ਪਿਤਾ-ਪੁੱਤ ਦੇ ਸੁਪਨਿਆਂ ਦੀ ਤਰਜ਼ਮਾਨੀ ਕਰਦੀ ਫ਼ਿਲਮ ‘ਸੰਨ ਆਫ ਮਨਜੀਤ ਸਿੰਘ’

SOMS_Poster_SCOOTER

ਕਪਿਲ ਸ਼ਰਮਾ ਇੱਕ ਕਾਮੇਡੀਅਨ ਅਦਾਕਾਰ ਵਜੋਂ ਬਾਲੀਵੁੱਡ ਸਟਾਰਾਂ ਵਿੱਚ ਜਾਣਿਆ ਜਾਂਦਾ ਹੈ। ਛੋਟੇ ਪਰਦੇ ‘ਦੇ ਅਨੇਕਾਂ ਪ੍ਰੋਗਰਾਮਾਂ ਕਰਕੇ ਉਸਦੀ ਪਹਿਚਾਣ ਦੁਨੀਆਂ ਭਰ ਵਿੱਚ ਬਣੀ ਹੋਈ ਹੈ। ਪੰਜਾਬ ਦੀ ਧਰਤੀ, ਕਲਚਰ ਨਾਲ ਉਸਦਾ ਮੋਹ ਪਹਿਲਾਂ ਵਾਲਾ ਹੀ ਹੈ। ਇਸੇ ਮੋਹ ਕਰਕੇ ਕਪਿਲ ਇੱਕ ਮਨੋਰੰਜਨ ਭਰਪੂਰ ਪਰਿਵਾਰਕ ਪ੍ਰਸਥਿਤੀਆਂ ਵਾਲੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਲੈ ਕੇ ਆਇਆ ਹੈੇ। ਇਸ ਫ਼ਿਲਮ ਵਿੱਚ ਕਪਿਲ ਸ਼ਰਮਾਂ ਨੇ ਆਮ ਫ਼ਿਲਮਾਂ ਦੇ ਵਿਸ਼ਿਆ ਤੋਂ ਹਟਕੇ ਇੱਕ ਪਿਉ ਪੱਤ ਦੀਆਂ ਭਾਵਨਾਵਾਂ , ਸੁਪਨਿਆਂ ਨੂੰ ਬਹੁਤ ਹੀ ਜ਼ਜਬਾਤੀ ਰੰਗ ਵਿਚ ਪਰਦੇ ‘ਤੇ ਉਤਾਰਿਆ ਹੈ। ਉਸਦਾ ਕਹਿਣਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਵੀ ਕਰੇਗੀ ਤੇ ਆਪਣੇ ਬੱਚਿਆਂ ਦੀਆਂ ਭਾਵਨਾਵਾਂ, ਸੁਪਨਿਆਂ ਪ੍ਰਤੀ ਸੋਚਣ ਲਈ ਵੀ ਮਜਬੂਰ ਕਰੇਗੀ॥ ਜ਼ਿਕਰਯੋਗ ਹੈ ਕਿ ਗੁਰਪ੍ਰੀਤ ਘੁੱਗੀ ਨੇ ਇਸ ਫ਼ਿਲਮ ਵਿੱਚ ਮਨਜੀਤ ਸਿੰਘ ਦੀ ਮੁੱਖ ਭੂਮਿਕਾ ਨਿਭਾਈ ਹੈ ਜੋ ‘ਅਰਦਾਸ’ ਫ਼ਿਲਮ ਵਰਗਾ ਮਾਹੌਲ ਪੈਦਾ ਕਰਦੀ ਹੈ।

ਫ਼ਿਲਮ ਦੇ ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦਾ ਕਹਿਣਾ ਹੈ ਕਿ ਸਿਨੇਮਾ ਸਾਡੇ ਸਮਾਜ ਦਾ ਦਰਪਣ ਹੈ ਜੋ ਸਮਾਜ ਵਿੱਚ ਹੋ ਰਹੇ ਚੰਗੇ-ਮਾੜੇ ਨੂੰ ਪਰਦੇ ‘ਤੇ ਵਿਖਾਉਂਦਾ ਹੈ। ਮਨਜੀਤ ਸਿੰਘ ਵਰਗੇ ਪਾਤਰ ਸਾਡੇ ਸਮਾਜ ਦਾ ਹਿੱਸਾ ਹਨ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਸਦੀ ਔਲਾਦ ਪੜ੍ਹ ਲਿਖਕੇ ਚੰਗੀ ਤੇ ਕਮਾਊ ਇੰਨਸਾਨ ਬਣੇ ਪਰ ਕਈ ਵਾਰ ਔਲਾਦ ਦੇ ਵੀ ਸੁਪਨੇ ਹੁੰਦੇ ਨੇ ਜੋ ਉਹ ਘਰ ਦੇ ਮਾਹੌਲ ‘ਚ ਦੱਬ ਕੇ ਰਹਿ ਜਾਂਦੇ ਹਨ। ਅਜਿਹੀਆਂ ਫ਼ਿਲਮਾਂ ਅੱਜ ਦੇ ਸਮੇਂ ਦੀ ਲੋੜ ਹਨ।

ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਇਸ ਫ਼ਿਲਮ ਦਾ ਨਾਇਕ ਮਨਜੀਤ ਸਿੰਘ ( ਗੁਰਪ੍ਰੀਤ ਘੁੱਗੀ ) ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਵੱਡਾ ਅਫ਼ਸਰ ਵੇਖਣ ਲਈ ਦਿਨ ਰਾਤ ਮੇਹਨਤ ਕਰਦਾ ਹੈ, ਪਰ ਬੇਟਾ ਜੈਵੀਰ( ਦਮਨਪ੍ਰੀਤ) ਧੋਨੀ ਭੱਜੀ ਵਾਂਗ ਇੱਕ ਵੱਡਾ ਕ੍ਰਿਕਟਰ ਬਣਨ ਦਾ ਸੁਪਨਾ ਦੇਖਦਾ ਹੈ,ਜਿਸ ਬਾਰੇ ਪਤਾ ਲੱਗਣ ‘ਤੇ ਉਸਦਾ ਪਿਤਾ ਸਖ਼ਤ ਨਾਰਾਜ਼ ਹੁੰਦਾ ਹੈ। ਅਖੀਰ ਵਿੱਚ ਕਿਸਦੇ ਸੁਪਨੇ ਸੱਚ ਹੁੰਦੇ ਹਨ, ਇਹ ਇੱਕ ਦਿਲਚਸਪ ਕਹਾਣੀ ਹੈ ਜੋ ਪਰਦੇ ‘ਤੇ ਹੀ ਨਜ਼ਰ ਆਵੇਗੀ।
ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਦਮਨਪ੍ਰੀਤ ਸਿੰਘ, ਤਾਨੀਆਂ, ਕਰਮਜੀਤ ਅਨਮੋਲ, ਮਲਕੀਤ ਰੌਣੀ, ਬੀ ਐਨ ਸ਼ਰਮਾ, ਦੀਪ ਮਨਦੀਪ ਹਾਰਬੀ ਸੰਘਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਸੁਰਮੀਤ ਮਾਵੀ ਨੇ ਲਿਖੇ ਹਨ। ਫ਼ਿਲਮ ਦਾ ਨਿਰਦੇਸ਼ਨ ਵਿਕਰਮ ਗਰੋਵਰ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਤਿਆਰ ਕੀਤਾ ਹੈ, ਜੋ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਹੋਵੇਗਾ। ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਮਨੁੱਖੀ ਭਾਵਨਾਵਾਂ ਦੀ ਵੀ ਪੇਸ਼ਕਾਰੀ ਹੋਵੇਗੀ। ਇਸ ਵਿੱਚ ਕਾਮੇਡੀ ਵੀ ਹੈ,ਚੰਗਾ ਮੈਸ਼ਜ ਵੀ ਹੈ, ਚੰਗਾ ਗੀਤ ਸੰਗੀਤ ਵੀ ਹੈ ਤੇ ਦਿਲ ਦੀਆਂ ਗਹਿਰਾਈਆਂ ‘ਚ ਉਤਰਣ ਵਾਲਾ ਅਹਿਸਾਸ ਵੀ ਹੈ।ਂ

ਸੁਰਜੀਤ ਜੱਸਲ

+91 9814607737

Welcome to Punjabi Akhbar

Install Punjabi Akhbar
×