ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਨਵਾਂਸ਼ਹਿਰ ਵਿਖੇ ਵਿਸ਼ਾਲ ਖੇਡ ਕੰਪਲੈਕਸ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ

*ਕਿਹਾ, ਦੁਆਬਾ ਖੇਤਰ ਦੇ ਨੌਜਵਾਨਾਂ ਲਈ ਵਰਦਾਨ ਸਿੱਧ ਹੋਵੇਗਾ ਵਿਸ਼ਵ ਪੱਧਰੀ ਖੇਡ ਕੰਪਲੈਕਸ

*ਨਵਾਂਸ਼ਹਿਰ ਅਤੇ ਬਲਾਚੌਰ ’ਚ ਖੇਡਾਂ ਸਬੰਧੀ ਹੋਰ ਪ੍ਰਾਜੈਕਟ ਲਿਆਉਣ ਦੇ ਐਲਾਨ

ਨਿਊਯਾਰਕ:ਨਵਾਂਸ਼ਹਿਰ —ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਨਵਾਂਸ਼ਹਿਰ ਵਿਖੇ ‘ਖੇਲੋ ਇੰਡੀਆ’ ਤਹਿਤ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਿਸ਼ਾਲ ‘ਸਟੇਟ ਆਫ ਦ ਆਰਟ ਸਪੋਰਟਸ ਕੰਪਲੈਕਸ’ ਦੀ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਕੀਤਾ ਗਿਆ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਐਮ. ਪੀ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐਸ. ਐਸ. ਪੀ ਅਲਕਾ ਮੀਨਾ ਅਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਦੁਆਬਾ ਖੇਤਰ ਦੇ ਨੌਜਵਾਨਾਂ ਲਈ ਇਹ ਵਿਸ਼ਵ ਪੱਧਰੀ ਖੇਡ ਕੰਪਲੈਕਸ ਵਰਦਾਨ ਸਿੱਧ ਹੋਵੇਗਾ। ਇਹ ਸਾਲ ਪੰਜਾਬ ਦੇ ਖੇਡਾਂ ਦੇ ਖੇਤਰ ਵਿਚ ਇਕ ਲਾਮਿਸਾਲ ਵਰਾ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਲਈ ਵੱਡੇ ਪ੍ਰਾਜੈਕਟ ਉਲੀਕੇ ਗਏ ਹਨ।

ਇਸੇ ਤਹਿਤ ਸੂਬੇ ਵਿਚ ਅੱਜ 2500 ਖੇਡ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਲੱਖਾਂ ਨੌਜਵਾਨ ਖੇਡਾਂ ਨਾਲ ਜੁੜਨਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਤਹਿਤ ਇਥੇ 500 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਯੂਨੀਵਰਸਿਟੀ ਬਣਾਈ ਜਾ ਰਹੀ ਹੈ। ਇਸੇ ਤਰਾਂ ਓਲੰਪਿਕ ਅਤੇ ਏਸ਼ੀਆਈ ਖੇਡਾਂ ਦੇ ਤਗਮਾ ਜੇਤੂਆਂ ਨੂੰ ਵੱਡੇ ਇਨਾਮ ਅਤੇ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਉਨਾਂ ਨਵਾਂਸ਼ਹਿਰ ਅਤੇ ਬਲਾਚੌਰ ਵਿਚ ਨਵੇਂ ਖੇਡ ਪ੍ਰਾਜੈਕਟ ਲਿਆਉਣ ਦਾ ਵੀ ਐਲਾਨ ਕੀਤਾ, ਜਿਸ ਵਿਚ ਨਵਾਂਸ਼ਹਿਰ ਲਈ ਫੁੱਟਬਾਲ ਟਰਫ ਵੀ ਸ਼ਾਮਿਲ ਹੈ। ਐਮ. ਪੀ ਮੰਤਰੀ ਮਨੀਸ਼ ਤਿਵਾੜੀ ਨੇ ਇਸ ਮੌਕੇ ਕਿਹਾ ਕਿ ਇਹ ਖੇਡ ਕੰਪਲੈਕਸ ਨੌਜਵਾਨ ਪੀੜੀ ਦੀ ਸਿਹਤ ਲਈ ਵੱਡੀ ਉਪਲਬੱਧੀ ਹੈ। ਉਨਾਂ ਕਿਹਾ ਕਿ ਖੇਡ ਮੰਤਰੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਥੇ ਖੇਡ ਸਟੇਡੀਅਮ ਬਣਾਉਣ ਦਾ ਵਾਅਦਾ ਕੀਤਾ ਸੀ, ਜੋ ਅੱਜ ਉਨਾਂ ਵੱਲੋਂ ਪੂਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਨਾਲ ਨੌਜਵਾਨ ਜਿਥੇ ਨਸਿਆਂ ਤੋਂ ਦੂਰ ਰਹਿਣਗੇ, ਉਥੇ ਖੇਡਾਂ ਦੇ ਖੇਤਰ ਵਿਚ ਵਿਸ਼ਵ ਪੱਧਰ ’ਤੇ ਮੱਲਾਂ ਮਾਰਨਗੇ।

ਉਨਾਂ ਦੱਸਿਆ ਕਿ ਇਸ ਵਿਸ਼ਾਲ ਖੇਡ ਕੰਪਲੈਕਸ ਵਿਚ ਬਹੁਮੰਤਵੀ ਇਨਡੋਰ ਹਾਲ, ਸਿੰਥੈਟਿਕ ਟਰੈਕ, ਸਵੀਮਿੰਗ ਪੂਲ, ਟੈਨਿਸ ਕੋਰਟ ਅਤੇ ਜਿਮਨੇਜ਼ੀਅਮ ਤੋਂ ਇਲਾਵਾ ਬੈਡਮਿੰਟਨ, ਸਕੂਐਸ਼, ਬਾਕਸਿੰਗ, ਜਿਮਨਾਸਟਿਕ, ਵਾਲੀਬਾਲ, ਬਾਸਕਿਟਬਾਲ, ਜੂਡੋ, ਬਿਲੀਅਰਡਜ਼, ਟੇਬਲ ਟੈਨਿਸ, ਸਕੇਟਿੰਗ ਆਦਿ ਦਰਜਨ ਦੇ ਕਰੀਬ ਇਨਡੋਰ ਖੇਡਾਂ ਦੀ ਸਹੂਲਤ ਉਪਲਬੱਧ ਹੋਵੇਗੀ।ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਇਸ ਵੱਕਾਰੀ ਪ੍ਰਾਜੈਕਟ ਨਾਲ ਨਵਾਂਸ਼ਹਿਰ ਇਕ ਖੇਡ ਹੱਬ ਵਜੋਂ ਉੱਭਰੇਗਾ ਅਤੇ ਇਹ ਵਿਸ਼ਵ ਪੱਧਰੀ ਖੇਡ ਕੰਪਲੈਕਸ ਖਿੱਤੇ ਦੇ ਨੌਜਵਾਨਾਂ ਲਈ ਵਰਦਾਨ ਸਿੱਧ ਹੋਵੇਗਾ। ਉਨਾਂ ਦੱਸਿਆ ਕਿ ਇਸ ਖੇਡ ਕੰਪਲੈਕਸ ਲਈ ਭਾਰਤ ਸਰਕਾਰ ਕੋਲੋਂ 4.50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ਦੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਅਤੇ ਊਰਜਾ ਹੈ, ਪਰੰਤੂ ਖੇਡ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਉਨਾਂ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਦਾ ਮੌਕਾ ਨਹੀਂ ਸੀ ਮਿਲਦਾ ਅਤੇ ਹੁਣ ਉਨਾਂ ਨੂੰ ਇਕ ਵਿਸ਼ਾਲ ਮੰਚ ਮੁਹੱਈਆ ਹੋਵੇਗਾ।

ਉਨਾਂ ਕਿਹਾ ਕਿ ਜ਼ਿਲੇ ਦੇ ਨੌਜਵਾਨਾਂ ਦੀ ਬਿਹਤਰੀ ਲਈ ਉਨਾਂ ਵੱਲੋਂ ਉਲੀਕੇ ਗਏ ਪ੍ਰਾਜੈਕਟਾਂ ਵਿਚੋਂ ਇਹ ਉਨਾਂ ਦਾ ‘ਡਰੀਮ ਪ੍ਰਾਜੈਕਟ’ ਹੈ, ਜੋ ਜਲਦ ਹੀ ਮੁਕੰਮਲ ਕਰ ਕੇ ਜ਼ਿਲਾ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਇਸ ਮੌਕੇ ਕਿਹਾ ਕਿ ਨਵਾਂਸ਼ਹਿਰ ਵਿਚ ਬਣਨ ਵਾਲਾ ਖੇਡ ਕੰਪਲੈਕਸ ਜ਼ਿਲੇ ਦੇ ਨੌਜਵਾਨਾਂ ਲਈ ਹੀ ਨਹੀਂ ਬਲਕਿ ਲਾਗਲੇ ਜ਼ਿਲਿਆਂ ਦੇ ਨੌਜਵਾਨਾਂ ਲਈ ਵੀ ਚਾਨਣ ਮੁਨਾਰਾ ਬਣੇਗਾ। ਉਨਾਂ ਇਸ ਉਪਲਬੱਧੀ ਲਈ ਨੌਜਵਾਨ ਵਿਧਾਇਕ ਅੰਗਦ ਸਿੰਘ ਨੂੰ ਵਧਾਈ ਦਿੰਦਿਆਂ ਖੇਡ ਮੰਤਰੀ ਦਾ ਧੰਨਵਾਦ ਕੀਤਾ।ਇਸ ਮੌਕੇ ਪੰਜਾਬ ਲਾਰਜ ਸਕੇਲ ਇੰਡਸਟਰੀ ਦੇ ਚੇਅਰਮੈਨ ਪਵਨ ਦੀਵਾਨ, ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ, ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਮਨਜੀਤ ਸਿੰਘ ਨਿੱਝਰ, ਮੈਂਬਰ ਯੂਥ ਵਿਕਾਸ ਬੋਰਡ ਆਂਚਲ ਅਰੋੜਾ, ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿਘ ਜੌਹਲ, ਤਹਿਸੀਲਦਾਰ ਕੁਲਵੰਤ ਸਿੰਘ, ਜ਼ਿਲਾ ਖੇਡ ਅਫ਼ਸਰ ਕੁਲਵਿੰਦਰ ਸਿੰਘ, ਐਕਸੀਅਨ ਖੇਡ ਵਿਭਾਗ ਸੰਜੇ ਮਹਾਜਨ, ਐਸ. ਡੀ. ਓ ਖੇਡ ਵਿਭਾਗ ਅਮਰਦੀਪ ਸਿੰਘ ਰੰਧਾਵਾ, ਈ. ਓ ਰਾਮ ਪ੍ਰਕਾਸ਼, ਬੀ. ਡੀ. ਪੀ. ਓ ਰਾਜੇਸ਼ ਚੱਢਾ, ਰਾਣਾ ਕੁਲਦੀਪ, ਚੌਧਰੀ ਹਰਬੰਸ ਲਾਲ, ਤਜਿੰਦਰ ਕੌਰ ਜ਼ਿਲਾ ਮਹਿਲਾ ਪ੍ਰਧਾਨ, ਸਾਬਕਾ ਕੌਂਸਲਰ ਗੁਰਦੇਵ ਕੌਰ, ਰਚਨਾ ਛਾਬੜਾ ਤੇ ਕੁਲਵੰਤ ਕੌਰ, ਜੋਗਿੰਦਰ ਸਿੰਘ ਭਗੌਰਾਂ, ਜੋਗਿੰਦਰ ਛੋਕਰ, ਵਿਕਾਸ ਸੋਨੀ, ਸਚਿਨ ਦੀਵਾਨ, ਕਲਾਧਾਰ, ਪਰਵੀਨ ਭਾਟੀਆ, ਬਿੱਟੂ ਬਜਾਜ, ਰਘੁਬੀਰ ਪਾਬਲਾ, ਲਲਿਤ ਸ਼ਰਮਾ, ਸਾਬਕਾ ਕੌਂਸਲਰ ਬਲਵੀਰ ਸਿੰਘ ਸੈਣੀ, ਰਾਜੇਸ਼ ਗਾਬਾ, ਜਤਿੰਦਰ ਬਾਲੀ, ਯਾਦਵਿੰਦਰ ਸਿੰਘ ਲਾਦੀਆਂ ਅਤੇ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Welcome to Punjabi Akhbar

Install Punjabi Akhbar
×
Enable Notifications    OK No thanks