ਸ. ਦਰਸ਼ਨ ਸਿੰਘ ਧਾਲੀਵਾਲ ਨੇ ਸਿੱਖ ਕੌਮ ਅਤੇ ਪੰਜਾਬੀਆਂ ਦਾ ਸਿਰ ਉਚਾ ਕੀਤਾ — ਡਾ. ਸਵਰਾਜ ਸਿੰਘ

ਉੱਘੇ ਸਮਾਜ ਸੇਵੀ ਰੱਖੜਾ ਪਿੰਡ ਦੇ ਜੰਮਪਲ ਅਤੇ ਪ੍ਰਵਾਸੀ ਪੰਜਾਬੀ ਸ. ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਸਰਕਾਰ ਵੱਲੋਂ ਸਭ ਤੋਂ ਵੱਡਾ ਸਨਮਾਨ ਪ੍ਰਵਾਸੀ ਭਾਰਤੀ ਪੁਰਸਕਾਰ ਮਿਲਣ ਤੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪੰਜਾਬ ਦੇ ਵੱਖ ਵੱਖ ਭਾਗਾਂ ਤੋਂ ਧਾਰਮਿਕ, ਸਾਹਿਤਕ, ਸਮਾਜਕ, ਸੱਭਿਆਚਾਰਕ ਅਤੇ ਰਾਜਨੀਤਕ ਜਥੇਬੰਦੀਆਂ ਵੱਲੋਂ ਸ. ਦਰਸ਼ਨ ਸਿੰਘ ਧਾਲੀਵਾਲ ਵੱਲੋਂ ਸਿੱਖ ਕੌਮ ਦਾ ਸਿਰ ਉੱਚਾ ਕਰਨ ਤੇ ਸਨਮਾਨਤ ਕੀਤਾ ਜਾ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ ਇੰਦੌਰ ਵਿਖੇ ਰਾਸ਼ਟਰਪਤੀ ਦ੍ਰੋਪਤੀ ਮੂਰਮੂ ਨੇ ਇਹ ਸਨਮਾਨ ਸ. ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਤਾ ਸੀ। ਗੁਰਮਤਿ ਲੋਕਧਾਰਾ ਵਿਚਾਰਮੰਚ, ਸਿੱਖ ਬੁੱਧੀਜੀਵੀ ਕੌਂਸਲ, ਜਾਗੋ ਇੰਟਰਨੈਸ਼ਨਲ, ਮਾਲਵਾ ਰਿਸਰਚ ਸੈਂਟਰ ਪਟਿਆਲਾ ਦੇ ਨੁਮਾਇੰਦਿਆਂ ਨੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੀ ਅਗਵਾਈ ਹੇਠ ਉਚੇਚੇ ਤੌਰ ਤੇ ਸ. ਦਰਸ਼ਨ ਸਿੰਘ ਧਾਲੀਵਾਲ, ਸ. ਚਰਨਜੀਤ ਸਿੰਘ ਰੱਖੜਾ, ਸ. ਸੁਰਜੀਤ ਸਿੰਘ ਰੱਖੜਾ ਨੂੰ ਸਿਰੋਪਾਓ, ਫੁੱਲਾਂ ਦੇ ਗੁਲਦਸਤੇ ਅਤੇ ਪੁਸਤਕਾਂ ਭੇਂਟ ਕਰਕੇ ਸਨਮਾਨਤ ਕੀਤਾ। ਬੁੱਧੀਜੀਵੀਆਂ ਦੇ ਵਫਦ ਵਿੱਚ ਡਾ. ਭਗਵੰਤ ਸਿੰਘ, ਜਗਦੀਪ ਸਿੰਘ ਗੰਧਾਰਾ, ਗੁਰਨਾਮ ਸਿੰਘ, ਸੰਦੀਪ ਸਿੰਘ, ਚਰਨ ਸਿੰਘ, ਬਲਜਿੰਦਰ ਸਿੰਘ ਸ਼ਾਮਲ ਸਨ। ਡਾ. ਸਵਰਾਜ ਸਿੰਘ ਨੇ ਕਿਹਾ ਕਿ 50 ਸਾਲ ਤੋਂ ਅਮਰੀਕਾ ਵਰਗੇ ਮੁਲਕ ਵਿੱਚ ਵੀ ਵੱਡਾ ਕਾਰੋਬਾਰੀ ਹੋਣ ਬਾਵਜੂਦ ਦਰਸ਼ਨ ਸਿੰਘ ਧਾਲੀਵਾਲ ਤੇ ਸਮੁੱਚੇ ਰੱਖੜਾ ਪਰਿਵਾਰ ਨੇ ਸਿੱਖੀ ਸਰੂਪ ਨੂੰ ਕਾਇਮ ਰੱਖਿਆ ਹੈ। ਇਹ ਗੁਰੂ ਮਹਾਰਾਜ ਦੀ ਮਿਹਰ ਦਾ ਸਦਕਾ ਹੈ। ਸ. ਦਰਸ਼ਨ ਸਿੰਘ ਧਾਲੀਵਾਲ ਸਿੱਖ ਅਤੇ ਪੰਜਾਬੀ ਆਦਰਸ਼ਾਂ ਲਈ ਰੋਲ ਮਾਡਲ ਹਨ। ਸ. ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਤੋਂ 50 ਸਾਲ ਪਹਿਲਾਂ ਅਮਰੀਕਾ ਗਿਆ ਸੀ। ਆਪਣੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਨੌਕਰੀ ਦੀ ਤਲਾਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੇਸ ਕਟਵਾ ਕੇ ਆ ਜਾਵੇ, ਮੈਂ ਸਿੱਖੀ ਸਰੂਪ ਛੱਡਣ ਤੋਂ ਇਨਕਾਰ ਕਰ ਦਿੱਤਾ। ਮਿਲਵਾਕੀ ਅਮਰੀਕਾ ਵਿੱਚ ਉਸ ਸਮੇਂ ਬਹੁਤ ਘੱਟ ਸਿੱਖ ਪਰਿਵਾਰ ਸਨ। ਪਰ ਪੱਗ ਸਾਡੀ ਪਹਿਚਾਣ ਹੈ।  ਡਾ. ਭਗਵੰਤ ਸਿੰਘ ਨੇ ਕਿਹਾ ਕਿ ਸ. ਦਰਸ਼ਨ ਸਿੰਘ ਧਾਲੀਵਾਲ ਨੂੰ ਪੁਰਸਕਾਰ ਮਿਲਣਾ ਸਿੱਖ ਕੌਮ ਲਈ ਬਹੁਤ ਮਾਣ ਦੀ ਗੱਲ ਹੈ। ਗੁਰੂ ਨਾਨਕ ਦੀਆਂ ਉਦਾਸੀਆਂ ਬਾਰੇ ਡਾਕੂਮੈਂਟਰੀ ਬਣਾਉਣ ਲਈ ਹਜਾਰਾਂ ਡਾਲਰ ਦਿੱਤੇ। ਰੱਖੜਾ ਪਰਿਵਾਰ ਨੇ ਕਿਸਾਨ ਅੰਦੋਲਨ ਦੌਰਾਨ ਲੰਗਰ ਲਗਾ ਕੇ ਵੱਡੀ ਸੇਵਾ ਕੀਤੀ, ਤਾਮਿਲਨਾਡੂ ਦੀ ਸੁਨਾਮੀ ਦੌਰਾਨ ਰੇਲ ਗੱਡੀ ਭਰਕੇ ਸਮਾਨ ਪਹੁੰਚਾਇਆ। ਇਸ ਤਰ੍ਹਾਂ ਹੀ ਅਨੇਕਾਂ ਆਫਤਾਂ ਸਮੇਂ ਦਿਲ ਖੋਲਕੇ ਦਾਨ ਦਿੱਤਾ। ਜਗਦੀਪ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ. ਦਰਸ਼ਨ ਸਿੰਘ ਧਾਲੀਵਾਲ ਨੂੰ ਏਅਰਪੋਰਟ ਤੋਂ ਵਾਪਿਸ ਕਰ ਦਿੱਤਾ ਸੀ ਕਿ ਜਾਂ ਤਾਂ ਕਿਸਾਨ ਅੰਦੋਲਨ ਬੰਦ ਕਰਾਓ ਜਾਂ ਵਾਪਸ ਜਾਓ। ਪਰ ਹੁਣ ਭਾਰਤ ਸਰਕਾਰ  ਨੇ ਆਪਣੀ ਗਲਤੀ ਨੂੰ ਦਰੁਸਤ ਕਰਦਿਆਂ ਸ. ਦਰਸ਼ਨ ਸਿੰਘ ਧਾਲੀਵਾਲ ਨੂੰ ਬਹੁਤ ਵੱਡਾ ਪੁਰਸਕਾਰ ਦਿੱਤਾ। ਸੰਦੀਪ ਸਿੰਘ, ਗੁਰਨਾਮ ਸਿੰਘ, ਬਲਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।