ਨਵੇਂ ਅਤੇ ਸਖ਼ਤ ਡਰਾਇਵਿੰਗ ਕਾਨੂੰਨਾਂ ਦਾ ਮਸੌਦਾ ਅੱਜ ਦੱਖਣੀ-ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਪੇਸ਼

ਦੱਖਣੀ-ਆਸਟ੍ਰੇਲੀਆ ਰਾਜ ਅੰਦਰ ਸਾਲ 2019 ਵਿੱਚ ਹੋਈ ਇੱਕ ਦੁਰਘਟਨਾ ਜਿਸ ਵਿੱਚ ਕਿ ਇੱਕ ਸੜਕ ਦੁਰਘਟਨਾ ਦੌਰਾਨ 15 ਸਾਲਾਂ ਦੀ ਯੁਵਤੀ -ਸੋਫੀਆ ਨੇਸਮਿਥ ਦੀ ਮੌਤ ਹੋ ਗਈ ਸੀ, ਦੇ ਮੱਦੇਨਜ਼ਰ, ਡਰਾਇਵਿੰਗ ਦੇ ਕਾਨੂੰਨਾਂ ਨੂੰ ਸਖ਼ਤ ਬਣਾਉਣ ਵਾਸਤੇ ਮਸੌਦਾ, ਅੱਜ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਡਰਾਇਵਿੰਗ ਸਬੰਧੀ ਕਾਨੂੰਨ ਹੋਰ ਵੀ ਸਖ਼ਤ ਹੋ ਜਾਣਗੇ ਅਤੇ ਭਵਿੱਖ ਵਿੱਚ ਅਜਿਹੀਆਂ ਅਣਗਹਿਲੀ ਭਰੀਆਂ ਦਰਘਟਨਾਵਾਂ ਤੇ ਰੋਕ ਲੱਗੇਗੀ।
ਪ੍ਰੀਮੀਅਰ ਪੀਟਰ ਮੈਲੀਨਾਸਕਸ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਕਾਨੂੰਨਾਂ ਬਾਰੇ ਚਰਚਾ ਤਾਂ ਇਸੇ ਸਾਲ ਅਗਸਤ ਦੇ ਮਹੀਨੇ ਤੋਂ ਹੀ ਸ਼ੁਰੂ ਹੋ ਗਈ ਸੀ। ਅਜਿਹੇ ਕਾਨੂੰਨ ਬਣਨ ਨਾਲ ਜਿੱਥੇ ਗਲਤ ਤਰੀਕਿਆਂ ਦੇ ਨਾਲ ਡਰਾਇਵਿੰਗ ਕਰਨ ਵਾਲਿਆਂ ਨੂੰ ਨੱਥ ਪਵੇਗੀ ਉਥੇ ਹੀ ਸੜਕ ਤੇ ਚੱਲਣ ਵਾਲਿਆਂ ਵਾਸਤੇ ਵੀ ਸੁਰੱਖਿਆ ਨੂੰ ਪੁਖ਼ਤਾ ਕੀਤਾ ਜਾ ਸਕੇਗਾ।
ਅਜਿਹੇ ਨਵੇਂ ਨਿਯਮਾਂ ਤਹਿਤ, ਅਜਿਹੇ ਕੈਮਰੇ (Mobile Phone Detection Cameras (MPDC’s) ) ਥਾਂ ਥਾਂ ਤੇ ਫਿਟ ਕੀਤੇ ਜਾਣਗੇ ਜੋ ਕਿ ਵਾਹਨਾਂ ਦੇ ਡਰਾਈਵਰਾਂ ਵੱਲੋਂ ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਉਪਰ ਨਿਗਰਾਨੀ ਰੱਖਣਗੇ ਅਤੇ ਜੇਕਰ ਕੋਈ ਡਰਾਈਵਰ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸਦਾ ਡਰਾਈਵਿੰਗ ਲਾਇਸੰਸ ਤੁਰੰਤ ਸਸਪੈਂਡ ਵੀ ਕੀਤਾ ਜਾ ਸਕਦਾ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਜ਼ਾਵਾਂ (5 ਸਾਲਾਂ ਤੱਕ ਦੇ ਸਮੇਂ ਦੀ ਜੇਲ੍ਹ) ਅਤੇ ਜੁਰਮਾਨਿਆਂ ਦਾ ਪ੍ਰਾਵਧਾਨ ਰੱਖਿਆ ਜਾ ਰਿਹਾ ਹੈ।
ਮਹਿੰਗੀਆਂ ਕਾਰਾਂ ਆਦਿ ਵਿੱਚ ਕੁੱਝ ਅਜਿਹੀਆਂ ਸੁਵਿਧਾਵਾਂ (electronic stability control, traction control, anti-lock braking and automated emergency braking ਆਦਿ) ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਕਿ ਅਜਿਹੀਆਂ ਕਾਰਾਂ ਜਾਂ ਵਾਹਨਾਂ ਦੇ ਡਰਾਇਵਰ ਆਪਣੀ ਥੋੜ੍ਹੀ ਜਿਹੀ ਸਹੂਲਤ ਨੂੰ ਮਾਣਨ ਖਾਤਰ ਕਾਰਾਂ ਜਾਂ ਵਾਹਨਾਂ ਦੇ ਆਟੌਮੈਟਿਕ ਸਿਸਟਮਾਂ ਨੂੰ ਬੰਦ ਕਰ ਸਕਦੇ ਹਨ ਜਾਂ ਕਰਦੇ ਵੀ ਹਨ। ਅਜਿਹੀਆਂ ਦੁਰਘਟਨਾਵਾਂ ਵਿੱਚ ਇਸ ਸਿਸਟਮ ਦਾ ਕਾਫੀ ਹੱਦ ਤੱਕ ਹੱਥ ਹੋ ਵੀ ਸਕਦਾ ਹੈ ਅਤੇ ਇਸ ਵਾਸਤੇ ਵੀ ਉਕਤ ਨਵੇਂ ਨਿਯਮਾਂ ਵਿੱਚ ਸਜ਼ਾਵਾਂ ਅਤੇ ਜੁਰਮਾਨਿਆਂ ਨੂੰ ਥਾਪਿਆ ਜਾ ਰਿਹਾ ਹੈ ਤਾਂ ਕਿ ਅਜਿਹੀਆਂ ਸੁਵਿਧਾਵਾਂ ਦੀ ਵਰਤੋਂ ਆਮਤੌਰ ਤੇ ਨਾ ਕੀਤੀ ਜਾ ਸਕੇ।