ਹੜ੍ਹ ਤੇ ਜ਼ਿੰਦਗੀ ਦੇ ਗੋਤੇ -ਮੰਢਾਲਾ ਪਿੰਡ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਜਿਸ ਧਰਤੀ ਤੇ ਰੱਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ 

ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ।

ਮੇਰੇ ਵਾਂਗੂੰ ਚਾਰ ਦਿਹਾੜੇ ਭੱਠੀ ਕੋਲ ਖਲੋ,

ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ.. .. .. 

ਹਾਸ਼ੀਆਗਤ ਅਵਾਮ ਦੀ ਰੂਹ ਦਾ ਸ਼ਾਇਰ ਬਾਬਾ ਨਜ਼ਮੀ.. ਗੰਦੀ ਸਿਆਸਤ ਦੇ ਪਰਦੇ ਆਪਣੇ ਬਰਛੇ ਵਰਗੇ ਬੋਲਾਂ ਨਾਲ ਚਾਕ ਕਰਦਾ ਹੈ.. ਕਿ ਕਿਵੇਂ ਵਿਹਲੜ ਲਾਣੇ ਦੇ ਮੂੰਹਾਂ ਤੇ ਲਾਲੀਆਂ ਝਗੜਦੀਆਂ ਨੇ, ਤੇ ਕੰਮੀ ਕਮੀਣ ਦਿਨ ਰਾਤ ਲਹੂ ਪਸੀਨਾ ਰੋੜ੍ਹ ਕੇ ਵੀ ਰੱਜਵੇਂ ਟੁੱਕਰ ਦੇ ਹਾਣ ਦੇ ਨਹੀਂ ਹੁੰਦੇ।
ਅਜਿਹਾ ਹੀ ਹਾਲ ਹੈ ਦੁਆਬੇ ਦੇ ਧੁੱਸੀ ਬੰਨ੍ਹ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ, ਜਿੱਥੇ ਹੜ੍ਹ ਨੇ ਤਬਾਹੀ ਤਾਂ ਅੱਜ ਲਿਆਂਦੀ ਹੈ, ਪਰ ਦੁੱਖਾਂ, ਤੰਗੀਆਂ-ਤੁਰਸ਼ੀਆਂ ਦੇ ਹੜ੍ਹ ਚ ਤਾਂ ਇਹਨਾਂ ਦੀ ਜ਼ਿੰਦਗੀ ਦਹਾਕਿਆਂ ਤੋਂ ਗੋਤੇ ਲਾਉਂਦੀ ਕਿਸੇ ਖ਼ੁਸ਼ਹਾਲ ਤਣ ਪੱਤਣ ਨੂੰ ਟੋਲਦੀ ਫਿਰਦੀ ਹੈ।
ਆਓ.. ਧੁੱਸੀ ਬੰਨ੍ਹ ਦੇ ਪਾੜ ਦਾ ਦਰਦ ਹੰਢਾਅ ਰਹੇ ਪਿੰਡ ਮੰਢਾਲਾ ਚੱਲਦੇ ਹਾਂ। ਸਾਰਾ ਪਿੰਡ ਦਲਿਤ ਆਬਾਦੀ ਵਾਲਾ ਹੈ, ਤਕਰੀਬਨ ਹਰ ਘਰ ਦਿਹਾੜੀਦਾਰ ਕਾਮਿਆਂ ਦਾ ਹੈ।

amandeep hans 190905 ਹਡ਼ ਤੇ ਜ਼ਿੰਦਗੀ ਦੇ ਗੋਤੇ yy
ਦਰਜਨਾਂ ਪਿੰਡਾਂ ਵਾਂਗ ਇਸ ਪਿੰਡ ਚ ਵੀ ਸਤਲੁਜ ਦਰਿਆ ਦਾ ਪਾਣੀ ਆਣ ਵੜਿਆ ਸੀ, ਦਿਨ ਦਾ ਵੇਲਾ ਸੀ ਤੇ ਡਿਪਟੀ ਕਮਿਸ਼ਨਰ ਜਲੰਧਰ ਨੇ ਅਗਾਊਂ ਸੂਚਨਾ ਦੇ ਕੇ ਪਿੰਡ ਵਾਸੀਆਂ ਨੂੰ ਬੰਨ੍ਹ ਟੁੱਟਣ ਬਾਰੇ ਜਾਣੂ ਕਰਵਾ ਕੇ ਚੁਕੰਨਾ ਕਰ ਦਿੱਤਾ ਸੀ। ਬੰਨ੍ਹ ਟੁੱਟਿਆ, ਪਾਣੀ ਘਰਾਂ ਚ ਆ ਵੜਿਆ, ਰਾਹਤ ਕਾਮੇ, ਕੁੱਝ ਪ੍ਰਸ਼ਾਸਨ ਦੇ ਤੇ ਕੁੱਝ ਸਮਾਜ ਸੇਵੀ ਬਚਾਅ ਲਈ ਆ ਗਏ। ਲੋਕਾਂ ਨੇ ਸਮਾਨ ਜਿੰਨਾ ਕੁ ਚੁੱਕ ਕੇ ਛੱਤਾਂ ਤੇ ਰੱਖ ਸਕਦੇ ਸੀ, ਰੱਖ ਲਿਆ, ਕੁੱਝ ਕੁ ਘਰਾਂ ਨੇ ਔਰਤਾਂ, ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ, ਪਰ ਬਹੁਤੇ ਲੋਕ ਘਰਾਂ ਚ ਹੀ ਰੁਕੇ ਰਹੇ, ਪਾੜ ਇੱਕ ਨਹੀਂ ਕਈ ਥਾਵਾਂ ਤੋਂ ਪੈ ਗਿਆ ਸੀ। ਫੁੱਟ ਫੁੱਟ ਕਰ ਕੇ ਵਧਦਾ ਗਲਾਂ ਨੂੰ ਆ ਰਿਹਾ ਸੀ।
ਪਰ ਪੰਜਾਬ ਦੇ ਜਾਇਆਂ ਦਾ ਹੌਸਲਾ ਨਾ ਤਾਂ ਸੰਤਾਲੀઠ ਤੋੜ ਸਕੀ, ਨਾ ਨਕਸਲੀ ਲਹਿਰ ਤੇ ਖਾੜਕੂ ਲਹਿਰ ਵੇਲੇ ਦਾ ਖ਼ੂਨ ਖ਼ਰਾਬਾ ਤੋੜ ਸਕਿਆ, ਨਸ਼ਾ ਵੀ ਪੰਜਾਬ ਦੇ ਹੌਸਲੇ ਨੂੰ ਤੋੜ ਨਹੀਂ ਸਕਿਆ, ਤੇ ਹੁਣ ਵੀ ਵੱਡਿਆਂ ਦੀ ਨਾਲਾਇਕੀ ਨਾਲ ਥੋਪੇ ਗਏ ਹੜ੍ਹ ਦੌਰਾਨ ਪੰਜਾਬ ਦੇ ਧੀਆਂ ਪੁੱਤਾਂ ਨੇ ਸਿੱਧ ਕਰ ਦਿੱਤਾ ਹੈ, ਕਿ ਪੰਜਾਬ ਨੂੰ ਹਰਾਉਣਾ ਐਡਾ ਸੌਖਾ ਨਹੀਂ।
ਖ਼ੈਰ ਮੰਢਾਲਾ ਪਿੰਡ ਦੀ ਗੱਲ ਕਰਦੇ ਹਾਂ, ਜੀਹਦੇ ਨਾਲ ਲਗਦੇ ਧੁੱਸੀ ਬੰਨ੍ਹ ਚ ਕਈ ਥਾਈਂ ਪਾੜ ਪੈ ਚੁਕਿਆ ਸੀ, ਸਭ ਕੁੱਝ ਰੋਹੜੂ ਬਣੇ ਪਾਣੀ ਮੂਹਰੇ ਪਿੰਡ ਦੇ ਨੌਜਵਾਨ ਪੰਜਾਬ ਭਰ ਚੋਂ ਆਏ ਮਦਦਗਾਰਾਂ ਦੇ ਨਾਲ ਡਟ ਗਏ, ਤੇਜ਼ ਵਹਾਅ ਵਾਲੇ ਵਹਿੰਦੇ ਪਾਣੀ ਨੂੰ ਮਿੱਟੀ ਦੀਆਂ ਬੋਰੀਆਂ ਨਾਲ ਰੋਕਣ ਚ ਦਿਨ ਰਾਤ ਜੁੱਟ ਗਏ।
ਇਹਨਾਂ ਕਿਰਤੀਆਂ ਚ ਪਿੰਡ ਦਾ 32 ਸਾਲਾ ਵਿਜੈ ਵੀ ਸ਼ਾਮਲ ਸੀ, 19 ਅਗਸਤ ਨੂੰ ਦੁਪਹਿਰੇ ਤਿੰਨ ਵਜੇ ਦੇ ਕਰੀਬ ਮਿੱਟੀ ਦੇ ਬੋਰੇ ਭਰ ਕੇ ਪਾੜ ਪੂਰ ਰਹੇ ਸੀ ਤਾਂ ਬੋਰੀ ਚੁੱਕੀ ਲਿਜਾਂਦੇ ਵਿਜੈ ਦਾ ਪੈਰ ਤਿਲਕ ਗਿਆ, ਦਰਿਆ ਚ ਜਾ ਡਿੱਗਿਆ, ਤੇਜ਼ ਵਹਾਅ ਨਾਲ ਹੜ੍ਹ ਗਿਆ, ਮੌਕੇ ਤੇ ਸਾਥੀਆਂ ਨੇ ਬਥੇਰੀ ਕੋਸ਼ਿਸ਼ ਕੀਤੀ ਬਚਾਅ ਦੀ, ਪਰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਵਿਜੈ ਤੂਫ਼ਾਨ ਮਚਾਉਂਦੇ ਪਾਣੀ ਚ ਤੁੱਛ ਜਿਹੇ ਬੁਲਬੁਲੇ ਵਾਂਗ ਸਮਾਅ ਗਿਆ।
ਐਨ ਡੀ ਆਰ ਐਫ ਦੀਆਂ ਟੀਮਾਂ ਉਸ ਵਕਤ ਕਿਸ਼ਤੀਆਂ ਲੈ ਕੇ ਓਥੇ ਰਾਹਤ ਕਾਰਜਾਂ ਚ ਜੁਟੀਆਂ ਹੋਈਆਂ ਸਨ, ਪਿੰਡ ਵਾਸੀਆਂ ਨੇ ਵਿਜੈ ਨੂੰ ਭਾਲਣ ਲਈ ਐਨ ਡੀ ਆਰ ਐਫ ਤੋਂ ਮਦਦ ਮੰਗੀ ਪਰ ਉਨ੍ਹਾਂ ਦੋ ਟੁਕ ਸ਼ਬਦਾਂ ਚ ਕਹਿ ਦਿੱਤਾ ਕਿ ਉਹ ਜਾਗਦੇ ਜੀਆਂ ਨੂੰ ਬਚਾਉਣ ਲਈ ਆਏ ਨੇ, ਮੁਰਦਿਆਂ ਲਈ ਉਹ ਕੁੱਝ ਨਹੀਂ ਕਰ ਸਕਦੇ।
ਆਪਣੇ ਤੌਰ ਤੇ ਪਿੰਡ ਵਾਸੀ ਕਾਫ਼ੀ ਚਿਰ ਪਾਣੀ ਦੇ ਵਹਾਅ ਨੂੰ ਨਜ਼ਰਾਂ ਨਾਲ ਟੋਲਦੇ ਫਰੋਲਦੇ ਰਹੇ, ਮਤੇ ਵਿਜੈ ਦਾ ਕੋਈ ਨਿਸ਼ਾਨ ਹੀ ਮਿਲ ਜਾਵੇ, ਪਰ ਸਭ ਅਸਫਲ।
ਵਿਜੈ, ਜ਼ਿੰਦਗੀ ਹਾਰ ਗਿਆ, ਅਸਲ ਚ ਉਹ ਸੀ ਹੀ ਹਾਰਿਆ ਹੋਇਆ, ਪਹਿਲੀ ਹਾਰ ਕੁਦਰਤ ਨੇ ਉਸ ਦੇ ਹਿੱਸੇ ਉਦੋਂ ਲਿਖੀ ਜਦੋਂ ਉਹ ਹਾਲੇ ਦੁੱਧ ਚੁੰਘਦਾ ਸੀ ਤਾਂ ਮਾਂ ਸਦਾ ਲਈ ਚਲੀ ਗਈ, ਚਾਰ ਕੁ ਸਾਲ ਵੱਡੇ ਭਰਾ ਲਖਵਿੰਦਰ ਤੇ ਵਿਜੈ ਨੂੰ ਭੂਆ ਨੇ ਪਾਲਿਆ, ਮਾਂ ਦੇ ਜਾਣ ਮਗਰੋਂ ਪਿਉ ਗ਼ਮ ਨਾਲੋਂ ਵੱਧ ਦਾਰੂ ਤੇ ਹੋਰ ਨਸ਼ਿਆਂ ਚ ਹੀ ਡੁੱਬ ਕੇ ਰਹਿ ਗਿਆ। ਰੁਲ ਖੁਲ ਕੇ, ਬੇਹੀ, ਰੁੱਖੀ-ਮਿੱਸੀ ਜਿਹੋ ਜਿਹੀ ਜੁੜਦੀ, ਖਾ ਕੇ ਲਖਵਿੰਦਰ ਤੇ ਵਿਜੈ ਜਵਾਨ ਹੋ ਗਏ, ਦਿਹਾੜੀ ਦੱਪਾ ਕਰਨ ਲੱਗੇ, ਸਾਲઠ੨੦੦੪ઠਚ ਪਿਤਾ ਵੀ ਸਾਥ ਛੱਡ ਗਿਆ। ਲਖਵਿੰਦਰ ਤੇ ਵਿਜੈ ਨੇ ਆਪਣੇ ਦਮ ਤੇ ਗਾਰੇ ਦੀ ਚਿਣਾਈ ਨਾਲ ਦੋ ਕਮਰੇ ਪਾਏ, ਕਾਨਿਆਂ ਦੀ ਛੱਤ ਪਾਈ ਹੈ, ਰੋਡੀ ਜਿਹੀ ਕੰਧ ਦੀ ਓਟ ਕਰ ਕੇ ਗ਼ੁਸਲਖ਼ਾਨਾ ਬਣਾ ਕੇ ਡੰਗ ਸਾਰਿਆ ਹੋਇਆ ਹੈ। ਟੁੱਟਵੀਂ ਦਿਹਾੜੀ ਨਾਲ ਦੋ ਡੰਗ ਦੀ ਰੋਟੀ ਹੀ ਤੁਰਦੀ ਰਵੇ, ਹੋਰ ਕਿਹੜਾ ਇਹਨਾਂ ਨੇ ਮਹੱਲ ਉਸਾਰ ਲੈਣੇ ਨੇ।
ਵਿਜੈ ਦਾ ਵਿਆਹ ਹੋਏ ਨੂੰ ਸਵਾ ਕੁ ਸਾਲ ਹੋਇਆ ਸੀ, ਜਿੱਦਣ ਉਹ ਮੁੱਕਿਆ, ਉਦਣ ਉਹਦੀ ਧੀ ਮਸਾਂ ਸਵਾ ਕੁ ਮਹੀਨੇ ਦੀ ਹੋਈ ਸੀ। ਬੇਆਸਰਾ ਹੋਈ ਜੀਵਨ ਸਾਥਣ, ਅਠਾਈ ਸਾਲਾ ਸੁਮਨ ਦਰਦਾਂ ਦੇ ਹੜ੍ਹ ਚ ਪਹਾੜ ਜਿਹੀ ਜ਼ਿੰਦਗੀ ਦੇ ਗੋਤੇ ਲਾਉਣ ਨੂੰ ਮਜਬੂਰ ਹੋ ਗਈ ਹੈ।
ਵਿਜੈ ਇੱਕ ਸਮਾਜਿਕ ਕਾਰਜ ਕਰਦਾ ਮੁੱਕਿਆ, ਅੰਤਿਮ ਵਾਰ ਉਹਦਾ ਮੁੱਖ ਵੀ ਪਰਿਵਾਰ ਨਾ ਦੇਖ ਸਕਿਆ, ਕਈ ਦਿਨਾਂ ਦੀ ਉਡੀਕ ਮਗਰੋਂ ਚਾਰ ਸਤੰਬਰ ਨੂੰ ਪਿੰਡ ਵਾਸੀਆਂ ਨੇ ਰਲ ਮਿਲ ਕੇ ਵਿਜੈ ਨਿਮਿਤ ਅੰਤਿਮ ਅਰਦਾਸ ਕਰ ਦਿੱਤੀ। ਕੋਈ ਖ਼ਾਲਸਾਈ ਜਥੇਬੰਦੀ ਪਰਿਵਾਰ ਨੂੰ ਦਸ ਹਜ਼ਾਰ ਦੀ ਮਦਦ ਕਰ ਕੇ ਗਈ ਹੈ, ਕੱਲ੍ਹ ਭੋਗ ਤੇ ਸ਼ਾਹਕੋਟ ਦੀ ਐਸ ਡੀ ਐਮ ਬੀਬਾ ਚਾਰੂਮਿੱਤਾ ਵੀ ਪ੍ਰਸ਼ਾਸਨ ਵੱਲੋਂ ਗਈ ਸੀ, ਪਰਿਵਾਰ ਦੀ ਜੋ ਵੀ ਸੰਭਵ ਹੋਈ ਮਦਦ ਦੇ ਭਰੋਸੇ ਵਾਲੀ ਸਰਕਾਰੀ ਗੋਲੀ ਦੇ ਕੇ ਗਈ ਹੈ।
ਨੰਨ੍ਹੀ ਬੱਚੀ ਅਨੁ ਨਾਲ ਵੀ ਪਿਤਾ ਵਿਜੈ ਵਾਲੀ ਹੋਈ, ਉਹ ਵੀ ਹਾਲੇ ਦੁੱਧ ਮੂੰਹਾਂ ਹੀ ਸੀ ਕਿ ਮਾਂ ਤੁਰ ਗਈ, ਤੇ ਅਨੂ ਵੀ ਹਾਲੇ ਦੁੱਧ ਮੂੰਹੀਂ ਹੈ ਕਿ ਬਾਪ ਤੁਰ ਗਿਆ। ਖੌਰੇ ਕੁਦਰਤ ਨੇ ਪਿਉ ਧੀ ਦੀ ਇੱਕੋ ਕਲਮ ਨਾਲ ਤਕਦੀਰ ਵਾਲੀ ਲੀਕ ਵਾਹੀ ਹੋਣੀ ਹੈ, ਅਗਲੀ ਹੋਣੀ ਕੀ ਹੋਣੀ ਹੈ ਕੋਈ ਨਹੀਂ ਜਾਣਦਾ।
ઠਵਿਜੈ ਦਾ ਭਰਾ ਲਖਵਿੰਦਰ ਭਰੋਸਾ ਤਾਂ ਦੇ ਰਿਹਾ ਹੈ ਕਿ ਉਹ ਸੁਮਨ ਤੇ ਅਨੂ ਦਾ ਪੂਰਾ ਖ਼ਿਆਲ ਰੱਖੇਗਾ, ਪਰ ਲਖਵਿੰਦਰ ਤਾਂ ਆਪ ਬਿਮਾਰ ਹੈ, ਉਹਦੇ ਫੇਫੜੇ ਚ ਛੇਕ ਹੈ, ਕੋਈ ਇਲਾਜ ਨਹੀਂ, ਬੱਸ ਸਾਹਵਾਂ ਨੂੰ ਠੁੰਮਣਾ ਦੇਣ ਲਈ ਦਵਾ ਦਾਰੂ ਕਰਵਾ ਰਹੇ ਨੇ, ਜਲੰਧਰ ਦੇ ਗੁਲਾਬ ਦੇਵੀ ਹਸਪਤਾਲ ਚੋਂ ਹਰ ਮਹੀਨੇ ਦਵਾਈ ਲੈਂਦੇ ਨੇ, ਲਖਵਿੰਦਰ ਤੇ ਉਸ ਦੀ ਪਤਨੀ ਨੂੰ ਟੁੱਟਵੀਂ ਦਿਹਾੜੀ ਦਾ ਕੰਮ ਮਿਲਦਾ ਹੈ, ਮਸਾਂ ਅੱਠ ਨੌਂ ਹਜ਼ਾਰ ਰੁਪਏ ਮਹੀਨੇ ਦੇ ਕਮਾਈ ਹੁੰਦੀ ਹੈ, ਤਿੰਨ ਸਾਢੇ ਤਿੰਨ ਹਜ਼ਾਰ ਰੁਪਏ ਦੀ ਮਹੀਨੇ ਦੀ ਦਵਾਈ ਆ ਜਾਂਦੀ ਹੈ। ਲਖਵਿੰਦਰ ਨੂੰ ਮਿੱਟੀ ਘੱਟੇ ਤੋਂ ਐਲਰਜੀ ਹੈ, ਪਰ ਢਿੱਡ ਤੇ ਹੋਰ ਗ਼ਰਜ਼ਾਂ ਐਲਰਜੀ ਮੁਕਤ ਹੁੰਦੀਆਂ ਨੇ..
ਦੋ ਬੱਚੇ ਨੇ, ਗਿੱਦੜਪਿੰਡੀ ਪੜ੍ਹਨ ਜਾਂਦੇ ਨੇ, ਐਨੀ ਕਮਾਈ ਨਹੀਂ ਕਿ ਉਨ੍ਹਾਂ ਨੂੰ ਆਉਣ ਜਾਣ ਨੂੰ ਸਾਈਕਲ ਹੀ ਲੈ ਦੇਈਏ,ਵਿਚਾਰੇ ਖੁੱਚਾਂ ਵਢਾਉਂਦੇ ਤੁਰੇ ਫਿਰਦੇ ਨੇ।
ਸਾਡੀ ਗ਼ਰੀਬਾਂ ਦੀ ਕੌਣ ਸੁਣਦਾ ਜੀ, ਆਹ ਹੁਣ ਹੜ੍ਹ ਅੱਗੇ ਤਾਂ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ, ਸਾਡੇ ਘਰਾਂ ਚ ਝਾਤ ਮਾਰ ਜਾਂਦਾ, ਪਰ ਕੋਈ ਸਾਡੀ ਜ਼ਿੰਦਗੀ ਚ ਝਾਤ ਨਹੀਂ ਪਾਉਂਦਾ। ਲਖਵਿੰਦਰ ਦੀ ਪਤਨੀ ਦਾ ਦਰਦ ਉਛਾਲੇ ਮਾਰ ਰਿਹਾ ਸੀ। ਨਕੋਦਰੋਂ ਇੱਕ ਪਰਿਵਾਰ ਆਇਆ ਸੀ, ਆਂਹਦੇ ਸੀ ਵਿਜੈ ਦੇ ਭੋਗ ਤੇ ਆਵਾਂਗੇ, ਪਰ ਵਿਜੈ ਕਿਹੜਾ ਉਨ੍ਹਾਂ ਦਾ ਕੁੱਝ ਲੱਗਦਾ ਸੀ, ਜੋ ਉਹ ਆਉਂਦੇ। ਗੱਲਾਂ ਨੇ ਜੀ.. ઠਜਿੰਨੀਆਂ ਮਰਜ਼ੀ ਕਰ ਜਾਓ।
ਵਿਜੈ ਦੀ ਡੂਢ ਮਹੀਨੇ ਦੀ ਬੱਚੀ ਅਨੂ ਹੜ੍ਹ ਦੇ ਬਦਬੂ ਮਾਰਦੇ ਤੇ ਮਰੇ ਪਸ਼ੂਆਂ ਕਾਰਨ ਪੱਸਰੀ ਗੰਦਗੀ ਕਰ ਕੇ ਬਿਮਾਰ ਪੈ ਗਈ ਤਾਂ ਨਾਨਕੇ ਬਾਮੂਵਾਲ ਜ਼ਿਲ੍ਹਾ ਕਪੂਰਥਲਾ ਭੇਜ ਦਿੱਤੀ। ਜਵਾਨ ਵਿਧਵਾ ਸੁਮਨ ਖ਼ੁਸ਼ਕ ਹੋਈਆਂ ਅੱਖਾਂ ਖ਼ਲਾਅ ਚ ਗੱਡ ਕੇ ਸਵਾਲ ਕਰਦੀ ਹੈ ਕਿ ਰੱਬ ਜਾਣੇ ਹੁਣ ਸਾਡਾ ਦਾ ਕੀ ਬਣੂ???
ਸੁਮਨ ਸ਼ਾਂਤ ਹੈ, ਪਰ ਉਹਦੇ ਅੰਦਰ ਦਾ ਹੜ੍ਹ ਸਤਲੁਜ ਦੇ ਹੜ੍ਹ ਤੋਂ ਵੀ ਭਿਆਨਕ ਹੈ, ਜੀਹਨੂ ਬੰਨ੍ਹ ਮਾਰਨ ਵਾਲਾ ਹਾਲ ਦੀ ਘੜੀ ਤਾਂ ਕੋਈ ਨਹੀਂ ਦਿਸਦਾ।
ਵਿਜੈ ਦੇ ਪਰਿਵਾਰ ਦਾ ਦਰਦ ਸਮੇਟ ਕੇ ਪਿੰਡ ਦੀਆਂ ਉਦਾਸ ਤੇ ਦਰਦ, ਫ਼ਿਕਰਾਂ ਨਾਲ ਪਰੁੰਨ੍ਹੀਆਂ ਪਈਆਂ ਗਲੀਆਂ ਚ ਘੁੰਮੇ ਤੇ ਹਾਲਾਤ ਜਾਣੇ ਤਾਂ ਪਿੰਡ ਦੇ ਬਹੁਤ ਸਾਰੇ ਲੋਕ ਇਨਫੈਕਸ਼ਨ ਤੋਂ ਪ੍ਰਭਾਵਿਤ ਮਿਲੇ। ਰਾਸ਼ਨ, ਪਾਣੀ ਲੀੜੇ ਲੱਤੇ ਦੇਣ ਵਾਲੇ ਬਹੁਤ ਦਾਨੀ ਸੱਜਣ ਆਏ, ਪ੍ਰਸ਼ਾਸਨ ਵੱਲੋਂ ਵੀ ਉਸ ਵਕਤ ਪਿੰਡ ਚ ਕੋਈ ਦਵਾਈ ਸਪਰੇਅ ਕਰਵਾਈ ਜਾ ਰਹੀ ਸੀ, ਪਰ ਘਰੇਲੂ ਵਰਤੋਂ ਲਈ ਫਰਨੈਲ, ਐਂਟੀਸੈਪਟਿਕ ਲੋਸ਼ਨ, ਬੱਚਿਆਂ ਲਈ ਓ ਆਰ ਐਸ ਪਾਊਡਰ, ਓਡੋਮਾਸ, ਸੁੱਕਾ ਦੁੱਧ ਦੀ ਕਮੀ ਰੜ੍ਹਕੀ। ਪਾਣੀ ਸਾਫ਼ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਦੀ ਲੋੜ ਹੈ। ਫਰਨੈਲ, ਸਾਬਣ ਤੇ ਸੈਨੇਟਰੀ ਨੈਪਕਿਨ ਤਾਂ ਅਸੀਂ ਉਸ ਵਕਤ ઠਲੈ ਕੇ ਗਏ ਸੀ, ਜੋ ਲੋੜਵੰਦਾਂ ਨੂੰ ਦੇ ਆਏ, ਜੋ ਹੋਰ ਕੁੱਝ ਸਰਿਆ ਜਲਦੀ ਹੀ ਪੁਚਾ ਆਵਾਂਗੇ। ਪਿੰਡ ਚ ਸਭ ਨੇ ਗੁਜ਼ਾਰਿਸ਼ ਕੀਤੀ ਕਿ ਇੱਥੇ ਹੜ੍ਹ ਮਾਰੇ ਪਿੰਡਾਂ ਚ ਸੀਨੀਅਰ ਡਾਕਟਰਾਂ ਦੀ ਅਗਵਾਈ ਚ ਮੈਡੀਕਲ ਕੈਂਪ ਦੀ ਸਖ਼ਤ ਲੋੜ ਹੈ।ਆਰਐਮ ਪੀ ਆਪਣੇ ਤੌਰ ਤੇ ਆਉਂਦੇ ਰਹਿੰਦੇ ਨੇ।
ਪੰਜ ਦਿਨ ਹੋ ਗਏ ਸਾਨੂੰ ਪਿੰਡ ਮੰਢਾਲਾ ਗਿਆਂ, ਜਲੰਧਰ ਪ੍ਰਸ਼ਾਸਨ ਤੱਕ ਮੈਡੀਕਲ ਮਦਦ ਦਾ ਸੁਨੇਹਾ ਦੇ ਦਿੱਤਾ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਦਾ ਸੰਕੇਤ ਨਹੀਂ ਆਇਆ। ਉਂਝ ਸਾਰਾ ਪ੍ਰਸ਼ਾਸਨ, ਸਾਰੀ ਸਰਕਾਰ ਰੁੱਝੀ ਬੜੀ ਹੋਈ ਹੈ, ਹੜ੍ਹ ਕਰਕੇ।
ਇੱਥੇ ਵੀ ਲੀਡਰ ਲੋਕ ਆ ਕੇ, ਫ਼ੋਟੋਆਂ ਖਿਚਵਾ ਕੇ ਤੁਰ ਜਾਂਦੇ ਨੇ, ਪਰ ਸਿੱਖ ਜਥੇਬੰਦੀਆਂ ਤੇ ਆਮ ਸੰਗਤ ਨੇ ਮਦਦ ਦਾ ਹੜ੍ਹ ਲਿਆ ਦਿੱਤਾ ਹੈ।
ਇਹ ਵੀ ਦੱਸ ਦੇਈਏ ਕਿ ਇਸ ਪਿੰਡ ਦੀ ਖ਼ਾਸੀਅਤ ਹੈ ਕਿ ਜਿੱਥੇ ਪੰਜਾਬ ਦਾ ਬਹੁਤਾ ਖ਼ਿੱਤਾ ਚਿੱਟੇ ਦਾ ਚੱਟਿਆ ਹੋਇਆ ਹੈ, ਓਥੇ ਇਹ ਪਿੰਡ ਮੰਢਾਲਾઠ ਚਿੱਟੇ ਤੇ ਮੈਡੀਕਲ ਨਸ਼ੇ ਤੋਂ ਬਚਿਆ ਹੈ, ਦੇਸੀ ਨਸ਼ੇ ਤੋਂ ਲੋਕ ਇਨਕਾਰ ਨਹੀਂ ਕਰਦੇ।
ਪਿੰਡ ਦੇ ਕੁੱਝ ਨੌਜਵਾਨਾਂ ਨੇ ਸਾਂਝੀਆਂ ਸਮੱਸਿਆਵਾਂ ਬਾਰੇ ਦੱਸਿਆ ਕਿ ਪਿਛਲੀ ਸਰਕਾਰ ਵੇਲੇ ਕਦੇ ਕਦਾਈਂ ਵਿਧਵਾ, ਬੁਢਾਪਾ ਪੈਨਸ਼ਨਾਂ ਮਿਲਦੀਆਂ ਸੀ, ਐਤਕੀਂ ਰਾਜੇ ਦੀ ਸਰਕਾਰ ਨੇ ਕੁੱਝ ਨਹੀਂ ਦਿੱਤਾ। ਪੀਣ ਵਾਲਾ ਪਾਣੀ ਖ਼ਰਾਬ ਹੈ, ਸਾਲ ਹੋ ਗਿਆ ਸਰਕਾਰੀ ਮੋਟਰ ਬੰਦ ਪਈ ਹੈ, ਲੋਕਾਂ ਨੇ ਪੱਲਿਓਂ ਪੈਸੇ ਪਾ ਕੇ ਮੱਛੀ ਮੋਟਰਾਂ ਲਵਾਈਆਂ ਨੇ, ਪਰ ਉਹ ਪਾਣੀ ਵੀ ਪੀਣ ਯੋਗ ਨਹੀਂ ਹੈ। ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਹੈ, ਪਿੰਡ ਚ ਆਰ ਓ ਦੀ ਸਖ਼ਤ ਲੋਡ ਹੈ, ਪੰਚਾਇਤਾਂ ਆਉਂਦੀਆਂ ਨੇ, ਸਰਕਾਰਾਂ ਬਣਦੀਆਂ ਨੇ, ਪਰ ਆਰ ਓ ਦੀ ਤੇ ਸੀਵਰੇਜ ਵਾਲੀ ਸਮੱਸਿਆ ਦਾ ਹੱਲ ਵਾਅਦਾ ਕਰ ਕੇ ਵੀ ਪੂਰਾ ਨਹੀਂ ਕੀਤਾ ਜਾ ਰਿਹਾ।
ਦਿਹਾੜੀਦਾਰ ਪਰਿਵਾਰਾਂ ਦੇ ਬੱਚੇ ਗ਼ੁਰਬਤ ਕਰ ਕੇ ਬਹੁਤਾ ਪੜ੍ਹ ਨਹੀਂ ਰਹੇ, ਇੱਛਾ ਦੇ ਬਾਵਜੂਦ ਉਨ੍ਹਾਂ ਦਾ ਕਿਤੇ ਹੱਥ ਨਹੀਂ ਪੈਂਦਾ, ਕਈ ਵਾਰ ਕਾਪੀਆਂ ਪੈਨ ਪੈਨਸਲਾਂ ਲਈ ਵੀ ਤੀਹ ਚਾਲੀ ਰੁਪਏ ਘਰ ਚ ਨਹੀਂ ਹੁੰਦੇ, ਅਜਿਹੀ ਹਾਲਤ ਚ ਵਿੱਦਿਆ, ਵਿਕਾਸ ਦੀ ਗੱਲ ਉਹ ਕਿਥੇ ਕਰ ਸਕਦੇ ਨੇ। ਸਰਕਾਰੀ ਢੰਡੋਰਚੀ ਜੋ ਮਰਜ਼ੀ ਆਖੀ ਜਾਣ, ਪਰ ਸੱਚ ਤਾਂ ਇਹ ਹੈ ਕਿ ਮੰਢਾਲਾ ਪਿੰਡ ਦੇ ਵਾਸੀਆਂ ਦੀ ਜ਼ਿੰਦਗੀ ਅੱਜ ਹੀ ਨਹੀਂ ਦਹਾਕਿਆਂ ਤੋਂ ਹੀ ਦਰਦਾਂ ਦੇ ਹੜ੍ਹ ਚ ਗੋਤੇ ਲਾ ਰਹੀ ਹੈ, ਵਕਤ ਵਕਤ ਦੇ ਨੀਰੋ ਬੰਸਰੀਆਂ ਵਜਾਉਂਦੇ ਫਿਰਦੇ ਨੇ।
ਤੇ ਇੱਕ ਸਾਧਾਰਨ ਨਾਗਰਿਕ ਹੋਣ ਦੇ ਨਾਤੇ ਬੱਸ ਇਹੀ ਕਹਿਣਾ ਹੈ —

ਬੁਜ਼ਦਿਲ ਨਾਲੋਂ ਫਿਰ ਵੀ ਚੰਗਾ, ਕੁੱਝ ਤੇ ਕਰ ਕੇ ਮੁੜਿਆ ਵਾਂ .. 

ਫ਼ਰਜ਼ ਮੇਰਾ ਸੀ ਸ਼ੀਸ਼ਾ ਧਰਨਾ, ਸ਼ੀਸ਼ਾ ਧਰ ਕੇ ਮੁੜਿਆ ਵਾਂ ..

Install Punjabi Akhbar App

Install
×