
ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਦੱਖਣੀ ਆਸਟ੍ਰੇਲੀਆ ਅੰਦਰ ਕੋਵਿਡ-19 ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਹੁਣ ਛੋਟਾਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਕ੍ਰਿਸਮਿਸ ਦੇ ਤਿਉਹਾਰ ਕਾਰਨ ਦਿਸੰਬਰ 14 ਤੋਂ ਨਵੀਆਂ ਛੋਟਾਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਹੁਣ ਘਰਾਂ ਅੰਦਰ 50 ਵਿਅਕਤੀਆਂ ਦੇ ਇਕੱਠ ਨੂੰ ਪਵਾਨਗੀ ਦਿੱਤੀ ਜਾ ਰਹੀ ਹੈ। ਵਿਆਹ ਸ਼ਾਦੀਆਂ ਅਤੇ ਅੰਤਿਮ ਸੰਸਕਾਰਾਂ ਦੇ ਇਕੱਠ ਵਿੱਚ ਹੁਣ 200 ਲੋਕ ਸ਼ਾਮਿਲ ਹੋ ਸਕਣਗੇ। ਉਨ੍ਹਾਂ ਨੇ ਸਮੁੱਚੀ ਟੀਮ ਅਤੇ ਰਾਜ ਦੇ ਹਰ ਇੱਕ ਨਾਗਰਿਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੇ ਹੀ ਬੜੀ ਸੁਹਿਰਦਗੀ ਨਾਲ ਇਸ ਚੁਣੌਤੀ ਨੂੰ ਪ੍ਰਵਾਨ ਕੀਤਾ ਹੈ ਅਤੇ ਸੰਜੀਦਗੀ ਨਾਲ ਸਾਰੇ ਕੰਮ ਕਾਜ ਸਿਰੇ ਚਾੜ੍ਹੇ ਹਨ ਤਾਂ ਹੀ ਇਸ ਭਿਆਨਕ ਬਿਮਾਰੀ ਦਾ ਮੂੰਹ ਮੋੜਿਆ ਜਾ ਸਕਿਆ ਹੈ ਇਸ ਲਈ ਉਹ ਸਾਰਿਆਂ ਦੇ ਹੀ ਧੰਨਵਾਦੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਅਹਿਤਿਆਦਨ ਹਰ ਤਰ੍ਹਾਂ ਨਾਲ ਧਿਆਨ ਰੱਖਣ ਦੀ ਜ਼ਰੂਰਤ ਹੈ ਅਤੇ ਕਿਸੇ ਤਰ੍ਹਾਂ ਦੀ ਅਣਗਹਿਲੀ ਵੀ ਕੋਈ ਨਵਾਂ ਰੁਖ਼ ਅਖ਼ਤਿਆਰ ਕਰ ਸਕਦੀ ਹੈ ਇਸ ਲਈ ਕਿਸੇ ਤਰ੍ਹਾਂ ਦੀ ਵੀ ਲਾਪਰਵਾਹੀ ਨਾ ਕੀਤੀ ਜਾਵੇ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਹੀ ਧਿਆਨ ਦੇਣਾ ਹੋਵੇਗਾ। ਜ਼ਿਆਦਾ ਜਾਣਕਾਰੀ ਲਈ sa.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਸਮੇਂ ਸਮੇਂ ਉਪਰ ਇੱਥੇ ਸਰਕਾਰ ਵੱਲੋਂ ਜਾਰੀ ਸਾਰੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।