ਭਾਰਤ ਦੀਆਂ ਰਾਜਨੀਤਕ ਤਬਦੀਲੀਆਂ ਬਹੁਤ ਤੇਜ਼ ਹੋ ਚੁੱਕੀਆਂ ਹਨ। ਸੱਤ੍ਹਾ ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਪਿਆਰ ਨਾਲ, ਲਾਲਚ ਨਾਲ, ਡਰਾ ਧਮਕਾ ਕੇ, ਜਿਵੇਂ ਵੀ ਉਹ ਕਰ ਸਕਦੀ ਹੈ ਵਿਰੋਧੀਆਂ ਨੂੰ ਆਪਣੇ ਵੱਸ ਵਿੱਚ ਕਰ ਰਹੀ ਹੈ, ਤਾਂ ਜੋ 2024 ਵਿੱਚ ਉਹ ਅਸਾਨੀ ਨਾਲ ਮੁੜ ਸੱਤ੍ਹਾ ਤੇ ਕਾਬਜ਼ ਹੋ ਸਕੇ। ਅਜਿਹਾ ਲਗਭਗ ਵਿਖਾਈ ਵੀ ਦੇ ਰਿਹਾ ਹੈ, ਕਿਉਂਕਿ ਇਸ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਤਾਂ ਡੁੱਬਣ ਦੇ ਕਿਨਾਰੇ ਤੇ ਪਹੁੰਚ ਗਈ ਹੈ। ਖੇਤਰੀ ਪਾਰਟੀਆਂ ਰਲ ਮਿਲ ਕੇ ਕੇਂਦਰ ਤੇ ਕਾਬਜ਼ ਹੋਣ ਦੀਆਂ ਕੋਸ਼ਿਸ਼ਾਂ ਤਾਂ ਕਰਦੀਆਂ ਹਨ, ਪਰ ਭਾਂਤ ਭਾਂਤ ਦੇ ਵਿਚਾਰਾਂ ਨੂੰ ਇਕੱਠੇ ਰੱਖਣਾ ਸੌਖਾ ਨਹੀਂ ਹੈ।
ਜੇ ਭਾਜਪਾ ਦਾ ਮੁਕਾਬਲਾ ਕਰਨ ਦੇ ਸਮਰੱਥ ਕੋਈ ਪਾਰਟੀ ਸੀ ਤਾਂ ਕਾਂਗਰਸ ਹੀ ਸੀ। ਪਰ ਕਾਂਗਰਸ ਦੇ ਕਰੀਬ ੧੩੫ ਸਾਲਾਂ ਦੇ ਇਤਿਹਾਸ ਵਿੱਚ ਕਦੇ ਵੀ ਇਸ ਪਾਰਟੀ ਦਾ ਏਨਾ ਬੁਰਾ ਹਾਲ ਨਹੀਂ ਹੋਇਆ, ਜਿਨ੍ਹਾਂ ਅੱਜ ਦੇ ਸਮੇਂ ‘ਚ ਹੈ। ਐਮਰਜੈਂਸੀ ਤੋਂ ਬਾਅਦ ਵੀ ਕਾਂਗਰਸ ਤੇ ਮਾੜਾ ਸਮਾਂ ਆਇਆ ਸੀ ਅਤੇ ਸੱਤ੍ਹਾ ਖੁੱਸ ਗਈ ਸੀ, ਪਰ ਸ੍ਰੀਮਤੀ ਇੰਦਰਾ ਗਾਂਧੀ ਇੱਕ ਦੂਰ ਅੰਦੇਸ਼ੀ ਤੇ ਦਲੇਰ ਆਗੂ ਸੀ ਜਿਸ ਨੇ ਛੇਤੀ ਹੀ ਕਾਂਗਰਸ ਨੂੰ ਮੁੜ ਪੈਰਾਂ ਤੇ ਖੜ੍ਹਾ ਕਰ ਲਿਆ ਅਤੇ ਪਾਰਟੀ ਨੂੰ ਮਜ਼ਬੂਤ ਕਰਕੇ ਸੱਤ੍ਹਾ ਹਥਿਆ ਲਈ ਸੀ। ਸ੍ਰੀਮਤੀ ਗਾਂਧੀ ਦੀ ਮੌਤ ਤੋਂ ਬਾਅਦ ਸ੍ਰੀ ਰਾਜੀਵ ਗਾਂਧੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਸ੍ਰੀਮਤੀ ਸੋਨੀਆ ਗਾਂਧੀ ਨੂੰ ਪਾਰਟੀ ਦੀ ਵਾਗਡੋਰ ਸੰਭਾਲ ਦਿੱਤੀ ਗਈ। ਕਾਂਗਰਸ ਪਾਰਟੀ ਨਹਿਰੂ ਪਰਿਵਾਰ ਤੇ ਵਿਸ਼ਵਾਸ ਵੀ ਕਰਦੀ ਸੀ ਅਤੇ ਦਹਾਕਿਆਂ ਤੋਂ ਰਾਜ ਕਰਨ ਵਾਲੇ ਇਸ ਪਰਿਵਾਰ ਦੇ ਤਜਰਬੇ ਦਾ ਲਾਹਾ ਵੀ ਲੈਣਾ ਚਾਹੁੰਦੀ ਸੀ।
ਪਾਰਟੀ ਨੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾ ਕੇ ਦੇਸ ਪੱਧਰ ਦੀਆਂ ਚੋਣਾਂ ਲੜੀਆਂ ਅਤੇ ਬਹੁਸੰਮਤੀ ਹਾਸਲ ਕੀਤੀ। ਗੱਲ ਪ੍ਰਧਾਨ ਮੰਤਰੀ ਬਣਾਉਣ ਦੀ ਆਈ ਤਾਂ ਦੇਸ ਵਾਸੀ ਸੋਚ ਰਹੇ ਸਨ ਕਿ ਪੁਰਾਣੀ ਰਿਵਾਇਤ ਅਨੁਸਾਰ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਹੀ ਪ੍ਰਧਾਨ ਮੰਤਰੀ ਬਣੇਗੀ। ਅਜਿਹੇ ਮੌਕੇ ਸ੍ਰੀਮਤੀ ਸੋਨੀਆ ਗਾਂਧੀ ਨੇ ਸੂਝ ਤੋਂ ਕੰਮ ਲੈਂਦਿਆਂ ਤਿਆਗ ਦੀ ਭਾਵਨਾ ਵਿਖਾਈ ਅਤੇ ਇਸ ਉੱਚ ਅਹੁਦੇ ਲਈ ਡਾ: ਮਨਮੋਹਨ ਸਿੰਘ ਦਾ ਨਾਂ ਸਾਹਮਣੇ ਲਿਆਂਦਾ ਤੇ ਉਹ ਪ੍ਰਧਾਨ ਮੰਤਰੀ ਬਣ ਗਏ। ਡਾ: ਸਿੰਘ ਜੋ ਵੱਡੇ ਅਰਥ ਸ਼ਾਸਤਰੀ ਹਨ ਨੇ ਬਹੁਤ ਚੰਗੇ ਢੰਗ ਨਾਲ ਰਾਜ ਭਾਗ ਚਲਾਇਆ ਅਤੇ ਦੇਸ ਦੇ ਵਿਕਾਸ ਨੂੰ ਅੱਗੇ ਵਧਾਇਆ। ਡਾ: ਮਨਮੋਹਨ ਸਿੰਘ ਹੁਣ ਬਿਰਧ ਅਵਸਥਾ ਵਿੱਚ ਚਲੇ ਗਏ ਹਨ। ਕਾਂਗਰਸ ਦਾ ਨਵਾਂ ਆਗੂ ਸਾਹਮਣੇ ਲਿਆਉਣ ਦੀ ਕਾਰਵਾਈ ਸ਼ੁਰੂ ਹੋਈ ਤਾਂ ਸ੍ਰੀਮਤੀ ਸੋਨੀਆ ਗਾਂਧੀ ਪੁੱਤਰ ਮੋਹ ਵਿੱਚ ਫਸ ਗਈ ਤੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪਾਰਟੀ ਵਿੱਚ ਇਹਨਾਂ ਸਕੀਮਾਂ ਨੂੰ ਸਾਜ਼ਿਸ਼ਾਂ ਵੀ ਕਿਹਾ ਗਿਆ ਅਤੇ ਅੰਦਰਖਾਤੇ ਬਹੁਤ ਵਿਰੋਧ ਵੀ ਹੋਇਆ। ਇੱਕ ਵਾਰ ਇਹ ਚਰਚਾ ਵੀ ਛਿੜੀ ਕਿ ਜੇਕਰ ਪ੍ਰਧਾਨਗੀ ਨਹਿਰੂ ਪਰਿਵਾਰ ਵਿੱਚ ਹੀ ਰੱਖਣੀ ਹੈ ਤਾਂ ਪ੍ਰਿਯੰਕਾ ਗਾਂਧੀ ਵਡੇਰਾ ਨੂੰ ਸੌਂਪੀ ਜਾਵੇ। ਬਹੁਤ ਕਾਂਗਰਸੀ ਆਗੂ ਸਮਝਦੇ ਸਨ ਕਿ ਬੀਬੀ ਪ੍ਰਿਯੰਕਾ ਆਪਣੀ ਦਾਦੀ ਇੰਦਰਾ ਗਾਂਧੀ ਦਾ ਰੂਪ ਹੀ ਵਿਖਾਈ ਦਿੰਦੀ ਹੈ ਅਤੇ ਸਿਆਸੀ ਸਮਝ ਵੀ ਰੱਖਦੀ ਹੈ, ਜਦੋਂ ਕਿ ਰਾਹੁਲ ਵਿੱਚ ਉਸ ਦੇ ਮੁਕਾਬਲੇ ਯੋਗ ਆਗੂ ਵਾਲੇ ਗੁਣ ਨਹੀਂ ਹਨ।
ਸੋਨੀਆ ਗਾਂਧੀ ਪੁੱਤਰ ਮੋਹ ਵਿੱਚ ਇਸ ਕਦਰ ਫਸ ਚੁੱਕੀ ਸੀ, ਕਿ ਉਸ ਨੂੰ ਰਾਹੁਲ ਤੋਂ ਬਗੈਰ ਹੋਰ ਕੋਈ ਆਗੂ ਕਾਬਲ ਤੇ ਯੋਗ ਨਹੀਂ ਸੀ ਲੱਗਦਾ। ਰਾਹੁਲ ਨੂੰ ਪਾਰਟੀ ‘ਚ ਉੱਚ ਅਹੁਦਾ ਦੇ ਕੇ ਰਾਜਾਂ ਦੀਆਂ ਚੋਣਾਂ ਵਿੱਚ ਸਟਾਰ ਪ੍ਰਚਾਰਕ ਵਜੋਂ ਵੀ ਭੇਜਿਆ ਗਿਆ, ਪਰ ਉਸਦਾ ਕਿਸੇ ਵੀ ਰਾਜ ਵਿੱਚ ਕੋਈ ਪ੍ਰਭਾਵ ਨਾ ਬਣਿਆ ਤੇ ਜਿੱਥੇ ਜਿੱਥੇ ਉਹ ਗਿਆ ਉੱਥੇ ਹਾਰ ਹੀ ਪੱਲੇ ਪਈ। ਏਨਾ ਹੋਣ ਦੇ ਬਾਵਜੂਦ ਵੀ ਸੋਨੀਆ ਗਾਂਧੀ ਨੇ ਸਬਕ ਨਹੀਂ ਲਿਆ ਅਤੇ ਰਾਹੁਲ ਨੂੰ ਹੀ ਪ੍ਰਧਾਨ ਬਣਾਉਣ ਲਈ ਯਤਨਸ਼ੀਲ ਰਹੀ। ਅਸੂਲਨ ਤੌਰ ਤੇ ਚੋਣਾਂ ਦਾ ਸਮਾਂ ਆਇਆ ਤਾਂ ਫੇਰ ਕਾਂਗਰਸ ਦੇ ਸੁਹਿਰਦ ਤੇ ਸਮਝਦਾਰ ਆਗੂਆਂ ਨੇ ਪਾਰਟੀ ਦੀ ਵਾਗਡੋਰ ਕਿਸੇ ਪੁਰਾਣੇ ਤੇ ਸਿਆਸੀ ਤੌਰ ਤੇ ਪਰਪੱਕ ਨੇਤਾ ਦੇ ਹੱਥ ਫੜਾਉਣ ਤੇ ਜ਼ੋਰ ਦਿੱਤਾ। ਉਹਨਾਂ ਇਕੱਠੇ ਹੋ ਕੇ ਆਪਣੇ ਵਿਚਾਰਾਂ ਤੋਂ ਸ੍ਰੀਮਤੀ ਸੋਨੀਆ ਗਾਂਧੀ ਨੂੰ ਜਾਣੂ ਕਰਵਾਇਆ।
ਸ੍ਰੀਮਤੀ ਗਾਂਧੀ ਤੇ ਪੁੱਤਰ ਮੋਹ ਇਸ ਕਦਰ ਭਾਰੂ ਪੈ ਚੁੱਕਾ ਹੈ, ਉਹ ਅਜਿਹੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ, ਉਹ ਤਾਂ ਸਿਰਫ਼ ਆਪਣੇ ਪੁੱਤਰ ਨੂੰ ਪਹਿਲਾਂ ਪਾਰਟੀ ਦਾ ਪ੍ਰਧਾਨ ਤੇ ਫੇਰ ਦੇਸ ਦਾ ਪ੍ਰਧਾਨ ਮੰਤਰੀ ਵੇਖਣ ਲਈ ਕਾਹਲੀ ਹੈ। ਸ੍ਰੀਮਤੀ ਗਾਂਧੀ ਨੂੰ ਇਹ ਸਮਝ ਤਾਂ ਹੈ ਕਿ ਉਹ ਬਿਮਾਰੀ ਤੋਂ ਪੀੜ੍ਹਤ ਹੋਣ ਸਦਕਾ ਲੰਬਾ ਸਮਾਂ ਪਾਰਟੀ ਨੂੰ ਸੰਭਾਲ ਨਹੀਂ ਸਕਦੀ ਅਤੇ ਉਹ ਆਪਣੇ ਚਲਦੇ ਫਿਰਦਿਆਂ ਰਾਹੁਲ ਨੂੰ ਪ੍ਰਧਾਨ ਨਾ ਬਣਾ ਸਕੀ ਤਾਂ ਮਗਰੋਂ ਬਣਨਾ ਸੰਭਵ ਨਹੀਂ ਹੋ ਸਕੇਗਾ, ਕਿਉਂਕਿ ਉਸ ਵਿੱਚ ਅਜਿਹਾ ਕੋਈ ਗੁਣ ਨਹੀਂ ਕਿ ਉਹ ਖ਼ੁਦ ਅਜਿਹਾ ਕਰ ਸਕੇ। ਜਿਹੜਾ ਵੀ ਆਗੂ ਰਾਹੁਲ ਦੇ ਯੋਗ ਨਾ ਹੋਣ ਦਾ ਇਸ਼ਾਰਾ ਕਰਦਾ ਹੈ ਉਸ ਨੂੰ ਜ਼ਲੀਲ ਕਰਕੇ ਪਾਰਟੀ ਛੱਡਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਕੁੱਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸੇ ਤਰ੍ਹਾਂ ਮਜਬੂਰ ਕੀਤਾ ਗਿਆ ਸੀ, ਜੋ ਪੰਜਾਬ ‘ਚ ਕਾਂਗਰਸ ਦਾ ਸਭ ਤੋਂ ਸ਼ਕਤੀਸ਼ਾਲੀ ਲੀਡਰ ਸੀ। ਹੁਣ ਗ਼ੁਲਾਮ ਨਬੀ ਆਜ਼ਾਦ ਵੀ ਬਾਹਰ ਚਲੇ ਗਏ ਹਨ, ਜਿਨ੍ਹਾਂ ਦਹਾਕਿਆਂ ਤੋਂ ਕਾਂਗਰਸ ਦੀ ਮਜ਼ਬੂਤੀ ਲਈ ਮਿਹਨਤ ਕੀਤੀ ਹੈ। ਸ੍ਰੀ ਆਜ਼ਾਦ ਦਾ ਪਾਰਟੀ ਛੱਡਣਾ ਕਾਂਗਰਸ ਲਈ ਬਹੁਤ ਵੱਡਾ ਝਟਕਾ ਹੈ। ਨਿੱਤ ਦਿਨ ਕਾਂਗਰਸ ਦੇ ਆਗੂ ਅਸਤੀਫ਼ੇ ਦੇ ਰਹੇ ਹਨ। ਉਹ ਸਿਆਸਤ ਛੱਡ ਰਹੇ ਹਨ, ਜਾਂ ਫੇਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਨਹਿਰੂ ਪਰਿਵਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਾਹੁਲ ਪ੍ਰਧਾਨ ਮੰਤਰੀ ਤਾਂ ਹੀ ਬਣ ਸਕੇਗਾ ਜੇਕਰ ਉਹਨਾਂ ਦੀ ਸਰਕਾਰ ਬਣੇਗੀ, ਪਰ ਹਾਲਤ ਇਹ ਬਣੀ ਹੋਈ ਹੈ ਕਿ ਲੋਕਾਂ ਨੇ ਕਾਂਗਰਸ ਦੀ ਸਰਕਾਰ ਬਣਨ ਬਾਰੇ ਸੋਚਣ ਦਾ ਖ਼ਿਆਲ ਹੀ ਛੱਡ ਦਿੱਤਾ ਹੈ। ਹਰ ਹੱਟੀ ਭੱਠੀ ਗਲੀ ਕੂਚੇ ਵਿੱਚ ਇਹੋ ਚਰਚਾ ਹੈ ਕਿ ਭਾਜਪਾ ਦਾ ਮੁਕਾਬਲਾ ਤਾਂ ਕਾਂਗਰਸ ਹੀ ਕਰ ਸਕਦੀ ਸੀ, ਪਰ ਨਹਿਰੂ ਪਰਿਵਾਰ ਨੇ ਹਾਲਤ ਅਜਿਹੀ ਬਣਾ ਦਿੱਤੀ ਕਿ ਨਾ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਨਾ ਹੀ ਰਾਹੁਲ ਦੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਪੂਰੀ ਹੋਵੇਗੀ। ਇਹ ਵੀ ਸੱਚਾਈ ਹੈ ਕਿ ਕਾਂਗਰਸ ਦਾ ਕਮਜ਼ੋਰ ਹੋਣਾ ਦੇਸ਼ ਲਈ ਘਾਤਕ ਹੈ, ਪਹਿਲੀ ਗੱਲ ਤਾਂ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਜਦੋਂ ਕਿ ਭਾਜਪਾ ਫ਼ਿਰਕਾਪ੍ਰਸਤ ਪਾਰਟੀ ਹੈ। ਭਾਰਤ ਵੱਖ ਵੱਖ ਧਰਮਾਂ ਕੌਮਾਂ ਦਾ ਦੇਸ਼ ਹੈ ਇਸ ਲਈ ਧਰਮ ਨਿਰਪੱਖ ਪਾਰਟੀ ਦੀ ਮਜ਼ਬੂਤੀ ਦੇਸ ਦੇ ਹਿਤ ਵਿੱਚ ਹੋ ਸਕਦੀ ਹੈ। ਦੂਜੀ ਗੱਲ ਕਿਸੇ ਵੀ ਦੇਸ ਦੀ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਵੀ ਦੇਸ ਦੇ ਭਲੇ ਵਿੱਚ ਹੁੰਦਾ ਹੈ। ਜੇਕਰ ਵਿਰੋਧੀ ਧਿਰ ਕਮਜ਼ੋਰ ਹੋਵੇ ਤਾਂ ਸੱਤਾਧਾਰੀ ਮਨਮਾਨੀਆਂ ਕਰਦੇ ਹਨ ਅਤੇ ਭਾਰਤ ਵਿੱਚ ਅਜਿਹਾ ਹੋ ਰਿਹਾ ਹੈ। ਭਾਜਪਾ ਆਗੂ ਪਾਰਟੀ ਨੂੰ ਤਕੜਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਕਾਂਗਰਸ ਦੇ ਮੁਖੀ ਆਗੂ ਪਾਰਟੀ ਨੂੰ ਕਮਜ਼ੋਰ ਕਰਨ ਦੇ ਰਾਹ ਤੁਰੇ ਹੋਏ ਹਨ।
ਕਾਂਗਰਸ ਪਾਰਟੀ ਵੱਲੋਂ ਕਿਸੇ ਤਜਰਬੇਕਾਰ ਤੇ ਸੂਝਵਾਨ ਆਗੂ ਨੂੰ ਪਾਰਟੀ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ। ਨਹਿਰੂ ਪਰਿਵਾਰ ਨੂੰ ਇੱਕ ਵਾਰ ਪਾਸੇ ਹਟ ਜਾਣਾ ਚਾਹੀਦਾ ਹੈ। ਜੇਕਰ ਮੁੜ ਕਾਂਗਰਸ ਮਜ਼ਬੂਤ ਹੋ ਜਾਂਦੀ ਹੈ ਤਾਂ ਨਹਿਰੂ ਪਰਿਵਾਰ ਫੇਰ ਮੂਹਰੇ ਆ ਸਕਦਾ ਹੈ। ਦੇਸ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਸ੍ਰੀਮਤੀ ਸੋਨੀਆ ਨੂੰ ਪੁੱਤਰ ਮੋਹ ਦਾ ਤਿਆਗ ਕਰਕੇ ਪਾਰਟੀ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ।