ਸਪ੍ਰਿੰਗਵੁਡ ਟਾਊਨ ਸੈਂਟਰ ਦੇ ਨਵੀਨੀਕਰਣ ਦਾ ਕੰਮ ਮੁਕੰਮਲ

ਨਿਊ ਸਾਊਥ ਵੇਲਜ਼ ਦੇ ਸਪ੍ਰਿੰਗਵੁਡ ਟਾਊਨ ਸੈਂਟਰ ਦੇ ਨਵੀਨੀਕਰਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਿਸ ਵਿੱਚ ਕਿ ਸਥਾਨਕ ਲੋਕਾਂ ਅਤੇ ਬਾਹਰ ਤੋਂ ਆਉਣ ਵਾਲਿਆਂ ਵਾਸਤੇ ਵਧੀਆ ਅਤੇ ਸੁਰੱਖਿਅਤ ਪੈਦਲ ਗਾਹਾਂ, ਕਰਾਸਿੰਗਜ਼, ਪਾਣੀ ਦੇ ਨਿਕਾਸ ਦਾ ਆਧੁਨਿਕ ਅਤੇ ਸੁਰੱਖਿਅਤ ਤਰੀਕਾ, ਦਰਖ਼ਤਾਂ ਅਤੇ ਪੌਦਿਆਂ ਦਾ ਲਗਾਉਣਾ ਅਤੇ ਬੈਠਣ ਆਦਿ ਦੀਆਂ ਥਾਵਾਂ ਉਪਲੱਭਧ ਕਰਵਾਈਆਂ ਗਈਆਂ ਹਨ।
ਸ਼ਹਿਰਾਂ ਅਤੇ ਕਲ਼ਾ ਦੇ ਨਾਲ ਨਾਲ, ਸ਼ਹਿਰੀ ਢਾਂਚੇ ਅਤੇ ਕਮਿਊਨੀਕੇਸ਼ਨ ਸਬੰਧੀ ਵਿਭਾਗਾਂ ਦੇ ਮੰਤਰੀ ਮਾਣਯੋਗ ਪੌਲ ਫਲੈਚਰ (ਐਮ.ਪੀ.) ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪ੍ਰਾਜੈਕਟ ਵਾਸਤੇ ਫੰਡਿੰਗ, ਵੈਸਟਰਨ ਸਿਡਨੀ ਸਿਟੀ ਡੀਲ ਦੇ ਤਹਿਤ ਕੀਤੀ ਗਈ ਹੈ।
ਨਿਊ ਸਾਊਥ ਵੇਲਜ਼ ਵਿਚਲੇ ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਤੋਂ ਮੰਤਰੀ ਮਾਣਯੋਗ ਸਟੁਅਰਟ ਆਇਰਜ਼ ਐਮ.ਪੀ. ਨੇ ਕਿਹਾ ਕਿ ਸਰਕਾਰ ਹਰ ਜ਼ਰੀਏ ਨਾਲ ਹੀ ਜਨਤਕ ਤੌਰ ਉਪਰ ਹਰ ਤਰ੍ਹਾਂ ਦੀਆਂ ਲੋੜਵੰਦ ਸੇਵਾਵਾਂ ਨਿਭਾ ਰਹੀ ਹੈ ਅਤੇ ਉਕਤ ਪ੍ਰਾਜੈਕਟ ਦੇ ਪੂਰਨ ਹੋ ਕੇ ਜਨਤਕ ਸੇਵਾਵਾਂ ਵਿੱਚ ਹਾਜ਼ਰ ਕਰਨਾ ਵੀ ਸਰਕਾਰ ਦੇ ਵਧੀਆ ਜਨਤਕ ਉਦਮਾਂ ਵਿੱਚੋਂ ਇੱਕ ਹੈ।
ਪੱਛਮੀ ਸਿਡਨੀ ਤੋਂ ਲਿਬਰਲ ਸੈਨੈਟਰ ਮਾਣਯੋਗ ਮੈਰੀਸ ਪਾਈਨ ਨੇ ਵੀ ਇਸ ਦਾ ਸਵਾਗਤ ਕਰਦਿਆਂ ਰਾਜ ਸਰਕਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਤਰ ਦੀ ਦਿਖ ਨਿਖਾਰਨ ਲਈ ਸਰਕਾਰ ਵਧਾਈ ਦੀ ਪਾਤਰ ਹੈ।
ਉਨ੍ਹਾਂ ਕਿਹਾ ਕਿ ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ, ਬੰਕਰ ਕੈਫੇ ਕੋਲ ਅਰਲੀ ਚਾਈਲਡਹੁਡ ਸੈਂਟਰ ਦੇ ਨਜ਼ਦੀਕ ਅਤੇ ਐਲ.ਜੀ.ਏ. ਸੁਪਰਮਾਰਕਿਟ ਵਾਲੇ ਲਾਂਘਿਆਂ ਨੂੰ ਦਰੁਸਤ ਕਰਕੇ ਆਸਟ੍ਰੇਲੀਆਈ ਮਾਪਦੰਡਾਂ ਤਹਿਤ ਮੁੜ ਤੋਂ ਤਿਆਰ ਕਰਨਾ, ਬਹੁਤ ਹੀ ਉਤਮ ਕੰਮ ਹੈ ਅਤੇ ਲੋਕਾਂ ਲਈ ਬਹੁਤ ਹੀ ਲਾਹੇਵੰਦ ਹੋਣ ਵਾਲਾ ਹੈ।
ਬਲੂ ਮਾਉਂਟੇਨਜ਼ ਸਿਟੀ ਕਾਂਸਲ ਦੇ ਮੇਅਰ, ਕਰ. ਮਾਰਕ ਗ੍ਰੀਨਹਿਲ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਸਪ੍ਰਿੰਗਵੁਡ ਦਾ ਮੁਹਾਂਦਰਾ ਹੁਣ ਬਦਲ ਚੁਕਿਆ ਹੈ ਅਤੇ ਨਵੀਆਂ ਦਿਖਾਂ ਆਕਰਸ਼ਣ ਦਾ ਕੇਂਦਰ ਬਣ ਗਈਆਂ ਹਨ।
ਹਰ ਤਰਫ਼ ਵਧੀਆ ਤਰੀਕਿਆਂ ਦੇ ਨਾਲ ਨਿਸ਼ਾਨਦੇਹੀ (ਮਾਰਕਿੰਗ) ਕੀਤੀ ਗਈ ਹੈ ਅਤੇ ਨਵੇਂ ਦਰਖ਼ਤਾਂ ਆਦਿ ਦਾ ਲਗਾਉਣਾ ਬਹੁਤ ਹੀ ਫਾਇਦੇਮੰਦ ਹੋਵੇਗਾ। ਮੈਕੁਆਇਰ ਰੋਡ ਦੇ ਨਜ਼ਦੀਕ ਵਾਲੀ ਕਾਰ ਪਾਰਕਿੰਗ ਵੀ ਵਧੀਆ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਉਕਤ 1.3 ਮਿਲੀਅਨ ਡਾਲਰਾਂ ਦੇ ਪ੍ਰਾਜੈਕਟ ਨੂੰ ਵੈਸਟਰਨ ਪਾਰਕਲੈਂਡ ਸਿਟੀ ਲਿਵਅਬਿਲੀਟੀ ਪ੍ਰੋਗਰਾਮ ਤਹਿਤ ਫੰਡ ਮੁਹੱਈਆ ਕਰਵਾਏ ਗਏ ਸਨ ਅਤੇ ਇਸ ਨਾਲ ਸਰਕਾਰ ਦੇ ਤਿੰਨ ਪੜਾਈ ਪ੍ਰੋਗਰਾਮ ਅਤੇ ਹਿੱਸੇ-ਦਾਰੀ ਤਹਿਤ ਸਥਾਨਕ ਥਾਵਾਂ ਦੇ ਨਵੀਨੀਕਰਣ ਸ਼ਾਮਿਲ ਹਨ।
ਜ਼ਿਆਦਾ ਜਾਣਕਾਰੀ ਲਈ https://yoursay.bmcc.nsw.gov.au/springwood-town-centre ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ। ਅਤੇ ਵੈਸਟਰਨ ਸਿਡਨੀ ਸਿਟੀ ਡੀਲ ਦੀ ਵਿਸਤਾਰ ਸਹਿਤ ਜਾਣਕਾਰੀ ਲਈ https://www.infrastructure.gov.au/cities/city-deals/western-sydney/ ਉਪਰ ਅਤੇ ਜਾਂ ਫੇਰ www.wscd.sydney ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×