ਫੇਸਬੁੱਕ ਟਵਿੱਟਰ ਅਤੇ ਵ੍ਹੱਟਸ ਐਪ ਬਣੇ ਸੂਚਨਾ ਤੇ ਜੰਗ ਦੇ ਮੈਦਾਨ

ਕਦੇ ਸਮਾਂ ਹੁੰਦਾ ਸੀ ਕਿ ਜੰਗਾਂ, ਯੁੱਧਾਂ, ਅੰਦੋਲਨਾਂ, ਸੰਘਰਸ਼ਾਂ ਅਤੇ ਖਿੱਚੋਤਾਣਾਂ ਦੌਰਾਨ ਲੋਕਾਂ ਨੂੰ ਸੰਦੇਸ਼ ਪਹੁੰਚਾਉਣ, ਲਾਮਬੰਦ ਕਰਨ ਅਤੇ ਪ੍ਰਚਾਰ ਕਰਨ ਲਈ ਕਾਫ਼ੀ ਮੁਸ਼ੱਕਤ ਲੱਗਦੀ ਸੀ । ਅੱਜ ਉਹ ਸਮਾਂ ਨਹੀਂ ਹੈ ਕਿ ਲੋਕਾਂ ਤੱਕ ਸਰੀਰਕ ਤੌਰਤੇ ਜਾਂ ਪੱਤਰਾਂ ਦੇ ਰੂਪ ਵਿੱਚ ਸੰਪਰਕ ਬਣਾਏ ਜਾਣ । ਹੁਣ ਤਾਂ ਲੋਕਾਂ, ਸਹਿਯੋਗੀਆਂ, ਦੇਸ਼ ਅਤੇ ਦੁਨੀਆਂ ਵਿੱਚ ਅਜਿਹੀਆਂ ਖਬਰਾਂ ਪਲਾਂ ਵਿੱਚ ਪਹੁੰਚ ਜਾਂਦੀਆਂ ਹਨ । ਖਬਰਾਂ, ਜਾਣਕਾਰੀਆਂ ਤੇ ਸੂਚਨਾਵਾਂ ਪਹਿਲਾਂ ਅਖ਼ਬਾਰਾਂ, ਕਦੇ ਰੇਡੀਓ ਅਤੇ ਫਿਰ ਟੈਲੀਵਿਜ਼ਨ ਰਹੀਂ ਤੇਜੀ ਨਾਲ ਲੋਕਾਂ ਤੱਕ ਪਹੁੰਚ ਜਾਂਦੀਆਂ ਸਨ । ਸਮਾਂ ਪਾ ਕੇ ਇਹਨਾਂ ਸਾਧਨਾਂ ਉੱਪਰ ਸਰਕਾਰੀ, ਫਿਰਕੂ, ਧਾਰਮਿਕ, ਲਾਲਚ ਅਤੇ ਮੌਕਾਪ੍ਰਸਤੀ ਦੀ ਰੰਗਤ ਚੜ੍ਹ ਜਾਣ ਕਾਰਨ ਲੋਕਾਂ ਵਿੱਚ ਇਹਨਾਂ ਦੀ ਭਰੋਸੇਯੋਗਤਾ ਘਟ ਹੀ ਨਹੀਂ ਗਈ ਬਲਕਿ ਅੱਜ ਦੇ ਸਮੇਂ ਵਿੱਚ ਤਾਂ ਖਤਮ ਹੀ ਹੋ ਗਈ ਹੈ । ਲੋਕ ਹੁਣ ਮੁਲੰਮਾ ਰਹਿਤ ਖਬਰਾਂ ਅਤੇ ਹੋਰ ਜਾਣਕਾਰੀਆਂ ਲਈ ਸੋਸ਼ਲ ਮੀਡੀਏ ਵੱਲ ਆਕਰਸ਼ਿਤ ਹੋ ਗਏ ਹਨ । ਇਸ ਵਿੱਚ ਫੇਸਬੁੱਕ, ਟਵਿੱਟਰ, ਵ੍ਹੱਟਸ ਐਪ, ਯੂ-ਟਿਊਬ ਪ੍ਰਮੁੱਖ ਹਨ । ਲੋਕ ਹੁਣ ਅਖ਼ਬਾਰਾਂ ਅਤੇ ਟੀ ਵੀ ਖ਼ਬਰ ਚੈਨਲਾਂ ਦੀਆਂ ਖ਼ਬਰਾਂ, ਜਾਣਕਾਰੀਆਂ ਅਤੇ ਸੂਚਨਾਵਾਂ ਤੇ ਨਿਰਭਰ ਨਹੀਂ ਰਹਿ ਸਕਦੇ ਬਲਕਿ ਅਜਿਹੇ ਕਈ ਮੁਹਾਜ਼ਾਂ ਨੂੰ ਫਰੋਲਣਾ ਪੈਦਾ ਹੈ, ਤਾਂ ਹੀ ਉਹ ਕੋਈ ਨਿਚੋੜ ਕੱਢ ਸਕਦੇ ਹਨ ਕਿ ਅਸਲ ਸੱਚਾਈ ਕੀ ਹੈ ।

ਸੋਸ਼ਲ ਮੀਡੀਏ ਅਤੇ ਹੋਰ ਆਨ ਲਾਈਨ ਸਾਧਨਾਂ ਨੇ ਜਿੱਥੇ ਸ਼ੁੱਧ ਅਤੇ ਅਸਲ ਖਬਰਾਂ, ਜਾਣਕਾਰੀਆਂ,ਸੂਚਨਾਵਾਂ ਅਤੇ ਘਟਨਾਵਾਂ ਨੂੰ ਤੇਜੀ ਨਾਲ ਫੈਲਾਉਣ ਵਿੱਚ ਅਹਿਮ ਰੋਲ ਨਿਭਾਇਆ ਉੱਥੇ ਇਸ ਉੱਪਰ ਅੰਕੁਸ਼ ਨਾ ਹੋਣ ਕਾਰਨ ਇਹ ਵੀ ਸਮਾਂ ਪਾ ਕੇ ਸ਼ਾਤਰ, ਸ਼ਰਾਰਤੀ, ਗੈਰਜਿੰਮੇਵਾਰ, ਲਾਲਚੀ ਅਤੇ ਵੱਖ ਵੱਖ ਆਈ ਟੀ ਸੈੱਲਾਂ ਦੇ ਧੱਕੇ ਵੀ ਚੜ੍ਹ ਗਏ ਪਰ ਫਿਰ ਵੀ ਇਹ ਮੁਹਾਜ਼ ਹਾਲ ਦੀ ਘੜੀ ਲੋਕਾਂ, ਸਰਕਾਰਾਂ ਅਤੇ ਹੋਰ ਦੁਨੀਆਵੀ ਸੰਸਥਾਵਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ । ਇਹ ਸਾਧਨ ਭਾਵੇਂ ਕੱਚੀਆਂ-ਪੱਕੀਆਂ ਅਤੇ ਸੱਚੀਆਂ-ਝੂਠੀਆਂ ਜਾਣਕਾਰੀਆਂ ਨਾਲ ਵੀ ਲੱਦਿਆ ਪਿਆ ਹੈ ਪਰ ਫਿਰ ਵੀ ਕਿਸੇ ਅਹਿਮ ਸਖਸ਼ੀਅਤ ਦੀ ਪੋਸਟ, ਟਵੀਟ ਜਾਂ ਵੀਡੀਓ ਸਬੰਧਤ ਵਿਸ਼ੇ ਸਬੰਧੀ ਅਤੇ ਦੁਨਿਆਵੀ ਤੌਰਤੇ ਡੂੰਘਾ ਪ੍ਰਭਾਵ ਪਾਉਂਦੀ ਹੈ । ਸੋਸ਼ਲ ਮੀਡੀਆ ਅਤੇ ਹੋਰ ਸਾਧਨ ਹਰ ਕਿਸੇ ਦੇਸ਼ ਦੀ ਅੰਦਰੂਨੀ ਜਾਂ ਬਾਹਰੀ ਹਿੱਲ-ਜੁੱਲ, ਗਤੀਵਿਧੀ ਜਾਂ ਖਿੱਚੋਤਾਣ ਦੀ ਚਰਚਾ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ । ਹੁਣ ਤਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਅੰਤਰ ਰਾਸ਼ਟਰੀ ਸੰਗਠਨ ਇਹਨਾਂ ਦੀ ਨਿੱਠ ਕੇ ਵਰਤੋਂ ਵੀ ਕਰਦੇ ਹਨ ਅਤੇ ਇਹਨਾਂ ਗਤੀ ਵਿਧੀਆਂ ਤੇ ਪੂਰੀ ਨਜ਼ਰ ਵੀ ਰੱਖਦੇ ਹਨ । ਸੋਸ਼ਲ ਅਤੇ ਦੂਸਰੇ ਮੀਡੀਏ ਦੀਆਂ ਨਿੱਜੀ ਪੋਸਟਾਂ ਸਰਕਾਰੀ ਤੇ ਨਿਆਇਕ ਕਾਰਵਾਈਆਂ ਦਾ ਅਧਾਰ ਅਤੇ ਕਾਰਨ ਵੀ ਬਣਨ ਲੱਗੀਆਂ ਹਨ।

ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਵੀ ਸੋਸ਼ਲ ਅਤੇ ਹੋਰ ਆਨ ਲਾਈਨ ਮੀਡੀਆ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ । ਪੰਜਾਬ ਦੇ ਕਿਸਾਨਾਂ ਦੇ ਦਿੱਲੀ ਵੱਲ ਕੀਤੇ ਕੂਚ ਵਿੱਚ ਪਾਈਆਂ ਸਰਕਾਰੀ ਰੁਕਾਵਟਾਂ ਅਤੇ ਕਿਸਾਨਾਂ ਦੇ ਇਹਨਾਂ ਨੂੰ ਪਾਰ ਕਰ ਜਾਣ ਦੀ ਜਮੀਨੀ ਤਸਵੀਰ ਨੂੰ ਪਲਾਂ ਵਿੱਚ ਦੇਸ਼ ਅਤੇ ਦੁਨੀਆਂ ਸਾਹਮਣੇ ਲਿਆਉਣ ਅਤੇ ਕਿਸਾਨ ਅੰਦੋਲਨ ਦੀਆਂ ਸਰਗਰਮੀਆਂ ਤੇ ਸਰਕਾਰ ਦੇ ਰਵੱਈਏ ਦਾ ਨਾਲੋ ਨਾਲ ਹਾਲ ਪੇਸ਼ ਕਰਨ ਸਦਕਾ ਸੋਸ਼ਲ ਮੀਡੀਆ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਅਤੇ ਸਬੰਧਤ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ । ਇਸ ਦਾ ਮੁੱਖ ਕਾਰਨ ਦੇਸ਼ ਦੇ ਖ਼ਬਰ ਚੈਨਲਾਂ ਦਾ ਨਿਰੋਲ ਸਰਕਾਰੀ ਅਤੇ ਪੱਖਪਾਤੀ ਹੋ ਜਾਣਾ ਹੈ । ਲੋਕਾਂ ਨੂੰ ਅਸਲ ਖ਼ਬਰ, ਜਮੀਨੀ ਸੱਚਾਈ ਅਤੇ ਨਿਰਪੱਖ ਸੂਚਨਾ ਤੇ ਜਾਣਕਾਰੀ ਲਈ ਹੁਣ ਫੇਸਬੁੱਕ, ਵ੍ਹੱਟਸ ਅੇਪ, ਟਵਿੱਟਰ ਅਤੇ ਹੋਰ ਆਨ ਲਾਈਨ ਸਾਧਨਾਂ ਦੀ ਫੋਲਾ-ਫਾਲੀ ਕਰਨੀ ਹੀ ਪੈਂਦੀ ਹੈ ਇਸ ਤੋਂ ਬਿਨਾਂ ਉਹਨਾਂ ਦਾ ਨਿਚੋੜ ਕੱਢ ਪਾਉਣਾ ਸੰਭਵ ਨਹੀਂ ਹੈ । ਇਸੇ ਕਰਕੇ ਕਿਸਾਨ ਅੰਦੋਲਨ ਨਾਲ ਕਿਸੇ ਵੀ ਕਿਸਮ ਦਾ ਸਰੋਕਾਰ ਰੱਖਣ ਵਾਲਾ ਹਰ ਵਿਅਕਤੀ ਆਪਣੇ ਵਿਚਾਰ, ਪ੍ਰਤੀ ਕਿਰਿਆ ਅਤੇ ਗਤੀ ਵਿਧੀ ਨੂੰ ਇਹਨਾਂ ਪਲੈਟਫਾਰਮਾਂ ਤੇ ਸ਼ਾਂਝਾ ਕਰਨਾ ਜਰੂਰੀ ਸਮਝਦਾ ਹੈ । ਇਸ ਤਰ੍ਹਾਂ ਇਹ ਸਾਰੇ ਪਲੈਟਫਾਰਮ ਪੇਸ਼ਕਾਰੀ ਅਤੇ ਆਲੋਚਨਾ ਦਾ ਪਿੜ ਬਣੇ ਹੋਏ ਹਨ । ਨਵੇਂ ਚਿਹਰਿਆਂ ਦੇ ਉਭਾਰ ਵਿੱਚ ਵੀ ਇਹ ਪੂਰਾ ਯੋਗਦਾਨ ਪਾਉਣ ਦੇ ਸਮਰੱਥ ਹਨ । ਕਿਸਾਨ ਅੰਦੋਲਨ ਦਰਮਿਆਨ 26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ਦੀ ਘਟਨਾ ਤੋਂ ਇੱਕ ਦਮ ਬਾਅਦ ਕੁੱਝ ਕਿਸਾਨ ਆਗੂਆਂ ਦੇ ਨੌਜਵਾਨਾਂ ਦੀ ਇਸ ਕਾਰਵਾਈ ਅਤੇ ਰੱਖਿਆ ਤੋਂ ਪੱਲਾ ਝਾੜ ਦੇਣ ਤੋਂ ਲੈ ਕੇ ਅੱਜ ਤੱਕ ਕਿਸਾਨ ਆਗੂਆਂ ਅਤੇ ਨਿਰਾਸ਼ ਨੌਜਵਾਨਾਂ ਵਿਚਕਾਰ ਸੋਸ਼ਲ ਮੀਡੀਏ ਉੱਪਰ ਪੋਸਟਾਂ ਅਤੇ ਟਿੱਪਣੀਆਂ ਦੀ ਜੰਗ ਜਾਰੀ ਹੈ । ਇਹ ਖਿੱਚੋਤਾਣ ਕਿਤੇ ਉਸਾਰੂ ਬਹਿਸ ਵੀ ਹੈ ਪਰ ਕਈ ਵਾਰ ਇਹ ਬੇਕਾਬੂ ਅਤੇ ਉਲਾਰੂ ਵੀ ਦੇਖਣ ਨੂੰ ਮਿਲ ਰਹੀ ਹੈ । ਵਿਚਾਰ ਪੇਸ਼ ਕਰ ਦੇਣਾ ਤਾਂ ਠੀਕ ਹੈ ਪਰ ਪੋਸਟਾਂ ਅਤੇ ਟਿੱਪਣੀਆਂ ਦਾ ਕੁਰੱਖ਼ਤ ਤੇ ਅਸ਼ਲੀਲ਼ ਹੋ ਕੇ ਹੱਦਾਂ ਪਾਰ ਕਰ ਜਾਣਾ ਨਿਰਾਸ਼ਾਜਨਕ ਵਰਤਾਰਾ ਹੈ । ਸੋਸ਼ਲ ਮੀਡੀਏ ਉੱਪਰ ਕੁੱਝ ਵੀ ਕਹਿ ਦੇਣ ਦੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਉਠਾ ਕੇ ਬਹੁਤ ਸਾਰੇ ਅਨਸਰ ਗਾਲ਼ੀ-ਗਲੋਚ ਤੋਂ ਵੀ ਨਹੀ ਕਤਰਾਉਂਦੇ । ਇਹਨਾਂ ਸੋਸ਼ਲ ਸਾਈਟਾਂ ਅਤੇ ਹੋਰ ਆਨ ਲਾਈਨ ਸਾਧਨਾਂ ਉੱਪਰ ਪਿਛਲੇ ਕੁੱਝ ਸਮੇਂ ਤੋਂ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਅਤੇ ਕਿਸਾਨ ਮੋਰਚਿਆਂ ਦੀ ਸੱਤਾ ਤੇ ਕਾਬਜ਼ ਆਗੂਆਂ ਅਤੇ ਅੰਦੋਲਨ ਦੇ ਅੰਦਰੋਂ ਹੀ ਨੌਜਵਾਨ ਅਤੇ ਸਿੱਖ ਸਿਧਾਂਤ ਪੱਖੀ ਪੈਦਾ ਹੋਈ ਮੁਕਾਬਲੇ ਦੀ ਧਿਰ ਵਿਚਕਾਰ ਬਹੁਤ ਸਰਗਰਮ ਬਹਿਸ, ਟਿਪਣੀਬਾਜ਼ੀ ਅਤੇ ਦੂਸ਼ਣਬਾਜ਼ੀ ਛਿੜੀ ਹੋਈ ਹੈ । ਕਿਸਾਨ ਅੰਦੋਲਨ ਅੰਦਰ ਪੈਦਾ ਹੋਈ ਇਸ ਖਿੱਚੋਤਾਣ ਦਾ ਲਾਭ ਉਠਾਉਣ ਲਈ ਸਰਕਾਰ ਅਤੇ ਕਈ ਕਿਸਮ ਦੇ ਆਈ ਟੀ ਸੈੱਲ ਵੀ ਸੰਘਰਸ਼ ਨੂੰ ਦੋਫਾੜ ਕਰਨ ਲਈ ਪੂਰੇ ਤਾਣ ਨਾਲ ਡਟੇ ਹੋਏ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਅੰਦੋਲਨ ਨੂੰ ਲੀਹੋਂ ਲਾਹਿਆ ਜਾਵੇ । ਸਰਕਾਰ ਅਤੇ ਆਈ ਟੀ ਸੈੱਲ ਅਨੇਕਾਂ ਫੇਕ ਆਈ-ਡੀਆਂ ਬਣਾ ਕੇ ਇਸ ਮੁਹਾਜ਼ ਤੇ ਪੂਰੇ ਸਰਗਰਮ ਹਨ । ਕਿਸਾਨ ਆਗੂਆਂ ਨੇ ਨੌਜਵਾਨ ਚਿਹਰਿਆਂ ਦਾ ਪਿਛੋਕੜ ਕੀ ਫਰੋਲਿਆ ਕਿ ਲੋਕਾਂ ਨੇ ਕਿਸਾਨ ਆਗੂਆਂ ਦੇ ਪਿਛੋਕੜ ਦੇ ਦਾਗਾਂ ਨੂੰ ਉਛਾਲਣਾ ਸ਼ੁਰੂ ਕਰ ਦਿੱਤਾ । ਕਿਸਾਨ ਆਗੂਆਂ ਵਲੋਂ ਸ਼ੱਕ ਨੂੰ ਆਧਾਰ ਬਣਾ ਕੇ ਕੁੱਝ ਨਵੇਂ ਚਿਹਰਿਆਂ ਦਾ ਕਿਰਦਾਰਾਂ ਵੱਲ ਉੰਗਲ ਉਠਾਉਣ ਦੀ ਦੇਰ ਸੀ ਕਿ ਉਹਨਾਂ ਦੇ ਹਮਾਇਤੀ ਨੌਜਵਾਨਾਂ ਨੇ ਕਿਸਾਨ ਆਗੂਆਂ ਦੇ ਕਿਰਦਾਰਾਂ ਬਾਰੇ ਉਪਲਬਧ ਨਾਂਹ ਪੱਖੀ ਤੱਥਾਂ ਦੀ ਹਨੇਰੀ ਲਿਆ ਦਿੱਤੀ । ਸਰਕਾਰ ਤਾਂ ਇਸ ਵਰਤਾਰੇ ਦੀ ਹੀ ਉਡੀਕ ਵਿੱਚ ਬੈਠੀ ਸੀ । ਇਸ ਮੰਦਭਾਗੇ ਵਰਤਾਰੇ ਨੇ ਸ਼ਰਾਰਤੀ ਤੱਤਾਂ, ਸਰਕਾਰ ਅਤੇ ਆਈ ਟੀ ਸੈੱਲਾਂ ਨੂੰ ਆਪਣੀਆਂ ਕੋਝੀਆਂ, ਨਕਲੀ, ਮਿਲਾਵਟੀ ਅਤੇ ਕਿਸਾਨ ਸੰਘਰਸ਼ ਵਿੱਚ ਵਖਰੇਵੇਂ ਭੜਕਾਉਣ ਵਾਲੀਆਂ ਗਤੀਵਿਧੀਆਂ ਨੂੰ ਸਿਖਰ ਤੇ ਪਹੁੰਚਾਉਣ ਦਾ ਸੁਨਹਿਰਾ ਮੌਕਾ ਦਿੱਤਾ । ਇੰਟਰਨੈੱਟ ਉੱਪਰ ਵਖਰੇਵੇਂ ਤੇ ਖਿੱਚੋਤਣ ਦੀ ਪੈਦਾ ਹੋਈ ਇਸ ਲਹਿਰ ਦਾ ਲਾਭ ਲੈਂਦਿਆਂ ਸਰਕਾਰ ਨੇ ਵੀ ਨੌਜਵਾਨਾਂ ਖਿਲਾਫ਼ ਦਮਨਕਾਰੀ ਮੁਹਿੰਮ ਅਰੰਭ ਦਿੱਤੀ ਪਰ ਅੰਦਲਨ ਦੀ ਵਿਸ਼ਵ ਪੱਧਰ ਤੱਕ ਬਣੀ ਪਛਾਣ ਕਾਰਨ ਇਹ ਬਹੁਤੀ ਸਫ਼ਲ ਨਹੀਂ ਹੋ ਸਕੀ ਪਰ ਤਸ਼ੱਦਦ ਦੇ ਸ਼ਿਕਾਰ ਲੋਕਾਂ, ਉਹਨਾਂ ਦੇ ਵਾਰਸਾਂ ਅਤੇ ਹਮਾਇਤੀਆਂ ਦਾ, ਤੋੜ ਵਿਛੋੜਾ ਕਰੀਂ ਚੁੱਪ ਬੈਠੈ ਕਿਸਾਨ ਆਗੂਆਂ ਵਿਚਕਾਰ ਪਾੜਾ ਹੋਰ ਵਧ ਗਿਆ ਜਿਸ ਦੇ ਨਤੀਜੇ ਵਜੋਂ ਸੋਸ਼ਲ ਮੀਡੀਆਈ ਜੰਗ ਹੋਰ ਤੇਜ ਹੋ ਗਈ । ਫਿਰ ਇਸ ਖਿਚੋਤਾਣ ਵਿੱਚ ਨਵਾਂ ਮੋੜ ਆਇਆ ਵਿਸ਼ਵ ਪੱਧਰੀ ਮਸ਼ਹੂਰ ਹਸਤੀਆਂ ਦੇ ਕਿਸਾਨ ਪੱਖੀ ਟਵੀਟਾਂ ਨੇ ਹਲਚਲ ਮਚਾ ਦਿੱਤੀ ਅਤੇ ਸਰਕਾਰ ਨੂੰ ਵੀ ਇੱਕ ਵਾਰ ਤਾਂ ਭਾਜੜ ਹੀ ਪੈ ਗਈ ਅਤੇ ਇਹ ਬਾਹਰੀ ਦਖ਼ਲ ਸਰਕਾਰ ਨੂੰ ਬਹੁਤ ਚੁਭਿਆ । ਆਪਣੇ ਬਚਾਓ ਲਈ ਸਰਕਾਰ ਨੂੰ ਦੇਸ਼ ਦੇ ਅੰਦਰੂਨੀ ਭਾੜੇ ਦੇ ਮਸ਼ਹੂਰ ਫਿਲਮੀਂ ਅਤੇ ਖਿਡਾਰੀ ਚਿਹਰਿਆਂ ਦਾ ਸਹਾਰਾ ਲੈਣਾ ਪਿਆ ਪਰ ਛੇਤੀ ਹੀ ਮਜ਼ਾਕ ਅਤੇ ਲੋਕ ਵਿਰੋਧ ਦਾ ਸ਼ਿਕਾਰ ਹੋ ਕੇ ਇਹ ਟੋਲਾ ਛੇਤੀ ਹੀ ਚੁੱਪ ਹੋ ਗਿਆ । ਇਸ ਦਾ ਕਾਰਨ ਸੀ ਕਿ ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋ ਅਤੇ ਵਿਸ਼ਵ ਪੱਧਰੀ ਵੱਡੀ ਪਛਾਣ ਰੱਖਦੀਆਂ ਹਸਤੀਆਂ ਵਲੋਂ ਮਿਲੀ ਹਮਾਇਤ ਆਪ ਮੁਹਾਰੇ ਸੀ ਜਦਕਿ ਦੇਸ਼ ਦੀਆਂ ਫਿਲਮੀ, ਖਿਡਾਰੀ ਅਤੇ ਹੋਰ ਹਸਤੀਆਂ ਦੇ ਟਵੀਟ ਪ੍ਰਭਾਵ ਅਧੀਨ ਕੀਤੇ ਸਨ , ਇਸ ਕਰਕੇ ਅਮਰੀਕੀ ਗਾਇਕਾ ਰਿਆਨਾ, ਸਵੀਡਨ ਦੀ ਵਾਤਾਵਰਨ ਕਾਰਜਕਰਤਾ ਗਰੇਟਾ ਥਨਬਰਗ ਅਤੇ ਹੋਰ ਖੇਤਰਾਂ ਵਿੱਚ ਅੰਤਰ ਰਾਸ਼ਟਰੀ ਨਾਮਣਾ ਖੱਟਣ ਵਾਲੀਆਂ ਹਸਤੀਆਂ ਦੇ ਟਵੀਟਾਂ ਨੇ ਇਸ ਅੰਦੋਲਨ ਨੂੰ ਬਹੁਤ ਤਾਕਤ ਦਿੱਤੀ । ਸਰਕਾਰ ਨੇ ਇਸ ਕਿਸਮ ਦੀ ਹਮਾਇਤ ਨੂੰ ਰੋਕਣ ਲਈ ਕਈ ਹੱਥ ਕੰਡੇ ਵਰਤੇ । ਫਿਰ ਸਰਕਾਰ ਦੇ ਨੈਟ ਤੇ ਸਰਗਰਮ ਵਿੰਗਾਂ ਦੇ ਯੋਗਦਾਨ ਅਤੇ ਸਰਕਾਰ ਦੇ ਵਧੇ ਹੋਏ ਤਸ਼ੱਦਦ ਪ੍ਰਤੀ ਕਿਸਾਨ ਆਗੂਆਂ ਦੇ ਦੂਰੀ ਅਤੇ ਚੁੱਪ ਵਾਲੇ ਵਤੀਰੇ ਨੇ ਇੰਟਰਨੈੱਟ ਦੇ ਸਾਰੇ ਮੁਹਾਜਾਂ ਤੇ ਆਪਸੀ ਪਰਸਪਰ ਵਿਰੋਧ ਭਰੀ ਜੰਗ ਨੂੰ ਬਹੁਤ ਤੇਜ ਕਰ ਦਿੱਤਾ । ਪਰ ਮੌਕੇ ਦੀ ਨਜ਼ਾਕਤ ਨੂੰ ਪਛਾਣਦਿਆਂ ਕਿਸਾਨ ਅੰਦੋਲਨ ਪ੍ਰਤੀ ਸ਼ੁਭ ਅਤੇ ਫਿਕਰਮੰਦ ਭਾਵਨਾਂ ਰੱਖਣ ਵਾਲੇ ਲੋਕਾਂ ਨੇ ਨੌਜਵਾਨਾਂ ਅਤੇ ਆਗੂਆਂ ਨੂੰ ਹੋਸ਼ ਕਰਨ ਦੀਆਂ ਨਸੀਹਤਾਂ ਦੀ ਮੁਹਿੰਮ ਵੀ ਵਿੱਢੀ ਜਿਸ ਦਾ ਕਾਫੀ ਅਸਰ ਵੀ ਹੋਇਆ । ਇਹਨਾਂ ਸਭ ਵਰਤਾਰਿਆਂ ਦੇ ਬਾਵਜੂਦ ਹਾਲੇ ਵੀ ਫੇਸਬੁੱਕ, ਟਵਿੱਟਰ ਅਤੇ ਵ੍ਹੱਟਸ ਐਪ ਕਿਸਾਨ ਅੰਦੋਲਨ ਦਰਮਿਆਨ ਸਭ ਧਿਰਾਂ ਲਈ ਜੰਗ ਦਾ ਮੈਦਾਨ ਬਣੇ ਹੋਏ ਹਨ । ਆਮ ਲੜਾਈਆਂ ਵਿੱਚ ਤਾਂ ਮਿਹਣੋ-ਮਿਹਣੀ, ਗਾਲ਼ੋ-ਗਾਲ਼ੀ, ਛਿੱਤਰੋ-ਛਿੱਤਰੀ ਜਾਂ ਮਰਨ-ਮਾਰਨ ਤੇ ਉੱਤਰਨਾ ਪੈਂਦਾ ਹੈ ਪਰ ਇਹ ਜੰਗ ਪੋਸਟੋ-ਪੋਸਟੀ, ਕਮੈਂਟੋ-ਕਮੈਂਟੀ, ਮੈਸਜੋ-ਮੈਸਜੀ ਅਤੇ ਟਵੀਟੋ-ਟਵੀਟੀ ਹੋਕੇ ਲੜੀ ਜਾ ਰਹੀ ਹੈ । ਕੁੱਝ ਵੀ ਹੋਵੇ ਇਹ ਵਿਲੱਖਣ ਜੰਗ ਕਿਸਾਨ ਅੰਦੋਲਨ ਦਾ ਮੁਹਾਂਦਰਾ ਅਤੇ ਮੁੱਖ ਮੁਹਾਜ਼ ਬਣੀ ਹੋਈ ਹੈ ।

(ਸੁਖਵੀਰ ਸਿੰਘ ਕੰਗ) +91 85678-72291

Welcome to Punjabi Akhbar

Install Punjabi Akhbar
×
Enable Notifications    OK No thanks