ਸਾਊਥ ਅਫ਼ਰੀਕਾ ਵਿਖੇ ਐਸਟ੍ਰਾਜ਼ੈਨੇਕਾ ਨਾ-ਮਨਜ਼ੂਰ ਪਰੰਤੂ ਆਸਟ੍ਰੇਲੀਆ ਨੂੰ ਇਸ ਦਵਾਈ ਉਪਰ ਪੂਰਾ ਭਰੋਸਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੋਵਿਡ-19 ਦੇ ਨਵੇਂ ਵੇਰੀਏਂਟ ਦੇ ਚਲਦਿਆਂ, ਦੱਖਣੀ ਅਫ਼ਰੀਕਾ ਨੇ ਕਰੋਨਾ ਦੀ ਵੈਕਸੀਨ ਐਸਟ੍ਰਾਜ਼ੈਨੇਕਾ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ ਅਤੇ ਇਸ ਦਾ ਕਾਰਨ ਦੱਸਦਿਆਂ ਕਿਹਾ ਹੈ ਕਿ ਇਹ ਦਵਾਈ ਉਕਤ ਵੇਰੀਏਂਟ ਦੇ ਚਲਦਿਆਂ ਬਹੁਤ ਹੀ ਘੱਟ ਅਸਰਦਾਰ ਦਿਖਾਈ ਦੇ ਰਹੀ ਹੈ। ਉਥੋਂ ਦੇ ਸਿਹਤ ਮੰਤਰੀ ਜਵੈਲੀ ਮਖਾਈਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦੱਖਣੀ ਅਫ਼ਰੀਕਾ ਦੀ ਵਿਟਵਾਟਰਸਟੈਂਡ ਯੂਨੀਵਰਸਿਟੀ ਨੇ ਉਕਤ ਨਕਾਰਾਤਮਕ ਨਤੀਜਿਆਂ ਦੀ ਪੜਤਾਲ ਕੀਤੀ ਹੈ ਤਾਂ ਹੁਣ ਸਰਕਾਰ ਉਚ ਵਿਗਿਆਨੀਆਂ ਦੀ ਰਾਏ ਦਾ ਵੀ ਇੰਤਜ਼ਾਰ ਕਰ ਰਹੀ ਹੈ ਪਰੰਤੂ ਜਿਵੇਂ ਦੇ ਨਤੀਜੇ ਆਏ ਹਨ ਤਾਂ ਇਸ ਵਾਸਤੇ ਉਕਤ ਦਵਾਈ ਨੂੰ ਨਾ-ਮਨਜ਼ੂਰ ਹੀ ਕੀਤਾ ਜਾ ਰਿਹਾ ਹੈ। ਇਸ ਦਵਾਈ ਨੂੰ ਬਣਾਉਣ ਵਾਲੀ ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੂਰੀ ਤਸੱਲੀ ਨਾਲ ਇਸ ਦਵਾਈ ਨੂੰ ਤਿਆਰ ਕੀਤਾ ਹੈ ਅਤੇ ਇਸਨੂੰ 2,000 ਵਲੰਟੀਅਰਾਂ ਵੁਪਰ ਆਜ਼ਮਾਇਆ ਵੀ ਗਿਆ ਹੈ ਜਿਨ੍ਹਾਂ ਦੀ ਉਮਰ ਦਰ 31 ਸਾਲ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਨੇ ਐਸਟ੍ਰਾਜ਼ੈਨੇਕਾ ਦਵਾਈ ਨੂੰ ਭਾਰਤ ਵਿੱਚੋਂ ਸੀਰਮ ਇੰਸਟੀਚਿਊਟ ਕੋਲੋਂ ਪ੍ਰਾਪਤ ਕੀਤਾ ਹੈ ਅਤੇ ਇਸ ਖੇਪ ਵਿੱਚ 1 ਮਿਲੀਅਨ ਖੁਰਾਕਾਂ ਸ਼ਾਮਿਲ ਹਨ।
ਪਰੰਤੂ ਦੂਸਰੇ ਪਾਸੇ, ਦੱਖਣੀ ਅਫ਼ਰੀਕਾ ਦੇ ਇਸ ਰੁਖ ਦੇ ਬਾਵਜੂਦ ਵੀ ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੈਗ ਹੰਟ ਨੇ ਕਿਹਾ ਹੈ ਕਿ ਸਾਨੂੰ ਹਾਲੇ ਵੀ ਇਸ ਦਵਾਈ ਉਪਰ ਪੂਰਨ ਵਿਸ਼ਵਾਸ਼ ਹੈ ਕਿਉਂਕਿ ਇਹ ਬ੍ਰਿਟਿਸ਼ ਕੰਪਨੀ ਨੇ ਬਣਾਈ ਹੈ ਅਤੇ ਇਸ ਨੂੰ ਆਕਸਫੋਰਡ ਯੂਨੀਵਰਸਿਟੀ ਦੀ ਦੇਖਰੇਖ ਵਿੱਚ ਤਿਆਰ ਕੀਤਾ ਗਿਆ ਹੈ। ਉਨ੍ਹਾਂ ਇਸ ਦਵਾਈ ਦੇ ਪਹਿਲੇ ਸਫਲ ਨਤੀਜਿਆਂ ਉਪਰ ਵੀ ਪੂਰਨ ਤੌਰ ਤੇ ਭਰੋਸਾ ਜਤਾਇਆ ਹੈ ਅਤੇ ਕਿਹਾ ਹੈ ਕਿ ਸਮੁੱਚੇ ਆਸਟ੍ਰੇਲੀਆ ਅੰਦਰ ਇਸ ਦਵਾਈ ਨੂੰ ਪੂਰਨ ਭਰੋਸਗੀ ਨਾਲ ਹੀ ਇਸਤੇਮਾਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਇਸ ਦਵਾਈ ਦੀਆਂ 53.8 ਮਿਲੀਅਨ ਖੁਰਾਕਾਂ ਸੁਰੱਖਿਅਤ ਰੱਖੀਆਂ ਹੋਈਆਂ ਹਨ।

Welcome to Punjabi Akhbar

Install Punjabi Akhbar
×