ਦੇਸ਼ ਹੋਵੇ ਚਾਹੇ ਵਿਦੇਸ਼ ਸਿੱਖੀ ਦੀ ਸ਼ਾਨ ਨਿਰਾਲੀ: ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਸਜਿਆ ਤੀਜਾ ਵਿਸ਼ਾਲ ਨਗਰ ਕੀਰਤਨ-ਹਜ਼ਾਰਾਂ ਸੰਗਤਾਂ ਹੋਈਆਂ ਸ਼ਾਮਿਲ

NZ PIC 9 Jan-1lrਦੇਸ਼ ਹੋਵੇ ਜਾਂ ਪ੍ਰਦੇਸ ਸਿੱਖ ਅਤੇ ਸਿੱਖੀ ਦੀ ਸ਼ਾਨ ਨਿਰਾਲੀ ਅਕਸਰ ਝਲਕਾਰੇ ਪਾ ਜਾਂਦੀ ਹੈ। ਵਿਦੇਸ਼ਾਂ ਦੇ ਵਿਚ ‘ਸਿੱਖ ਪ੍ਰੋਡ’ ਜਾਂ ਕਹਿ ਲਈਏ ਨਗਰ ਕੀਰਤਨ ਇਕ ਅਜਿਹਾ ਉਪਰਾਲਾ ਹੈ ਜਿਸ ਦੇ ਜ਼ਰੀਏ ਪੂਰੇ ਖੇਤਰ ਦੇ ਵਿਚ ਸਿੱਖਾਂ ਦੀ ਵੱਖਰੀ ਪਹਿਚਾਣ, ਵੱਖਰਾ ਵਿਰਸਾ, ਸਿੱਖ ਮਾਰਸ਼ਲ ਆਰਟ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਜਿਸ ਦੀ ਲੋਅ ਵਿਚ ਸਿੱਖ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਨੂੰ ਦੁਨੀਆ ਸਾਹਮਣੇ ਉਜਾਗਰ ਕੀਤਾ ਜਾ ਸਕਦਾ ਹੈ। ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਨੇ ਇਸ ਸ਼ਹਿਰ ਦੇ ਵਿਚ ਪਹਿਲਾ ਕਰਦਿਆਂ ਤਿੰਨ ਸਾਲ ਪਹਿਲਾਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਤੀਜਾ ਵਿਸ਼ਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 349ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਸਬੰਧੀ ਸਮਾਗਮ ਬੀਤੇ ਕੱਲ੍ਹ ਤੋਂ ਸ੍ਰੀ ਅਖੰਠ ਪਾਠ ਸਾਹਿਬ ਦੇ ਨਾਲ ਆਰੰਭ ਹਨ ਜਿਨ੍ਹਾਂ ਦੇ ਭੋਗ ਕੱਲ੍ਹ ਪਾਏ ਜਾਣੇ ਹਨ। ਅੱਜ ਤਕਰੀਬਨ 11.30 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁੰਦਰ ਟਰੱਕ ਉਤੇ ਸਜਾਏ ਸਿੰਘਾਸਣ ਉਤੇ ਬਿਰਾਜਮਾਨ ਕੀਤਾ ਗਿਆ। ਗੁਰੂ ਸਾਹਿਬਾਂ ਦੀ ਰਹਿਨੁਮਾਈ ਦੇ ਵਿਚ ਪੰਜ ਨਿਸ਼ਾਨਚੀ ਅਤੇ ਪੰਜ ਪਿਆਰਿਆਂ ਨੇ ਲਗਪਗ 5000 ਦੀ ਗਿਣਤੀ ਵਿਚ ਜੁੜੀ ਸੰਗਤ ਦੀ 2 ਕਿਲੋਮੀਟਰ ਦੇ ਸਫਰ ਵਾਲੇ ਇਸ ਨਗਰ ਕੀਰਤਨ ਦੀ ਅਗਵਾਈ ਕੀਤੀ। ਰਜ਼ੂਰੀ ਰਾਗੀ ਭਾਈ ਮਲਕੀਤ ਸਿੰਘ ਸੁੱਜੋਂ ਵਾਲਿਆਂ ਦੇ ਸਿਖਾਏ ਕੀਰਤਨੀ ਬੱਚੇ, ਕਵੀਸ਼ਰੀ ਜੱਥੇ ਅਤੇ ਹੋਰ ਸੰਗਤਾਂ ਨੇ ਰਲ ਕੇ ਸਾਰੇ ਸਫਰ ਦੌਰਾਨ ਸ਼ਬਦ ਕੀਰਤਨ ਅਤੇ ਕਵਿਤਾਵਾਂ ਬੋਲੀਆਂ। ਟੀਪੁੱਕੀ ਜ਼ਿਲ੍ਹਾ ਪਾਈਪ ਬੈਂਡ ਵਾਲੇ ਵੀ ਇਸ ਨਗਰ ਕੀਰਤਨ ਦੇ ਵਿਚ ਸੰਗੀਤਕ ਸੁਰਾਂ ਬਿਖੇਰ ਰਹੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੋਂ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਉਚੇਚੇ ਤੌਰ ਉਤੇ ਇਸ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਏ। 1,27,487 ਦਿਨ ਪਹਿਲਾਂ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਸੀ ਅਤੇ 41 ਸਾਲ ਦੇ ਵਿਚ ਸਿੱਖ ਧਰਮ ਦੇ ਅਨੁਆਈਆਂ ਨੂੰ ਖਾਲਸੇ ਦੇ ਰੂਪ ਵਿਚ ਬਦਲ ਕੇ ਸਦਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਗਏ ਸਨ। ਇਸ ਸ਼ਹਿਨਸ਼ਾਹ ਅਤੇ ਸਰਬੰਸ ਦਾਨੀ ਦੀਆਂ ਕੁਰਬਾਨੀਆਂ ਨੂੰ ਅੱਜ ਕਵੀਸ਼ਰੀ ਜਥਿਆਂ ਅਤੇ ਹੋਰ ਬੁਲਾਰਿਆਂ ਨੇ ਸਿਜਦਾ ਕੀਤਾ। ਗਤਕੇ ਦੇ ਜੌਹਰ ਦਸ਼ਮੇਸ਼ ਅਖਾੜਾ ਦੇ ਬੱਚਿਆਂ ਨੇ ਵਿਖਾਏ। ਟਰੱਕਾਂ ਦੀ ਸੇਵਾ ਵੀ ਸਿੱਖ ਵੀਰਾਂ ਵੱਲੋਂ ਕੀਤੀ ਗਈ। ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਵਿਸ਼ੇਸ਼ ਸਟਾਲ ਲਗਾਏ ਗਏ। ਨੌਜਵਾਨ ਵੀਰਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ। ਨਗਰ ਕੀਰਤਨ ਦੌਰਾਨ ਸਾਫਟ ਡਰਿੰਕਾਂ, ਪਾਣੀ, ਫਲ ਅਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਸੰਗਤਾਂ ਲਈ ਉਪਲਬਧ ਕਰਵਾਏ ਗਏ। ਟੀ ਪੁੱਕੀ ਗੁਰਦੁਆਰਾ ਸਾਹਿਬ ਤੋਂ ਭਾਈ ਹਰਦੇਵ ਸਿੰਘ, ਪਾਪਾਮੋਆ ਤੋਂ ਸ. ਨਾਜਰ ਸਿੰਘ ਬਾਠ ਨਿਮਾਣਾ ਹੋਰਾਂ ਸਾਰੇ ਨਗਰ ਕੀਰਤਨ ਦੌਰਾਨ ਛੋਟੇ ਸਪੀਕਰਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਪੰਕਤਾਂ ਦੇ ਵਿਚ ਰਹਿਣ ਲਈ ਤਾਲਮੇਲ ਬਣਾਈ ਰੱਖਿਆ। ਸ. ਪੂਰਨ ਸਿੰਘ ਬੰਗਾ, ਸ. ਗੁਰਪਾਲ ਸਿੰਘ ਸ਼ੇਰਗਿੱਲ, ਦਲਜੀਤ ਸਿੰਘ ਭੁੰਗਰਨੀ ਅਤੇ ਗੁਰਦੁਆਰਾ ਸਾਹਿਬ ਦੇ ਹੋਰ ਪ੍ਰਬੰਧਕ ਮੈਂਬਰ ਹਾਈਵੀਜ਼ਵਲ ਜੈਕਟਾਂ ਪਾ ਕੇ ਪੂਰੇ ਪ੍ਰਬੰਧਾਂ ਉਤੇ ਨਜਰਸਾਨੀ ਕਰ ਰਹੇ ਸਨ। ਕੁਝ ਨੌਜਵਾਨ ਇਨਫੀਲਡ ਬੁਲਟ ਮੋਟਰਸਾਈਕਲਾਂ ਦੇ ਉਤੇ ਸਵਾਰ ਹੋ ਕੇ ਨਗਰ ਕੀਰਤਨ ਦੀ ਸ਼ਾਨ ਬਣ ਰਹੇ ਸਨ। ਰਾਹ ਦੇ ਵਿਚ ਸਾਰੇ ਗੋਰੇ ਲੋਕ ਅਤੇ ਸ਼ਹਿਰ ਨਿਵਾਸੀ ਇਸ ਅਨੋਖੇ ਨਗਰ ਕੀਰਤਨ ਨੂੰ ਬਾਹਰ ਖੜ ਕੇ ਤੱਕ ਰਹੇ ਸਨ ਅਤੇ ਫਿਲਮਾਂ ਬਣਾ ਰਹੇ ਸਨ। ਛੋਟੇ ਬੱਚੇ ਬਹੁਤ ਹੀ ਸਿੱਖੀ ਬਾਣੇ ਦੇ ਵਿਚ ਜੱਚ ਰਹੇ ਸਨ।
ਕੀਵੀ. ਟੀ.ਵੀ. ਵੱਲੋਂ ਲਾਈਵ: ਇਹ ਨਗਰ ਕੀਰਤਨ ਟੀ.ਵੀ. ਕੀਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ ਪਰ ਕੁਝ ਸਮਾਂ ਇੰਟਰਨੈਟ ਦੀ ਸਪੀਡ ਲੋੜ ਅਨੁਸਾਰ ਨਾ ਮਿਲਣ ਕਾਰਨ ਸਟ੍ਰੀਮ ਲਾਈਨ ਦੇ ਵਿਚ ਮੁਸ਼ਕਿਲ ਆਈ। ਸਾਰੇ ਨਗਰ ਕੀਰਤਨ ਨੂੰ ਕੀਵੀ. ਟੀ.ਵੀ. ਵੱਲੋਂ ਇਕ ਵੀਡੀਓ ਦੇ ਰੂਪ ਵਿਚ ਯੂ. ਟਿਊਬ ਉਤੇ ਪਾਇਆ ਜਾਵੇਗਾ। ਕੀਵੀ. ਟੀ.ਵੀ. ਤੋਂ ਨਵਦੀਪ ਸਿੰਘ ਕਟਾਰੀਆ ਅਤੇ ਸ. ਮਨਪ੍ਰੀਤ ਸਿੰਘ ਆਪਣੀ ਟੀਮ ਦੇ ਨਾਲ ਪਹੁੰਚੇ ਸਨ। ਮਿਸ ਐਨ. ਆਰ. ਆਈ. ਗਗਨਦੀਪ ਕੌਰ ਰੰਧਾਵਾ ਹੋਰਾਂ ਵੀ ਇਸ ਮੋਕੇ ਟੀ.ਵੀ. ਲਈ ਸੰਗਤਾਂ ਦੇ ਵਿਚਾਰ ਲਏ।
ਪਹੁੰਚੇ ਸੰਸਦ ਮੈਂਬਰ ਅਤੇ ਹੋਰ ਪਤਵੰਤੇ ਸੱਜਣ: ਹਲਕਾ ਟੌਰੰਗਾ ਦੇ ਸੰਸਦ ਮੈਂਬਰ ਤੇ ਕੈਬਨਿਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ, ਲਿਸਟ ਐਮ. ਪੀ. ਡਾ. ਪਰਮਜੀਤ ਕੌਰ ਪਰਮਾਰ,  ਟੌਰੰਗਾ ਦੇ ਡਿਪਟੀ ਮੇਅਰ ਸ੍ਰੀ ਕੈਲਵਿਨ ਕਲਾਉਟ, ਆਕਲੈਂਡ ਤੋਂ ਭਾਈ ਸਰਵਣ ਸਿੰਘ ਅਗਵਾਨ (ਭਰਾਤਾ ਸ਼ਹੀਦ ਸਤਵੰਤ ਸਿੰਘ), ਸ. ਖੜਗ ਸਿੰਘ ਆਮ ਆਦਮੀ ਪਾਰਟੀ, ਸ. ਹਰਜਿੰਦਰ ਸਿੰਘ ਮਾਨ ਅਤੇ ਹੋਰ ਕਈ ਪਤਵੰਤੇ ਸੱਜਣ ਪਹੁੰਚੇ ਹੋਏ ਸਨ।
ਮਾਨ ਸਨਮਾਨ: ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸੁਖਦੇਵ ਸਿੰਘ ਭੌਰ ਸਮੇਤ ਸਾਰੇ ਆਏ ਵਿਸ਼ੇਸ਼ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਗਤਕੇ ਵਾਲੇ ਅਤੇ ਨਗਰ ਕੀਰਤਨ ਦੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਟ੍ਰਾਫੀਆਂ ਅਤੇ ਸਿਰੋਪਾਓ ਭੇਟ ਕੀਤੇ ਗਏ।

Install Punjabi Akhbar App

Install
×