
ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ -ਸਟੀਵਨ ਮਾਰਸ਼ਲ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਗਲੇ ਹਫ਼ਤੇ ਬੁੱਧਵਾਰ ਦੇ ਦਿਨ ਆਉਣ ਵਾਲੇ ਈਸਟਰ ਦੇ ਤਿਉਹਾਰ ਮੌਕੇ ਉਪਰ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਛੋਟਾਂ ਕਾਰਨ ਹੁਣ ਜ਼ਿਆਦ ਲੋਕ ਇੱਕ ਦੂਜੇ ਦੇ ਘਰਾਂ ਵਿੱਚ ਆ ਜਾ ਸਕਣਗੇ ਅਤੇ ਤਿਉਹਾਰ ਦਾ ਪੂਰਾ ਆਨੰਦ ਮਾਣ ਸਕਣਗੇ।
ਇਸ ਮੌਕੇ ਤੇ ਸਿਨੇਮਾ ਘਰਾਂ, ਥਿਏਟਰ ਆਦਿ ਵਿੱਚ, ਅਤੇ ਅਜਿਹੇ ਹੀ ਹੋਰ ਸਥਾਨਾਂ ਅਤੇ ਜਾਂ ਫੇਰ ਪੂਜਾ ਸਥਾਨਾਂ ਉਪਰ ਹੁਣ ਇਕੱਠਾਂ ਦੀ ਗਿਣਤੀ ਦੀ ਦਰ 100% ਕੀਤੀ ਜਾ ਰਹੀ ਹੈ ਪਰੰਤੂ ਇਸ ਦੌਰਾਨ ਮਾਸਕ ਪਾਉਣੇ ਲਾਜ਼ਮੀ ਹੋਣਗੇ।
ਉਨ੍ਹਾਂ ਕਿਹਾ ਕਿ ਦੱਖਣੀ ਆਸਟ੍ਰੇਲੀਆ ਰਾਜ ਅੰਦਰ ਹੁਣ ਕਰੋਨਾ ਟੈਸਟਾਂ ਦੀ ਬਹੁਤਾਤ ਹੈ ਅਤੇ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਲੋਕ ਜਾਗਰੂਕ ਹਨ ਅਤੇ ਪੂਰਨ ਤੌਰ ਤੇ ਕਿਊ-ਆਰ ਕੋਡ ਦਾ ਇਸਤੇਮਾਲ ਚੈਕ-ਇਨ ਆਦਿ ਲਈ ਕਰ ਰਹੇ ਹਨ। ਇਸ ਕਾਰਨ ਕਰੋਨਾ ਮਰੀਜ਼ਾਂ ਦੀ ਤਾਦਾਦ ਵੀ ਘਟੀ ਹੈ ਅਤੇ ਨਵੇਂ ਮਾਮਲੇ ਦਰਜ ਵੀ ਨਹੀਂ ਹੋਏ ਇਸ ਵਾਸਤੇ ਅਜਿਹੇ ਤਿਉਹਾਰਾਂ ਦੇ ਮੌਕੇ ਉਪਰ ਹੀ ਸਹੀ… ਪਰੰਤੂ ਲੋਕਾਂ ਨੂੰ ਰੌਜ਼ਗਾਰ ਦੇ ਸਾਧਨ ਮੁਹੱਈਆ ਹੋਣਗੇ ਅਤੇ ਇਸ ਦੇ ਨਾਲ ਹੀ ਲੋਕ ਤਿਉਹਾਰ ਦਾ ਆਨੰਦ ਵੀ ਮਾਣਨਗੇ।
ਕੋਵਿਡ-19 ਵੈਕਸੀਨ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਆਦਾ ਜੋਖਮ ਵਾਲੇ ਲੋਕਾਂ ਨੂੰ ਇਸ ਦੀ ਡੋਜ਼ ਦਿੱਤੀ ਜਾ ਰਹੀ ਹੈ ਅਤੇ ਇਹ ਵੀ ਇੱਕ ਕਾਰਨ ਹੈ ਕਿ ਹੁਣ ਲਾਕਡਾਊਨ ਆਦਿ ਤੋਂ ਛੁਟਕਾਰਾ ਮਿਲ ਰਿਹਾ ਹੈ ਅਤੇ ਲਗਾਈਆਂ ਗਈਆਂ ਛੋਟਾਂ ਵਿੱਚ ਵੀ ਹੋਲੀ ਹੋਲੀ ਕਮੀਆਂ ਕੀਤੀਆਂ ਜਾ ਰਹੀਆਂ ਹਨ।