ਬਹੁ-ਸਭਿਆਚਾਰਕ ਆਸਟ੍ਰੇਲੀਆਈ ਸਥਿਤੀਆਂ ਦੀ ਹੋਵੇਗੀ ਤਰਜੀਹ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਬਿਊਰੋ ਆਫ ਸਟੈਟੇਸਟਿਕਸ (ਏ.ਬੀ.ਐਸ.) ਹਰ ਪੰਜ ਸਾਲਾਂ ਬਾਅਦ ਹੋਣ ਵਾਲੇ ਸਰਵੇਖਣ ਜਿਹੜਾ ਕਿ ਅਗਲੇ ਸਾਲ 2021 ਦੀ 10 ਅਗਸਤ ਨੂੰ ਸਮੁੱਚੇ ਦੇਸ਼ ਅੰਦਰ ਹੋਣਾ ਹੈ, ਤੋਂ ਪਹਿਲਾਂ ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ (ਸਿਡਨੀ, ਐਡੀਲੇਡ, ਡਾਰਵਿਨ, ਕੈਨਬਰਾ, ਵਾਰਨਾਮਬੂਲ, ਕਰਾਥਾ ਅਤੇ ਏਲਿਸ ਸਪ੍ਰਿੰਗ) ਵਿੱਚ ਇਸਨੂੰ ਟ੍ਰਾਇਲ ਦੇ ਤੌਰ ਤੇ ਆਉਣ ਵਾਲੇ ਮੰਗਲਵਾਰ -ਅਕਤੂਬਰ 27, 2020 ਨੂੰ ਕਰਾਉਣ ਜਾ ਰਿਹਾ ਹੈ। ਇਹ ਸਰਵੇਖਣ ਦੇਸ਼ ਦੀ ਬਦਲਦੀ ਸਥਿਤੀ ਲਈ ਕੀਤਾ ਜਾਂਦਾ ਹੈ ਅਤੇ ਇਸ ਵਾਰ ਬਹੁ-ਸਭਿਆਚਾਰਕ ਸਥਿਤੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਵਿੱਚ 100,000 ਦੇ ਕਰੀਬ ਲੋਕਾਂ ਤੋਂ ਇੱਕ ਫਾਰਮ ਭਰਵਾਇਆ ਜਾਵੇਗਾ ਅਤੇ ਇਹ ਫਾਰਮ ਈਮੇਲ ਦੇ ਜ਼ਰੀਏ ਆਨਲਾਈਨ ਅਤੇ ਕਾਗਜ਼ੀ ਰੂਪ ਵਿੱਚ ਵੀ ਹੱਥ ਨਾਲ ਲਿੱਖ ਕੇ ਭਰਿਆ ਜਾ ਸਕਦਾ ਹੈ। ਇਸ ਸਰਵੇਖਣ ਵਿੱਚ ਬੱਚੇ, ਜਵਾਨ, ਬੁੱਢੇ, ਔਰਤਾਂ, ਮਰਦ, ਆਦਿ ਸਭ ਹਿੱਸਾ ਲੈਣਗੇ ਪਰੰਤੂ ਇਹ ਸਿਰਫ ਅੰਗ੍ਰੇਜ਼ੀ ਵਿੱਚ ਹੀ ਭਰਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹਾ ਹੀ ਸਰਵੇਖਣ 2016 ਵਿੱਚ ਵੀ ਕੀਤਾ ਜਾਣਾ ਸੀ ਪਰੰਤੂ ਸਾਈਬਰ ਹਮਲੇ ਦੇ ਡਰ ਕਾਰਨ ਇਸਨੂੰ ਅਧਿਕਾਰਿਕ ਰੂਪ ਤੇ ਰੋਕ ਦਿੱਤਾ ਗਿਆ ਸੀ। ਏ.ਬੀ.ਐਸ. ਦੇ ਸੀ.ਈ.ਓਂ ਮੁਹੰਮਦ ਅਲ ਖ਼ਵਾਜੀ ਨੇ ਕਿਹਾ ਕਿ ਇਹ ਸਰਵੇਖਣ ਦੇਸ਼ ਦੀ ਸਮਾਜਿਕ, ਰਾਜਨੀਤਿਕ, ਆਰਥਿਕ ਸਥਿਤੀਆਂ ਬਾਰੇ ਜ਼ਮੀਨੀ ਪੱਧਰ ਉਪਰ ਸਥਿਤੀਆਂ ਨੂੰ ਵਾਚਣ ਲਈ ਕੀਤਾ ਜਾਂਦਾ ਹੈ ਅਤੇ ਇਸ ਵਾਰੀ ਟ੍ਰਾਇਲ ਦੇ ਤੌਰ ਤੇ ਬਹੁ ਸਭਿਆਚਾਰਕ ਰਹੁ-ਰੀਤਾਂ ਆਦਿ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਾਰਿਆਂ ਨੂੰ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਪਾਲਿਸੀਆਂ ਬਣਾਉਂਦੇ ਸਮੇਂ ਅਜਿਹੇ ਆਂਕੜੇ ਮਿਲਦੇ ਰਹਿਣ ਜਿਸ ਨਾਲ ਕਿ ਉਹ ਭਵਿੱਖ ਅੰਦਰ ਸਹੀ ਅਤੇ ਜਨਤਕ ਭਲਾਈਆਂ ਦੇ ਫੈਸਲੇ ਲੈ ਸਕੇ।