
ਵਧੀਕ ਪ੍ਰੀਮੀਅਰ ਅਤੇ ਮੋਨਾਰੋ ਤੋਂ ਐਮ.ਪੀ. ਜੋਹਨ ਬੈਰੀਲੈਰੋ ਨੇ ਅਹਿਮ ਜਾਣਕਾਰੀ ਵਿੱਚ ਦੱਸਿਆ ਕਿ ਨਿਊ ਸਾਊਥ ਵੇਲਜ਼ ਦੀ ਸਰਕਾਰ ਲਗਾਤਾਰ ਅਜਿਹੇ ਕਦਮ ਚੁੱਕ ਰਹੀ ਹੈ ਜਿਸ ਨਾਲ ਕਿ ਲੋਕਾਂ ਨੂੰ ਸਿੱਧੇ ਤੌਰ ਤੇ ਰੌਜ਼ਗਾਰ ਪ੍ਰਾਪਤੀ ਹੋ ਰਹੀ ਹੈ ਅਤੇ ਇਸ ਦਾ ਨਵਾਂ ਉਦਾਹਰਨ ਹੈ ਦੱਖਣੀ ਜ਼ੈਰਾਬੌਂਬੈਰਾ ਦਾ ਖੇਤਰ ਜਿਸਨੂੰ ਕਿ ਸਰਕਾਰ ਨੇ ਰਾਜ ਦੇ ਤੀਸਰੇ ਮੁੱਖ ਖੇਤਰ ਵਜੋਂ ਚੁਣਿਆ ਹੈ ਅਤੇ ਇੱਥੇ ਨਵੇਂ ਪ੍ਰਾਜੈਕਟਾਂ ਆਦਿ ਦੇ ਤਹਿਤ ਨਵੇਂ ਰੌਜ਼ਗਾਰ ਮੁਹੱਈਆ ਕਰਵਾਏ ਜਾਣਗੇ ਅਤੇ ਇਸ ਨਾਲ ਸਥਾਨਕ ਲੋਕਾਂ ਨੂੰ ਸੋਕਾ, ਹੜ੍ਹਾਂ, ਜੰਗਲੀ ਅੱਗਾਂ ਅਤੇ ਕੋਵਿਡ-19 ਦੀਆਂ ਆਰਥਿਕ ਮਾਰਾਂ ਤੋਂ ਉਭਰਨ ਵਿੱਚ ਸਿੱਧੇ ਤੌਰ ਤੇ ਮਦਦ ਮਿਲੇਗੀ। ਇਸ ਖੇਤਰ ਵਿੱਚ 20 ਸਾਲਾਂ ਦੇ ਆਰਥਿਕ ਪਲਾਨਾਂ ਰਾਹੀਂ ਨਵੇਂ ਪ੍ਰਾਜੈਕਟ ਆਦਿ ਲਗਾਏ ਜਾਣਗੇ।
ਇਨ੍ਹਾਂ ਨਵੇਂ ਪ੍ਰਾਜੈਕਟਾਂ ਦੇ ਤਹਿਤ ਰਾਜ ਸਰਕਾਰ ਕੁਈਨਬੇਅਨ-ਪੈਲੈਰੈਂਗ ਖੇਤਰੀ ਕਾਂਸਲਾਂ ਨਾਲ ਮਿਲ ਕੇ ਕੰਮ ਕਰੇਗੀ ਅਤੇ ਇਨ੍ਹਾਂ ਇਲਾਕਿਆਂ ਅੰਦਰ ਡਿਫੈਂਸ, ਸਪੇਸ, ਸਾਈਬਰ ਸੁਰੱਖਿਆ, ਸੂਚਨਾ ਅਤੇ ਪ੍ਰਸਾਰਣ (ਆਈ.ਟੀ.) ਅਤੇ ਹੋਰ ਵਿਗਿਆਨ ਸਬੰਧੀ ਖੋਜ ਕੇਂਦਰਾਂ ਦੇ ਪ੍ਰਾਜੈਕਟਾਂ ਆਦਿ ਵਾਸਤੇ ਕੰਮ ਕਰ ਰਹੀ ਹੈ।
ਕੁਈਨਬੇਅਨ-ਪੈਲੈਰੈਂਗ ਖੇਤਰ ਤੋਂ ਕਾਂਸਲ ਮੇਅਰ ਸ੍ਰੀ ਟਿਮ ਓਵਰਾਲ, ਵਧੀਕ ਮੇਅਰ ਸ੍ਰੀ ਮਾਈਕਲ ਬਿਸਕੋਟੀ ਨੇ ਕਿਹਾ ਕਿ ਉਕਤ ਖੇਤਰ ਨੂੰ ਰਾਜ ਸਰਕਾਰ ਨੇ ਤੀਸਰੇ ਵੱਡੇ ਰੌਜ਼ਗਾਰ ਦੇ ਕੇਂਦਰ ਵਜੋਂ ਚੁਣਿਆ ਹੈ ਅਤੇ ਇਸ ਵਾਸਤੇ ਅਸੀਂ ਸਾਰੇ ਮਿਲ ਕੇ ਰਾਜ ਸਰਕਾਰ ਦੇ ਇਸ ਫੈਸਲਾ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅਜਿਹੇ ਪ੍ਰਾਜੈਕਟ ਲਗਾਏ ਜਾਣਗੇ ਜਿਨ੍ਹਾਂ ਨਾਲ ਸਥਾਨਕ ਲੋਕਾਂ ਨੂੰ ਵੱਧ ਤੋਂ ਵੱਧ ਰੌਜ਼ਗਾਰ ਮਿਲੇ ਅਤੇ ਸਥਾਨਕ ਅਤੇ ਰਾਜ ਸਰਕਾਰ ਦੀ ਅਰਥ ਵਿਵਸਥਾ ਨੂੰ ਵੀ ਚੋਖਾ ਫਾਇਦਾ ਹੋਵੇ।
ਅਜਿਹੇ ਪ੍ਰਾਜੈਕਟਾਂ ਲਈ ਐਲਬਰੀ ਅਤੇ ਰਿਚਮੰਡ ਜਿਹੇ ਖੇਤਰਾਂ ਦਾ ਨਾਮ ਤਾਂ ਪਹਿਲਾਂ ਹੀ ਅੱਗੇ ਆ ਚੁਕਿਆ ਹੈ ਅਤੇ ਹੁਣ ਸਾਰੇ ਖੇਤਰਾਂ ਅੰਦਰ ਹੀ ਅਜਿਹੇ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦੇ ਕੰਮ ਜਲਦੀ ਹੀ ਸ਼ੁਰੂ ਕਰ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਸਰਕਾਰ ਦੇ ਉਕਤ ਪ੍ਰਾਜੈਕਟ ਵੀ ਸਰਕਾਰ ਵੱਲੋਂ ਚਲਾਏ ਜਾ ਰਹੇ 4.2 ਬਿਲੀਅਨ ਦੇ ਸਨੋਈ ਹਾਈਡ੍ਰੋ ਲੀਗੇਸੀ ਫੰਡ ਦੇ ਜ਼ਰੀਏ ਹੀ ਸ਼ੁਰੂ ਕੀਤੇ ਜਾ ਰਹੇ ਹਨ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ www.nsw.gov.au/regionaljobprecincts ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।