ਦੱਖਣੀ ਆਸਟ੍ਰੇਲੀਆ -ਬੀਤੇ 4 ਸਾਲਾਂ ਦੌਰਾਨ 58 ਬੱਚਿਆਂ ਦੀ ਮੌਤ ਦਾ ਮਾਮਲਾ: ਬੱਚਿਆਂ ਦੀ ਸੁਰੱਖਿਆ ਸਬੰਧੀ ਵਿਭਾਗ ਦੇ ਮੁਖੀ ਵੱਲੋਂ ਅਸਤੀਫ਼ਾ

ਦੱਖਣੀ ਆਸਟ੍ਰੇਲੀਆ ਦੇ ਬੱਚਿਆਂ ਦੀ ਸੁਰੱਖਿਆ ਸਬੰਧੀ ਵਿਭਾਗ ਦੇ ਮੁੱਖ ਕਾਰਜਕਰਤਾ ਕੈਥੀ ਟੇਲਰ ਨੇ ਆਪਣੇ ਮੌਜੂਦਾ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਅਪ੍ਰੈਲ ਦੇ ਮਹੀਨੇ ਵਿੱਚ ਆਪਣੀਆਂ ਕਾਰਜਕਾਰਨੀਆਂ ਤੋਂ ਰੁਖ਼ਸਤ ਹੋ ਜਾਣਗੇ।
ਪ੍ਰੀਮੀਅਰ ਪੀਟਰ ਮੈਲੀਨਾਸਕਸ ਨੇ ਇਸ ਜਾਣਕਾਰੀ ਨੂੰ ਸਾਂਝੀ ਕਰਦਿਆਂ ਕਿਹਾ ਹੈ ਕਿ ਕੈਥੀ ਟੇਲਰ ਨੇ ਆਪਣਾ ਤਿਆਗ ਪੱਤਰ, ਸਰਕਾਰ ਨੂੰ ਸੌਂਪ ਦਿੱਤਾ ਹੈ ਅਤੇ ਉਹ ਅਪ੍ਰੈਲ ਦੀ 28 ਤਾਰੀਖ਼ ਤੱਕ ਆਪਣਾ ਪਦਭਾਰ ਸੰਭਾਲਣਗੇ।
ਉਨ੍ਹਾਂ ਕਿਹਾ ਕਿ ਉਕਤ ਵਿਭਾਗ ਬੜੀ ਹੀ ਜ਼ਿੰਮੇਵਾਰੀ ਅਤੇ ਮਹੱਤਵਪੂਰਨ ਕਾਰਜਾਂ ਵਾਲਾ ਵਿਭਾਗ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਕੈਥੀ ਟੇਲਰ ਨੇ – ਅਕਤੂਬਰ 2016 ਜਦੋਂ ਤੋਂ ਉਨ੍ਹਾਂ ਦੀ ਨਿਯੁੱਕਤੀ ਇਸ ਵਿਭਾਗ ਵਿਚ ਕੀਤੀ ਗਈ ਸੀ, ਉਦੋਂ ਤੋਂ ਹੁਣ ਤੱਕ ਆਪਣਾ ਕੰਮ ਅਤੇ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ ਹੈ।
ਜ਼ਿਕਰਯੋਗ ਹੈ ਕਿ ਕੈਥੀ ਟੇਲਰ ਦਾ ਉਕਤ ਅਸਤੀਫ਼ਾ ਇਸ ਸਮੇਂ ਆਇਆ ਹੈ ਜਦੋਂ ਕਿ ਕੁੱਝ ਦਿਨ ਪਹਿਲਾਂ ਹੀ ਸਰਕਾਰ ਦੇ ਇੱਕ ਦਸਤਾਵੇਜ਼ ਰਾਹੀਂ ਦਰਸਾਇਆ ਗਿਆ ਸੀ ਕਿ ਬੀਤੇ 4 ਸਾਲਾਂ ਦੌਰਾਨ 58 ਦੇ ਕਰੀਬ ਬੱਚਿਆਂ ਦੀ ਹੋਈ ਮੌਤ, ਕੁੱਝ ਸ਼ੰਕੇ ਜ਼ਾਹਿਰ ਕਰਦੀ ਹੈ ਕਿਉਂਕਿ ਇਨ੍ਹਾਂ ਮੌਤਾਂ ਦੇ ਕਾਰਨਾਂ ਦੀ ਪੂਰਨ ਰਿਪੋਰਟ ਹਾਲੇ ਤੱਕ ਸਰਕਾਰ ਦੇ ਸਾਹਮਣੇ ਨਹੀਂ ਆਈ ਹੈ।