ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਮਰੀਜ਼ਾਂ ਦਾ ਨਵਾਂ ਆਂਕੜਾ ਵਧਿਆ ਹੈ ਅਤੇ ਤਾਜ਼ੇ ਆਂਕੜਿਆਂ ਮੁਤਾਬਿਕ 3246 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚ ਕਈ ਓਮੀਕਰੋਨ ਦੇ ਮਾਮਲੇ ਵੀ ਹੋ ਸਕਦੇ ਹਨ, ਇਸਦੀ ਪੜਤਾਲ ਜਾਰੀ ਹੈ।
ਰਾਜ ਭਰ ਵਿੱਚ ਇਸ ਸਮੇਂ ਕੁੱਲ 13000 ਤੋਂ ਵੀ ਜ਼ਿਆਦਾ ਕਰੋਨਾ ਦੇ ਚਲੰਤ ਮਾਮਲੇ ਹਨ। ਕੁੱਲ 102 ਕਰੋਨਾ ਦੇ ਮਰੀਜ਼, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 12 ਆਈ.ਸੀ.ਯੂ. ਵਿੱਚ ਹਨ ਅਤੇ 1 ਵੈਂਟੀਲੇਟਰ ਉਪਰ।
ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਵਿੱਚ ਅੱਜ ਦੇ ਦਿਹਾੜੇ ਤੇ 250,000 ਰੈਪਿਡ ਐਂਟੀਜਨ ਟੈਸਟ ਆਏ ਹਨ ਅਤੇ ਅਗਲੇ ਕੁੱਝ ਦਿਨਾਂ ਵਿੱਚ ਹੀ ਇਨ੍ਹਾਂ ਦੀ ਹੋਰ ਵੀ ਜ਼ਿਆਦਾ ਖੇਪ ਆਉਣ ਵਾਲੀ ਹੈ ਅਤੇ ਭਵਿੱਖ ਵਿੱਚਲੀ ਇਨ੍ਹਾਂ ਦੀ ਗਿਣਤੀ 1 ਮਿਲੀਅਨ ਤੱਕ ਹੋਵੇਗੀ।
ਰਾਜ ਭਰ ਵਿੱਚ ਹੁਣ ਕਰੋਨਾ ਮਰੀਜ਼ਾਂ ਦੇ ਨਜ਼ਦੀਕੀ ਸੰਪਰਕਾਂ ਆਦਿ ਵਾਲੀ ਨੀਤੀ ਨੂੰ ਬਦਲਿਆ ਜਾ ਰਿਹਾ ਹੈ ਅਤੇ ਹੁਣ ਅਜਿਹੇ ਵਿਅਕਤੀ ਜੋ ਕਿਸੇ ਕਰੋਨਾ ਮਰੀਜ਼ ਦੇ ਨਜਦੀਕੀ ਸੰਪਰਕਾਂ ਵਿੱਚ ਮਹਿਜ਼ 15 ਕੁ ਮਿਨਟ ਲਈ ਵੀ ਰਹੇ ਹੋਣਗੇ ਅਤੇ ਉਨ੍ਹਾਂ ਨੇ ਮੂੰਹ ਉਪਰ ਮਾਸਕ ਵੀ ਨਹੀਂ ਲਾਇਆ ਹੋਵੇਗਾ ਤਾਂ ਉਨ੍ਹਾਂ ਨੂੰ ਫੋਰਨ, ਕੁਆਰਨਟੀਨ ਹੋਣਾ ਪਵੇਗਾ।
ਰਾਜ ਦੀਆਂ ਜੇਲ੍ਹਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਹੀ 90 ਤੋਂ ਜ਼ਿਆਦਾ ਕੈਦੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ ਅਤੇ ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਸਰਕਾਰ ਇਸ ਬਾਬਤ ਅਹਿਤਿਆਦਨ ਕਦਮ ਚੁੱਕ ਰਹੀ ਹੈ ਤਾਂ ਕਿ ਇਸ ਵਾਇਰਸ ਨੂੰ ਜੇਲ੍ਹਾਂ ਆਦਿ ਵਿੱਚ ਬੰਦ ਕੈਦੀਆਂ ਅਤੇ ਸਟਾਫ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ।