(ਬਰਸੀ ‘ਤੇ ਵਿਸ਼ੇਸ਼)
ਜ਼ਿੰਦਗੀ ਵਿੱਚ ਕਈ ਵਾਰ ਯਾਦਾਂ ਇਨਸਾਨ ਨੂੰ ਕੁਰੇਦਦੀਆਂ ਹੋਈਆਂ ਅਸੰਜਮ ਵਿੱਚ ਪਾਉਂਦੀਆਂ ਹੋਈਆਂ ਅਸਹਿਜ ਕਰ ਜਾਂਦੀਆਂ ਹਨ। ਜੇਕਰ ਉਨ੍ਹਾਂ ਯਾਦਾਂ ਨੂੰ ਦਬਾ ਕੇ ਰੱਖਿਆ ਜਾਵੇ ਤਾਂ ਹੋਰ ਵੀ ਦੁੱਖੀ ਕਰਦੀਆਂ ਹਨ। ਇਸ ਲਈ ਅੱਜ ਮੈਂ ਆਪਣੀ ਸਰਕਾਰੀ ਨੌਕਰੀ ਦੀਆਂ ਕੁਝ ਕੁ ਯਾਦਾਂ ਸਾਂਝੀਆਂ ਕਰ ਰਿਹਾ ਹਾਂ।
ਸਿਆਸੀ ਨੇਤਾਵਾਂ ਦੇ ਕਿਰਦਾਰ ਬਾਰੇ ਹਮੇਸ਼ਾ ਲੋਕਾਂ ਦੀਆਂ ਰਾਵਾਂ ਵੱਖੋ ਵੱਖਰੀਆਂ ਹੁੰਦੀਆਂ ਹਨ। ਹੋਣੀਆਂ ਵੀ ਚਾਹੀਦੀਆਂ ਹਨ, ਕਿਉਂਕਿ ਹਰ ਇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਸਿਆਸਤਦਾਨਾ ਦੇ ਸਾਰੇ ਗੁਣ ਔਗੁਣਾਂ ਦਾ ਹਰ ਇੱਕ ਵਿਅਕਤੀ ਨੂੰ ਪਤਾ ਵੀ ਨਹੀਂ ਹੋ ਸਕਦਾ। ਸਿਆਸਤ ਵਿੱਚ ਆਉਣ ਨਾਲ ਉਨ੍ਹਾਂ ਦੇ ਸਾਰੇ ਪੱਖਾਂ ਬਾਰੇ ਦੇ ਪੋਤੜੇ ਫੋਲ੍ਹੇ ਜਾਂਦੇ ਹਨ ਜਾਣਕਾਰੀ ਸੌਖਿਆਂ ਹੀ ਮਿਲ ਜਾਂਦੀ ਹੈ। ਉਨ੍ਹਾਂ ਕੋਈ ਗੱਲ ਗੁੱਝੀ ਅਤੇ ਲੁਕੀ ਛਿਪੀ ਨਹੀਂ ਰਹਿੰਦੀ। ਸਰਦਾਰ ਬੇਅੰਤ ਸਿੰਘ ਪੰਜਾਬ ਦੇ ਅਤ ਗਹਿਰ ਗੰਭੀਰ ਅਤੇ ਅਫ਼ਰਾ ਤਫ਼ਰੀ ਦੇ ਹਾਲਾਤਾਂ ਵਿਚ ਮੁੱਖ ਮੰਤਰੀ ਬਣੇ ਸਨ। ਸਿੱਧੇ ਸਾਦੇ ਦਿਹਾਤੀ ਕਿਸਾਨੀ ਅਤੇ ਫ਼ੌਜੀ ਪਰਿਵਾਰ ਨਾਲ ਸੰਬੰਧਤ ਸਨ। ਉਨ੍ਹਾਂ ਦੀ ਮੁੱਖ ਮੰਤਰੀ ਦੀ ਕੁਰਸੀ ਸੂਲਾਂ ਦੀ ਸੇਜ ਦੇ ਬਰਾਬਰ ਸੀ, ਇਸ ਕਰਕੇ ਉਨ੍ਹਾਂ ਦੀ ਕਾਰਜ਼ਸ਼ੈਲੀ ਬਾਰੇ ਵੀ ਲੋਕਾਂ ਦੀਆਂ ਰਾਵਾਂ ਵੱਖੋ ਵੱਖਰੀਆਂ ਹਨ। ਉਹ ਪੰਜਾਬ ਦੇ ਵਿਕਾਸ ਨੂੰ ਸ਼ਾਂਤੀ ਸਥਾਪਤ ਕਰਕੇ ਮੁੜ ਲੀਹਾਂ ਦੇ ਲਿਆਉਣਾ ਚਾਹੁੰਦੇ ਸਨ। ਬੜਾ ਕਠਨ ਅਤੇ ਨਾਜ਼ੁਕ ਕੰਮ ਸੀ ਕਿਉਂਕਿ ਉਹ ਆਪਣਿਆਂ ਨਾਲ ਲੜਨਾ ਨਹੀਂ ਚਾਹੁੰਦੇ ਸਨ। ਮੈਂ ਕਿਉਂਕਿ ਸਰਕਾਰੀ ਨੌਕਰੀ ਦੌਰਾਨ ਉਨ੍ਹਾਂ ਨਾਲ ਡਿਊਟੀ ਕੀਤੀ ਹੈ। ਇਸ ਲਈ ਮੈਨੂੰ ਉਨ੍ਹਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਦਾ ਪਤਾ ਹੈ, ਜਿਹੜੀਆਂ ਹਰ ਵਿਅਕਤੀ ਨੂੰ ਪਤਾ ਨਹੀਂ ਲੱਗ ਸਕਦੀਆਂ ਸਨ। ਕੁਝ ਮੰਤਰੀ ਅਤੇ ਉਚ ਅਧਿਕਾਰੀ ਮਹੱਤਵਪੂਰਨ ਅਹੁਦੇ ਲੈਣ ਲਈ ਬਹੁਤ ਸਾਰੇ ਹੀਲੇ ਵਸੀਲੇ ਵਰਤਦੇ ਰਹਿੰਦੇ ਸਨ। ਸਾਰੇ ਮੰਤਰੀ ਅਤੇ ਅਧਿਕਾਰੀ ਇੱਕੋ ਜਹੇ ਚੰਗੇ ਅਤੇ ਮਾੜੇ ਨਹੀਂ ਹੁੰਦੇ ਪ੍ਰੰਤੂ ਕੁਝ ਕਾਲੀਆਂ ਭੇਡਾਂ ਸਾਰਿਆਂ ਨੂੰ ਬਦਨਾਮ ਕਰਨ ਵਿੱਚ ਯੋਗਦਾਨ ਪਾਉਂਦੀਆਂ ਰਹਿੰਦੀਆਂ ਹਨ। ਬਿਹਤਰੀਨ ਸਰਵਿਸਜ਼ ਦੇ ਹੱਥ ਹੀ ਰਾਜ ਪ੍ਰਬੰਧ ਦੀ ਵਾਗ ਡੋਰ ਹੁੰਦੀ ਹੈ। ਇਸ ਲਈ ਇਨ੍ਹਾਂ ਦਾ ਨਿਰਪੱਖ, ਕਾਰਜਕੁਸ਼ਲ ਅਤੇ ਇਮਾਨਦਾਰ ਹੋਣਾ ਰਾਜ ਦੇ ਹਿਤ ਵਿੱਚ ਹੁੰਦਾ ਹੈ। ਬਹੁਤੇ ਅਧਿਕਾਰੀਆਂ ਦਾ ਅਕਸ ਸਾਫ਼ ਹੁੰਦਾ ਹੈ। ਕੁਝ ਅਧਿਕਾਰੀਆਂ ਦੀ ਕੁਚੱਜੀ ਕਾਰਜਸ਼ੈਲੀ ਕਰਕੇ ਕਾਬਲ ਅਧਿਕਾਰੀਆਂ ਵਲ ਵੀ ਸ਼ੱਕ ਦੀ ਨਿਗਾਹ ਨਾਲ ਲੋਕਾਂ ਵੱਲੋਂ ਵੇਖਿਆ ਜਾਣ ਲੱਗ ਪੈਂਦਾ ਹੈ।
ਇਕ ਵਾਰ ਦੀ ਗੱਲ ਹੈ ਕਿ ਇਕ ਸੀਨੀਅਰ ਅਧਿਕਾਰੀ ਇਕ ਤਿਉਹਾਰ ਤੋਂ ਪਹਿਲਾਂ ਬਿਨਾ ਸਮਾਂ ਲਏ ਰਾਤ ਨੂੰ ਆਪਣੀ ਪਤਨੀ ਦੇ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ਤੇ ਆ ਗਏ। ਸੁਰੱਖਿਆ ਅਮਲੇ ਨੇ ਉਸ ਅਧਿਕਾਰੀ ਦੇ ਅਹੁਦੇ ਦਾ ਮਾਣ ਰੱਖਦੇ ਹੋਏ ਅੰਦਰ ਭੇਜ ਦਿੱਤਾ। ਮੁੱਖ ਮੰਤਰੀ ਆਪਣੇ ਪਰਿਵਾਰ ਵਿਚ ਬੈਠੇ ਸਨ। ਮੈਂ ਉਸ ਸਮੇਂ ਅਜੇ ਉਥੇ ਕੋਠੀ ਵਿੱਚ ਹੀ ਮੌਜੂਦ ਸੀ। ਉਹ ਅਧਿਕਾਰੀ ਕਿਸੇ ਹੋਰ ਵੱਡੇ ਅਹੁਦੇ ‘ਤੇ ਲੱਗਣ ਦੇ ਚਾਹਵਾਨ ਸਨ। ਮੈਂ ਉਸ ਅਧਿਕਾਰੀ ਨੂੰ ਬੜੇ ਸਤਿਕਾਰ ਨਾਲ ਕਿਹਾ ਕਿ ਰਾਤ ਦੇ ਸਮੇਂ ਮੁੱਖ ਮੰਤਰੀ ਨੂੰ ਮਿਲਣਾ ਅਸੰਭਵ ਹੈ, ਰਾਤ ਦਾ ਸਮਾਂ ਹੋਣ ਕਰਕੇ ਮੈਂ ਉਨ੍ਹਾਂ ਨੂੰ ਤੁਹਾਡੇ ਬਾਰੇ ਦੱਸ ਵੀ ਨਹੀਂ ਸਕਦਾ। ਉਨ੍ਹਾਂ ਦਾ ਨਿੱਜੀ ਅਮਲਾ ਵੀ ਚਲਾ ਗਿਆ ਹੈ। ਤੁਹਾਨੂੰ ਮਿਲਾਉਣਾ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਤੁਸੀਂ ਅਗਲੇ ਦਿਨ ਸਮਾਂ ਨਿਸਚਤ ਕਰਕੇ ਆਉਣਾ ਤਾਂ ਜੋ ਤੁਹਾਨੂੰ ਮਿਲਣ ਵਿੱਚ ਕੋਈ ਤਕਲੀਫ਼ ਨਾ ਹੋਵੇ। ਉਨ੍ਹਾਂ ਬਹੁਤ ਜਿੱਦ ਕੀਤੀ ਜੋ ਇਤਨੇ ਵੱਡੇ ਅਧਿਕਾਰੀ ਦੇ ਸਟੇਟਸ ਮੁਤਾਬਕ ਠੀਕ ਨਹੀਂ ਲੱਗ ਰਹੀ ਸੀ। ਮੈਂ ਤਾਂ ਇਕ ਛੋਟਾ ਜਿਹਾ ਅਧਿਕਾਰੀ ਸੀ, ਮੇਰੇ ਵੱਲੋਂ ਉਨ੍ਹਾਂ ਨੂੰ ਮਿਲਾਉਣ ਤੋਂ ਇਨਕਾਰ ਕਰਨਾ ਮੈਨੂੰ ਆਪ ਚੰਗਾ ਨਹੀਂ ਲੱਗ ਰਿਹਾ ਸੀ। ਉਹ ਅਧਿਕਾਰੀ ਕਦੀਂ ਵੀ ਮੇਰੇ ਵਿਭਾਗ ਦੇ ਮੁੱਖੀ ਬਣ ਸਕਦੇ ਸਨ। ਇਸੇ ਡਰ ਕਰਕੇ ਮੈਨੂੰ ਮੁੱਖ ਮੰਤਰੀ ਜੀ ਨੂੰ ਮਜ਼ਬੂਰੀ ਵਸ ਉਸ ਸੀਨੀਅਰ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਬਾਰੇ ਦੱਸਣਾ ਪਿਆ ਕਿ ਉਹ ਤੁਹਾਨੂੰ ਮਿਲਣ ਦੀ ਜਿੱਦ ਕਰ ਰਹੇ ਹਨ। ਉਸ ਅਧਿਕਾਰੀ ਦਾ ਅਕਸ ਇਕ ਸਾਊ ਜਿਹੇ ਵਿਅਕਤੀ ਵਾਲਾ ਸੀ, ਜਿਸ ਕਰਕੇ ਮੁੱਖ ਮੰਤਰੀ ਨਾ ਚਾਹੁੰਦੇ ਹੋਏ ਵੀ ਮਿਲਣ ਲਈ ਆ ਗਏ। ਉਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਕੋਈ ਜ਼ਰੂਰੀ ਗੁਪਤ ਗੱਲ ਕਰਨੀ ਹੈ, ਇਸ ਲਈ ਮੈਂ ਕਮਰੇ ਵਿਚੋਂ ਬਾਹਰ ਚਲਾ ਜਾਵਾਂ। ਮੁੱਖ ਮੰਤਰੀ ਜੀ ਅਜਿਹੇ ਮੌਕਿਆਂ ‘ਤੇ ਇਕੱਲੇ ਕਿਸੇ ਨੂੰ ਮਿਲਣ ਤੋਂ ਪ੍ਰਹੇਜ਼ ਕਰਦੇ ਸਨ। ਮੈਨੂੰ ਕਹਿਣ ਲੱਗੇ ਕਿ ਮੈਂ ਉਨ੍ਹਾਂ ਤੋਂ ਥੋੜ੍ਹਾ ਦੂਰ ਬੈਠ ਜਾਵਾਂ ਤਾਂ ਜੋ ਉਹ ਗੱਲ ਕਰ ਸਕਣ।
ਉਨ੍ਹਾਂ ਮੁੱਖ ਮੰਤਰੀ ਨੂੰ ਆਪਣੀ ਇਛਾ ਦੱਸੀ ਅਤੇ ਨਾਲ ਹੀ ਇਕ ਸੋਨੇ ਦਾ ਕੜਾ ਆਫਰ ਕਰ ਦਿੱਤਾ। ਮੁੱਖ ਮੰਤਰੀ ਨੇ ਕੜਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਵੱਟ ਜਿਹਾ ਖਾ ਕੇ ਉਹ ਤੁਰੰਤ ਉਠ ਖੜ੍ਹੇ ਹੋ ਗਏ। ਫਿਰ ਉਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਮੁੱਖ ਮੰਤਰੀ ਦੀ ਪਤਨੀ ਨੂੰ ਮਿਲਣ ਦੀ ਇਛਾ ਰੱਖਦੇ ਹਨ। ਮੁੱਖ ਮੰਤਰੀ ਨੇ ਸੇਵਾਦਾਰ ਨੂੰ ਬੁਲਾਕੇ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਚਾਹ ਪਿਲਾਉਣ ਲਈ ਕਿਹਾ। ਫਿਰ ਮੈਨੂੰ ਇਕ ਪਾਸੇ ਲਿਜਾ ਕੇ ਕਹਿਣ ਲੱਗੇ ਕਿ ‘‘ਇਨ੍ਹਾਂ ਨੂੰ ਸਮਝਾਓ ਕਿ ਅਜਿਹੀ ਹਰਕਤ ਸੀਨੀਅਰ ਅਧਿਕਾਰੀ ਨੂੰ ਕਰਨੀ ਨਹੀਂ ਚਾਹੀਦੀ ਸੀ। ਹੁਣ ਉਹ ਮੇਰੀ ਪਤਨੀ ਨੂੰ ਮਿਲਣਾ ਚਾਹੁੰਦੇ ਹਨ। ਤੁਸੀਂ ਜਾ ਕੇ ਉਨ੍ਹਾਂ ਨੂੰ ਬੁਲਾ ਲਿਆਓ ਅਤੇ ਦੱਸ ਦਿਓ ਕਿ ਅਧਿਕਾਰੀ ਦੀ ਪਤਨੀ ਤੁਹਾਨੂੰ ਕੋਈ ਗਹਿਣਾ ਦੇਣ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਨੂੰ ਨਮਰਤਾ ਨਾਲ ਸਮਝਾਕੇ ਇਨਕਾਰ ਕਰ ਦੇਣਾ। ਮੈਂ ਜੇਕਰ ਆ ਹੀ ਗਿਆ ਹਾਂ ਤਾਂ ਕੁਝ ਫਾਈਲਾਂ ਦਫ਼ਤਰ ਵਿੱਚ ਪਈਆਂ ਹਨ, ਉਨ੍ਹਾਂ ਨੂੰ ਪੜ੍ਹ ਲਵਾਂ। ਜੇਕਰ ਇਨ੍ਹਾਂ ਨੇ ਬਹੁਤੀ ਜਿੱਦ ਕੀਤੀ ਤਾਂ ਮੈਨੂੰ ਬੁਲਾ ਲੈਣਾ ਅਤੇ ਤੁਸੀਂ ਉਥੇ ਉਨ੍ਹਾਂ ਦੇ ਕੋਲ ਹੀ ਰਹਿਣਾ।’’ ਹੋਇਆ ਬਿਲਕੁਲ ਇਸੇ ਤਰ੍ਹਾਂ ਪ੍ਰੰਤੂ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਬੱਚਿਆਂ ਵਾਂਗੂੰ ਬਹੁਤ ਹੀ ਜਿੱਦ ਕਰਦੇ ਰਹੇ। ਮਿਸਿਜ਼ ਬੇਅੰਤ ਸਿੰਘ ਨੇ ਬਹੁਤ ਹੀ ਸਲੀਕੇ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਤੁਹਾਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਜਦੋਂ ਸਰਦਾਰ ਜੀ ਨੇ ਤੁਹਾਨੂੰ ਇਨਕਾਰ ਕਰ ਦਿੱਤਾ, ਫਿਰ ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ? ਅਖ਼ੀਰ ਨਮੋਸ਼ੀ ਵਿੱਚ ਉਹ ਵਾਪਸ ਚਲੇ ਗਏ। ਜਦੋਂ ਮੈਂ ਉਨ੍ਹਾਂ ਨੂੰ ਬਾਹਰ ਤੱਕ ਛੱਡਣ ਗਿਆ ਤਾਂ ਉਸ ਅਧਿਕਾਰੀ ਨੇ ਮੈਨੂੰ ਕਿਹਾ ਕਿ ਇਸ ਗੱਲ ਬਾਰੇ ਕਿਸੇ ਨੂੰ ਭਿਣਕ ਨਹੀਂ ਪੈਣੀ ਚਾਹੀਦੀ।
ਕੁਝ ਇੱਕ ਮੰਤਰੀ ਵੀ ਘੱਟ ਨਹੀਂ ਸਨ। ਇਕ ਮੰਤਰੀ ਨੇ ਤਾਂ ਚਾਪਲੂਸੀ ਦੀ ਹੱਦ ਹੀ ਕਰ ਦਿੱਤੀ, ਉਹ ਮੁੱਖ ਮੰਤਰੀ ਲਈ ਪੰਜਾਬੀ ਜੁੱਤੀ ਜਾਣੀ ਕਿ ਤਿਲੇ ਨਾਲ ਕਢਾਈ ਵਾਲਾ ਖੁਸਾ ਲੈ ਆਏ। ਮੁੱਖ ਮੰਤਰੀ ਵਿਅੰਗ ਨਾਲ ਕਹਿਣ ਲੱਗੇ ਜੁੱਤੀਆਂ ਦਾ ਤਾਂ ਪਹਿਲਾਂ ਹੀ ਘਾਟਾ ਨਹੀਂ ਹੁਣ ਤੁਹਾਡੀ ਹੀ ਕਸਰ ਬਾਕੀ ਰਹਿ ਗਈ ਸੀ। ਉਹ ਕਹਿਣ ਲੱਗੇ ਮੈਂ ਤਾਂ ਕਦੀਂ ਅਜਿਹੀ ਜੁੱਤੀ ਜਵਾਨੀ ਵਿੱਚ ਨਹੀਂ ਪਾਈ, ਹੁਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੰਤਰੀ ਜੀ ਦੀ ਚਮਚਾਗਿਰੀ ਵੇਖਣ ਵਾਲੀ ਸੀ ਕਿ ਉਹ ਜ਼ਿੱਦ ਕਰਨ ਲੱਗੇ ਕਿ ਇਕ ਵਾਰ ਪੈਰ ਵਿੱਚ ਪਾ ਕੇ ਵੇਖੋ ਤਾਂ ਸਹੀ। ਇਕ ਵਾਰ ਸ੍ਰ ਜਸਦੇਵ ਸਿੰਘ ਸੰਧੂ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸ੍ਰ ਬੇਅੰਤ ਸਿੰਘ ਦੇ ਗੁਰੂ ਵਰਗੇ ਦੋਸਤ ਸੰਤ ਹਜ਼ਾਰਾ ਸਿੰਘ ਦੇ ਸਪੁੱਤਰ ਅਮਰੀਕ ਸਿੰਘ ਛੀਨਾ ਦਾ ਚੰਡੀਗੜ੍ਹ ਵਿਖੇ ਟ੍ਰਬਿਊਨ ਚੌਕ ਕੋਲ ਐਕਸੀਡੈਂਟ ਹੋ ਗਿਆ। ਉਨ੍ਹਾਂ ਦੀ ਕਾਰ ਚਲਣ ਯੋਗ ਨਾ ਰਹੀ। ਉਸ ਸਮੇਂ ਮੋਬਾਈਲ ਫੋਨ ਨਹੀਂ ਹੁੰਦੇ ਸਨ। ਇਸ ਲਈ ਉਨ੍ਹਾਂ ਮੈਨੂੰ ਦੱਸਣ ਲਈ ਟਰਬਿਊਨ ਦੇ ਦਫਤਰ ਤੋਂ ਮੁੱਖ ਮੰਤਰੀ ਦੇ ਦਫਤਰ ਫੋਨ ਕੀਤਾ ਪ੍ਰੰਤੂ ਉਸ ਸਮੇਂ ਮੈਂ ਦਫਤਰ ਵਿਚ ਨਹੀਂ ਸੀ। ਸ੍ਰ ਬੇਅੰਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਨ੍ਹਾਂ ਤੁਰੰਤ ਆਪਣੀ ਕਾਰ ਭੇਜਕੇ ਉਨ੍ਹਾਂ ਨੂੰ ਬੁਲਾ ਲਿਆ ਅਤੇ ਕਾਰ ਦੀ ਮੁਰੰਮਤ ਕਰਵਾਉਣ ਲਈ ਭੇਜ ਦਿੱਤਾ।
ਇਕ ਵਾਰ ਜਦੋਂ ਲੁਧਿਆਣੇ ਪੁਡਾ ਨੇ ਮਾਡਲ ਟਾਊਨ ਐਕਟੈਂਨਸ਼ਨ ਦੀ ਸਕੀਮ ਕੱਟੀ, ਬਹੁਤ ਸਾਰੇ ਪਲਾਟ ਅਲਾਟ ਹੋਣ ਤੋਂ ਰਹਿੰਦੇ ਸਨ। ਦਰਸ਼ਨ ਸਿੰਘ ਜੋ ਲੁਧਿਆਣਾ ਤੋਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸੇਵਾ ਮੁਕਤ ਹੋਏ ਹਨ, ਉਹ ਉਨ੍ਹਾਂ ਕੋਲ ਚਾਰ ਫਾਰਮ ਪਲਾਟ ਅਲਾਟ ਕਰਵਾਉਣ ਦੀ ਸਿਫ਼ਾਰਸ਼ ਕਰਵਾਉਣ ਲਈ ਆਏ। ਉਨ੍ਹਾਂ ਸ੍ਰ ਬੇਅੰਤ ਸਿੰਘ ਨੂੰ ਕਿਹਾ ਕਿ ਉਹ ਤਿੰਨ ਪਲਾਟ ਆਪਣੇ ਸਪੁੱਤਰਾਂ ਅਤੇ ਇਕ ਦਰਸ਼ਨ ਸਿੰਘ ਲਈ ਅਲਾਟ ਕਰਨ ਦੀ ਪੁਡਾ ਅਧਿਕਾਰੀ ਨੂੰ ਟੈਲੀਫ਼ੋਨ ਕਰ ਦੇਣ। ਬਾਕੀ ਸਾਰਾ ਕੰਮ ਮੈਂ ਆਪ ਹੀ ਕਰਵਾ ਲਵਾਂਗਾ ਕਿਉਂਕਿ ਪਲਾਟਾਂ ਦੀ ਕੀਮਤ ਜਲਦੀ ਹੀ ਦਸ ਗੁਣਾ ਹੋ ਜਾਣੀ ਹੈ। ਸ੍ਰ ਬੇਅੰਤ ਸਿੰਘ ਨੇ ਤਿੰਨ ਫ਼ਾਰਮ ਪਕੜਕੇ ਪਾੜ ਦਿੱਤੇ, ਚੌਥੇ ਦਰਸ਼ਨ ਸਿੰਘ ਦੇ ਫਾਰਮ ‘ਤੇ ਸਿਫ਼ਾਰਸ਼ ਕਰ ਦਿੱਤੀ। ਉਹ ਕਹਿਣ ਲੱਗੇ ਮੇਰੇ ਸਪੁੱਤਰ ਆਪਣੀ ਜ਼ਰੂਰਤ ਲਈ ਜੇਕਰ ਪਲਾਟ ਲੈਣਾ ਚਾਹੁੰਦੇ ਹਨ ਤਾਂ ਆਪਣੀ ਲਿਆਕਤ ਨਾਲ ਕਾਰੋਬਾਰ ਕਰਕੇ ਖ੍ਰੀਦ ਲੈਣ। ਦਰਸ਼ਨ ਸਿੰਘ ਨੇ ਸ੍ਰ ਬੇਅੰਤ ਸਿੰਘ ਤੋਂ ਪ੍ਰਭਾਵਤ ਹੋ ਕੇ ਆਪਣਾ ਫਾਰਮ ਵੀ ਉਨ੍ਹਾਂ ਦੇ ਸਾਹਮਣੇ ਹੀ ਪਾੜ ਦਿੱਤਾ। ਇਹ ਉਨ੍ਹਾਂ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ।
ਅੱਜ ਉਨ੍ਹਾਂ ਦੇ ਸ਼ਹੀਦੀ ਦਿਵਸ ‘ਤੇ ਪਰਿਵਾਰ ਵੱਲੋਂ ਚੰਡੀਗੜ੍ਹ ਉਨ੍ਹਾਂ ਦੀ ਸਮਾਧੀ ‘ਤੇ ਸਰਵ ਧਰਮ ਪ੍ਰਾਰਥਨਾ ਸਭਾ ਆਯੋਜਤ ਕੀਤੀ ਜਾ ਰਹੀ ਹੈ।
(ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)