ਸਮਾਜਿਕ ਘਟਨਾਵਾਂ ‘ਤੇ ਅਧਾਰਤ ਹਾਸਿਆਂ ਭਰੀ ਫਿਲਮ ਹੋਵੇਗੀ ਮਿੰਦੋ ਤਸੀਲਦਾਰਨੀ  -ਕਰਮਜੀਤ ਅਨਮੋਲ

Karamjit Anmol Article 19 june (2)

ਪੰਜਾਬੀ ਫਿਲਮ ‘ਲਾਂਵਾ ਫੇਰੇ’ ਨਾਲ ਸਫ਼ਲ ਨਿਰਮਾਤਾ ਬਣਿਆ ਕਰਮੀਤ ਅਨਮੋਲ ਹੁਣ ਸਮਾਜਿਕ ਰਿਸ਼ਤਿਆਂ ਦੇ ਅਨਮੋਲ ਪਾਤਰਾਂ ਦੀ ਕਹਾਣੀਆਂ ਅਧਾਰਤ ਸਿਨਮਾ ਲੈ ਕੇ ਆਇਆ ਹੈ। ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਅਜੀਬ ਪਾਤਰ ਹਨ ਜੋ ਆਪਣੀ ਵਿਲੱਖਣ ਪਛਾਣ ਸਦਕਾ ਜਾਣੇ ਜਾਂਦੇ ਹਨ। ਪਹਿਲਾਂ ਵੀ ਕਰਮਜੀਤ ਨੇ ਕਈ ਫਿਲਮਾਂ ਵਿੱਚ ਅਜਿਹੇ ਪਾਤਰਾਂ ਦੀ ਜਿੰਦਗੀ ਨੂੰ ਦਰਸ਼ਾਇਆ ਹੈ। ਹੁਣ 28 ਜੂਨ ਨੂੰ ਆ ਰਹੀ ਫਿਲਮ ‘ਮਿੰਦੋ ਤਸੀਲਦਾਰਨੀ’ ਵੀ ਆਪਣੇ ਵਿਲੱਖਣ ਵਿਸ਼ੇ ਅਤੇ ਕਹਾਣੀ ਕਰਕੇ ਦਰਸ਼ਕਾ ਦੀ ਪਸੰਦ ‘ਤੇ ਜਰੂਰ ਖਰੀ ਉੱਤਰੇਗੀ। ਇਲਾਕੇ ਦੀ ਉੱਚ ਅਧਿਕਾਰੀ ਉਹ ‘ਮਿੰਦੋ ਤਸੀਲਦਾਰਨੀ’ ਜਿਸ ਦੀ ਨੇੜਲੇ ਪਿੰਡ ਦੇ ਹੀ ਇੱਕ ਤੇਜੇ ਛੜੇ ਨਾਲ ਪੁਰਾਣੀ ਸਾਂਝ ਹੁੰਦੀ ਹੈ ਜਿਸ ਬਾਰੇ ਉਹ ਤਰਾ੍ਹਂ ਤਰਾ੍ਹਂ ਦੀਆਂ ਕਹਾਣੀਆਂ ਬਣ ਕੇ ਪਿੰਡ ਦੇ ਲੋਕਾਂ ਨੂੰ ਸੁਣਾਉਂਦਾ ਹੈ ਆਖਿਰ ਅਸਲੀ ਸੱਚ ਕੀ ਹੈ ਇਹ ਇੱਕ ਵੱਖਰੀ ਦਿਲਚਸਪ ਕਹਾਣੀ ਹੈ।

ਨਿਰਮਾਤਾ ਬਣੇ ਕਰਮਜੀਤ ਦਾ ਕਹਿਣਾ ਹੈ ਕਿ ਉਸ ਨੇ ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਈ ਹੈ। ਉਸਦੀ ਨਾਇਕਾ ਕਵਿਤਾ ਕੌਸ਼ਿਕ ਹੈ ਜੋ ਮਿੰਦੋ ਤਸੀਲਦਾਰਨੀ ਦੇ ਕਿਰਦਾਰ ‘ਚ ਹੈ। ਕਰਮਜੀਤ ਅਨਮੋਲ ਅੱਜ ਪੰਜਾਬੀ ਫਿਲਮਾਂ ਦਾਂ ਨੰਬਰ ਵੰਨ ਕਾਮੇਡੀਅਨ ਹੈ। ਇੱਕ ਦੌਰ ਸੀ ਜਦ ਮੇਹਰ ਮਿੱਤਲ ਬਿਨਾਂ ਫ਼ਿਲਮ ਬਣਾਉਣਾ ਘਾਟੇ ਦਾ ਸੌਦਾ ਹੁੰਦੀ ਸੀ। ਬਿਲਕੁੱਲ ਇਹੋਂ ਗੱਲ ਅੱਜ ਕਰਮਜੀਤ ਅਨਮੋਲ ‘ਤੇ ਢੁੱਕਦੀ ਹੈ। ਅੱਜ ਜਿਆਦਾਤਰ ਪੰਜਾਬੀ ਫ਼ਿਲਮਾਂ ਵਿੱਚ ਕਰਮਜੀਤ ਦੀ ਅਦਾਕਾਰੀ ਵਿਸ਼ੇਸ ਅਹਿਮੀਅਤ ਰੱਖਦੀ ਹੈ। ਦਰਸ਼ਕ ਉਸਦੀ ਅਦਾਕਾਰੀ ਦਾ ਹਰੇਕ ਰੰਗ ਮਾਣ ਚੁੱਕੇ ਹਨ ਭਾਵੇਂ ਉਹ ਮੰਜੇ ਬਿਸਤਰੇ ਵਾਲਾ ਸਾਧੂ ਹਲਵਾਈ ਹੋਵੇ, ਅਰਦਾਸ ਵਾਲਾ ਲਾਲਾ ਸੰਭੂ ਨਾਥ ਹੋਵੇ ਜਾਂ ਫਿਰ ਮਿਸਟਰ ਐਂਡ ਮਿਸ਼ਜ 420 ਵਾਲੀ ਔਰਤ ਪਾਤਰ ‘ਗੰਗਾ’ ਹੋਵੇ , ਹਰੇਕ ਕਿਰਦਾਰ ਨੂੰ ਉਸਨੇ ਰੂਹ ਨਾਲ ਖੇਡਿਆ ਹੈ ਤੇ ਦਰਸ਼ਕਾਂ ਉਸਨੂੰ ਦਿਲੋਂ ਪਿਆਰ ਦਿੱਤਾ ਹੈ।

Karamjit Anmol Article 19 june

ਕਰਮਜੀਤ ਅਨਮੋਲ ਗਾਇਕੀ ਅਤੇ ਫ਼ਿਲਮੀ ਪਰਦੇ ਦਾ ਇੱਕ ਸਰਗਰਮ ਕਲਾਕਾਰ ਹੈ। ਭਾਵੇਂਕਿ ਗਾਇਕੀ ਉਸਦਾ ਮੁੱਢਲਾ ਸੌਂਕ ਹੈ ਪਰ ਫ਼ਿਲਮੀ ਪਰਦੇ ‘ਤੇ ਬਤੌਰ ਕਾਮੇਡੀਅਨ, ਅਦਾਕਾਰ ਉਸਦੀ ਪਛਾਣ ਵਧੇਰੇ ਬਣੀ ਹੈ। ਕੈਰੀ ਆਨ ਜੱਟਾ,ਜੱਟ ਐਂਡ ਜੂਲੀਅਟ, ਜੀਂਹਨੇ ਮੇਰਾ ਦਿਲ ਲੁੱਟਿਆ,ਡੈਲੀ ਕੂਲ ਮੁੰਡੇ ਫੂਲ, ਲੱਕੀ ਦੀ ਅਨਲੱਕੀ ਸਟੋਰੀ, ਡਿਸਕੋ ਸਿੰਘ, ਗੋਰਿਆਂ ਨੂੰ ਦਫਾ ਕਰੋ, ਅਰਦਾਸ, ਅੰਬਰਸਰੀਆ ,ਪ੍ਰਾਹੁਣਾ, ਅਫ਼ਸਰ, ਸੂਬੇਦਾਰ ਜੋਗਿੰਦਰ ਸਿੰਘ,ਦੋ ਦੂਣੀ ਪੰਜ,ੳ ਅ, ਲਾਟੂ, ਮਿਸਟਰ ਐਂਡ ਮਿਸ਼ਜ 420 ਰਿਟਰਨ’ ਆਦਿ 70 ਤੋਂ ਵੱਧ ਪੰਜਾਬੀ ૶ਹਿੰਦੀ ਫ਼ਿਲਮਾਂ ਵਿੱਚ ਕੰਮ ਚੁੱਕਿਆ ਕਰਮਜੀਤ ਅਨਮੋਲ ਅੱਜ ਪੰਜਾਬੀ ਸਿਨਮੇ ਦਾ ਸਿਰਮੌਰ ਕਾਮੇਡੀਅਨ ਹੈ।

ਸੰਗਰੂਰ ਜਿਲੇ ‘ਚ ਪੈਂਦੇ ਗੰਢੂਆਂ ਪਿੰਡ ਕਰਮਜੀਤ ਅਨਮੋਲ ਨਿੱਕਾ ਹੁੰਦਾ ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੀਆਂ ਲੋਕ ਗਥਾਵਾਂ ਸੁਣਦਾ ਹੁੰਦਾ ਸੀ। ਪਿਤਾ ਸਾਧੂ ਸਿੰਘ ਤੇ ਮਾਤਾ ਮੂਰਤੀ ਕੌਰ ਦੇ ਘਰ ਜਨਮਿਆਂ ਕਰਮਜੀਤ ਸਕੂਲ-ਕਾਲਜ਼ ਦਿਨਾਂ ‘ਚ ਉਹ ਵਧੀਆ ਗਾਉਣ ਲੱਗ ਪਿਆ। ਲੰਮੇ ਸੰਘਰਸ਼ ਤੋਂ ਬਾਅਦ ਭਗਵੰਤ ਮਾਨ ਅਤੇ ਜਰਨੈਲ ਘੁਮਾਣ ਦੇ ਸਹਿਯੋਗ ਨਾਲ ਬਤੌਰ ਗਾਇਕ ਆਪਣੀ ਪਲੇਠੀ ਕੈਸਟ ‘ਆਸ਼ਿਕ ਭਾਜੀ’ ਲੈੇ ਕੇ ਆਇਆ। ਗਾਇਕੀ ਦੇ ਸੰਘਰਸ਼ ਦੌਰਾਨ ਹੀ ਉਸਨੇ ਭਗਵੰਤ ਮਾਨ ਨਾਲ ਕਾਮੇਡੀ ਸੋਅ ਕਰਨੇ ਸੁਰੂ ਕੀਤੇ। ਐ ੱਮ ਐੱਚ ਵੰਨ ‘ਤੇ ਚੱਲਦੇ ਲੜੀਵਾਰ ‘ਜੁਗਨੂੰ ਹਾਜ਼ਿਰ ਹੈ’ ਵਿੱਚ ਕਰਮਜੀਤ ਨੇ ਅਨੇਕਾਂ ਕਾਮੇਡੀ ਕਿਰਦਾਰ ਨਿਭਾਏ। ਭਗਵੰਤ ਮਾਨ ਨਾਲ ਦੇਸ ਵਿਦੇਸ਼ਾਂ ਵਿੱਚ ਅਨੇਕਾਂ ਸ਼ੋਅ ਕੀਤੇ, ਜਿੰਨ੍ਹਾਂ ਨਾਲ ਉਸਨੂੰ ਇੱਕ ਵੱਖਰੀ ਪਹਿਚਾਣ ਮਿਲੀ। ਇਸੇ ਪਹਿਚਾਣ ਕਰਕੇ ਉਸ ਨੂੰ ਫ਼ਿਲਮਾਂ ਵਿਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕਰਮਜੀਤ ਫ਼ਿਲਮਾਂ ਤੇ ਗਾਇਕੀ ਖੇਤਰ ਦਾ ਇੱਕ ਸਰਗਰਮ ਕਲਾਕਾਰ ਹੈ। ਫ਼ਿਲਮਾਂ ਵੱਲ ਵਧਦਿਆਂ ਉਹ ਗਾਇਕੀ ਨਾਲ ਵੀ ਜੁੜਿਆ ਰਿਹਾ। ਉਸਨੇ ਸੱਭਿਆਚਾਰਕ ਤੇ ਮਿਆਰੀ ਗਾਇਕੀ ਨਾਲ ਆਪਣਾ ਵੱਖਰਾ ਮੁਕਾਮ ਹਾਸਿਲ ਕੀਤਾ। ਉਸਦੇ ਅਨੇਕਾਂ ਗੀਤ ਆਏ, ਐਲਬਮਾਂ ਆਈਆ ਜਿੰਨ੍ਹਾ ਨੇ ਉਸਦੀ ਸੋਹਰਤ ਨੂੰ ਚਾਰ ਚੰਨ ਲਾਏ। ਆਮ ਗੀਤਾਂ ਤੋਂ ਹਟ ਕੇ ਉਸ ਨੇ ਜਾਗਦੀਆਂ ਜਮੀਰਾਂ ਵਾਲੇ ਗੀਤ ‘ਪਿੰਡ ਵਿਕਾਊ ਹੈ’ ਅਤੇ ‘ਕੁਰਸੀ’ ਵੀ ਗਾਏ। ਚਰਚਿਤ ਗੀਤ ‘ਰੋ ਰੋ ਨੈਣਾਂ ਨੇ’ ਤੋਂ ਬਾਅਦ ਪੰਜਾਬੀ ਫ਼ਿਲਮ ‘ ਜੱਟ ਬੁਆਏਜ਼-ਪੁੱਤ ਜੱਟਾ ਦੇ’ ਦੇ ਬੈਕ-ਗਰਾਉਂਡ ਗੀਤ ‘ਯਾਰਾ ਓਏ…’ ਨਾਲ ਕਰਮਜੀਤ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ।

ਪੰਜਾਬੀ ਫ਼ਿਲਮਾਂ ਵਿਚ ਉਸ ਵਲੋਂ ਨਿਭਾਏ ਬਹੁਤੇ ਕਿਰਦਾਰ ਉਸਦੀ ਜ਼ਿੰਦਗੀ ਦੇ ਨੇੜੇ-ਤੇੜੇ ਹੀ ਹੁੰਦੇ ਹਨ। ਉਸਦੀ ਇਹ ਸਿਫ਼ਤ ਹੈ ਕਿ ਕਰਮਜੀਤ ਆਪਣਾ ਕਿਰਦਾਰ ਖੁਦ ਹੀ ਤਿਆਰ ਕਰਦਾ ਹੈ। ਕਰਮਜੀਤ ਦਾ ਪਿਛੋਕੜ ਪਿੰਡਾਂ ਦੇ ਕਲਚਰ ਨਾਲ ਜੁੜਿਆ ਰਿਹਾ ਹੈ। ਬਹੁਤੇ ਪਾਤਰ ਉਸਦੀ ਜਿੰਦਗੀ ਦਾ ਹਿੱਸਾ ਰਹੇ ਹਨ। ਅਜਿਹੇ ਪਾਤਰਾਂ ਨੂੰ ਫ਼ਿਲਮੀ ਪਰਦੇ ‘ਤੇ ਨਿਭਾਉਦਿਆਂ ਉਸ ਨੂੰ ਚੰਗਾ ਲੱਗਦਾ ਹੈ। ‘ਅਰਦਾਸ’ ਫ਼ਿਲਮ ਵਿਚਲਾ ਲਾਲੇ ਸੰਭੂ ਨਾਂਥ ਦਾ ਕਿਰਦਾਰ ਉਸਦੀ ਜਿੰਦਗੀ ਦੇ ਬਹੁਤ ਨੇੜੇ ਹੈ। ਕਰਮਜੀਤ ਅਦਕਾਰੀ ਦੇ ਇਲਾਵਾ ਫ਼ਿਲਮ ‘ਲਾਵਾਂ ਫੇਰੇ’ ਨਾਲ ਬਤੌਰ ਨਿਰਮਾਤਾ ਵੀ ਅੱਗੇ ਆਇਆ। ਉਸਦਾ ਕਹਿਣਾ ਹੈ ਕਿ ਪੁਰਾਣੇ ਕਲਚਰ ਬਾਰੇ ਲਗਾਤਾਰ ਫ਼ਿਲਮਾਂ ਬਣਨੀਆਂ ਚੰਗੀ ਗੱਲ ਹੈ ਕਿਉਂਕ ਇਹ ਸਾਡੀ ਅੱਜ ਦੀ ਪੀੜ੍ਹੀ ਨੂੰ ਬੀਤੇ ਕੱਲ ਨਾਲ ਜੋੜਦੀਆਂ ਹਨ। ਬਤੋਰ ਨਿਰਮਾਤਾ ਉਸਨੇ ਸਾਲ 2018 ਦੀ ਸੁਪਰਹਿੱਟ ਫ਼ਿਲਮ ‘ਲਾਵਾਂ ਫੇਰੇ’ ਪੰਜਾਬੀ ਦਰਸ਼ਕਾਂ ਨੂੰ ਦਿੱਤੀ ਜਦਕਿ ਅੱਜ ਕੱਲ ਆਪਣੀ ਨਵੀਂ ਫ਼ਿਲਮ ‘ਮਿੰਦੋ ਤਸੀਲਦਾਰਨੀ’ ਲੈ ਕੇ ਆ ਰਿਹਾ ਹੈ ਜੋ 28 ਜੂਨ ਨੂੰ ਰਿਲੀਜ਼ ਹੋਵੇਗੀ। ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਕਰਮਜੀਤ ਅਨਮੋਲ ਤੇ ਰਾਜੀਵ ਸਿੰਗਲਾ ਨੇ ਕੀਤਾ ਹੈ। ਮੌਂਟੀ ਬੈਨੀਪਾਲ ਤੇ ਪਵਿੱਤਰ ਬੈਨੀਵਾਲ ਇਸ ਫ਼ਿਲਮ ਦੇ ਸਹਿ ਨਿਰਮਾਤਾ ਹਨ। ਕਰਮਜੀਤ ਅਨਮੋਲ ਨੇ ਦੱਸਿਆ ਕਿ ਇਹ ਫ਼ਿਲਮ ਪਿੰਡਾਂ ਦੇ ਕਲਚਰ, ਰਿਸ਼ਤੇ ਨਾਤਿਆਂ ਤੇ ਸਮਾਜ ਨਾਲ ਜੁੜੇ ਪਾਤਰਾਂ ਦੀ ਫ਼ਿਲਮ ਹੈ ਜੋ ਬੀਤੇ ਦੌਰ ਨੂੰ ਚੇਤੇ ਕਰਦਿਆਂ ਅੱਜ ਵੀ ਸਾਡੇ ਮਨਾਂ ਦੇ ਕੋਨਿਆਂ ‘ਚ ਵਸੇ ਹੋਏ ਹਨ। ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਦੇ ਵਿਸਿਆਂ ਤੋਂ ਬਹੁਤ ਹੱਟ ਕੇ ਸਮਾਜਿਕ ਪਾਤਰਾਂ ਦੀ ਇੱਕ ਦਿਲਚਸਪ ਕਹਾਣੀ ਹੋਵੇਗੀ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਪਰਿਵਾਰਕ ਕਹਾਣੀ ਵਿੱਚ ਕਾਮੇਡੀ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਦੀ ਅਹਿਮੀਅਤ ਵੀ ਦਰਸਾਈ ਗਈ ਹੈ। ਫ਼ਿਲਮ ਦਾ ਗੀਤ ਸੰਗੀਤ ਦਰਸ਼ਕਾ ਨੂੰ ਪਸੰਦ ਆਉਣ ਵਾਲਾ ਹੈ। ਫਿਲਮ ਵਿੱਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਧਾ, ਈਸ਼ਾ ਰਿਖੀ, ਸਰਦਾਰ ਸੋਹੀ, ਹਰਬੀ ਸੰਘਾ, ਪ੍ਰਕਾਸ ਗਾਧੂ, ਰੁਪਿੰਦਰ ਰੂਪੀ, ਮਲਕੀਤ ਰੌਣੀ, ਦਰਸ਼ਨ ਘਾਰੂ, ਮਿੰਟੂ ਜੱਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਤੇ ਸਹਿ ਨਿਰਦੇਸ਼ਕ ਅਨਿਲ ਸ਼ਰਮਾ ਹੈ। ਫ਼ਿਲਮ ਦਾ ਸਕਰੀਨ ਪਲੇਅ ਅਤੇ ਪਟਕਥਾ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖਿਆ ਹੈ। ਕਹਾਣੀ ਅਵਤਾਰ ਸਿੰਘ ਦੀ ਹੈ। ਹੈਪੀ ਰਾਏਕੋਟੀ ਕੁਲਦੀਪ ਕੰਡਿਆਰਾ, ਗੁਰਬਿੰਦਰ ਮਾਨ ਤੇ ਹਰਮਨਜੀਤ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਨਿੰਜਾ, ਕਰਮਜੀਤ ਅਨਮੋਲ, ਰਾਜਵੀਰ ਜਵੰਧਾ, ਮੰਨਤ ਨੂਰ, ਗੁਰਲੇਜ਼ ਅਖਤਰ, ਸਿੰਕਦਰ ਸਲੀਮ, ਸੰਦੀਪ ਥਿੰਦ ਨੇ ਗਾਇਆ ਹੈ। ਸੰਗੀਤ ਚਰਨਜੀਤ ਆਹੂਜਾ, ਗੁਰਮੀਤ ਸਿੰਘ, ਜੈਸਨ ਥਿੰਦ, ਆਰ ਡੀ ਬੀਟ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਜੱਸ ਰਿਕਾਰਡਜ਼ ਵਲੋਂ ਰਿਲੀਜ ਕੀਤਾ ਜਾਵੇਗਾ।

(ਹਰਜਿੰਦਰ ਜਵੰਦਾ)

jawanda82@gmail.com

 

Install Punjabi Akhbar App

Install
×