ਸਫ਼ਲਤਾ ਤੋਂ ਪਰੇਰਨਾ -ਗੋਹੇ ਨਾਲ ਲਿਬੜੇ ਰਹਿਣ ਵਾਲੇ ਸੋਨਮ ਦੇ ਹੱਥ ਹੁਣ ਇਨਸਾਫ਼ ਦੀ ਕਲਮ ਫੜਣਗੇ

ਗੁਰੂ ਘਰ ਦੇ ਸਪੀਕਰ ਤੇ ਮੰਦਰ ਦੇ ਟੱਲ ਦੀ ਆਵਾਜ਼ ਨਾਲ ਉੱਠ ਕੇ ਜਿਹੜੇ ਹੱਥ ਫੌੜਾ ਫੜ ਕੇ ਗੋਹਾ ਇਕੱਠਾ ਕਰਦੇ ਹੋਣ, ਉਹ ਕਦੇ ਲੋਕਾਂ ਨੂੰ ਇਨਸਾਫ ਦੇਣ ਵਾਲੀ ਕਲਮ ਵੀ ਫੜ ਸਕਦੇ ਹਨ, ਸ਼ਾਇਦ ਇਸ ਗੱਲ ਤੇ ਯਕੀਨ ਨਹੀਂ ਬੱਝਦਾ। ਕਹਿੰਦੇ ਨੇ ਹਰ ਹਕੀਕਤ ਪਹਿਲਾਂ ਸੁਪਨਾ ਹੀ ਹੁੰਦੀ ਹੈ ਤੇ ਮਿਹਨਤ ਇੱਕ ਅਜਿਹੀ ਚਾਬੀ ਹੈ ਜੋ ਕਿਸਮਤ ਦਾ ਦਰਵਾਜਾ ਖੋਹਲਦੀ ਹੈ ਤੇ ਸੁਪਨੇ ਨੂੰ ਹਕੀਕਤ ਵਿੱਚ ਤਬਦੀਲ ਕਰ ਦਿੰਦੀ ਹੈ। ਅਜਿਹੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਕੇ ਸੱਚ ਕਰ ਵਿਖਾਇਆ ਤੇ ਉਪਰੋਕਤ ਤੱਥ ਤੇ ਮੋਹਰ ਲਾਈ ਹੈ ਰਾਜਸਥਾਨ ਦੀ ਸੋਨਮ ਸਰਮਾ ਨੇ।

ਰਾਜਸਥਾਨ ਦੇ ਝੀਲਾਂ ਦੇ ਸ਼ਹਿਰ ਉਦੈਪੁਰ ਦੇ ਪ੍ਰਤਾਪ ਨਗਰ ਵਿੱਚ ਜਨਮ ਲੈਣ ਵਾਲੀ ਸੋਨਮ ਦਾ ਪਿਤਾ ਪਸੂ ਪਾਲਣ ਦਾ ਧੰਦਾ ਕਰਦਾ ਹੈ। ਪਰਿਵਾਰ ਅਤੀ ਗਰੀਬੀ ਦੀ ਹਾਲਤ ਵਿੱਚ ਹੈ। ਸੋਨਮ ਤੇ ਉਸਦੀਆਂ ਦੋ ਹੋਰ ਭੈਣਾਂ ਤੇ ਇੱਕ ਭਰਾ ਦੀ ਪੜ੍ਹਾਈ ਦਾ ਖ਼ਰਚ ਝੱਲਣਾ ਵੀ ਪਰਿਵਾਰ ਲਈ ਮੁਸਕਿਲ ਜਾਪਦਾ ਹੈ। ਪ੍ਰਾਇਮਰੀ ਵਿੱਚ ਪੜ੍ਹਦੀ ਸੋਨਮ ਨੇ ਜਦ ਮਾਂ ਬਾਪ ਨੂੰ ਅੱਤ ਦੀ ਮਿਹਨਤ ਕਰਦਿਆਂ ਦੇਖਿਆ ਤਾਂ ਉਸਨੇ ਘਰੇਲੂ ਕੰਮ ਵਿੱਚ ਹੱਥ ਵਟਾਉਣ ਦਾ ਫੈਸਲਾ ਕਰ ਲਿਆ। ਮਾਂ ਬਾਪ ਰੋਜਾਨਾ ਸੁਭਾ ਸਦੇਹਾਂ ਉਠਦੇ ਤਾਂ ਸੋਨਮ ਵੀ ਨਾਲ ਹੀ ਉਠਦੀ ਤੇ ਗੋਹਾ ਇਕੱਠਾ ਕਰਨ ਲੱਗ ਜਾਂਦੀ। ਗੋਹੇ ਦੇ ਬੱਠਲ ਭਰ ਭਰ ਕੇ ਰੂੜੀ ਤੇ ਸੁਟਦੀ। ਫੇਰ ਆਪਣੇ ਪਿਤਾ ਨਾਲ ਸਾਈਕਲ ਤੇ ਘਰ ਘਰ ਦੁੱਧ ਪਾਉਣ ਜਾਂਦੀ। ਇਹ ਕੰਮ ਨਿਪਟਾ ਕੇ ਉਹ ਝੋਲਾ ਚੱਕ ਸਕੂਲ ਨੂੰ ਤੁਰ ਜਾਂਦੀ। ਗੋਹੇ ਨਾਲ ਉਸਦਾ ਇਸ ਕਦਰ ਮੋਹ ਬਣ ਗਿਆ ਕਿ ਬਹੁਤ ਵਾਰ ਉਹ ਗੋਹੇ ਦੀਆਂ ਲਿਬੜੀਆਂ ਚੱਪਲਾਂ ਨਾਲ ਹੀ ਸਕੂਲ ਪਹੁੰਚ ਜਾਂਦੀ, ਜਿੱਥੇ ਉਸਦੀ ਇਸ ਹਾਲਤ ਤੇ ਉਸਦੇ ਸਹਿਪਾਠੀ ਹਸਦੇ ਤੇ ਮਖੌਲ ਕਰਦੇ, ਪਰ ਉਹ ਸਬਰ ਸੰਤੋਖ ਨਾਲ ਸੁਣ ਕੇ ਅਣਗੌਲਿਆਂ ਕਰ ਦਿੰਦੀ। ਪਰਿਵਾਰ ਦੀ ਹਾਲਤ ਇਸ ਕਦਰ ਪਤਲੀ ਸੀ ਕਿ ਉਸਦਾ ਪਿਤਾ ਖਿਆਲੀ ਲਾਲ ਸਰਮਾ ਦੁੱਧ ਤੋਂ ਇਲਾਵਾ ਮਹਾਰਾਣਾ ਪ੍ਰਤਾਪ ਖੇਤੀ ਯੂਨੀਵਰਸਿਟੀ ਦੇ ਸੋਲਰ ਐਨਰਜੀ ਸੈਂਟਰ ਵਿੱਚ ਵਰਤਣ ਲਈ ਗੋਹਾ ਵੀ ਵੇਚਣ ਜਾਂਦਾ ਅਤੇ ਸੋਨਮ ਦੀ ਮਾਤਾ ਪਾਥੀਆਂ ਵੇਚਦੀ।

ਇੱਕ ਦਿਨ ਉਹ ਆਪਣੇ ਪਿਤਾ ਨਾਲ ਘਰੋ ਘਰੀਂ ਦੁੱਧ ਪਾ ਕੇ ਮੁੜੀ ਤਾਂ ਉਸਨੇ ਆਪਣੀ ਮਾਂ ਨੂੰ ਕਿਹਾ, ”ਮੈਂ ਹੁਣ ਪਾਪਾ ਨਾਲ ਦੁੱਧ ਪਾਉਣ ਨਹੀਂ ਜਇਆ ਕਰਨਾ, ਮੈਨੂੰ ਸ਼ਰਮ ਆਉਂਦੀ ਐ।” ਮਾਂ ਵੱਲੋ ਪੁੱਛਣ ਤੇ ਸ਼ਰਮ ਕਿਉਂ ਆਉਂਦੀ ਹੈ ਉਸਨੇ ਸਪਸ਼ਟ ਕੀਤਾ, ”ਕੰਮ ਕਰਨ ਤੋਂ ਸ਼ਰਮ ਨਹੀਂ ਆਉਂਦੀ, ਪਰ ਲੋਕ ਪਾਪਾ ਨੂੰ ਬਿਨਾ ਕਸੂਰ ਤੋਂ ਝਿੜਕਦੇ ਰਹਿੰਦੇ ਹਨ ਜੋ ਸਾਡੀ ਗਰੀਬੀ ਦਾ ਮਜ਼ਾਕ ਹੈ ਮੇਰੇ ਕੋਲੋਂ ਇਹ ਬਰਦਾਸਤ ਨਹੀਂ ਹੁੰਦਾ।” ਇਹਨਾਂ ਹਾਲਾਤਾਂ ਨੇ ਸੋਨਮ ਦੇ ਸੂਖਮ ਮਨ ਤੇ ਅਜਿਹਾ ਅਸਰ ਕੀਤਾ ਕਿ ਉਸਨੇ ਮਨ ‘ਚ ਧਾਰ ਲਈ ਕਿ ਉਹ ਜਿੰਦਗੀ ‘ਚ ਕੁਛ ਅਜਿਹਾ ਕਰਕੇ ਵਿਖਾਏਗੀ, ਜਿਸ ਨਾਲ ਲੋਕ ਉਸਨੂੰ ਤੇ ਉਸਦੇ ਪਰਿਵਾਰ ਨੂੰ ਮਾਣ ਸਤਿਕਾਰ ਦੇਣ।

ਸੋਨਮ ਨੇ ਮੁੱਢਲੀ ਪੜ੍ਹਾਈ ਉਦੈਪੁਰ ਇੱਕ ਸਕੂਲ ਤੋਂ ਕਰ ਕੇ ਦਸਵੀਂ ਤੇ ਬਾਹਰਵੀਂ ਜਮਾਤ ਚੋਂ ਸਿਖ਼ਰਲੀ ਪੁਜੀਸਨ ਹਾਸਲ ਕੀਤੀ। ਇਸ ਉਪਰੰਤ ਉਹ ਕਾਨੂੰਨੀ ਪੜ੍ਹਾਈ ਲਈ ਮੋਹਨ ਲਾਲ ਸੁਖੜੀਆ ਯੂਨੀਵਰਸਿਟੀ ਵਿੱਚ ਜਾ ਦਾਖ਼ਲ ਹੋਈ। ਇਹ ਪੜ੍ਹਾਈ ਕਰਦੀ ਹੋਈ ਵੀ ਉਹ ਸੁਭਾ ਗੋਹਾ ਇਕੱਠਾ ਕਰਦੀ, ਰੂੜੀ ਤੇ ਸੁਟਦੀ, ਧਾਰਾਂ ਚੋਂਦੀ ਅਤੇ ਫਿਰ ਯੂਨੀਵਰਸਿਟੀ ਜਾਂਦੀ। ਬੁਲੰਦ ਹੌਂਸਲੇ, ਨੇਕ ਖਿਆਲ ਤੇ ਮਿਹਨਤ ਸਦਕਾ ਉਸਨੇ ਪੰਜ ਸਾਲ ਦੀ ਇਸ ਪੜ੍ਹਾਈ ‘ਚ ਗੋਲਡ ਮੈਡਲ ਹਾਸਲ ਕੀਤਾ ਅਤੇ ਯੂਨੀਵਰਸਿਟੀ ਨੇ ਉਸਨੂੰ ਚਾਂਸਲਰ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਪੜ੍ਹਾਈ ਪੂਰੀ ਕਰਨ ਉਪਰੰਤ ਉਸਨੇ ਸਾਲ 2017 ‘ਚ ਆਰ ਜੇ ਐੱਸ ਭਾਵ ਰਾਜਸਥਾਨ ਜੁਡੀਸੀਅਲ ਸਰਵਿਸ ਲਈ ਟੈਸਟ ਦਿੱਤਾ, ਪਰ ਉਹ ਸਿਰਫ਼ ਤਿੰਨ ਨੰਬਰਾਂ ਤੇ ਪਛੜ ਗਈ। ਉਸਨੇ ਹਿੰਮਤ ਨਹੀਂ ਹਾਰੀ ਅਤੇ ਮੁੜ ਸਾਲ 2018 ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਭਾਗ ਲਿਆ, ਇਸ ਇਮਤਿਹਾਨ ਵਿੱਚ ਉਹ ਇੱਕ ਨੰਬਰ ਤੇ ਰਹਿ ਗਈ, ਪਰ ਉਸਦਾ ਨਾਂ ਉਡੀਕ ਸੂਚੀ ਵਿੱਚ ਦਰਜ ਹੋ ਗਿਆ। ਦਸੰਬਰ 2020 ਦੇ ਆਖ਼ਰੀ ਹਫ਼ਤੇ ਉਹ ਉਡੀਕ ਸੂਚੀ ਵਿੱਚੋਂ ਚੁਣੀ ਜਾ ਚੁੱਕੀ ਹੈ। ਇੱਕ ਸਾਲ ਦੀ ਟ੍ਰੇਨਿੰਗ ਹਾਸਲ ਕਰਨ ਉਪਰੰਤ ਉਹ ਰਾਜਸਥਾਨ ਵਿੱਚ ਜੱਜ ਦਾ ਅਹੁਦਾ ਸੰਭਾਲ ਲਵੇਗੀ। ਗਰੀਬੀ ਤੇ ਗੋਹੇ ਦੀ ਦਲਦਲ ਚੋਂ ਕਮਲ ਦੇ ਫੁੱਲ ਵਾਂਗ ਨਿਕਲ ਦੇ ਬਾਹਰ ਆਈ ਸੋਨਮ ਦੇ ਗੋਹਾ ਇਕੱਠਾ ਕਰਨ ਵਾਲੇ ਹੱਥ ਹੁਣ ਕਲਮ ਫੜ ਕੇ ਲੋਕਾਂ ਨੂੰ ਇਨਸਾਫ ਦੇਣਗੇ।

Install Punjabi Akhbar App

Install
×