ਦੱਖਣੀ ਆਸਟ੍ਰੇਲੀਆ ਵਿੱਚ ਕਰੋਨਾ ਦੇ 3707 ਨਵੇਂ ਮਾਮਲੇ ਦਰਜ, ਦੋ ਮੌਤਾਂ

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 48 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 3,707 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਹੋਣ ਦੀ ਵੀ ਪੁਸ਼ਟੀ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਕੁੱਲ 144 ਕਰੋਨਾ ਮਰੀਜ਼, ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਹ ਸੰਖਿਆ ਵੀ ਬੀਤੇ ਦਿਨ ਦੀ 123 ਨਾਲੋਂ ਵਧੀ ਹੈ। ਇਨ੍ਹਾਂ ਮਰੀਜ਼ਾਂ ਵਿਚੋਂ 16 ਆਈ.ਸੀ.ਯੂ. ਵਿੱਚ ਹਨ ਅਤੇ 1 ਵੈਂਟੀਲੇਟਰ ਉਪਰ ਵੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲ ਵਿੱਚ ਭਰਤੀ ਜ਼ਿਆਦਾਤਰ ਲੋਕ, ਓਮੀਕਰੋਨ ਵੇਰੀਐਂਟ ਨਾਲ ਹੀ ਪੀੜਿਤ ਹਨ।
ਰਾਜ ਭਰ ਵਿੱਚ ਵੈਕਸੀਨੇਸ਼ਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਨ ਤੌਰ ਤੇ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀਆਂ ਡੋਜ਼ਾਂ ਲੈ ਚੁਕੇ ਲੋਕਾਂ ਦੀ ਦਰ 80% ਦੇ ਕਰੀਬ ਹੈ।
ਐਡੀਲੇਡ ਦੇ ਅੰਦਰੂਨੀ ਪੱਛਮੀ ਹਿੱਸੇ ਵਿਚ ਸਥਿਤ ਸਬਅਰਬ, ਮਾਈਲ ਐਂਡ, ਵਿਖੇ ਇੱਕ ਨਵੀਂ ਕਲਿਨਿਕ ਖੋਲ੍ਹੀ ਜਾ ਰਹੀ ਹੈ ਜੋ ਕਿ ਇਸੇ ਮਹੀਨੇ ਦੀ 12 ਤਾਰੀਖ ਤੋਂ ਆਪਣਾ ਕੰਮਕਾਜ ਸ਼ੁਰੂ ਕਰ ਦੇਵੇਗੀ।
ਇਸ ਕਲਿਨਿਕ ਵਿਖੇ 18 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਲਈ ਟੀਕਾਕਰਣ ਦੀ ਸਹੂਲਤ ਹੋਵੇਗੀ ਅਤੇ ਇੱਥੇ ਕੇਵਲ ਮੋਡਰਨਾ ਵੈਕਸੀਨ ਹੀ ਦਿੱਤੀ ਜਾਵੇਗੀ।
ਇਸ ਕਲਿਨਿਕ ਵਿਖੇ ਹਰ ਹਫ਼ਤੇ 5000 ਲੋਕਾਂ ਦੇ ਟੀਕਾਕਰਣ ਦੀ ਸਹੂਲਤ ਹੋਵੇਗੀ ਅਤੇ ਫਿਰ ਅਗਲੇ ਹਫ਼ਤਿਆਂ ਤੱਕ ਇਹ ਸਹੂਲਤ 15,000 ਵਿਅਕਤੀਆਂ ਤੱਕ ਕਰ ਲਈ ਜਾਵੇਗੀ।

Install Punjabi Akhbar App

Install
×