ਸ਼ੋਸ਼ਲ ਮੀਡੀਆ: ਜ਼ਰੂਰਤ ਜਾਂ ਆਦਤ?

ਸਮਾਰਟ ਫ਼ੋਨ ਸਾਡੀ ਆਦਤ ਬਣ ਗਿਆ ਹੈ ਕਿਉਂਕਿ ਫੇਸਬੁੱਕ, ਟਵਿੱਟਰ, ਵੱਟਸਐਪ, ਯੂ ਟਿਊਬ ਜਿਹੇ ਐਪ ਇਸ ਵਿਚ ਮੌਜੂਦ ਹਨ। ਅਸੀਂ ਦਿਨ ਵਿਚ ਓਨੀ ਵਾਰ ਫ਼ੋਨ ਕਰਨ ਜਾਂ ਫ਼ੋਨ ਸੁਣਨ ਲਈ ਫ਼ੋਨ ਸੈਟ ਨਹੀਂ ਚੁੱਕਦੇ ਜਿੰਨੀ ਵਾਰ ਉਪਰੋਕਤ ਐਪ ਖੋਲ੍ਹਣ ਵੇਖਣ ਲਈ ਚੁੱਕਦੇ ਹਾਂ। ਵਾਰ ਵਾਰ, ਮਿੰਟ ਮਿੰਟ ਬਾਅਦ ਫੇਸਬੁੱਕ, ਟਵਿੱਟਰ, ਵੱਟਸਐਪ ਵੇਖਦੇ ਹਾਂ। ਬਿਨ੍ਹਾਂ ਮਤਲਬ, ਬਿਨ੍ਹਾਂ ਸੋਚੇ ਸਮਝੇ, ਬਿਨ੍ਹਾਂ ਲੋੜ ਦੇ। ਉਂਝ ਹੀ ਆਦਤ ਵੱਸ, ਟਾਈਮ ਟਪਾਉਣ ਲਈ। ਉਤਸੁਕਤਾ ਨੂੰ ਸ਼ਾਂਤ ਕਰਨ ਲਈ। ਜਦ ਤੱਕ ਵਾਰ ਵਾਰ ਇਨ੍ਹਾਂ ਨੂੰ ਵੇਖ ਨਹੀਂ ਲੈਂਦਾ, ਅਜੋਕੇ ਅਖਾਉਤੀ ਆਧੁਨਿਕ ਮਨੁੱਖ ਨੂੰ ਅਚਵੀ ਲੱਗੀ ਰਹਿੰਦੀ ਹੈ ਤੇ ਜਦ ਵਾਰ ਵਾਰ ਵੇਖਣ ਲੱਗਦਾ ਹੈ ਤਦ ਤੱਕ ਆਦਤ ਬਣ ਚੁੱਕੀ ਹੁੰਦੀ ਹੈ।

ਅਜਿਹੀਆਂ ਖੋਜਾਂ ਮਨੁੱਖ ਦੀਆਂ ਲੋੜਾਂ, ਸਹੂਲਤਾਂ ਨੂੰ ਧਿਆਨ ਵਿਚ ਰੱਖ ਕੇ ਖੋਜੀਆਂ ਜਾਂਦੀਆਂ ਹਨ। ਸ਼ੋਸ਼ਲ ਮੀਡੀਆ ਨੇ, ਸਮਾਰਟ ਫ਼ੋਨ ਨੇ ਜਿੱਥੇ ਨਵੇਂ ਜੀਵਨ-ਢੰਗ ਨਾਲ ਸਾਨੂੰ ਰੂਬਰੂ ਕੀਤਾ ਹੈ ਉਥੇ ਨਵੀਆਂ ਜੀਵਨ-ਗੁੰਝਲਾਂ ਵਿਚ ਵੀ ਉਲਝਾ ਦਿੱਤਾ ਹੈ। ਇਸਦੇ ਅਨੇਕਾਂ ਅਨੇਕ ਫ਼ਾਇਦੇ ਹਨ ਪਰ ਅਨੇਕਾਂ ਅਨੇਕ ਨੁਕਸਾਨ ਵੀ ਹਨ। ਨੁਕਸਾਨ ਉਦੋਂ ਉਠਾਉਣੇ ਪੈਂਦੇ ਹਨ ਜਦ ਇਸਦੀ ਆਦਤ ਪੈ ਜਾਂਦੀ ਹੈ। ਇਹ ਬਿਹਤਰ ਵੀ ਹੈ ਇਹ ਬੁਰਾ ਵੀ ਹੈ।

ਇਕ ਪਾਸੇ ਸਮਾਰਟ ਫ਼ੋਨ ਨੇ ਦੁਨੀਆਂ ਤੁਹਾਡੀ ਮੁੱਠੀ ਵਿਚ ਕਰ ਦਿੱਤੀ ਹੈ। ਦੂਸਰੇ ਪਾਸੇ ਇਸਨੇ ਤੁਹਾਡੀ ਦੁਨੀਆਂ ਬਦਲ ਦਿੱਤੀ ਹੈ। ਦਿਨ ਦਾ ਚੈਨ ਖੋਹ ਲਿਆ ਹੈ, ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਕਿਉਂਕਿ ਦੁਨੀਆਂ ਦੇ ਬਹੁਗਿਣਤੀ ਲੋਕਾਂ ਨੂੰ ਸਮਾਰਟਫ਼ੋਨ ਦੀ ਸਹੀ ਵਰਤੋਂ ਨਹੀਂ ਆਉਂਦੀ।

ਵਾਰ ਵਾਰ ਫ਼ੋਨ ਚੈਕ ਕਰਨ ਦੀ ਆਦਤ ਹੀ ਸੱਭ ਤੋਂ ਬੁਰੀ ਹੈ। ਇਸ ਨਾਲ ਤੁਹਾਡੇ ਮਨ ਦੀ ਇਕਾਗਰਤਾ ਭੰਗ ਹੁੰਦੀ ਹੈ ਅਤੇ ਕੰਮ ਕਰਨ ਦੀ ਸਮਰੱਥਾ ਘੱਟਦੀ ਹੈ। ਕੈਨੇਡਾ ਵਿਚ ਹੋਏ ਇਕ ਅਧਿਐਨ ਅਨੁਸਾਰ ਸਾਲ 2000 ਵਿਚ ਮਨ ਦੀ ਇਕਾਗਰਤਾ ਭੰਗ ਹੋਣ ਨੂੰ 12 ਸਕਿੰਟ ਲੱਗਦੇ ਸਨ। 2013 ਤੱਕ ਪਹੁੰਚਦਿਆਂ ਇਹ ਸਮਾਂ ਘੱਟ ਕੇ 8 ਸਕਿੰਟ ਰਹਿ ਗਿਆ। ਹੁਣ 2022 ਵਿਚ ਸਮਾਰਟ ਫ਼ੋਨ ਦਾ ਸਕਰੀਨ ਖੋਲ੍ਹਦੇ ਸਾਰ ਮਨ ਖਿੱਲਰ ਜਾਂਦਾ ਹੈ। ਵਾਪਿਸ ਆਪਣੇ ਕੰਮ ʼਤੇ ਧਿਆਨ ਕੇਂਦਰਿਤ ਕਰਨ ਨੂੰ ਸਮਾਂ ਲੱਗਦਾ ਹੈ।

ਜੇ ਤੁਸੀਂ ਵਾਰ ਵਾਰ ਫ਼ੋਨ ਚੈਕ ਨਹੀਂ ਕਰੋਗੇ। ਫੇਸਬੁੱਕ, ਵੱਟਸਐਪ, ਯੂ ਟਿਊਬ, ਟਵਿੱਟਰ ʼਤੇ ਨਹੀਂ ਜਾਓਗੇ ਤਾਂ ਤੁਹਾਡਾ ਦਿਮਾਗ਼ ਤੁਹਾਡਾ ਧੰਨਵਾਦ ਕਰੇਗਾ। ਜਦੋਂ ਤੁਸੀਂ ਲੰਮਾ ਸਮਾਂ ਸ਼ੋਸ਼ਲ ਮੀਡੀਆ ʼਤੇ ਬਤਾਉਂਦੇ ਹੋ ਤਾਂ ਇਹ ਤੁਹਾਡੇ ਮੂਡ ਨੂੰ ਪ੍ਰਭਾਵਤ ਕਰਦਾ ਹੈ। ਤੁਹਾਡੇ ਮਨ, ਤੁਹਾਡੇ ਸਰੀਰ ʼਤੇ ਅਸਰ ਪਾਉਂਦਾ ਹੈ।

2016 ਵਿਚ ਹੋਏ ਇਕ ਅਧਿਐਨ ਤੋਂ ਪਤਾ ਚੱਲਿਆ ਕਿ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਸ਼ੋਸ਼ਲ ਮੀਡੀਆ ʼਤੇ ਵਧੇਰੇ ਵਕਤ ਬਤੀਤ ਕਰਦੇ ਹਨ ਉਹ ਤਣਾਅ ਵਿਚ ਰਹਿੰਦੇ ਹਨ। ਅਮਰੀਕਾ ਦੀ ਇਕ ਅਕੈਡਮੀ ਨੇ ਇਹੀ ਅਧਿਐਨ ਬੱਚਿਆਂ ਦੇ ਸਬੰਧ ਵਿਚ ਕੀਤਾ ਅਤੇ ਉਪਰੋਕਤ ਵਾਲੇ ਨਤੀਜੇ ʼਤੇ ਹੀ ਪਹੁੰਚੇ। ਬਲਕਿ ਉਨ੍ਹਾਂ ਨੇ ਇਸਨੂੰ ʻਫੇਸਬੁੱਕ ਡਿਪਰੈਸ਼ਨʼ ਦਾ ਨਾਮ ਦਿੱਤਾ।

ਜੇ ਤੁਸੀਂ ਸੌਣ ਲੱਗਿਆਂ ਬੇਚੈਨੀ ਮਹਿਸੂਸ ਕਰਦੇ ਹੋ। ਠੀਕ ਤਰ੍ਹਾਂ ਨੀਂਦ ਨਹੀਂ ਆ ਰਹੀ ਤਾਂ ਇਹਦੇ ਲਈ ਸ਼ੋਸ਼ਲ ਮੀਡੀਆ ਅਰਥਾਤ ਸਮਾਰਟ ਫੋਨ ਜ਼ਿੰਮੇਵਾਰ ਹੋ ਸਕਦਾ ਹੈ। ਇਕ ਖੋਜ ਰਾਹੀਂ ਪਤਾ ਲੱਗਾ ਕਿ ਸੌਣ ਤੋਂ ਪਹਿਲਾਂ ਇਕ ਘੰਟੇ ਦੌਰਾਨ ਸਮਾਰਟ ਫ਼ੋਨ ਦੀ ਵਰਤੋਂ ਨੀਂਦ ਵਿਚ ਰੁਕਾਵਟ ਪਾਉਂਦੀ ਹੈ। ਡਿਵਾਈਸ ਵਿਚੋਂ ਆ ਰਹੀ ਰੌਸ਼ਨੀ ਦਿਮਾਗ਼ ਵਿਚੋਂ ਨਿਕਲਣ ਵਾਲੇ ਕੈਮੀਕਲਾਂ ਨੂੰ ਰੋਕਦੀ ਹੈ। ਨਤੀਜੇ ਵਜੋਂ ਤੁਹਾਨੂੰ ਨੀਂਦ ਨਹੀਂ ਆਉਂਦੀ।

ਸੌਣ ਤੋਂ ਪਹਿਲਾਂ ਸਮਾਰਟ ਫ਼ੋਨ, ਕੰਪਿਊਟਰ ਜਾਂ ਟੈਲੀਵਿਜ਼ਨ ਵੇਖਣ ਨਾਲੋਂ ਕੋਈ ਚੰਗੀ ਕਿਤਾਬ ਪੜ੍ਹਨੀ ਬਿਹਤਰ ਹੈ। ਕਿਤਾਬ ਪੜ੍ਹਦਿਆਂ ਥੋੜ੍ਹੀ ਦੇਰ ਬਾਅਦ ਤੁਹਾਨੂੰ ਨੀਂਦ ਆਉਣ ਲੱਗੇਗੀ।

ਜਿਨ੍ਹਾਂ ਨੇ ਸਮਾਰਟ ਫ਼ੋਨ ਨੂੰ ਆਦਤ ਬਣਾ ਲਿਆ ਹੈ ਉਨ੍ਹਾਂ ਦਾ ਪੋਸਚਰ ਵਿਗੜਨ ਲੱਗਾ ਹੈ। ਬੀਤੇ ਸਾਲਾਂ ਦੌਰਾਨ ਗਰਦਨ ਅਤੇ ਬੈਕਪੇਨ ਦੀ ਸ਼ਕਾਇਤ ਲੈ ਕੇ ਅਨੇਕਾਂ ਲੋਕ ਡਾਕਟਰਾਂ ਕੋਲ ਆ ਰਹੇ ਹਨ। ਗਰਦਨ ਝੁਕਾ ਕੇ ਸਮਾਰਟ ਫ਼ੋਨ ਵਰਤਣ ਦੀ ਬਜਾਏ ਗਰਦਨ ਨੂੰ ਸਿੱਧਾ ਰੱਖ ਕੇ ਫ਼ੋਨ ਉਪਰ ਉਠਾ ਕੇ ਵਰਤਣਾ ਚਾਹੀਦਾ ਹੈ।

ਗਲੀਆਂ ਬਜ਼ਾਰਾਂ ਵਿਚ, ਸੜਕਾਂ ʼਤੇ ਤੁਰਦਿਆਂ ਫ਼ੋਨ ਵਰਤਣ ਨਾਲ ਦੁਨੀਆਂ ਵਿਚ ਰੋਜ਼ਾਨਾਂ ਅਨੇਕਾਂ ਐਕਸੀਡੈਂਟ ਹੁੰਦੇ ਹਨ। ਜੇ ਸਮਾਰਟ ਫ਼ੋਨ ਦਾ ਸਕਰੀਨ ਹਰ ਰੋਜ਼ ਸਾਫ਼ ਨਾ ਕੀਤਾ ਜਾਵੇ ਤਾਂ ਇਹ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ। ਸਕਰੀਨ ਟਾਈਮ ਵਧਣ ਨਾਲ ਛੋਟੀ ਉਮਰ ਵਿਚ ਹੀ ਅੱਖਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਛੋਟੀ ਉਮਰ ਦੇ ਬੱਚੇ ਜਿਨ੍ਹਾਂ ਦੀਆਂ ਅੱਖਾਂ ਅਜੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਈਆਂ ਹੁੰਦੀਆਂ ਉਹ ਵੀ ਦਿਨ ਵਿਚ ਕਈ-ਕਈ ਘੰਟੇ ਸਮਾਰਟ ਫ਼ੋਨ ʼਤੇ ਵੀਡੀਓ ਵੇਖਦੇ ਹਨ। ਗੇਮਾਂ ਖੇਡਦੇ ਹਨ। ਇਸ ਨਾਲ ʻਡ੍ਰਾਈਨੈਸʼ ਦਾ ਖ਼ਤਰਾ ਵਧ ਜਾਂਦਾ ਹੈ। ਕੋਰੀਆ ਵਿਚ ਹੋਏ ਇਕ ਅਧਿਐਨ ਅਨੁਸਾਰ ਲੰਮਾ ਸਮਾਂ ਸਮਾਰਟ ਫ਼ੋਨ ʼਤੇ ਬਤਾਉਣ ਵਾਲੇ ਬੱਚਿਆਂ ਵਿਚ ਇਹ ਸਮੱਸਿਆ ਪਾਈ ਗਈ। ਜਦ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਸਮਾਰਟ ਸਕਰੀਨ ਤੋਂ ਦੂਰ ਰੱਖਿਆ ਗਿਆ ਤਾਂ ਡ੍ਰਾਈਨੈਸ ਦੀ ਪ੍ਰੇਸ਼ਾਨੀ ਹੌਲੀ-ਹੌਲੀ ਘੱਟ ਗਈ।

ਜਦੋਂ ਤੁਸੀਂ ਆਪਣੇ ਸਮਾਰਟ ਫ਼ੋਨ ਵਿਚ ਬਹੁਤ ਸਾਰੇ ਐਪ ਡਾਊਨਲੋਡ ਕਰ ਲੈਂਦੇ ਹੋ ਤਾਂ ਸਥਿਤੀ ਅਜੀਬੋ ਗ਼ਰੀਬ ਬਣ ਜਾਂਦੀ ਹੈ। ਅਨੇਕਾਂ ਭਰਮ ਭੁਲੇਖੇ ਉਪਜਦੇ ਹਨ। ਕਈ ਐਪ ਜਾਅਲੀ ਹੁੰਦੇ ਹਨ। ਕੇਵਲ ਉਹੀ ਐਪ ਆਪਣੇ ਫ਼ੋਨ ਵਿਚ ਡਾਊਨ ਲੋਡ ਕਰੋ ਜਿਨ੍ਹਾਂ ਦੀ ਅਸਲ ਵਿਚ ਤੁਹਾਨੂੰ ਜ਼ਰੂਰਤ ਹੈ।

ਜਦੋਂ ਵੀ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਸਕਰੀਨ ਖੋਲ੍ਹਦੇ ਹੋ ਤਾਂ ਬਿਨ੍ਹਾਂ ਸੋਚੇ ਸਮਝੇ ਪਹਿਲਾਂ ਸ਼ੋਸ਼ਲ ਮੀਡੀਆ ʼਤੇ ਚਲੇ ਜਾਂਦੇ ਹੋ ਅਤੇ ਉਥੇ ਉਹ ਕੁਝ ਪੜ੍ਹਨ ਵੇਖਣ ਲੱਗਦੇ ਹੋ ਜਿਨ੍ਹਾਂ ਦਾ ਤੁਹਾਡੇ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਜਿਹਾ ਆਦਤ ਵੱਸ ਹੁੰਦਾ ਹੈ ਅਤੇ ਇਹ ਸਮੇਂ ਦੀ, ਮਾਨਸਿਕ ਸਰੀਰਕ ਸਿਹਤ ਦੀ ਬਰਬਾਦੀ ਹੈ। ਤੁਹਾਨੂੰ ਇਸ ਮਕਸਦ-ਵਿਹੂਣੀ, ਨਾਸਮਝੀ ਵਾਲੀ ਆਦਤ ਨੂੰ ਤੁਰੰਤ ਬਦਲ ਲੈਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਨਹੀਂ ਪਤਾ ਤੁਹਾਡੀ ਇਹ ਆਦਤ ਤੁਹਾਡਾ ਕਿਵੇਂ ਕਿੰਨਾ ਨੁਕਸਾਨ ਕਰ ਰਹੀ ਹੈ। ਜਦ ਤੱਕ ਪਤਾ ਚੱਲਦਾ ਹੈ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

(ਪ੍ਰੋ. ਕੁਲਬੀਰ ਸਿੰਘ)

+91 9417153513