ਜ਼ਮੀਨ ’ਤੇ ਰਹਿ ਬੱਦਲਾਂ ਤੋਂ ਉਚੇ ਉਡਣਾ ਪੈਂਦਾ ….. ਸੀਸ ਹੁੰਦਾ ਫਿਰ ਸ਼ਿਖਰ ’ਤੇ ਸਟਾਰ ਲਗਦੇ ਮੋਢਿਆਂ ’ਤੇ

ਨਿਊਜ਼ੀਲੈਂਡ ਦੀ ਪਹਿਲੀ ਭਾਰਤ ਜਨਮੀ ਮਹਿਲਾ ਪੁਲਿਸ ਅਫਸਰ ਮਨਦੀਪ ਕੌਰ ਸਿੱਧੂ ਬਣੀ ਸੀਨੀਆਰ ਸਰਜਾਂਟ

(ਨਿਊਜ਼ੀਲੈਂਡ ਪੁਲਿਸ ਦੇ ਵਿਚ ਪਹਿਲੀ ਭਾਰਤ ਜਨਮੀ ਪੁਲਿਸ ਅਫਸਰ ਨੂੰ ਸੀਨੀਅਰ ਸਰਜਾਂਟ ਬਣਾਏ ਜਾਣ ਵੇਲੇ ਬੈਜ ਲਗਾਉਂਦੇ ਹੋਏ ਨਿਊਜ਼ੀਲੈਂਡ ਪੁਲਿਸ ਦੇ ਕਮਿਸ਼ਨਰ ਤੇ ਉਪ ਕਮਿਸ਼ਨਰ)

ਆਕਲੈਂਡ:-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਅਤੇ ਇਸ ਉਪਦੇਸ਼ ਨੇ ਹੁਣ ਤੱਕ ਲੱਖਾਂ ਲੋਕਾਂ ਨੂੰ ਸੇਧ ਦਿੱਤੀ ਹੋਵੇਗੀ ਪਰ ਅਜੇ ਵੀ ਮੰਦਾ ਆਖਣ ਵਾਲੇ ਬਹੁਤ ਹਨ, ਪਰ ਇਸ ਸਾਰੇ ਦੇ ਬਾਵਜੂਦ ਮਹਿਲਾਵਾਂ ਆਪਣੇ ਬਲਬੂਤੇ ਉਤੇ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਹੀਆਂ ਹਨ। ਨਿਊਜ਼ੀਲੈਂਡ ਇਕ ਅਜਿਹਾ ਦੇਸ਼ ਹੈ ਜਿੱਥੇ ਮਹਿਲਾਵਾਂ ਨੂੰ ਪੂਰੇ ਵਿਸ਼ਵ ਵਿਚ ਸਭ ਤੋਂ ਪਹਿਲਾਂ (19 ਸਤੰਬਰ 1893) ਨੂੰ ਵੋਟ ਪਾਉਣ ਦਾ ਹੱਕ ਮਿਲਿਆ ਸੀ। ਬਹੁਕੌਮੀ ਇਸ ਮੁਲਕ ਦੇ ਵਿਚ ਪੰਜਾਬੀਆਂ ਨੇ ਵੀ 1890 ਤੋਂ ਪੈਰ ਪਾ ਕੇ ਮਿਹਨਤਾ ਦੇ ਰੱਟਨ ਪਾ ਆਪਣੇ ਪਰਿਵਾਰਾਂ (ਮਹਿਲਾਵਾਂ) ਲਈ ਨਵੀਂ ਥਾਂ ਬਣਾ ਲਈ ਹੋਈ ਹੈ।

ਇਸ ਮੁਲਕ ਦੀ ਪੁਲਿਸ ਦੇ ਵਿਚ ਉਦੋਂ ਭਾਰਤੀ ਮਹਿਲਾਵਾਂ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਸੀ ਜਦੋਂ ਪੰਜਾਬੀ ਕੁੜੀ ਮਨਦੀਪ ਕੌਰ ਸਿੱਧੂ ਨੇ 2004 ਦੇ ਵਿਚ ਕਾਂਸਟੇਬਲ ਵਜੋਂ ਭਰਤੀ ਹੋ ਕੇ ਪਹਿਲੀ ਭਾਰਤ ਜਨਮੀ ਮਹਿਲਾ ਪੁਲਿਸ ਅਫਸਰ ਹੋਣ ਦਾ ਮਾਣ ਹਾਸਿਲ ਕੀਤਾ ਸੀ। ਇਹ ਕੁੜੀ 1996 ਦੇ ਵਿਚ ਆਸਟਰੇਲੀਆ ਪੜ੍ਹਨ ਗਈ ਸੀ, 1999 ਦੇ ਵਿਚ ਨਿਊਜ਼ੀਲੈਂਡ ਆ ਗਈ ਤੇ ਜੀਵਨ ਦਾ ਇਕ ਨਵਾਂ ਪੈਂਡਾ ਸ਼ੁਰੂ ਕੀਤਾ। ਪੁਲਿਸ ਵਿਭਾਗ ਦੇ ਵਿਚ ਵੱਖ-ਵੱਖ ਅਹੁੱਦਿਆਂ ਜਿਵੇਂ ਫਰੰਟਲਾਈਨ ਆਫੀਸਰ, ਰੋਡ ਪੁਲਸਿੰਗ, ਫੈਮਿਲੀ ਵਾਇਲੰਸ, ਇਨਵੈਸਟੀਗੇਸ਼ਨ ਸੁਪੋਰਟ ਯੂਨਿਟ, ਨੇਬਰਹੁੱਡ ਪੁਲਸਿੰਗ ਉਤੇ ਕੰਮ ਕਰਨ ਬਾਅਦ ਇਸ ਵੇਲੇ ਉਹ ਏਥਨਿਕ ਪੀਪਲ ਕਮਿਊਨਿਟੀ ਰਿਲੇਸ਼ਨ ਅਫਸਰ ਹੈਂਡਰਸਨ ਵਿਖੇ ਤਾਇਨਾਤ ਸਨ, ਪਰ ਉਨ੍ਹਾਂ ਆਪਣੇ ਤੱਰਕੀ ਦੇ ਸਫਰ ਨੂੰ ਜਾਰੀ ਰੱਖਿਆ ਅਤੇ ਅੱਜ ਵਲਿੰਗਟਨ ਵਿਖੇ ਨੈਸ਼ਨਲ ਪੁਲਿਸ ਹੈਡ ਕੁਆਰਟਰ ਵਿਖੇ ਉਨ੍ਹਾਂ ਨੂੰ ਸੀਨੀਅਰ ਸਰਜਾਂਟ ਦੀ ਤਰੱਕੀ ਦੇ ਨਾਲ ਨਿਵਾਜਿਆ ਗਿਆ। ਉਹ ਹੁਣ ਵਲਿੰਗਟਨ ਵਿਖੇ ਕਿਸੇ ਵਕਾਰੀ ਦਫਤਰੀ ਕੰਮ ਦੇ ਵਿਚ ਆਪਣਾ ਯੋਗਦਾਨ ਦੇਣਗੇ। ਅੱਜ ਨਿਊਜ਼ੀਲੈਂਡ ਪੁਲਿਸ ਦੇ ਕਮਿਸ਼ਨਰ ਸ੍ਰੀ ਐਂਡਰਿਊ ਕੋਸਟਰ ਅਤੇ ਡਿਪਟੀ ਕਮਿਸ਼ਨਰ  ਵਾਲੇਸ ਹਾਊਮਾਹਾ ਨੇ ਉਨ੍ਹਾਂ ਦੇ ਮੋਢੇ ਉਤੇ ਸੀਨੀਅਰ ਸਰਜਾਂਟ ਦੇ ਬੈਜ (ਸਟਾਰ) ਲਗਾ ਕੇ ਉਨ੍ਹਾਂ ਨੂੰ ਤਰੱਕੀ ਦਾ ਦਰਜਾ ਦਿੱਤਾ।  25 ਸਾਲ ਪਹਿਲਾਂ ਉਹ ਚੰਡੀਗੜ੍ਹ ਤੋਂ ਆਪਣੇ ਦੋ ਬੱਚਿਆਂ (ਇਕ ਬੇਟੀ-ਇਕ ਬੇਟੀ) ਨੂੰ ਛੱਡ ਇਥੇ ਜ਼ਿੰਦਗੀ ਦੇ ਅਗਲੇ ਪੜ੍ਹਾਅ ਸਰ ਕਰਨ ਆਈ ਸੀ ਅਤੇ ਫਿਰ ਕਰਦੀ ਹੀ ਚਲੀ ਗਈ। ਅੱਜ ਉਨ੍ਹਾਂ ਦੀ ਤਰੱਕੀ ਵੇਲੇ ਉਨ੍ਹਾਂ ਦਾ ਬੇਟਾ ਅਮਰ ਅਤੇ ਨੂੰਹ ਕਿਰਨ ਤੋਂ ਇਲਾਵਾ ਪੁਲਿਸ ਅਫਸਰ ਰਾਕੇਸ਼ ਨਾਇਡੂ ਅਤੇ ਵਲਿੰਗਟਨ ਵੋਮੈਨ ਐਸੋਸੀਏਸ਼ਨ ਤੋਂ ਸ੍ਰੀਮਤੀ ਨਵਨੀਤ ਕੌਰ ਵੜੈਚ ਵੀ ਸ਼ਾਮਿਲ ਸਨ। ਉਨ੍ਹਾਂ ਦੀ ਬੇਟੀ ਪਰਨੀਤ ਕੌਰ ਅਤੇ ਦਾਮਾਦ ਡਾ. ਰਿਚਰਡ ਪਰੇਰਾ ਦੋਹਤਾ-ਦੋਹਤੀ ਔਲੀਵਰ ਪਰੇਰਾ-ਵੀਰਾ ਤੇ  ਲਾਕਡਾਊਨ ਕਰਕੇ ਨਹੀਂ ਪਹੁੰਚ ਸਕੇ।

ਨਿਊਜ਼ੀਲੈਂਡ ਪੁਲਿਸ ਦੇ ਵਿਚ ਇਸਨੇ ਪੁਲਿਸ ਅਫਸਰਾਂ ਦੀ ਭੰਗੜਾ ਟੀਮ ਬਣਾਈ ਅਤੇ ਆਪ ਉਸਦਾ ਹਿੱਸਾ ਬਣੀ। ਪੁਲਿਸ ਵਰਦੀ ਦੇ ਵਿਚ ਉਨ੍ਹਾਂ ਬਹੁਤ ਜਗ੍ਹਾ ਭੰਗੜਾ ਪਾ ਕੇ ਬਹੁ ਸਭਿਆਚਾਰਕ ਦੇਸ਼ ਹੋਣ ਦਾ ਭਾਰਤੀਆਂ ਨੂੰ ਮਾਣ ਮਹਿਸੂਸ ਕਰਵਾਇਆ। 2019 ਦੇ ਵਿਚ ਮਨਦੀਪ ਕੌਰ ਸਿੱਧੂ ਹੋਰਾਂ ਨੂੰ ‘ਵੋਮੈਨ ਆਫ ਦਾ ਯੀਅਰ’ ਐਵਾਰਡ ਕੀਵੀ-ਪੰਜਾਬੀ ਐਵਾਰਡ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੈਗੂਇਨ ਹਾਊਸ ਪਬਲੀਕੇਸ਼ਨ ਵੱਲੋਂ ਲੇਖਕ ਮੈਗੀ ਥਾਮਸਨ ਦੀ ਕਿਤਾਬ ‘ਵੂਮੈਨ ਕਾਈਂਡ’ ਦੇ ਵਿਚ ਨਿਊਜ਼ੀਲੈਂਡ ਦੀਆਂ ਪ੍ਰਮੱਖ 52 ਮਹਿਲਾਵਾਂ ਦੇ ਵਿਚ ਸ਼ਾਮਿਲ ਕੀਤਾ ਗਿਆ ਸੀ, ਜਿਸ ਦੇ ਵਿਚ ਨਿਊਜ਼ੀਲੈਂਡ ਦੀਆਂ ਜੈਨੀ ਸ਼ਿਪਲੀ, ਹੈਲਨ ਕਲਾਰਕ ਅਤੇ ਮੌਜੂਦਾ ਪ੍ਰਧਾਨ ਮਤੰਰੀ ਜੈਸਿੰਡਾ ਆਰਡਨ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਸ਼ੁਰੂ ਦੇ ਵਿਚ ਉਨ੍ਹਾਂ ਟੈਕਸੀ ਵੀ ਚਲਾਈ, ਕਲੀਨਿੰਗ ਦ ੇਕੰਮ ਕੀਤੇ ਰੈਸਟੋਰੈਂਟ ਦੇ ਵਿਚ ਕੰਮ ਕੀਤਾ ਪਰ ਇਹ ਅਜਿਹਾ ਮੁਲਕ ਹੈ ਜਿੱਥੇ ਕੋਈ ਵੀ ਕੰਮ ਛੋਟਾ ਅਤੇ ਕੋਈ ਵੀ ਕੰਮ ਵੱਡਾ ਕਰਕੇ ਨਹੀਂ ਪਰਚਾਰਿਆ ਜਾਂਦਾ।
 ਸ਼ਾਲਾ! ਇਹ ਪੰਜਾਬਣ ਹੋਰ ਤਰੱਕੀਆਂ ਕਰੇ।
ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੀ ਮੁਬਾਰਕਬਾਦ।

Install Punjabi Akhbar App

Install
×