ਹੜ੍ਹ ਪੀੜਿਤਾਂ ਦੀ ਮਦਦ ਲਈ ਦੱਖਣੀ ਆਸਟ੍ਰੇਲੀਆਈ ਸਰਕਾਰ ਨੇ ਐਲਾਨਿਆ 51 ਮਿਲੀਅਨ ਡਾਲਰਾਂ ਦਾ ਰਾਹਤ ਪੈਕੇਜ

ਰਾਜ ਦੇ ਖ਼ਜ਼ਾਨਾ ਮੰਤਰੀ ਸਟੀਫਨ ਮੁਲੀਘਨ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਦੱਖਣੀ ਆਸਟ੍ਰੇਲੀਆਈ ਰਾਜ ਸਰਕਾਰ ਨੇ ਹੜ੍ਹ ਪੀੜਿਤਾਂ ਵਾਸਤੇ ਇੱਕ ਵੱਡਾ ਮਾਲ਼ੀ ਪੈਕੇਜ ਜਾਰੀ ਕੀਤਾ ਹੈ। ਇਸ ਦੇ ਤਹਿਤ ਜੇਕਰ ਕੋਈ ਆਪਣੇ ਹੜ੍ਹ ਪੀੜਿਤ ਖੇਤਰਾਂ ਆਦਿ ਵਿੱਚ ਘਰਾਂ ਨੂੰ ਹੜ੍ਹਾਂ ਆਦਿ ਤੋਂ ਬਚਾਉਣ ਵਾਸਤੇ ਅਗਾਊਂ ਸੁਰੱਖਿਆ ਦੇ ਉਪਾਅ ਕਰਨਾ ਚਾਹੁੰਦਾ ਹੈ ਤਾਂ 50,000 ਡਾਲਰਾਂ ਤੱਕ ਦੀ ਮਦਦ ਲੈ ਸਕਦਾ ਹੈ।
ਜਿਹੜੇ ਲੋਕਾਂ ਨੂੰ ਆਪਣੇ ਘਰ ਛੱਡਣੇ ਜਾਂ ਖਾਲੀ ਕਰਨੇ ਪਏ ਹਨ ਉਨ੍ਹਾਂ ਨੂੰ 1000 ਡਾਲਰਾਂ ਦੀ ਮਦਦ (ਪ੍ਰਤੀ ਪਰਿਵਾਰ) ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ 1000 ਡਾਲਰਾਂ ਦੀ ਮਦਦ ਪਹਿਲੇ 2 ਹਫ਼ਤਿਆਂ ਲਈ ਵੀ ਦਿੱਤੀ ਜਾਵੇਗੀ ਜਿਸ ਸਮੇਂ ਉਹ ਆਪਣੇ ਨਵੇਂ ਰਿਹਾਇਸ਼ੀ ਘਰ ਵਿੱਚ ਸੈਟਲ ਹੋ ਸਕਣਗੇ।
ਜੇਕਰ ਕਿਸੇ ਦੇ ਘਰ ਦਾ ਕੋਈ ਬੀਮਾ ਆਦਿ ਨਹੀਂ ਸੀ, ਅਤੇ ਉਹ ਹੜ੍ਹ ਵਿੱਚ ਨੁਕਸਾਨਿਆ ਗਿਆ ਹੈ ਅਤੇ ਉਨ੍ਹਾਂ ਨੂੰ ਉਹ ਘਰ ਛੱਡਣਾ ਪਿਆ ਹੈ, ਅਜਿਹੇ ਪਰਿਵਾਰ ਵਿਚਲੇ ਇਕੱਲੇ ਵਿਅਕਤੀ ਲਈ 2000 ਡਾਲਰ ਅਤੇ ਪ੍ਰਤੀ ਪਰਿਵਾਰ 5000 ਡਾਲਰਾਂ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ।
ਜੇਕਰ ਕਿਸੇ ਦਾ ਆਪਣਾ ਨਿਜੀ ਕਾਰੋਬਾਰ ਨੁਕਸਾਨਿਆ ਗਿਆ ਹੈ ਤਾਂ ਉਸ (ਸੋਲ ਟਰੇਡਰ) ਨੂੰ 10,000 ਡਾਲਰਾਂ ਤੱਕ ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਜੇਕਰ ਉਨ੍ਹਾਂ ਦੇ ਕੋਈ ਅੱਗੇ ਹੋਰ ਵੀ ਮੁਲਾਜ਼ਮ ਆਦਿ ਹਨ ਤਾਂ ਅਜਿਹੇ ਬਿਜਨਸ ਲਈ 20,000 ਡਾਲਰ ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ।
ਜੇਕਰ ਕਿਸੇ ਨੇ ਘਰੇਲੂ ਜਨਰੇਟਰ ਵਗਾਰਾ ਖਰੀਦਣਾ ਹੈ ਤਾਂ 500 ਡਾਲਰ ਅਤੇ ਕਿਸੇ ਅਦਾਰੇ ਆਦਿ ਲਈ ਜਨਰੇਟਰ ਖਰੀਦਣ ਵਾਸਤੇ 4000 ਡਾਲਰਾਂ ਦੀ ਮਦਦ ਦਿੱਤੀ ਜਾਵੇਗੀ।
ਮੰਤਰੀ ਜੀ ਨੇ ਕਿਹਾ ਕਿ ਰਾਜ ਸਰਕਾਰ ਨੇ ਉਦਿਯੋਗਾਂ ਦੇ ਸਹਿਯੋਗ ਵਾਸਤੇ 3 ਮਿਲੀਅਨ ਡਾਲਰਾਂ ਦੇ ਬਜਟ ਨੂੰ ਵੀ ਪਾਸ ਕੀਤਾ ਹੈ।