ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਤੋਂ ਬੀਬੀ ਬਲਜੀਤ ਕੌਰ ਢੇਲ ਹੋਰਾਂ ਦਾ ਇਹ ਸੁਪਨਾ ਕਿ ਇਥੇ ਵਸਦੀਆਂ ਭਾਰਤੀ ਮਹਿਲਾਵਾਂ ਖਾਸ ਕਰ ਪੰਜਾਬੀ ਮਹਿਲਾਵਾਂ ਨੂੰ ਅਜਿਹਾ ਮੌਕਾ ਅਤੇ ਸਮਾਂ ਦਿੱਤਾ ਜਾਵੇ ਜਿੱਥੇ ਉਹ ਘਰੇਲੂ ਜ਼ਿੰਮੇਵਾਰੀਆਂ ਨੂੰ ਭੁਲਾ ਕੇ ਪੂਰਾ ਇਕ ਦਿਨ ਰੌਣਕ ਮੇਲਾ ਕਰ ਸਕਣ। ਇਹ ਸੁਪਨਾ ਉਨ੍ਹਾਂ ਦਾ ਕੱਲ੍ਹ ਪੂਰਾ ਹੁੰਦਾ ਨਜ਼ਰ ਆਇਆਂ ਜਦੋਂ ਇਸ ਵਾਰ 70 ਮਹਿਲਾਵਾਂ ਚੌਥਾ ‘ਸੀਨੀਅਕ ਮਹਿਲਾ ਦਿਵਸ’ ਮਨਾਉਣ ਵਾਸਤੇ ਇੰਡੀਅਨ ਕਮਿਊਨਿਟੀ ਹਾਲ ਪਾਪਾਟੋਏਟੋਏ ਵਿਖੇ ਪੁੱਜੀਆਂ। ਬੀਬੀਆਂ ਦੇ ਇਸ ਰੌਣਕ ਮੇਲੇ ਵਿਚ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਪ੍ਰਬੰਧਕਾਂ ਨੇ ਇਸ ਉਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਗੁਰਬਾਣੀ ਜਾਪ ਤੋਂ ਬਾਅਦ ਚਾਹ ਪਾਣੀ, ਖੇਡਾਂ ਖੇਡੀਆਂ ਗਈਆਂ ਅਤੇ ਸਿਹਤ ਸਬੰਧੀ ਜਾਣਕਾਰੀ ਦੇ ਵਿਚ ਵਾਧਾ ਕਰਨ ਦੇ ਲਈ ਡਾ. ਕਮਲਜੀਤ ਹੋਰਾਂ ‘ਅੰਡਰ ਐਕਵਿਟ’ ਅਤੇ ‘ਓਵਰ ਐਕਟਿਵ’ ਥਾਇਰੈਡ ਵਿਸ਼ੇ ਉਤੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਛੋਟੇ-ਛੋਟੇ ਮੁਕਾਬਿਲਆਂ ਦੇ ਵਿਚ ਜੇਤੂ ਮਹਿਲਾਵਾਂ ਨੂੰ ਇਨਾਮ ਵੰਡੇ ਗਏ। ਡਾ. ਰੂਹ ਗੁਪਤਾ ਵੱਲੋਂ ਸਾਰੀਆਂ ਮਹਿਲਾਵਾਂ ਨੂੰ ਦੁਪਹਿਰ ਦਾ ਭੋਜਨ ਵੀ ਕਰਵਾਇਆ ਗਿਆ। ਮਹਿਲਾ ਦਿਵਸ ਦਾ ਅੰਤ ਗਿੱਧੇ ਦੀ ਧਮਾਲ ਨਾਲ ਕੀਤਾ ਗਿਆ ਅਤੇ ਅਗਲਾ ਮਹਿਲਾ ਦਿਵਸ 27 ਜੁਲਾਈ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਸਾਰੀਆਂ ਬੀਬੀਆਂ ਨੇ ਹੱਥ ਖੜ੍ਹੇ ਕਰਕੇ ਆਪਣੀ ਖੁਸ਼ੀ ਪ੍ਰਗਟ ਕੀਤੀ ਅਤੇ ਘਰਾਂ ਨੂੰ ਚਾਲੇ ਪਾਏ।