ਪੰਜਾਬ ਦੇ ਉਜਾੜੇ ਨੂੰ ਰੋਕਣ ਲਈ ਜੱਟ ਸਿੱਖ ਤੇ ਦਲਿਤ ਸਿੱਖ ਭਾਈਚਾਰੇ ਦੀ ਏਕਤਾ ਬਹੁਤ ਜ਼ਰੂਰੀ— ਡਾ. ਸਵਰਾਜ ਸਿੰਘ

ਪੰਜਾਬ ਸਰਕਾਰ ਸਾਹਿਤਕਾਰਾਂ ਦੇ ਪੁਰਸਕਾਰ ਤੁਰੰਤ ਦੇਵੇ

“ਸੂਰਮੇ ਨਾਇਕ ਦਾ ਸੰਕਲਪ” ਪੁਸਤਕ ਲੋਕ ਅਰਪਣ

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਗੁਰੂ ਤੇਗ ਬਹਾਦਰ ਜੀ ਦਿਲੀਓਂ ਸੀਸ ਲਿਆਉਣ ਵਾਲੇ ਭਾਈ ਜੈਤਾ ਜੀ (ਜੀਵਨ ਸਿੰਘ) ਦੇ ਜਨਮ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਸਾਹਿਤਕ ਸਮਾਗਮ ਸਮੇਂ ਭਾਸ਼ਣ ਦਿੰਦੇ ਹੋਏ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਪੰਜਾਬ ਦੀ ਅਜੋਕੀ ਸਮਾਜਿਕ, ਆਰਥਕ, ਸਭਿਆਚਾਰਕ ਸਥਿਤੀ ਨੂੰ ਮੱਦੇਨਜ਼ਰ ਰਖਦਿਆਂ ਭਾਈ ਜੀਵਨ ਸਿੰਘ ਨਾਇਕਤਵ ਕਾਰਜ ਯਾਦ ਰੱਖਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅਜੋਕੇ ਪੰਜਾਬ ਦੇ ਉਜਾੜੇ ਨੂੰ ਰੋਕਣ ਲਈ ਦਲਿਤ ਸਿੱਖ ਅਤੇ ਜੱਟ ਸਿੱਖ ਭਾਈਚਾਰੇ ਦੀ ਏਕਤਾ ਬਹੁਤ ਜਰੂਰੀ ਹੈ, ਉਨ੍ਹਾਂ ਨੇ ਪੰਜਾਬ ਦੇ ਪਰਵਾਸ ਦੇ ਨਾਂ ਪੱਖੀ ਪਹਿਲੂਆਂ ਦੇ ਉਪਰ ਖੁੱਲ ਕੇ ਵਿਚਾਰ ਪ੍ਰਗਟ ਕੀਤੇ। ਡਾ. ਭਗਵੰਤ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਧਰਮ ਦੀ ਨੈਤਿਕਤਾ ਦੀ ਰਾਖੀ ਲਈ ਕੀਤੀ ਕੁਰਬਾਨੀ ਨੂੰ ਬੇਮਿਸਾਲ ਦੱਸਿਆ। ਡਾ. ਨਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਜਦੋਂ ਸਾਰਾ ਨੌਜਆਨ ਨਿਰਾਸ਼ਤਾ ਦੀ ਸਥਿਤੀ ਵਿੱਚ ਪਰਵਾਸ ਕਰ ਰਿਹਾ ਹੈ ਤਾਂ ਇਹ ਬੜਾ ਹੀ ਮਹੱਤਵਪੂਰਨ ਹੈ ਕਿ ਅਸੀਂ ਇਤਿਹਾਸ ਦੀ ਗੌਰਵਤਾ ਉਨ੍ਹਾਂ ਦੀ ਸਮਝ ਦਾ ਹਿੱਸਾ ਬਣਾਈਏ। ਵਿਚਾਰ ਚਰਚਾ ਵਿੱਚ ਸਰਵ ਸ਼੍ਰੀ ਪਵਨ ਹਰਚੰਦਪੁਰੀ, ਨਾਹਰ ਸਿੰਘ ਮੁਬਾਰਕਪੁਰੀ, ਅੰਮ੍ਰਿਤਪਾਲ ਸਿੰਘ, ਜੋਗਿੰਦਰ ਸਿੰਘ, ਤੇਜਪ੍ਰਤਾਪ ਸਿੰਘ, ਦਲਬੀਰ ਸਿੰਘ ਦਿਲਬਰ, ਗੁਰਪ੍ਰੀਤ ਕੌਰ, ਹਰਦਿਆਲ ਸਿੰਘ, ਅਮਰੀਕ ਗਾਗਾ, ਪ੍ਰਦੀਪ ਸਿੰਘ, ਅਕਸ਼ਨਿੰਦਰ ਸਿੰਘ ਆਦਿ ਵਿਦਵਾਨਾਂ ਨੇ ਹਿੱਸਾ ਲਿਆ। ਡਾ. ਸਤਿੰਦਰ ਕੌਰ ਮਾਨ ਦੀ ਪੁਸਤਕ ‘ਸੂਰਮੇ ਨਾਇਕ ਦਾ ਸੰਕਲਪ* ਲੋਕ ਅਰਪਨ ਕੀਤੀ ਗਈ। ਡਾ. ਭਗਵੰਤ ਸਿੰਘ ਨੇ ਜਿੱਥੇ ਇਸ ਪੁਸਤਕ ਬਾਰੇ ਆਪਣੇ ਸਾਰਥਕ ਪ੍ਰਭਾਵ ਦੱਸੇ, ਉਥੇ ਉਨ੍ਹਾਂ ਵੱਲੋਂ ਸੰਪਾਦਤ ਤ੍ਰੈਮਾਸਿਕ ਪੱਤਰ ‘ਜਾਗੋ ਇੰਟਰਨੈਸ਼ਨਲ* ਕਿਸਾਨੀ ਅੰਦੋਲਨ ਨੂੰ ਸਮਰਪਿਤ ਨਵਾਂ ਅੰਕ ਵਿਚ ਰਲੀਜ਼ ਕਰਵਾਇਆ। ਇਸ ਮੌਕੇ ਉਤੇ ਭਾਈ ਜੈਤਾ ਜੀ ਦੇ ਸਤਿਕਾਰ ਵਿੱਚ ਕਵੀ ਦਰਬਾਰ ਕੀਤਾ ਗਿਆ। ਕਵੀ ਦਰਬਾਰ ਵਿੱਚ ਅਮਰੀਕ ਗਾਗਾ, ਦੇਸ਼ ਭੂਸ਼ਣ, ਗੁਲਜ਼ਾਰ ਸਿੰਘ ਸ਼ੌਂਕੀ, ਜੋਗਿੰਦਰ ਸਿੰਘ, ਪਵਨ ਹਰਚੰਦਪੁਰੀ, ਪਲਕਨੂਰ, ਅੰਮ੍ਰਿਤ ਅਜੀਜ਼, ਨਾਹਰ ਸਿੰਘ ਮੁਬਾਰਕਪੁਰੀ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਪੰਜਾਬੀ ਸਾਹਿਤ ਸਭਾ ਵੱਲੋਂ ਡਾ. ਸਵਰਾਜ ਸਿੰਘ, ਹਰਦਿਆਲ ਸਿੰਘ, ਤੇਜਵੰਤ ਮਾਨ, ਨਾਹਰ ਸਿੰਘ ਮੁਬਾਰਕਪੁਰੀ, ਪਲਕਨੂਰ ਸਿੰਘ ਦਾ ਸਨਮਾਨ ਕੀਤਾ ਗਿਆ।ਇਸ ਸਮਾਗਮ ਵਿੱਚ ਹਾਜਰ ਸਮੂਹ ਲੇਖਕਾਂ ਵੱਲੋਂ ਪੰਜਾਬ ਸਰਕਾਰ ਤੋਂ ਐਲਾਨ ਕੀਤੇ ਸਾਹਿਤਕ ਪੁਰਸਕਾਰ ਤੁਰੰਤ ਦੇਣ ਦੀ ਮੰਗ ਕੀਤੀ ਗਈ। ਇਸ ਸਬੰਧ ਵਿੱਚ ਦੁੱਖ ਪ੍ਰਗਟ ਕਰਦਿਆਂ ਲੇਖਕਾਂ ਨੇ ਕਿਹਾ ਕਿ ਪੁਰਸਕਾਰਾਂ ਸਬੰਧੀ ਕੁੱਝ ਸ਼ਰਾਰਤੀ ਅਨਸਰਾਂ ਨੇ ਐਵੇਂ ਫਾਲਤੂ ਇੱਕ ਸਾਜਿਸ਼ ਅਧੀਨ ਰੌਲਾ ਪਾ ਰੱਖਿਆ ਹੈ। ਇਹ ਅਣਸਾਹਿਤਕ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੇ ਬੇਬੁਨਿਆਦ ਰੌਲਾ ਪਾਉਣ ਦੇ ਆਦੀ ਹਨ। ਇਹ ਪੁਰਸਤਕਾਰ 52 ਵਿਦਵਾਨਾਂ, ਲੇਖਕਾਂ ਦੇ ਸਲਾਹਕਾਰ ਬੋਰਡ ਵੱਲੋਂ ਉੱਚ ਕੋਟੀ ਦੇ ਸਾਹਿਤਕਾਰਾਂ ਨੂੰ ਦਿੱਤੇ ਗਏ ਹਨ। ਦੁੱਖ ਭਰੀ ਗੱਲ ਹੈ ਕਿ 5 ਪੁਰਸਕਾਰ ਪ੍ਰਾਪਤ ਕਰਨ ਵਾਲੇ ਲੇਖਕਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਕੁੱਝ ਦੀ ਸਿਹਤ ਅਵਸਥਾ ਠੀਕ ਨਹੀਂ। ਪ੍ਰਧਾਨਗੀ ਸ਼ਬਦ ਬੋਲਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਇਤਿਹਾਸ ਦੇ ਨਾਇਕਾਂ ਦਾ ਸਤਿਕਾਰ ਕਰਕੇ ਅਸੀਂ ਗਿਆਨ ਦੀ ਨਿਰੰਤਰਤਾ ਨੂੰ ਜਨ—ਹਿਤਾਂ ਲਈ ਇੱਕ ਆਦਰਸ਼ ਵਜੋਂ ਸਵੀਕਾਰਤਾ ਦਿੰਦੇ ਹਾਂ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਿਸੇ ਇੱਕ ਧਰਮ ਦੀ ਰਾਖੀ ਲਈ ਨਹੀਂ, ਸਗੋਂ ਧਰਮ ਦੀਆਂ ਨੈਤਿਕ ਕੀਮਤਾਂ ਨੂੰ ਬਚਾਉਣ ਲਈ ਕੀਤੀ ਗਈ ਅਥਾਹ ਕੁਰਬਾਨੀ ਸੀ। ਭਾਈ ਜੈਤਾ ਜੀ ਆਪਣੇ ਨਾਇਕ ਗੁਰੂ ਤੇਗ ਬਹਾਦਰ ਜੀ ਦੀ ਸ਼ਾਨ ਨੂੰ ਬਹਾਲ ਰੱਖਣ ਲਈ ਜੋਖ਼ਮ ਭਰਿਆ ਇੱਕ ਸਾਹਸੀ ਕਾਰਜ ਕੀਤਾ। ਪੰਜਾਬੀ ਸਾਹਿਤ ਸਭਾ ਵੱਲੋਂ ਵਿਛੜੇ ਕਹਾਣੀਕਾਰ ਐਸ. ਸਾਕੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜੰਮੂ—ਕਸ਼ਮੀਰ ਯੂਨਿਟ ਦੇ ਪ੍ਰਧਾਨ ਇਛੂ ਪਾਲ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਟੇਜ ਦੀ ਕਾਰਵਾਈ ਗੁਰਨਾਮ ਸਿੰਘ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ। 

Welcome to Punjabi Akhbar

Install Punjabi Akhbar
×