ਇਹ ਦੁਨੀਆ ਦਾ ਦਸਤੂਰ ਕਹਿ ਲਈਏ ਜਾਂ ਫਿਰ ਭੈੜੀ ਨੀਅਤ ਵਾਲੇ ਲੋਕਾਂ ਦੀ ਆਦਤ ਜੋ ਕਿ ਕਿਸੀ ਵੱਲੋਂ ਸਖਤ ਮਿਹਨਤ ਦੇ ਸਹਾਰੇ ਕੀਤੇ ਕਾਰਜ਼ ਨੂੰ ਸਲਾਹੁਣ ਦੀ ਬਜ਼ਾਏ ਫਰਜ਼ੀ ਤੇ ਝੂਠੇ ਨਾਂਅ ਵਰਤ ਕੇ ਬੰਦ ਕਰਨ ਤੱਕ ਜਾਂਦੇ ਹਨ। ਨਿਊਜ਼ੀਲੈਂਡ ਰਹਿੰਦੇ ਇਕ ਪੰਜਾਬੀ ਨੌਜਵਾਨ ਤਰਨਦੀਪ ਸਿੰਘ ਆਸ਼ਟ ਜਿਸ ਨੂੰ ਵੀਡੀਓ ਫਿਲਮਜ਼ ਦਾ ਨਿਰਮਾਣ ਕਰਨ ਦਾ ਸ਼ੌਕ ਹੈ ਨੇ ਸਾਰੇ ਪਾਸੇ ਟੱਕਰਾਂ ਮਾਰਨ ਤੋਂ ਬਾਅਦ ਖੁਦ ਦੀ ਪ੍ਰੋਡਕਸ਼ਨ ਕੰਪਨੀ ‘ਟੀ.ਐਸ.ਏ’ ਫਿਲਮਜ਼ ਬਣਾ ਕੇ ਇਕ ਪੰਜਾਬੀ ਗੀਤ ਗਾਇਕ ਐਸ.ਆਰ.ਵੀ. ਦੀ ਆਵਾਜ਼ ਵਿਚ ਤਿਆਰ ਕੀਤਾ। ਇਸਨੇ ਬਕਾਇਦਾ ਕੰਪਨੀ ਰਜਿਸਟਰਡ ਕੀਤੀ। ਪੰਜਾਬੀ ਗੀਤ ਜਿਸਦੇ ਮੁੱਖ ਬੋਲ ਸਨ ‘ਦੂਰ ਨਾ ਕਰੀਂ’ ਜਦੋਂ ਕੁਝ ਦਿਨ ਪਹਿਲਾਂ ਯੂ.ਟਿਊਬ ਉਤੇ ਵੀਡੀਓ ਸਮੇਤ ਪਾਇਆ ਗਿਆ ਤਾਂ ਕੁਝ ਘੰਟਿਆਂ ਦੇ ਵਿਚ ਹੀ ਉਸਦੀ ਵੇਖਣ ਗਿਣਤੀ ਹਜ਼ਾਰਾਂ ਦੇ ਵਿਚ ਚਲੇ ਗਈ ਅਤੇ ਸ਼ੋਸ਼ਲ ਮੀਡੀਆ ਉਤੇ ਸ਼ੇਅਰ ਹੋਣ ਲੱਗਾ। ਗੀਤ ਦੀ ਹਰਮਨ ਪਿਆਰਤਾ ਨੂੰ ਵੇਖ ਕੇ ਕਿਸੇ ਕੋਲੋਂ ਇਹ ਗੱਲ ਜਰੀ ਨਾ ਗਈ ਉਸਨੇ ਇਸ ਮੁੰਡੇ ਦੇ ਨਾਂਅ ਦੀ ਜਾਅਲੀ ਆਈ. ਡੀ. ਬਣਾ ਕੇ ਅਤੇ ਈਮੇਲ ਐਡਰੈਸ ਵੱਖਰਾ ਕਰਕੇ ਯੂ. ਟਿਊਬ ਵਾਲਿਆਂ ਨੂੰ ਕਹਿ ਕੇ ਇਹ ਡਿਲੀਟ ਕਰਵਾ ਦਿੱਤਾ। ਇਸ ਝੂਠੇ ਵਿਅਕਤੀ ਵੱਲੋਂ ਹੀ ਵੀਡੀਓ ਗੀਤ ਦੇ ਨਿਰਦੇਸ਼ਕ ਤੇ ਨਿਰਮਾਤਾ ਹੋਣ ਦਾ ਦਾਅਵਾ ਕੀਤਾ ਗਿਆ। ਫਿਲਮ ਨਿਰਦੇਸ਼ਨ ਖੇਤਰ ‘ਚ ਨਿਤਰੇ ਇਸ ਨੌਜਵਾਨ ਨੇ ਯੂ.ਟਿਊਬ. ਤੋਂ ਇਹ ਮਾਮਲਾ ਭਾਵੇਂ ਹੱਲ ਕਰਵਾ ਲਿਆ ਹੈ ਹੁਣ ਇਸ ਵੀਡੀਓ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਹੈ।
ਇਸ ਨੌਜਵਾਨ ਨੇ ਜਿੱਥੇ ਇਸ ਖੇਤਰ ਵਿਚ ਨਵੇਂ ਉਭਰ ਰਹੇ ਨੂੰ ਆਪਣੇ ਲੋਕਾਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ ਹੈ ਉਥੇ ਅਜਿਹੇ ਘਿਨਾਉਣੇ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਕਿਸੀ ਦਿਨ ਇਹ ਚਲਾਕੀਆਂ ਸਾਹਮਣੇ ਆ ਜਾਣਗੀਆਂ ਜੋ ਕਿ ਪੂਰੇ ਭਾਈਚਾਰੇ ਦਾ ਨਾਂਅ ਖਰਾਬ ਕਰਨਗੀਆਂ। ਖਬਰ ਲਿਖੇ ਜਾਣ ਤੱਕ ਇਕ ਗੱਲ ਹੋਰ ਸਾਹਮਣੇ ਆ ਗਈ ਕਿ ਜਿਸ ਨੇ ਇਹ ਦਾਅਵਾ ਕੀਤਾ ਸੀ ਉਹ ਇਕ ਔਰਤ ਨਿਕਲੀ ਅਤੇ ਉਸਦਾ ਨਾਂਅ ਵੀ ਪ੍ਰਗਟ ਹੋ ਗਿਆ ਹੈ।