ਆਸਟਰੇਲੀਆ ਦੀ ਨਾਮਵਰ ਸ਼ਖ਼ਸੀਅਤ ਬਣਿਆ ਮਿੰਟੂ ਬਰਾੜ

ਤਿੰਨ ਵਾਰ ਜਿੱਤਿਆ ਗਵਰਨਰ ਦਾ ‘ਮਲਟੀਕਲਚਰ ਐਵਾਰਡ’

ਆਸਟਰੇਲੀਆ ਵਿਚ ਗਵਰਨਰ ਦਾ ‘ਮਲਟੀਕਲਚਰ ਐਵਾਰਡ’ ਮਿਲਣਾ ਮਾਣ ਵਾਲੀ ਗੱਲ ਮੰਨੀ ਜਾਂਦੀ ਹੈ। ਇਹ ਐਵਾਰਡ 10 ਸਾਲ ਪਹਿਲਾਂ ਆਰੰਭ ਹੋਇਆ ਸੀ। ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੀਆਂ ਅਤੇ ਲਗਾਤਾਰ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਇਹ ਐਵਾਰਡ ਦਿੱਤਾ ਜਾਂਦਾ ਹੈ। ਮਾਣ ਵਾਲੀ ਗੱਲ ਹੈ ਕਿ ਆਸਟਰੇਲੀਆ ਦੀ ਚਰਚਿਤ ਸ਼ਖ਼ਸੀਅਤ ਮਿੰਟੂ ਬਰਾਡ ਨੂੰ ਇਹ ਐਵਾਰਡ ਤੀਸਰੀ ਵਾਰ ਮਿਲਿਆ ਹੈ। ਪਹਿਲੀ ਵਾਰ 2013 ਵਿਚ, ਦੂਸਰੀ ਵਾਰ 2014 ਵਿਚ, ਤੀਸਰੀ ਵਾਰ 2021 ਵਿਚ। ਪਹਿਲੀ ਵਾਰ ਸਮਾਜਕ ਤੇ ਮੀਡੀਆ ਗਤੀਵਿਧੀਆਂ ਲਈ ਮਿਲਿਆ ਸੀ। ਦੂਸਰੀ ਵਾਰ ‘ਕੈਂਗਰੂਨਾਮਾ’ ਕਿਤਾਬ ਲਿਖਣ ਕਾਰਨ ਅਤੇ ਹੁਣ ਤੀਸਰੀ ਵਾਰ ਮੀਡੀਆ ਦੇ ਖੇਤਰ ਵਿਚ ਵਿਲੱਖਣ ਕਾਰਜ ਕਰਨ ਖਾਤਰ ਮਿਲਿਆ ਹੈ। ਯੂਟਿਊਬ ʼਤੇ ਅਤੇ ਟੀ.ਵੀ. ਟਾਕ ਸ਼ੋਅ ‘ਪੇਂਡੂ ਆਸਟਰੇਲੀਆ’ ਲੜੀ ਲੰਮੇ ਸਮੇਂ ਤੋਂ ਆਰੰਭ ਕੀਤੀ ਹੋਈ ਹੈ। ਉਸਦੀਆਂ ਹੁਣ ਤੱਕ 180 ਤੋਂ ਵੱਧ ਕੜੀਆਂ ਪ੍ਰਸਾਰਿਤ ਹੋ ਚੁੱਕੀਆਂ ਹਨ। ਦੁਨੀਆਂ ਭਰ ਵਿਚ ਇਸਦੇ 12 ਮਿਲੀਅਨ ਦੇ ਕਰੀਬ ਦਰਸ਼ਕ ਹਨ। ਇਕ ਲੱਖ ਦਸ ਹਜ਼ਾਰ ਲੋਕਾਂ ਨੇ ਇਸਨੂੰ ਸਬਸਕ੍ਰਾਈਬ ਕੀਤਾ ਹੈ। ਇਸ ਵਿਚ ਆਸਟਰੇਲੀਆ ਦੀ ਖੇਤੀਬਾੜੀ ਤੋਂ ਇਲਾਵਾ ਹੋਰ ਵੰਨ-ਸਵੰਨੀ ਜਾਣਕਾਰੀ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਮੁਹੱਈਆ ਕੀਤੀ ਜਾਂਦੀ ਹੈ। ਦੁਨੀਆਂ ਭਰ ਵਿਚੋਂ ਲੋਕ ਆਪਣੀ ਲੋੜ ਤੇ ਸਮੱਸਿਆ ਅਨੁਸਾਰ ਉਨ੍ਹਾਂ ਨੂੰ ਸਵਾਲ ਪੁੱਛਦੇ ਹਨ ਅਤੇ ਉਹ ਸਿੱਧੀ, ਸਪਸ਼ਟ ਤੇ ਸਰਲ ਭਾਸ਼ਾ ਵਿਚ ਤਰਕ-ਸੰਗਤ ਤਰੀਕੇ ਨਾਲ ਜਵਾਬ ਦਿੰਦੇ ਹਨ। ਸਵਾਲ ਪੁੱਛਣ ਵਾਲੇ ਨੂੰ ਜ਼ਮੀਨੀ ਹਕੀਕਤ ਦੱਸ ਦਿੱਤੀ ਜਾਂਦੀ ਹੈ ਤਾਂ ਜੋ ਉਹ ਨਫ਼ਾ ਨੁਕਸਾਨ ਵੇਖਦੇ ਹੋਏ ਫੈਸਲਾ ਕਰ ਸਕੇ।

ਮਿੰਟੂ ਬਰਾੜ ਨੂੰ ਇਸ ਵਾਰ ਦਾ, ਗਵਰਨਰ ਦਾ ‘ਮਲਟੀਕਲਚਰ ਐਵਾਰਡ’ ਮੀਡੀਆ ਸ਼੍ਰੇਣੀ ਵਿਚ ‘ਪੇਂਡੂ ਆਸਟਰੇਲੀਆ’ ਦੀ ਉਸ ਕੜੀ ਲਈ ਮਿਲਿਆ ਹੈ ਜਿਸ ਵਿਚ ਬਾਬੇ ਨਾਨਕ ਦੀ ਫ਼ਿਲਾਸਫ਼ੀ ‘ਵੰਡ ਛਕੋ’ ਦਾ ਜ਼ਿਕਰ ਕੀਤਾ ਗਿਆ ਹੈ। ਇਸ ਕੜੀ ਨੂੰ ਹੁਣ ਤੱਕ 1.5 ਮਿਲੀਅਨ ਲੋਕਾਂ ਨੇ ਵੇਖਿਆ ਹੈ ਅਤੇ 43 ਹਜ਼ਾਰ ਨੇ ਲਾਈਕ ਕੀਤਾ ਹੈ।

ਸਪੈਸ਼ਲ ਪ੍ਰੀਮੀਅਰ ਗਵਰਨਰ ਨੇ ਮਿੰਟੂ ਬਰਾੜ ਨੂੰ ਉਚੇਚੇ ਤੌਰ ʼਤੇ ਕਿਹਾ ਕਿ ਲੋਕ ਕੰਮ ਕਰਦੇ ਹਨ, ਕੁਝ ਸਾਲ ਕਰਕੇ ਹੰਭ ਜਾਂਦੇ ਹਨ, ਰੁਕ ਜਾਂਦੇ ਹਨ, ਥੱਕ ਜਾਂਦੇ ਹਨ। ਤੁਸੀਂ ਨਾ ਰੁਕੇ ਹੋ, ਨਾ ਹੰਭੇ ਹੋ ਬੱਸ ਲਗਾਤਾਰ ਕੰਮ ਕਰਦੇ ਜਾ ਰਹੇ ਹੋ।  ਇਸ ਚੀਜ਼ ਨੇ ਸਾਨੂੰ ਪ੍ਰਭਾਵਿਤ ਕੀਤਾ ਹੈ।

ਮਿੰਟੂ ਬਰਾੜ ਨੇ ਆਸਟਰੇਲੀਆ ਵਿਚ ਰਹਿੰਦੇ ਹੋਏ ਸਮਾਜਕ ਕਾਰਜਾਂ ਅਤੇ ਮੀਡੀਆ ਦੇ ਖੇਤਰ ਵਿਚ ਨਿਵੇਕਲੀ ਪਹਿਚਾਣ ਬਣਾਈ ਹੈ। ਇਹ ਪਹਿਚਾਣ ਝੱਟਪਟ ਜਾਂ ਕਿਸੇ ਸ਼ਾਰਟ-ਕਟ ਰਸਤੇ ਰਾਹੀਂ ਨਹੀਂ ਬਣੀ ਬਲਕਿ ਦਹਾਕਿਆਂ ਤੱਕ ਸਮਾਜਕ ਮਾਨਵੀ  ਨਜ਼ਰੀਏ ਤੋਂ ਨਿਰ-ਸੁਆਰਥ ਸਰਗਰਮੀਆਂ ਕਾਰਨ ਬਣੀ ਹੈ। ਵਿਦਿਆਰਥੀ ਵਰਗ ਦੀਆਂ ਸਮੱਸਿਆਵਾਂ ਹੋਣ, ਖੇਤੀਬਾੜੀ ਦਾ ਕੋਈ ਮਸਲਾ ਹੋਵੇ, ਮੀਡੀਆ ʼਤੇ ਕੋਈ ਸੰਕਟ ਆਇਆ ਹੋਵੇ, ਮਾਂ ਬੋਲੀ ਪੰਜਾਬੀ ਦੇ ਮਾਣ ਸਨਮਾਨ ਦਾ ਮੁੱਦਾ ਹੋਵੇ, ਖੇਡ-ਸਰਗਰਮੀਆਂ ਦੀ ਗੱਲ ਹੋਵੇ, ਸਮਾਜ ਸੇਵਾ ਲਈ ਸਮਾਂ ਚਾਹੀਦਾ ਹੋਵੇ ਜਾਂ ਪੰਜਾਬ ਤੋਂ ਗਈਆਂ ਸ਼ਖ਼ਸੀਅਤਾਂ ਦਾ ਮਾਣ ਸਨਮਾਨ ਕਰਨਾ ਹੋਵੇ ਮਿੰਟੂ ਬਰਾੜ ਸਭ ਤੋਂ ਅੱਗੇ ਹੁੰਦਾ ਹੈ। ਵਿਸ਼ੇਸ਼ ਕਰਕੇ ਜਦੋਂ ਕੋਈ ਐਡੀਲੇਡ ਇਲਾਕੇ ʼਚ ਗਿਆ ਹੋਵੇ ਤਾਂ ਉਸਨੂੰ ਚਾਅ ਚੜ੍ਹ ਜਾਂਦਾ ਹੈ। ਅਜਿਹੀ ਹਰਮਨ ਪਿਆਰੀ ਤੇ ਹਰਫ਼ਨ-ਮੌਲਾ ਸ਼ਖ਼ਸੀਅਤ ਹਰੇਕ ਦੀ ਨਜ਼ਰ ਚੜ੍ਹ ਜਾਂਦੀ ਹੈ। ਚਾਹੇ ਸਰਕਾਰ ਹੋਵੇ, ਚਾਹੇ ਪ੍ਰਸ਼ਾਸਨ ਤੇ ਚਾਹੇ ਸਮਾਜ ਹੋਵੇ। ਇਕ ਦਿਨ ਉਸਦੀ ਮਿਹਨਤ, ਉਸਦੀ ਲਗਨ, ਉਸਦੇ ਸਿਰੜ, ਉਸਦੇ ਸਿਦਕ, ਉਸਦੀ ਸੇਵਾ ਦਾ ਮੁੱਲ ਅਵੱਸ਼ ਪੈਂਦਾ ਹੈ।

ਆਰੰਭ ਵਿਚ ਮਿੰਟੂ ਬਰਾੜ ਨੇ ਤਕਨੀਕੀ ਮੁਹਾਰਤ ਵਾਲੀ ਨੌਕਰੀ ਕੀਤੀ। ਉਸ ਵਿਚ ਆਪਣੀ ਮਿਹਨਤ ਤੇ ਲਿਆਕਤ ਦੇ ਬਲ ʼਤੇ ਵਾਹਵਾ ਖੱਟੀ। ਫੇਰ ਮੀਡੀਆ, ਫੇਰ ਖੇਤੀਬਾੜੀ ਦੇ ਖੇਤਰ ਵਿਚ ਪ੍ਰਵੇਸ਼ ਕੀਤਾ। ਹੁਣ ਕੁਝ ਸਮੇਂ ਤੋਂ ਹੋਟਲ, ਮੋਟਲ ਦੇ ਕਾਰੋਬਾਰ ਵਿਚ ਕਦਮ ਰੱਖਿਆ ਹੈ। ਇਸ ਖੇਤਰ ਵਿਚ ਵੀ  ਸਮਾਜ ਸੇਵਾ, ਮੀਡੀਆ ਅਤੇ ਖੇਤੀਬਾੜੀ ਵਾਂਗ ਵੱਖਰੀ ਪਛਾਣ ਬਣੇਗੀ। ਇਸਦੀ ਪੂਰਨ ਉਮੀਦ ਹੈ।

ਮਿੰਟੂ ਬਰਾੜ ਲੇਖਕ ਹੈ, ਪ੍ਰੋਡਿਊਸਰ ਹੈ, ਰੇਡੀਓ-ਟੀ.ਵੀ. ਪੇਸ਼ਕਰ ਹੈ, ਪੱਤਰਕਾਰ ਹੈ। ਸਾਊਥ ਆਸਟੇਰਲੀਆ ਵਿਚ ਉਸਨੂੰ ਹਰ ਕੋਈ ਜਾਣਦਾ ਹੈ। ਉਹ ‘ਪੰਜਾਬੀ ਅਖ਼ਬਾਰ’ ਦਾ ਮੁੱਖ ਸੰਪਾਦਕ ਹੈ। ਹਰਮਨ ਰੇਡੀਓ ਦਾ ਮੈਨੇਜਰ ਹੈ ਅਤੇ ਪੇਂਡੂ ਆਸਟਰੇਲੀਆ ਦਾ ਪ੍ਰੋਡਿਊਸਰ ਹੈ।

ਪੰਜਾਬ ਹਰਿਆਣਾ ਦੀ ਸਰਹੱਦ ʼਤੇ ਹੋਣ ਕਰਕੇ ਭਾਵੇਂ ਉਸਦਾ ਪਿੰਡ ਹਰਿਆਣਾ ਵਿਚ ਚਲਾ ਗਿਆ ਪਰ ਉਹ ਦਿਲੋਂ ਮਨੋਂ ਪੰਜਾਬੀ ਹੈ ਅਤੇ ਹਰ ਪਲ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦੀ ਸੁੱਖ ਮੰਗਦਾ ਹੈ। ਪੰਜਾਬ ਤੋਂ ਕੋਈ ਲੇਖਕ, ਕੋਈ ਕਲਾਕਾਰ, ਕੋਈ ਪੱਤਰਕਾਰ, ਕੋਈ ਨਾਮਵਰ ਸ਼ਖ਼ਸੀਅਤ ਐਡੀਲੇਡ ਪਹੁੰਚ ਜਾਵੇ ਤਾਂ ਉਸਨੂੰ ਚਾਅ ਚੜ੍ਹ ਜਾਂਦਾ ਹੈ। ਉਸਨੂੰ ਘੁੰਮਾਉਂਦਾ, ਫਿਰਾਉਂਦਾ, ਲੋਕਾਂ ਨਾਲ ਮਿਲਾਉਂਦਾ ਉਸਦੇ ਮਨ ʼਤੇ ਗਹਿਰੀ ਛਾਪ ਛੱਡ ਜਾਂਦਾ ਹੈ।

ਉਮੀਦ ਕਰਦੇ ਹਾਂ ਮਿੰਟੂ ਬਰਾੜ ਨੇੜ-ਭਵਿੱਖ ਵਿਚ ਹੋਰ ਵਡੇਰੀਆਂ, ਹੋਰ ਉਚੇਰੀਆਂ ਪ੍ਰਾਪਤੀਆਂ ਕਰਦਿਆਂ ਪੰਜਾਬ ਦਾ, ਹਰਿਆਣੇ ਦਾ ਅਤੇ ਸਮੁੱਚੇ ਭਾਰਤ ਦਾ ਨਾਂ ਰੌਸ਼ਨ ਕਰੇਗਾ।

(ਪਰੋਫੈਸਰ ਕੁਲਬੀਰ ਸਿੰਘ) prof_kulbir@yahoo.com

Install Punjabi Akhbar App

Install
×