ਦੱਖਣੀ ਆਸਟ੍ਰੇਲੀਆ ਵਿੱਚ ਹੋਰ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਬਦਲਾਅ….

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਖਣੀ ਆਸਟ੍ਰੇਲੀਆ ਰਾਜ ਵਿੱਚ ਨਿਊ ਸਾਊਥ ਵੇਲਜ਼, ਵਿਕਟੌਰੀਆ, ਏ.ਸੀ.ਟੀ. ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਉਨ੍ਹਾਂ ਦੇ ਇੱਥੇ ਆਉਣ ਤੇ ਅਤੇ ਇਸਤੋਂ 6ਵੇਂ ਦਿਨ ਵਾਲਾ ਕਰੋਨਾ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਫੈਸਲਾ ‘ਕਰੋਨਾ ਦੇ ਕੋਈ ਲੱਛਣ ਨਹੀਂ’ (“no symptoms are present”) ਦੇ ਆਧਾਰ ਤੇ ਲਿਆ ਗਿਆ ਹੈ।
ਮੁੱਖ ਸਿਹਤ ਅਧਿਕਾਰੀ ਨਿਕੋਲਾ ਸਪਰਿਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 154 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਰਾਜ ਵਿੱਚ ਇਸ ਸਮੇਂ ਕੁੱਲ 5 ਕਰੋਨਾ ਮਰੀਜ਼ ਹਸਪਤਾਲ ਵਿੱਚ ਭਰਤੀ ਹਨ।
ਰਾਜ ਵਿੱਚ ਚੱਲ ਰਹੀ ਕਰੋਨਾ ਟੈਸਟਾਂ ਵਿੱਚਲੀ ਦੇਰੀ ਲਈ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਮੁਆਫੀ ਮੰਗਦਿਆਂ ਕਿਹਾ ਹੈ ਕਿ ਅਸੀਂ ਇਸ ਵੱਲ ਉਚੇਚੇ ਤੌਰ ਤੇ ਕਦਮ ਚੁੱਕ ਰਹੇ ਹਾਂ ਅਤੇ ਜਲਦੀ ਹੀ ਇਸ ਦੇਰੀ ਉਪਰ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਵੈਸੇ ਇਹ ਦੇਰੀ ਸਮੁੱਚੇ ਦੇਸ਼ ਵਿੱਚ ਹੀ ਦੇਖਣ ਨੂੰ ਮਿਲ ਰਹੀ ਹੈ ਪਰੰਤੂ ਅਸੀਂ ਰਾਜ ਸਰਕਾਰ ਹੋਣ ਦੇ ਨਾਤੇ ਇਸ ਉਪਰ ਪੂਰਾ ਧਿਆਨ ਕੇਂਦਰਿਤ ਕਰ ਲਿਆ ਹੈ ਅਤੇ ਜਲਦੀ ਹੀ ਇਸ ਨੂੰ ਦੂਰ ਕਰ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟੈਸਟਾਂ ਵਿੱਚ ਦੇਰੀ ਨਾ ਕਰਨ ਅਤੇ ਕਿਸੇ ਖਾਸ ਸੂਰਤ ਵਿੱਚ ਜਲਦੀ ਤੋਂ ਜਲਦੀ ਆਪਣੇ ਟੈਸਟ ਕਰਵਾਉਣ।