ਦੱਖਣੀ-ਆਸਟ੍ਰੇਲੀਆਈ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਪੁਲਿਸ ਅਫ਼ਸਰਾਂ ਨੂੰ ਆਪਣੀਆਂ ਬਾਹਾਂ ਉਪਰ ਟੈਟੂ ਬਣਵਾਉਣ ਜਾਂ ਸਿਰ ਦੇ ਵਾਲਾਂ ਨੂੰ ਲੰਬੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰੰਤੂ ਸ਼ਰਤ ਇਹ ਹੈ ਕਿ ਟੈਟੂ ਹਿੰਸਾਤਮਕ ਨਹੀਂ ਹੋਣੇ ਚਾਹੀਦੇ ਅਤੇ ਵਾਲ ਇੰਨੇ ਕੁ ਲੰਬੇ ਹੋ ਸਕਦੇ ਹਨ ਕਿ ਪੁਰਸ਼ ਅਤੇ ਮਹਿਲਾ ਦਾ ਫ਼ਰਕ ਦਿਖਾਈ ਦੇਣਾ ਚਾਹੀਦਾ ਹੈ।
ਟੈਟੁਆਂ ਵਾਸਤੇ ਇੱਕ ਖਾਸ ਸ਼ਰਤ ਇਹ ਵੀ ਰੱਖ ਗਈ ਹੈ ਕਿ ਇਹ ਪੁਲਿਸ ਅਫ਼ਸਰਾਂ ਦੇ ਕੰਨਾਂ, ਮੂੰਹ, ਸਿਰ, ਗਲੇ ਦੇ ਅੱਗੇ ਜਾਂ ਦੋਹਾਂ ਪਾਸਿਆਂ ਤੇ ਨਹੀਂ ਬਣਵਾਏ ਜਾ ਸਕਣਗੇ।
ਕਮਿਸ਼ਨਰ ਦਾ ਕਹਿਣਾ ਹੈ ਕਿ ਮੌਜੂਦਾ ਸਮਾਜਿਕ ਰਵਾਇਤਾਂ ਆਦਿ ਦੇ ਮੱਦੇਨਜ਼ਰ ਇਹ ਬਦਲਾਅ ਕੀਤੇ ਜਾ ਰਹੇ ਹਨ ਅਤੇ ਇਸ ਨਾਲ ਪੁਲਿਸ ਦਾ ਸਮਾਜਿਕ ਦਾਇਰਾ ਹੋਰ ਵੀ ਵਧੇਗਾ। ਇਸ ਨਾਲ ਪੁਲਿਸ ਦੀ ਵਰਦੀ ਆਦਿ ਉਪਰ ਕੋਈ ਵੀ ਅਸਰ ਨਹੀਂ ਪਵੇਗਾ।
ਇਸ ਫ਼ੈਸਲੇ ਉਪਰ ਪੁਲਿਸ ਮੰਤਰੀ ਜੋਇ ਜ਼ੈਕਸ ਨੇ ਆਪਦੀ ਰਾਇ ਦਿੰਦਿਆਂ ਕਿਹਾ ਹੈ ਕਿ ਉਕਤ ਫ਼ੈਸਲਾ ਮੌਜੂਦਾ ਸਮਾਜ ਤਹਿਤ ਬਿਲਕੁਲ ਸਹੀ ਹੈ ਅਤੇ ਇਸ ਨਾਲ ਲੋਕਾਂ ਦਾ ਝੁਕਾਅ ਪੁਲਿਸ ਪ੍ਰੋਫ਼ੈਸ਼ਨ ਵੱਲ ਹੋਰ ਵੀ ਵਧੇਗਾ ਅਤੇ ਹੋਰ ਲੋਕ ਵੀ ਪੁਲਿਸ ਵਿੱਚ ਬੇਝਿਜਕ ਭਰਤੀ ਹੋਣ ਵਾਸਤੇ ਅੱਗੇ ਆਉਣਗੇ।
ਹੋਰ ਰਾਜਾਂ ਦੀ ਗੱਲ ਕਰੀਏ ਤਾਂ ਨਿਊ ਸਾਊਥ ਵੇਲਜ਼ ਪੁਲਿਸ, ਵਿਕਟੌਰੀਆ ਪੁਲਿਸ, ਕੁਈਨਜ਼ਲੈਂਡ ਪੁਲਿਸ ਅਤੇ ਤਸਮਾਨੀਆ ਵਿੱਚ ਵੀ ਅਜਿਹੀਆਂ ਰਿਆਇਤਾਂ ਪੁਲਿਸ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਦਿੱਤੀਆਂ ਗਈਆਂ ਹਨ।
ਪੱਛਮੀ ਅਸਟ੍ਰੇਲੀਆ ਵਿੱਚ ਜੇਕਰ ਕੋਈ ਪੁਲਿਸ ਮੁਲਾਜ਼ਮ ਟੈਟੂ ਆਦਿ ਬਣਵਾਉਂਦਾ ਹੈ ਤਾਂ ਉਸਨੂੰ ਉਸਦੀ ਫੋਟੋ ਵਿਭਾਗ ਨੂੰ ਸੌਂਪਣੀ ਹੁੰਦੀ ਹੈ।
ਨਾਰਦਰਨ ਟੈਰਿਟਰੀ ਵਿੱਚ ਪੁਲਿਸ ਨੂੰ ਟੈਟੂਆਂ ਦੀ ਛੋਟ ਹੈ ਪਰੰਤੂ ਗਲੇ ਅਤੇ ਹੱਥਾਂ ਉਪਰ ਟੈਟੂ ਬਣਵਾਉਣ ਤੋਂ ਮਨਾਹੀ ਹੈ।