ਕਰੋਨਾ ਨੂੰ ਢਾਹੁਣ ਲਈ, ਦੱਖਣੀ-ਆਸਟ੍ਰੇਲੀਆ ਨੇ ਜਾਰੀ ਕੀਤਾ ਅੱਠ ਨੁਕਾਤੀ ਪ੍ਰੋਗਰਾਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਅੱਜ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਪਹਿਲਾਂ ਤੋਂ ਦਰਜ 29 ਮਾਮਲੇ ਪੈਰਾਫੀਲਡ ਕਲਸਟਰ ਨਾਲ ਹੀ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਇੱਕ ‘ਅੱਠ-ਨੂਕਾਤੀ’ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੇ ਤਹਿਤ, ਸਾਰੇ ਹੀ ਮੌਜੂਦਾ ਮਾਮਲਿਆਂ ਨੂੰ ਮੈਡੀ-ਹੋਟਲਾਂ ਵਿੱਚੋਂ ਹੁਣ ਸਮਰਪਿਤ ਸਿਹਤ ਕੇਂਦਰਾਂ ਵਿੱਚ ਲਿਜਾਇਆ ਜਾਵੇਗਾ ਜਿੱਥੇ ਉਨ੍ਹਾਂ ਦੀ ਪੂਰਨ ਦੇਖ-ਰੇਖ ਹੋ ਸਕੇਗੀ। ਇਸ ਵਾਸਤੇ ਓਲਡ ਵੇਕਫੀਲਡ ਹਸਪਤਾਲ ਨੂੰ ਚੁਣਿਆ ਗਿਆ ਹੈ ਅਤੇ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਵਾਰੀ ਆਹ ਪ੍ਰੋਗਰਾਮ ਸਹੀ ਢੰਗ ਨਾਲ ਲਾਗੂ ਹੋ ਜਾਵੇ ਤਾਂ ਫੇਰ ਅੰਤਰ-ਰਾਸ਼ਟਰੀ ਮਹਿਮਾਨਾਂ ਅਤੇ ਅਜਿਹੇ ਲੋਕ ਜੋ ਕਿ ਬਾਹਰੀ ਦੇਸ਼ਾਂ ਵਿੱਚ ਫਸੇ ਹਨ ਅਤੇ ਆਪਣੇ ਘਰਾਂ ਨੂੰ ਪਰਤਣ ਨੂੰ ਤਰਸ ਰਹੇ ਹਨ, ਨੂੰ ਵੀ ਇਜਾਜ਼ਤ ਦੇ ਹੀ ਦਿੱਤੀ ਜਾਵੇਗੀ। ਰਾਜ ਅੰਦਰ ਇਸ ਵੇਲੇ ਕੁੱਲ 38 ਚਲੰਤ ਕੋਵਿਡ-19 ਦੇ ਸਥਾਪਿਤ ਮਾਮਲੇ ਹਨ ਅਤੇ ਇੱਕ 50 ਸਾਲਾਂ ਦੀ ਔਰਤ ਹੀ ਅਜਿਹਾ ਮਰੀਜ਼ ਹੈ ਜਿਸਨੂੰ ਕਿ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਹੈ। ਕੰਟੈਕਟ-ਟ੍ਰੇਸਿੰਗ ਟੀਮਾਂ ਕਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਵਾਸਤੇ ਸੀ.ਸੀ.ਟੀ.ਵੀ. ਫੂਟੇਜ ਦਾ ਸਹਾਰਾ ਵੀ ਲੈ ਰਹੀਆਂ ਹਨ ਅਤੇ ਅਜਿਹੇ ਸੰਪਰਕ ਵਿੱਚ ਆਏ ਲੋਕਾਂ ਦੀ ਪੜਤਾਲ ਕਰ ਰਹੀਆਂ ਹਨ।

Install Punjabi Akhbar App

Install
×