
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਵਿੱਚ ਹੋਟਲ ਕੁਆਰਨਟੀਨ ਕਰੋਨਾ ਬ੍ਰੇਕਡਾਊਨ ਕਾਰਨ ਦੱਖਣੀ ਆਸਟ੍ਰੇਲੀਆ ਨੇ ਮੈਲਬੋਰਨ ਦੇ ਆਵਾਗਮਨ ਉਪਰ ਅੱਜ ਤੜਕੇ ਸਵੇਰੇ ਤੋਂ ਪਾਬੰਧੀ ਲਗਾ ਦਿੱਤੀ ਹੈ ਜਦੋ਼ ਕਿ ਕੁਈਨਜ਼ਲੈਂਡ ਸਰਕਾਰ ਦਾ ਕਹਿਣਾ ਹੈ ਕਿ ਹਾਲੇ ਸਾਨੂੰ ਸਥਿਤੀਆਂ ਅਤੇ ਆਂਕੜਿਆਂ ਉਪਰ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇੰਨੀ ਜਲਦਬਾਜ਼ੀ ਵਿੱਚ ਪਾਬੰਧੀਆਂ ਨਹੀਂ ਲਗਾ ਦੇਣੀਆਂ ਚਾਹੀਦੀਆਂ। ਦੱਖਣੀ ਆਸਟ੍ਰੇਲੀਆ ਦੇ ਪ੍ਰੋਫੈਸਰ ਨਿਕੋਲਾ ਸਪਰਿਅਰ (ਮੁੱਖ ਜਨਤਕ ਸਿਹਤ ਅਧਿਕਾਰੀ) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਰਾਜ ਸਰਕਾਰ ਦੀਆਂ ਨਵੀਆਂ ਗਾਈਡ ਲਾਈਨਾਂ ਤਹਿਤ ਹੁਣ ਮੈਲਬੋਰਨ ਤੋਂ ਆਉਣ ਵਾਲੇ ਹਰ ਯਾਤਰੀ ਨੂੰ 14 ਦਿਨਾਂ ਲਈ ਕੁਆਰਨਟੀਨ ਹੋਣਾ ਲਾਜ਼ਮੀ ਹੋਵੇਗਾ। ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਹੀ ਨਾਜ਼ੁਕ ਸਥਿਤੀਆਂ ਬਣ ਜਾਂਦੀਆਂ ਹਨ ਜਦੋਂ ਕਿ ਫੈਸਲੇ ਇੱਕਦਮ ਹੀ ਲੈਣੇ ਪੈ ਜਾਂਦੇ ਹਨ ਪਰੰਤੂ ਕਿਉਂਕਿ ਇਹ ਜਨਤਕ ਸਿਹਤ ਲਈ ਜ਼ਰੂਰੀ ਹੁੰਦੇ ਹਨ ਤਾਂ ਇਸ ਵਿੱਚ ਸਭ ਵੱਲੋਂ ਸਹਿਯੋਗ ਮਿਲਣਾ ਵਾਜਿਬ ਹੀ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਵੀ ਵਿਕਟੋਰੀਆ ਰਾਜ ਦੀਆਂ ਗਤੀਵਿਧੀਆਂ ਅਤੇ ਆਂਕੜਿਆਂ ਉਪਰ ਪੂਰੀ ਨਜ਼ਰ ਲਗਾ ਕੇ ਬੈਠੇ ਹਾਂ ਅਤੇ ਫੈਸਲੇ ਵੀ ਅਜਿਹੇ ਆਂਕੜਿਆਂ ਦੇ ਨਤੀਜਿਆਂ ਮੁਤਾਬਿਕ ਹੀ ਕੀਤੇ ਜਾਂਦੇ ਹਨ ਅਤੇ ਅੱਗੇ ਵੀ ਕੀਤੇ ਜਾਂਦੇ ਰਹਿਣਗੇ। ਵੈਸੇ ਵਿਕਟੋਰੀਆ ਦੇ ਹੋਰ ਖੇਤਰਾਂ ਦੇ ਆਵਾਗਮਨ ਦੇ ਪਲਾਨਾਂ ਵਿੱਚ ਫੇਰ ਬਦਲ ਨਹੀਂ ਕੀਤੀ ਗਈ ਹੈ। ਉਧਰ ਕੁਈਨਜ਼ਲੈਂਡ ਵਾਲੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਕਟੋਰੀਆ ਤੋਂ ਆਉਣ ਵਾਲੇ ਯਾਤਰੀਆਂ ਨੂੰ ਪੁੱਛਿਆ ਜਾਵੇਗਾ ਕਿ ਉਹ ਰਾਜ ਦੇ ਕਿਹੜੇ ਕਿਹੜੇ ਹਿੱਸਿਆਂ ਵਿੱਚੋਂ ਆਏ ਹਨ ਅਤੇ ਕੀ ਉਹ ਵਿਕਟੋਰੀਆ ਰਾਜ ਦੇ ਮੌਜੂਦਾ ਕਰੋਨਾ ਪ੍ਰਭਾਵਿਤ ਖੇਤਰਾਂ ਵਿੱਚ ਆਏ-ਗਏ ਹਨ…? ਅਤੇ ਜੇਕਰ ਉਨ੍ਹਾਂ ਦੀ ਹਾਂ ਹੁੰਦੀ ਹੈ ਤਾਂ ਉਨ੍ਹਾਂ ਦਾ ਕਰੋਨਾ ਟੈਸਟ ਲਾਜ਼ਮੀ ਹੋਵੇਗਾ ਅਤੇ ਟੈਸਟ ਦੇ ਨਤੀਜਿਆਂ ਉਪਰ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।