣ ਕਰਦੀ ਗੀਤਕਾਰੀ ਅੱਜ ਦੇ ਸਮਾਗਮ ਵਿੱਚ ਮੀਤ ਸਕਰੌਦੀ ਜੀ ਨੇ ਪੇਸ਼ ਕੀਤੀ ਹੈ, ਪੱਛਮੀ ਭੋਗੀ ਜੀਵਨ ਮੁੱਲਾਂ ਨੂੰ ਰੱਦ ਕਰਕੇ ਪੂਰਬੀ ਕਰਤਾਰੀ ਮੁੱਲਾਂ ਨੂੰ ਮਾਨਤਾ ਦੇਣਾ ਅੱਜ ਦੇ ਗੀਤਕਾਰਾਂ, ਲੇਖਕਾਂ ਦਾ ਫਰਜ ਬਣਦਾ ਹੈ। ਉਪਰੰਤ ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਨੇ ਸਮੁੱਚੇ ਸਮਾਗਮ ਦੇ ਰੂਪ ਰੇਖਾ ਨਿਰਧਾਰਤ ਕਰਨ ਅਤੇ ਇਸ ਸਮਾਗਮ ਵਿਚ ਡਾ. ਰਾਜ ਕੁਮਾਰ ਗਰਗ ਲੋਕਅਰਪਣ ਕੀਤੀ ਜਾ ਰਹੀ ਪੁਸਤਕ ‘ਪੰਜਾਬ ਦੀ ਖੇਤੀਬਾੜੀ ਸਮੱਸਿਆਵਾਂ ਦੇ ਹੱਲ’ ਬਾਰੇ ਵਿਸਥਾਰ ਵਿਚ ਵਿਚਾਰ ਦਿੱਤੇ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰਾ ਯੂਨੀਵਰਸਿਟੀ, ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਪਵਨ ਹਰਚੰਦਪੁਰੀ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਡਾ. ਸਵਰਾਜ ਸਿੰਘ (ਮੁੱਖ ਮਹਿਮਾਨ), ਡਾ. ਦਵਿੰਦਰ ਕੌਰ, ਮੀਤ ਸਕਰੌਦੀ ਪ੍ਰਸਿੱਧ ਗੀਤਕਾਰ, ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸ਼ਾਮਲ ਹੋਏ।

ਸਮਾਗਮ ਦਾ ਆਰੰਭ ਅਮਰੀਕ ਗਾਗਾ ਵੱਲੋਂ ਪੇਸ਼ ਕੀਤੇ ਬਸੰਤ ਸੰਬੰਧੀ ਗੀਤ ਨਾਲ ਹੋਇਆ। ਉਪਰੰਤ ਡਾ. ਰਾਜ ਕੁਮਾਰ ਗਰਗ ਦੀ ਪੁਸਤਕ ‘ਖੇਤੀਬਾੜੀ ਸੰਬੰਧੀ ਸਮੱਸਿਆਵਾਂ ਦੇ ਹੱਲ’ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ। ਡਾ. ਰਾਜ ਕੁਮਾਰ ਗਰਗ ਜੀ ਗੰਭੀਰ ਬਿਮਾਰ ਹੋਣ ਕਾਰਨ ਇਸ ਸਮਾਗਮ ਵਿਚ ਹਾਜਰ ਨਹੀਂ ਹੋ ਸਕੇ ਪਰ ਉਨ੍ਹਾਂ ਦੀ ਪੁੱਤਰ ਨਵਦੀਪ ਗਰਗ ਅਤੇ ਪੋਤੇ ਗੌਰਵ ਗਰਗ ਇਸ ਪੁਸਤਕ ਰਲੀਜ਼ ਰਸਮ ਵਿਚ ਹਾਜ਼ਰ ਹੋਏ। ਪੁਸਤਕ ਬਾਰੇ ਡਾ. ਤੇਜਵੰਤ ਮਾਨ ਨੇ ਕਿਹਾ ਕਿ ਇਹ ਪੁਸਤਕ ਖੇਤੀਬਾੜੀ ਵਿਸ਼ੇ ਬਾਰੇ ਅਕਾਦਮਿਕ ਪੱਧਰ ਦੀ ਮਹੱਤਵਪੂਰਨ ਪੁਸਤਕ ਹੈ, ਇਹ ਪੁਸਤਕ ਇਸ ਸਿਧਾਂਤ ਨੂੰ ਭਲੀ ਭਾਂਤ ਸਿੱਧ ਕਰਦੀ ਕਿ ਸਾਇੰਸ ਦੇ ਵਿਸ਼ਿਆਂ ਨੂੰ ਪੰਜਾਬੀ ਭਾਵ ਮਾਤਾ ਭਾਸ਼ਾ ਵਿੱਚ ਹੀ ਪੜ੍ਹਾਇਆ ਜਾਣਾ ਚਾਹੀਦਾ ਹੈ।

ਉਪਰੰਤ ਮੀਤ ਸਕਰੌਦੀ ਨੇ ਆਪਣੀ ਗੀਤਕਾਰੀ ਦੀ ਰਚਨਾਤਮਕ ਕਿਰਿਆ ਬਾਰੇ ਅਤੇ ਜੀਵਨ ਰਾਓ ਬਾਰੇ ਵਿਸਥਾਰ ਵਿਚ ਗਲ ਕਰਦਿਆਂ ਬੜੇ ਹੀ ਉੱਚ ਪਾਏ ਦੇ ਆਪਣੇ ਗੀਤ ਸਮਾਗਮ ਵਿਚ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਗੀਤਕਾਰ ਨੂੰ ਜਿਥੇ ਆਲੇ ਦੁਆਲੇ ਦੀ ਜੀਵਨਧਾਰਾ ਪ੍ਰਭਾਵਿਤ ਕਰਦੀ ਹੈ, ਉਥੇ ਉਸ ਗੀਤਕਾਰ ਦਾ ਵਿਰਾਸਤੀ ਪਿਛੋਕੜ ਵੀ ਬਹੁਤ ਪ੍ਰਭਾਵਤ ਕਰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੇਰੀ ਗੀਤਕਾਰੀ ਦੀ ਨੈਤਿਕ ਪਹਿਚਾਣ ਉਨ੍ਹਾਂ ਦੀ ਦਾਦੀ ਜੀ ਦੀ ਸਿੱਖਿਆ ਦਾ ਨਤੀਜਾ ਹੈ। ਉਨ੍ਹਾਂ ਕਿਹਾ ਭਾਵੇਂ ਉਨ੍ਹਾਂ ਨੇ ਦੁਨਿਆਵੀ ਸੁੱਖਾਂ, ਦੁੱਖਾਂ, ਖੁਸ਼ੀਆਂ, ਇੱਛਾਵਾਂ, ਭਾਵਨਾਵਾਂ ਬਾਰੇ ਵੀ ਗੀਤ ਲਿਖੇ ਹਨ, ਪਰ ਗੁਰਮਤਿ ਸਿਧਾਂਤ ਦੀ ਅਗਵਾਈ ਵਿਚ ਬਹੁਤ ਸਾਰੇ ਗੀਤ ਆਤਮ ਸ਼ੁੱਧੀ ਨਾਲ ਸੰਬੰਧਤ ਵੀ ਲਿਖੇ ਹਨ। ਉਪਰੰਤ ਮੀਤ ਸਕਰੌਦੀ ਜੀ ਦੇ ਪੰਜ ਗੀਤ ਪ੍ਰੀਤ ਪਾਠਕ ਧਨੌਲਾ ਨੇ ਗਾ ਕੇ ਸੁਣਾਏ।

ਮੀਤ ਸਕਰੌਦੀ ਜੀ ਦੀ ਗੀਤਕਾਰੀ ਬਾਰੇ ਵਿਚਾਰ ਪੇਸ਼ ਕਰਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਗੀਤਕਾਰ ਨੇ ਆਪਣੀ ਰਚਨਾ ਨੂੰ ਕਿਰਤ ਦੇ ਸਹਿਤ ਸੰਕਲਪ ਨਾਲ ਜੋੜ ਕੇ ਰੱਖਿਆ ਹੈ। ਅੱਜ ਪੰਜਾਬੀ ਗੀਤਕਾਰੀ ਦਾ ਬਹੁਤਾ ਹਿੱਸਾ ਪੂੰਜੀਮੰਡੀ ਅਧਾਰਤ ਉਤਪਾਦੀ ਵਿਕਾਸ ਮਾਡਲ ਦੀ ਭੋਗਵਾਦੀ ਪ੍ਰਵਿਰਤੀ ਦਾ ਸ਼ਿਕਾਰ ਹੋ ਚੁੱਕਿਆ ਹੈ। ਅੱਜ ਗੀਤਕਾਰੀ ਸਿਰਜਨਾ ਨਾ ਹੋ ਕੇ ਉਤਪਾਦਨ ਬਣ ਚੁੱਕੀ ਹੈ, ਜੋ ਸਾਡੀ ਨੈਤਿਕ ਕੀਮਤਾਂ ਦੇ ਨਿਘਾਰ ਦਾ ਕਾਰਨ ਬਣ ਰਹੀ ਹੈ। ਮੀਤ ਸਕਰੌਦੀ ਦੀ ਗੀਤਕਾਰੀ ਦਾ ਕੇਂਦਰ ‘ਸਰਬੱਤ ਦਾ ਭਲਾ’ ਹੈ ਜੋ ਗੁਰਮਤਿ ਵਿਚਾਰਧਾਰਾ ਦੀ ਮੂਲਚੂਲ ਹੈ। ਮੀਤ ਸਕਰੌਦੀ ਜੀ ਦੀ ਗੀਤਕਾਰੀ ਸੰਬੰਧੀ ਪਵਨ ਹਰਚੰਦਪੁਰੀ, ਜੋਰਾ ਸਿੰਘ ਮੰਡੇਰੇ, ਡਾ. ਦਵਿੰਦਰ ਕੌਰ, ਭੋਲਾ ਸਿੰਘ ਸੰਗਰਾਮੀ, ਗੁਰਨਾਮ ਸਿੰਘ, ਜੰਗ ਸਿੰਘ ਫੱਟੜ, ਗੁਰਚਰਨ ਸਿੰਘ ਢੀਂਡਸਾ, ਚਰਨਜੀਤ ਕੌਰ, ਭੁਪਿੰਦਰ ਸਿੰਘ ਬੋਪਾਰਾਏ ਨੇ ਵੀ ਵਿਚਾਰ ਪੇਸ਼ ਕੀਤੇ। ਉਪਰੰਤ ਡਾ. ਨਰਵਿੰਦਰ ਸਿੰਘ ਕੌਸ਼ਲ, ਜੋ 3 ਤੋਂ 5 ਫਰਵਰੀ 2019 ਤੱਕ ਹੋਈ ਲਾਹੌਰ ਕੌਮਾਂਤਰੀ ਅਮਨ ਕਾਨਫਰੰਸ ਵਿਚ ਹਿੱਸਾ ਲੈਣ ਗਏ ਸਨ, ਤੇ ਕਾਨਫਰੰਸ ਬਾਰੇ ਆਪਣੇ ਅਨੁਭਵ ਵਿਸਥਾਰ ਵਿਚ ਪੇਸ਼ ਕੀਤੇ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨਹਿੰਦੋਸਤਾਨ ਦੇ ਸੰਬੰਧ ਸੁਧਾਰਨ ਲਈ ਅਜਿਹੀਆਂ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਹਨ।

ਉਪਰੰਤ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਮੀਤ ਸਕਰੌਦੀ, ਨਵਦੀਪ ਗਰਗ, ਡਾ. ਸਵਰਾਜ ਸਿੰਘ, ਡਾ. ਨਰਵਿੰਦਰ ਕੌਸ਼ਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਨਮਾਨ ਪੱਤਰ ਅਮਰੀਕ ਗਾਗਾ ਨੇ ਪੜ੍ਹੇ ਕਵੀ ਦਰਬਾਰ ਹੋਇਆ ਜਿਸ ਵਿੱਚ ਦਲਵਾਰ ਸਿੰਘ ਫੌਜੀ, ਅਮਰੀਕ ਗਾਗ, ਜੀਤ ਹਰਜੀਤ, ਬਲਜਿੰਦਰ ਈਲਵਾਲ, ਜੰਗ ਸਿੰਘ ਫੱਟੜ, ਭੋਲਾ ਸਿੰਘ ਸੰਗਰਾਮੀ, ਜਸਵੰਤ ਸਿੰਘ ਅਸਮਾਨੀ, ਭੁਪਿੰਦਰ ਬੋਪਾਰਾਏ, ਧਰਮੀ ਤੁੰਗਾਂ, ਚਰਨਜੀਤ ਕੌਰ, ਗੁਲਜ਼ਾਰ ਸਿੰਘ ਸ਼ੌਂਕੀ, ਦਲਬੀਰ ਸਿੰਘ ਦਿਲਬਰ, ਜੋਰਾ ਸਿੰਘ ਮੰਡੇਰ, ਪ੍ਰੀਤ ਪਾਠਕ, ਪਵਨ ਹਰਚੰਦਪੁਰੀ ਨੇ ਆਪੋ ਆਪਣਾ ਕਲਾਮ ਸੁਣਾਇਆ। ਅੰਤ ਵਿੱਚ ਡਾ. ਭਗਵੰਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ 10 ਮਾਰਚ 2019 ਨੂੰ ਮੁੜ ਮਿਲਣ ਦਾ ਸੱਦਾ ਦਿੱਤਾ। ਸਟੇਜ ਦੀ ਕਾਰਵਾਈ ਗੁਰਨਾਮ ਸਿੰਘ ਨੇ ਸਫਲਤਾ ਨਾਲ ਨਿਭਾਈ।

Welcome to Punjabi Akhbar

Install Punjabi Akhbar
×