ਦੇਸ਼ ਦੀ ਪਹਿਲੀ ਐਸਟ੍ਰੇਜ਼ੈਨੇਕਾ ਕਰੋਨਾ ਵਾਇਰਸ ਡੋਜ਼, ਕੱਲ੍ਹ ਮਿਲੇਗੀ ਦੱਖਣੀ ਆਸਟ੍ਰੇਲੀਆ ਰਾਜ ਨੂੰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ, ਬਾਹਰਲੇ ਦੇਸ਼ਾਂ ਤੋਂ ਕਰੋਨਾ ਦੇ ਬਚਾਅ ਵਾਸਤੇ ਐਸਟ੍ਰੇਜ਼ੈਨਕਾ ਦਵਾਈ ਵੀ ਪਹੁੰਚ ਚੁਕੀ ਹੈ ਅਤੇ ਕੱਲ੍ਹ, ਯਾਨੀ ਕਿ ਸ਼ੁਕਰਵਾਰ ਨੂੰ ਦੇਸ਼ ਦੀ ਪਹਿਲੀ ਐਸਟ੍ਰੇਜ਼ੈਨੇਕੇ ਕਰੋਨਾ ਵੈਕਸੀਨ, ਦੱਖਣੀ ਆਸਟ੍ਰੇਲੀਆ ਰਾਜ ਨੂੰ ਜਨਤਕ ਇਸਤੇਮਾਲ ਲਈ ਦਿੱਤੀ ਜਾਵੇਗੀ ਅਤੇ ਇਸ ਦਾ ਇਸਤੇਮਾਲ ਵੀ ਹੁਣ ਲੋਕਾਂ ਦੇ ਟੀਕਾਕਰਣ ਵਾਸਤੇ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਨਾਮੀ ਗਰਾਮੀ ਕੰਪਨੀ ਸੀ.ਐਸ.ਐਲ. ਵੀ ਉਕਤ ਦਵਾਈ ਨੂੰ ਬਣਾ ਰਹੀ ਹੈ ਅਤੇ ਜਲਦੀ ਹੀ ਇਸ ਦਵਾਈ ਦੀਆਂ 50 ਮਿਲੀਅਨ ਖੁਰਾਕਾਂ ਬਣਾਈਆਂ ਜਾਣਗੀਆਂ ਅਤੇ ਜਨਤਕ ਤੌਰ ਤੇ ਇਨ੍ਹਾਂ ਦਾ ਵਿਤਰਣ ਸ਼ੁਰੂ ਕੀਤਾ ਜਾਵੇਗਾ।
ਕੱਲ੍ਹ ਨੂੰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਨਾਲ ਰਾਜਾਂ ਅਤੇ ਟੈਰਟਰੀਆਂ ਦੇ ਨੁਮਾਇੰਦੇ ਮੀਟਿੰਗ ਵੀ ਕਰ ਰਹੇ ਹਨ ਅਤੇ ਇਸ ਮੀਟਿੰਗ ਵਿੱਚ ਵੈਕਸੀਨ ਦੇ ਵਿਤਰਣ ਸਬੰਧੀ ਹੋ ਰਹੀਆਂ ਦੇਰੀਆਂ ਉਪਰ ਚਰਚਾ ਹੋਵੇਗੀ ਕਿਉਂਕਿ ਨੂਮਾਇੰਦਿਆਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਨੇ ਜੋ ਵਾਅਦਾ ਕੀਤਾ ਸੀ, ਉਸ ਨਾਲੋਂ ਤਾਂ ਇਹ ਵਿਤਰਣ ਪ੍ਰਣਾਲੀ ਕਾਫੀ ਦੇਰੀ ਨਾਲ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਤਾਂ ਆਮ ਲੋਕਾਂ ਨੂੰ ਉਕਤ ਦਵਾਈ ਮਿਲਣ ਵਿੱਚ ਕਾਫੀ ਸਮਾਂ ਲੱਗ ਜਾਵੇਗਾ।
ਉਧਰ ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦਾ ਵੀ ਕਹਿਣਾ ਹੈ ਕਿ ਵਿਤਰਣ ਸਬੰਧੀ ਇੱਕ ਸਮੱਸਿਆ ਇਹ ਆ ਰਹੀ ਹੈ ਕਿ ਉਨ੍ਹਾਂ ਦੀ ਸਰਕਾਰ ਅਤੇ ਰਾਜ ਦੇ ਅਧਿਕਾਰੀਆਂ ਕੋਲੋਂ ਇਹ ਗੱਲ ਅਤੇ ਕਈ ਤਰਾ੍ਹਂ ਦੇ ਵਿਤਰਣ ਸਬੰਧੀ ਆਂਕੜੇ ਛੁਪਾਏ ਜਾ ਰਹੇ ਹਨ ਅਤੇ ਇਸ ਵਿੱਚ ਓਲਡ ਏਜਡ ਹੋਮਾਂ ਅੰਦਰ ਦਿੱਤੀ ਜਾ ਰਹੀ ਵੈਕਸੀਨ ਵਾਲੇ ਆਂਕੜੇ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਨੂੰ ਦੱਸਿਆ ਹੀ ਨਹੀਂ ਜਾ ਰਿਹਾ ਕਿ ਕਿੰਨੇ ਕੁ ਲੋਕਾਂ ਨੂੰ ਇਹ ਵੈਕਸੀਨ ਦਿੱਤੀ ਜਾ ਚੁਕੀ ਹੈ।
ਅਜਿਹੀ ਹੀ ਮੰਗ ਕੁਈਨਜ਼ਲੈਂਡ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਵੀ ਫੈਡਰਲ ਸਰਕਾਰ ਕੋਲੋਂ ਕਰਦੇ ਦਿਖਾਈ ਦੇ ਰਹੇ ਹਨ ਅਤੇ ਫੈਡਰਲ ਸਰਕਾਰ ਕੋਲੋਂ ਪੂਰੇ ਆਂਕੜਿਆਂ ਦੀ ਮੰਗ ਕਰ ਰਹੇ ਹਨ।

Install Punjabi Akhbar App

Install
×